ਅੰਮ੍ਰਿਤਸਰ: ਫਿਲਮੀ ਕਲਾਕਾਰ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਪਿੰਗਲਵਾੜਾ ਦਾ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਕੁਝ ਸਮਾਂ ਬਿਤਾਇਆ। ਸ਼ਹਿਨਾਜ਼ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਤੇ ਅਦਾਕਾਰ ਬੋਮਨ ਇਰਾਨੀ ਨੇ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਸ਼ਹਿਨਾਜ਼ ਗਿੱਲ ਬੀਤੇ ਦਿਨ ਅੰਮ੍ਰਿਤਸਰ ਪੁੱਜੀ ਸੀ। ਉਸ ਨੇ ਮਾਨਾਂਵਾਲਾ ਅਤੇ ਬੱਸ ਅੱਡੇ ਨੇੜੇ ਪਿੰਗਲਵਾੜਾ ਕੇਂਦਰ ਦਾ ਦੌਰਾ ਕੀਤਾ। ਉਹ ਲਗਪਗ ਤਿੰਨ ਘੰਟੇ ਵਿਸ਼ੇਸ਼ ਬੱਚਿਆਂ ਅਤੇ ਪਿੰਗਲਵਾੜਾ ਵਿੱਚ ਦਾਖਲ ਹੋਰ ਔਰਤਾਂ ਅਤੇ ਮਰੀਜ਼ਾਂ ਨਾਲ ਰਹੀ। ਆਪਣੇ ਦੋਸਤ ਸਿਧਾਰਥ ਸ਼ੁਕਲਾ ਦੀ ਮੌਤ ਮਗਰੋਂ ਉਹ ਪਹਿਲੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਈ ਹੈ। ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਵਿੱਚ ਲਿਖਿਆ ਕਿ ਉਸ ਨੇ ਪਹਿਲਾਂ ਹੀ ਪਿੰਗਲਵਾੜੇ ਆਉਣ ਦਾ ਪ੍ਰੋਗਰਾਮ ਤੈਅ ਕੀਤਾ ਸੀ ਪਰ ਆ ਨਹੀਂ ਸਕੀ ਸੀ। ਉਸ ਨੇ ਪਿੰਗਲਵਾੜਾ ਦੇ ਵਿਸ਼ੇਸ਼ ਬੱਚਿਆਂ ਨਾਲ ਕੁੱਝ ਤਸਵੀਰਾਂ ਵੀ ਖਿੱਚੀਆਂ। ਉਹ ਇਨ੍ਹਾਂ ਵਿਸ਼ੇਸ਼ ਬੱਚਿਆਂ ਵਿੱਚ ਸ਼ਾਮਲ ਸੋਹਣਾ ਤੇ ਮੋਹਣਾ ਜਿਨ੍ਹਾਂ ਦਾ ਇਕ ਧੜ ਤੇ ਦੋ ਸਿਰ ਹਨ, ਨੂੰ ਵੀ ਮਿਲੀ। ਸ਼ਹਿਨਾਜ਼ ਨੇ ਬੱਚਿਆਂ ਨੂੰ ਫਲ ਅਤੇ ਤੋਹਫ਼ੇ ਵੀ ਦਿੱਤੇ। ਇਸ ਦੌਰਾਨ ਉਹ ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੂੰ ਵੀ ਮਿਲੀ। -ਟਨਸ