ਰਾਜਵੰਤ ਸਿੰਘ ਤੱਖੀ
ਪੰਜਾਬੀ ਫ਼ਿਲਮਾਂ ਤੋਂ ਬੌਲੀਵੁੱਡ ਦਾ ਸਫ਼ਰ ਕਰਨ ਵਾਲੇ ਦਰਜਨਾਂ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦਾ ਨਾਂ ਅੱਜ ਬੌਲੀਵੁੱਡ ਵਿਚ ਚੰਗੇ ਕਲਾਕਾਰਾਂ ਦੀ ਕਤਾਰ ਵਿਚ ਆਉਣ ਲੱਗਾ ਹੈ। ਇਨ੍ਹਾਂ ਵਿਚੋਂ ਅਜਿਹਾ ਹੀ ਇਕ ਅਦਾਕਾਰ ਹੈ ਜਿੰਮੀ ਸ਼ੇਰਗਿੱਲ। ਜਿੰਮੀ ਸ਼ੇਰਗਿੱਲ ਅੱਜ ਦੇ ਸਮੇਂ ’ਚ ਬੌਲੀਵੁੱਡ ਤੇ ਪੌਲੀਵੁੱਡ ਦਾ ਉਹ ਸੰਜੀਦਾ ਅਦਾਕਾਰ ਹੈ, ਜਿਸ ਨੇ ਦੋਵੇਂ ਫ਼ਿਲਮ ਇੰਡਸਟਰੀਆਂ ’ਚ ਦਰਜਨਾਂ ਫ਼ਿਲਮਾਂ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਫ਼ਿਲਮ ਦੀ ਪਟਕਥਾ ਚਾਹੇ ਗੰਭੀਰ ਅਦਾਕਾਰੀ ਨਾਲ ਸਬੰਧਿਤ ਹੋਵੇ ਜਾਂ ਫਿਰ ਕਾਮੇਡੀ, ਹਰ ਵਾਰ ਆਪਣੀ ਬਿਹਤਰੀਨ ਅਦਾਕਾਰੀ ਨਾਲ ਜਿੰਮੀ ਸਰੋਤਿਆਂ ਦੇ ਦਿਲਾਂ ’ਤੇ ਛਾਪ ਛੱਡਣ ਵਿਚ ਕਾਮਯਾਬ ਰਿਹਾ ਹੈ। ਉਸਦੀ ਇਕ ਖ਼ੂਬੀ ਹੈ ਕਿ ਉਹ ਸਿਰਫ਼ ਸੰਜੀਦਾ, ਵਧੀਆ ਕਹਾਣੀ ਤੇ ਵਿਸ਼ੇਸ਼ ਰੋਲ ਵਾਲੀ ਫ਼ਿਲਮ ਦੀ ਹੀ ਚੋਣ ਕਰਦਾ ਹੈ। ਇਸ ਸਮੇਂ ਭਾਰਤੀ ਫ਼ਿਲਮ ਇੰਡਸਟਰੀ ’ਚ ਜਿੰਮੀ ਅਦਾਕਾਰ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਦੇ ਤੌਰ ’ਤੇ ਵੀ ਅੱਗੇ ਵਧ ਰਿਹਾ ਹੈ।
ਜਿੰਮੀ ਸ਼ੇਰਗਿੱਲ ਦਾ ਜਨਮ 3 ਦਸੰਬਰ 1970 ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਕਸਬੇ ਦੇ ਪਿੰਡ ਦਿਓਕੇਹੀਆ ’ਚ ਇਕ ਸਿੱਖ ਪਰਿਵਾਰ ਵਿਚ ਹੋਇਆ। ਪੜ੍ਹਾਈ ਦੇ ਨਾਲ-ਨਾਲ 1985 ਵਿਚ ਉਹ ਆਪਣੇ ਪੁਰਖਿਆਂ ਦੇ ਸਥਾਨ ਪੰਜਾਬ ’ਚ ਆਇਆ, ਜਿੱਥੇ ਉੁਸਨੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਵੀ ਹਾਸਲ ਕੀਤੀ।
ਪੜ੍ਹਾਈ ਪੂਰੀ ਹੁੰਦਿਆਂ ਹੀ ਊਸ ਨੇ ਮੁੰਬਈ ਦਾ ਰੁਖ਼ ਕੀਤਾ, ਜਿੱਥੇ ਉਸ ਦਾ ਇਕੋ ਇਕ ਸੁਪਨਾ ਅਦਾਕਾਰੀ ਕਰਨ ਦਾ ਸੀ। ਉਸਨੇ ਹੁਣ ਤਕ ਦਰਜਨਾਂ ਫ਼ਿਲਮਾਂ ਵਿਚ ਕੰਮ ਕੀਤਾ ਹੈ, ਜਿਨ੍ਹਾਂ ਵਿਚ ਪੌਲੀਵੁੱਡ ਤੇ ਬੌਲੀਵੁੱਡ ਦੀਆਂ ਫ਼ਿਲਮਾਂ ਸ਼ਾਮਲ ਹਨ। ਇਕ ਪਾਸੇ ਜਿੱਥੇ ਜਿੰਮੀ ਨੂੰ ਬੌਲੀਵੁੱਡ ਦਾ ਬਿਹਤਰੀਨ ਅਦਾਕਾਰ ਮੰਨਿਆ ਜਾਂਦਾ ਹੈ, ਉੱਥੇ ਹੀ ਉਸਨੇ ਆਪਣੇ ਵਿਰਸੇ ਅਤੇ ਪੌਲੀਵੁੱਡ ਦਾ ਦਾਮਨ ਨਹੀਂ ਛੱਡਿਆ ਤੇ ਸਮੇਂ-ਸਮੇਂ ’ਤੇ ਸਰੋਤਿਆਂ ਲਈ ਪੰਜਾਬੀ ਫ਼ਿਲਮਾਂ ਜ਼ਰੀਏ ਹਾਜ਼ਰੀ ਲਗਾਉਂਦਾ ਰਹਿੰਦਾ ਹੈ।
ਉਸਨੂੰ ਪਹਿਲਾ ਬਰੇਕ 1996 ’ਚ ਹਿੱਟ ਹਿੰਦੀ ਫ਼ਿਲਮ ‘ਮਾਚਿਸ’ ਵਿਚ ਮਿਲਿਆ। ਇਸ ਫ਼ਿਲਮ ਜ਼ਰੀਏ ਜਿੰਮੀ ਨੇ ਹਿੰਦੀ ਫ਼ਿਲਮਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ। ਇਸ ਤੋਂ ਬਾਅਦ ਊਸਨੇ ‘ਜਹਾਂ ਤੁਮ ਲੇ ਚਲੋ’, ‘ਮੁਹੱਬਤੇਂ’, ‘ਯੇ ਜ਼ਿੰਦਗੀ ਕਾ ਸਫ਼ਰ’, ‘ਕਰਤਾ ਹੈ ਦਿਲ ਬਾਰ ਬਾਰ’, ‘ਮੇਰੇ ਯਾਰ ਕੀ ਸ਼ਾਦੀ ਹੈ’, ‘ਹਾਸਿਲ’ ਆਦਿ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿਚ ਹੋਰ ਫ਼ਿਲਮਾਂ ਵੀ ਕੀਤੀਆਂ, ਪਰ 2000 ਵਿਚ ਰਿਲੀਜ਼ ਹੋਈ ਫ਼ਿਲਮ ‘ਮੁਹੱਬਤੇਂ’ ਜੋ ਉਸ ਸਮੇਂ ਦੀ ਹਿੱਟ ਫ਼ਿਲਮ ਸਾਬਤ ਹੋਈ ਸੀ, ਵਿਚ ਜਿੰਮੀ ਵੱਲੋਂ ਕਾਲਜ ਵਿਦਿਆਰਥੀ ਦਾ ਨਿਭਾਇਆ ਗਿਆ ਰੋਲ ਅੱਜ ਵੀ ਸਰੋਤੇ ਯਾਦ ਕਰਦੇ ਹਨ। ਇਸ ਫ਼ਿਲਮ ਨੇ ਜਿੰਮੀ ਨੂੰ ਵਿਸ਼ੇਸ਼ ਪ੍ਰਸਿੱਧੀ ਦੁਆਈ ਸੀ, ਜਿਸਦੀ ਬਦੌਲਤ ਇਸ ਤੋਂ ਬਾਅਦ ਉਸ ਲਈ ਬੌਲੀਵੁੱਡ ਦੇ ਰਸਤੇ ਹੋਰ ਆਸਾਨ ਹੁੰਦੇ ਗਏ। ਐਨਾ ਹੀ ਨਹੀਂ ਪੌਲੀਵੁੱਡ ’ਚ ਵੀ ਜਿੰਮੀ ਦੀ ਸ਼ਮੂਲੀਅਤ ਸਮੇਂ-ਸਮੇਂ ’ਤੇ ਹੁੰਦੀ ਰਹਿੰਦੀ ਹੈ। ਪੰਜਾਬੀ ਸਰੋਤਿਆਂ ਦੀ ਪਸੰਦ ਮੁਤਾਬਿਕ ਉਹ ਆਪਣੇ ਸਰੋਤਿਆਂ ਲਈ ਨਵੇਂ ਅੰਦਾਜ਼ ਵਿਚ ਸਾਹਮਣੇ ਆਉਂਦਾ ਰਹਿੰਦਾ ਹੈ।
ਪੌਲੀਵੁੱਡ ਵਿਚ ਵੀ ਉਹ ਦਰਜਨਾਂ ਫ਼ਿਲਮਾਂ ਕਰ ਚੁੱਕਿਆ ਹੈ। ਉਸਦੀ ਪਹਿਲੀ ਪੰਜਾਬੀ ਫ਼ਿਲਮ 2005 ਵਿਚ ਆਈ ਸੀ ‘ਯਾਰਾਂ ਨਾਲ ਬਹਾਰਾਂ’। ਇਸ ਤੋਂ ਬਾਅਦ ‘ਮੰਨਤ’, ‘ਤੇਰਾ ਮੇਰਾ ਕੀ ਰਿਸ਼ਤਾ’, ‘ਮੁੰਡੇ ਯੁੂ.ਕੇ ਦੇ’, ‘ਮੇਲ ਕਰਾਦੇ ਰੱਬਾ’, ‘ਸਾਡੀ ਲਵ ਸਟੋਰੀ’, ‘ਧਰਤੀ’, ‘ਰੰਗੀਲੇ’, ‘ਆ ਗਏ ਮੁੰਡੇ ਯੂ.ਕੇ ਦੇ’, ‘ਹੀਰੋ’, ‘ਸ਼ਰੀਕ’ ਆਦਿ ਮੁੱਖ ਹਨ। ਉਹ ਹੁਣ ਤਕ ਭਾਰਤੀ ਸਿਨਮਾ ਦੇ ਦਿੱਗਜ ਅਦਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਊਸ ਦਾ ਫ਼ਿਲਮੀ ਸਫ਼ਰ ਲਗਾਤਾਰ ਸਰਗਰਮ ਹੈ। ਜਿੰਮੀ ਦਾ ਕਹਿਣਾ ਹੈ ਕਿ ਭਵਿੱਖ ਵਿਚ ਵੀ ਉਹ ਪੌਲੀਵੁੱਡ ਤੇ ਬੌਲੀਵੁੱਡ ਦੀ ਝੋਲੀ ਹੋਰ ਯਾਦਗਾਰੀ ਫ਼ਿਲਮਾਂ ਪਾਉਣ ਵਾਲਾ ਹੈ।
ਸੰਪਰਕ : 98554-87835