ਮੁੰਬਈ: ਸੁਪਰਸਟਾਰ ਸ਼ਾਹਰੁਖ਼ ਖਾਨ ਨੇ ਲੰਘੀ ਰਾਤ ਆਪਣੇ ਬਾਂਦਰਾ ਸਥਿਤ ਘਰ ਬਾਹਰ ਇਕੱਤਰ ਹੋਏ ਦਰਸ਼ਕਾਂ ਦਾ ਪਿਆਰ ਕਬੂਲਦਿਆਂ ਫਿਲਮ ‘ਪਠਾਨ’ ਦੀ ਕਾਮਯਾਬੀ ਲਈ ਧੰਨਵਾਦ ਕੀਤਾ ਹੈ। ਪਿਛਲੇ ਹਫ਼ਤੇ ਰਿਲੀਜ਼ ਹੋਈ’ਪਠਾਨ’ ਨੇ ਕਈ ਨਵੇਂ ਰਿਕਾਰਡ ਬਣਾਏ ਹਨ। ਉਤਸ਼ਾਹ ਨਾਲ ਭਰੇ ਸਰੋਤੇ ਅਦਾਕਾਰ ਦੀਆਂ ਤਸਵੀਰਾਂ ਖਿੱਚਣ ਲਈ ਇੰਤਜ਼ਾਰ ਕਰ ਰਹੇ ਸਨ। ਸ਼ਾਹਰੁਖ਼ ਆਪਣੇ ਘਰ ‘ਮੰਨਤ’ ਦੀ ਬਾਲਕੋਨੀ ਵਿੱਚ ਕਾਲੇ ਰੰਗ ਦੇ ਕੱਪੜੇ ਪਾ ਕੇ ਦਰਸ਼ਕਾਂ ਦੇ ਰੂਬਰੂ ਹੋਇਆ। ਅੱਜ ਸਵੇਰ 57 ਸਾਲਾ ਅਦਾਕਾਰ ਨੇ ਟਵਿੱਟਰ ‘ਤੇ ਆਪਣੇ ਘਰ ਅੱਗੇ ਇਕੱਠੇ ਹੋਏ ਦਰਸ਼ਕਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ‘ਪਠਾਨ’ ਫਿਲਮ ਦੇ ਮਕਬੂਲ ਹੋਏ ਸੰਵਾਦ ਨਾਲ ਸ਼ਾਹਰੁਖ਼ ਨੇ ਲਿਖਿਆ, ”ਮਹਿਮਾਨਨਿਵਾਜ਼ੀ ਪਠਾਨ ਦੇ ਘਰ… ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੇਰਾ ਐਤਵਾਰ ਪਿਆਰ ਨਾਲ ਭਰ ਦਿੱਤਾ..ਤੁਹਾਨੂੰ ਬਹੁਤ ਸਾਰਾ ਪਿਆਰ।” ਅਦਾਕਾਰ ਨੇ ਦਰਸ਼ਕਾਂ ਨੂੰ ‘ਨਮਸਤੇ’ ਤੇ ‘ਸਲਾਮ’ ਵੀ ਕਿਹਾ। -ਪੀਟੀਆਈ
‘ਪਠਾਨ’ ਨੇ ਬਣਾਇਆ ਰਿਕਾਰਡ
ਸ਼ਾਹਰੁਖ਼ ਦੀ ‘ਪਠਾਨ’ ਨੇ ਪੰਜ ਦਿਨਾਂ ਵਿੱਚ 542 ਕਰੋੜ ਰੁਪਏ ਕਮਾ ਕੇ ਹਿੰਦੀ ਸਿਨੇਮਾ ਵਿੱਚ ਰਿਕਾਰਡ ਬਣਾ ਦਿੱਤਾ ਹੈ। ਵੀਕਐਂਡ ‘ਤੇ ਇੰਨੀ ਕਮਾਈ ਕਰਨ ਵਾਲੀ ਇਹ ਬੌਲੀਵੁੱਡ ਦੀ ਪਹਿਲੀ ਫਿਲਮ ਬਣ ਗਈ ਹੈ। ਯਸ਼ ਰਾਜ ਫਿਲਮਜ਼ ਮੁੁਤਾਬਕ ਫਿਲਮ ਨੇ ਪੰਜਵੇਂ ਦਿਨ ਭਾਰਤ ਤੇ ਵਿਦੇਸ਼ਾਂ ਵਿੱਚ ਕੁੱਲ 112 ਕਰੋੜ ਰੁਪਏ ਕਮਾਏ ਹਨ। ਸਿਧਾਰਥ ਅਨੰਦ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਪਠਾਨ’ ਵਿੱਚ ਅਦਾਕਾਰ ਜੌਹਨ ਅਬਰਾਹਮ ਅਤੇ ਦੀਪਿਕਾ ਪਾਦੂਕੋਣ ਵੀ ਅਹਿਮ ਭੂਮਿਕਾਵਾਂ ਵਿੱਚ ਹਨ।