ਟੈਨਿਸ ਦੀ ਮਹਾਰਾਣੀ ਸੇਰੇਨਾ ਵਿਲੀਅਮਜ਼
ਸੇਰੇਨਾ ਵਿਲੀਅਮਜ਼ ਦੋ ਦਹਾਕੇ ਟੈਨਿਸ ਦੀ ਸਰਬੋਤਮ ਖਿਡਾਰਨ ਬਣੀ ਰਹੀ। ਉਹਦੇ ਵੱਲੋਂ 33 ਗਰੈਂਡ ਸਲੈਮਾਂ ਦੇ ਫਾਈਨਲ ਮੈਚ ਖੇਡਣੇ ਤੇ 23 ਗਰੈਂਡ ਸਲੈਮ ਜਿੱਤਣੇ ਕਹਿ ਦੇਣੀ ਗੱਲ ਹੈ! ਉਸ ਨੇ 1980ਵਿਆਂ ’ਚ ਟੈਨਿਸ ਖੇਡਣੀ ਸ਼ੁਰੂ ਕੀਤੀ ਸੀ ਅਤੇ 1990ਵਿਆਂ ’ਚ...
ਸੇਰੇਨਾ ਵਿਲੀਅਮਜ਼ ਦੋ ਦਹਾਕੇ ਟੈਨਿਸ ਦੀ ਸਰਬੋਤਮ ਖਿਡਾਰਨ ਬਣੀ ਰਹੀ। ਉਹਦੇ ਵੱਲੋਂ 33 ਗਰੈਂਡ ਸਲੈਮਾਂ ਦੇ ਫਾਈਨਲ ਮੈਚ ਖੇਡਣੇ ਤੇ 23 ਗਰੈਂਡ ਸਲੈਮ ਜਿੱਤਣੇ ਕਹਿ ਦੇਣੀ ਗੱਲ ਹੈ! ਉਸ ਨੇ 1980ਵਿਆਂ ’ਚ ਟੈਨਿਸ ਖੇਡਣੀ ਸ਼ੁਰੂ ਕੀਤੀ ਸੀ ਅਤੇ 1990ਵਿਆਂ ’ਚ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਣ ਗਈ ਸੀ। ਫਿਰ ਟੈਨਿਸ ਖੇਡਣ ਦੀ ਐਸੀ ਮੈਰਾਥਨ ਲਾਈ ਜੋ 2000ਵਿਆਂ, 2010ਵਿਆਂ ਤੇ 2020ਵਿਆਂ ਵਿੱਚ ਪਹੁੰਚ ਕੇ ਪੂਰੀ ਹੋਈ। 2026 ’ਚ 45 ਸਾਲਾਂ ਦੀ ਹੋਣ ਤੱਕ ਉਸ ਨੇ ਲਗਭਗ 40 ਸਾਲ ਟੈਨਿਸ ਖੇਡੀ ਹੋਵੇਗੀ। ਕੁਆਰੀ ਹੁੰਦੀ ਨੇ ਤਾਂ ਖੇਡਣਾ ਹੀ ਸੀ, ਵਿਆਹ ਕਰਾ ਕੇ ਤੇ ਦੋ ਧੀਆਂ ਦੀ ਮਾਂ ਬਣ ਕੇ ਵੀ ਖੇਡਦੀ ਰਹੀ। ਉਸ ਨੇ ਸਾਬਤ ਕਰ ਦਿੱਤਾ ਕਿ ਔਰਤਾਂ ਸੋਹਲ ਮਲੂਕ ਨਹੀਂ ਸਗੋਂ ਮਰਦਾਂ ਵਰਗੀਆਂ ਹੀ ਤਕੜੀਆਂ ਤੇ ਜੁਝਾਰੂ ਹੁੰਦੀਆਂ ਹਨ। ਉਹ ਅਤਿ ਮੁਸ਼ਕਲ ਹਾਲਤਾਂ ਵਿੱਚ ਵੀ ਸਿਰੇ ਦਾ ਸਰੀਰਕ ਸਿਰੜ ਤੇ ਮਾਨਸਿਕ ਸੰਤੁਲਨ ਵਿਖਾ ਸਕਦੀਆਂ ਹਨ।
ਉਸ ਨੇ 23 ਸਾਲਾਂ ਦੇ ਪ੍ਰੋਫੈਸ਼ਨਲ ਖੇਡ ਜੀਵਨ ਦੌਰਾਨ ਉੱਚ ਪਾਏ ਦੇ 1014 ਸਿੰਗਲਜ਼ ਮੈਚ ਖੇਡੇ ਜਿਨ੍ਹਾਂ ’ਚੋਂ 858 ਮੈਚ ਜਿੱਤੇ। ਇਸ ਦੌਰਾਨ ਉਸ ਨੇ ਸਿੰਗਲਜ਼ ਦੇ 73 ਖ਼ਿਤਾਬ ਵੀ ਹਾਸਲ ਕੀਤੇ। ਉਨ੍ਹਾਂ ਵਿੱਚ 23 ਗਰੈਂਡ ਸਲੈਮ ਖ਼ਿਤਾਬ ਸਨ। ਉਹ 319 ਹਫ਼ਤੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਣੀ ਰਹੀ। ਉਸ ਨੇ ਮਹਿਲਾਵਾਂ ਦੇ 224 ਡਬਲਜ਼ ਮੈਚ ਖੇਡੇ ਜਿਨ੍ਹਾਂ ’ਚੋਂ 190 ਮੈਚ ਜਿੱਤੇ। ਉਸ ਦੇ ਜਿੱਤੇ ਹੋਏ 23 ਡਬਲਜ਼ ’ਚੋਂ 14 ਗਰੈਂਡ ਸਲੈਮ ਖ਼ਿਤਾਬ ਹਨ। ਗਰੈਂਡ ਸਲੈਮ ਡਬਲਜ਼ ਦੇ ਫਾਈਨਲਾਂ ’ਚ ਤਾਂ ਉਹ ਕਦੇ ਵੀ ਨਹੀਂ ਹਾਰੀ। ਉਸ ਨੇ ਮਿਕਸਡ ਡਬਲਜ਼ ਦੇ ਕੁੱਲ 31 ਮੈਚ ਖੇਡੇ ਜਿਨ੍ਹਾਂ ’ਚੋਂ 27 ਜਿੱਤੇ। ਉਨ੍ਹਾਂ ਵਿੱਚ 2 ਗਰੈਂਡ ਸਲੈਮ ਸਨ। ਓਲੰਪਿਕ ਖੇਡਾਂ ਵਿੱਚੋਂ ਵੀ ਉਸ ਨੇ 4 ਗੋਲਡ ਮੈਡਲ ਜਿੱਤੇ ਜਿਨ੍ਹਾਂ ’ਚੋਂ 3 ਡਬਲਜ਼ ਤੇ 1 ਸਿੰਗਲਜ਼ ਦੇ ਹਨ। ਉਹਨੇ 1 ਵਾਰ ਫੈਡਰੇਸ਼ਨ ਕੱਪ ਤੇ 2 ਵਾਰ ਹੋਪਮੈਨ ਕੱਪ ਵੀ ਜਿੱਤਿਆ।
ਉਸ ਦਾ ਪੂਰਾ ਨਾਂ ਸੇਰੇਨਾ ਜਮੇਕਾ ਵਿਲੀਅਮਜ਼ ਹੈ। ਉਹਦਾ ਜਨਮ 26 ਸਤੰਬਰ 1981 ਨੂੰ ਟੈਨਿਸ ਦੇ ਖਿਡਾਰੀ ਤੇ ਕੋਚ ਰਿਚਰਡ ਵਿਲੀਅਮਜ਼ ਦੇ ਘਰ ਮਾਤਾ ਔਰਾਸੀਨ ਪ੍ਰਾਈਸ ਦੀ ਕੁੱਖੋਂ ਅਮਰੀਕਾ ਦੀ ਸਟੇਟ ਮਿਸ਼ੀਗਨ ਦੇ ਸ਼ਹਿਰ ਸਾਗਿਨਾਅ ਵਿੱਚ ਹੋਇਆ। ਉਹਦੀ ਮਾਂ ਦੀ ਕੁੱਖੋਂ ਪੰਜ ਧੀਆਂ ਜੰਮੀਆਂ ਜਿਨ੍ਹਾਂ ’ਚ ਸੇਰੇਨਾ ਸਭ ਤੋਂ ਛੋਟੀ ਹੈ। ਉਸ ਦੀਆਂ ਤਿੰਨ ਵੱਡੀਆਂ ਧੀਆਂ ਪਹਿਲੇ ਪਤੀ ਦੀ ਔਲਾਦ ਸਨ ਜਦ ਕਿ ਛੋਟੀਆਂ ਦੋ ਧੀਆਂ ਰਿਚਰਡ ਵਿਲੀਅਮਜ਼ ਦੀਆਂ ਹਨ। ਵੈਸੇ ਰਿਚਰਡ ਦੇ ਵੀ ਦੋ ਬੱਚੇ ਹੋਰ ਸਨ ਜੋ ਹੋਰ ਮਾਂ ਦੀ ਕੁੱਖੋਂ ਪੈਦਾ ਹੋਏ ਸਨ। ਇੰਜ ਮਤਰੇਏ ਤੇ ਪਤਰੇਏ ਉਹ ਸੱਤ ਭੈਣ ਭਰਾ ਹਨ। ਉਨ੍ਹਾਂ ਦਾ ਪਿਛੋਕੜ ਅਫ਼ਰੀਕਾ ਮੂਲ ਦੇ ਅਮਰੀਕਨਾਂ ਦਾ ਹੈ ਜਿਨ੍ਹਾਂ ਨੂੰ ਕਾਲੇ ਅਮਰੀਕਨ ਵੀ ਕਿਹਾ ਜਾਂਦੈ। ਵਿਸ਼ਵ ਦੇ ਖੇਡ ਖੇਤਰ ਵਿੱਚ ਕਾਲੇ ਅਮਰੀਕਨਾਂ ਨੇ ਧੁੰਮਾਂ ਪਾ ਰੱਖੀਆਂ ਹਨ ਤੇ ਉਨ੍ਹਾਂ ਦੇ ਸਿਰ ’ਤੇ ਹੀ ਅਮਰੀਕਾ ਓਲੰਪਿਕ ਖੇਡਾਂ ’ਚ ਸਭ ਤੋਂ ਵੱਧ ਮੈਡਲ ਜਿੱਤਦਾ ਆ ਰਿਹੈ।
ਸੇਰੇਨਾ ਚਾਰ ਸਾਲਾਂ ਦੀ ਤੇ ਉਹਦੀ ਵੱਡੀ ਭੈਣ ਪੰਜ ਸਾਲਾਂ ਦੀ ਸੀ ਜਦੋਂ ਉਨ੍ਹਾਂ ਦੇ ਮਾਪੇ ਦੋਹਾਂ ਧੀਆਂ ਨੂੰ ਲੈ ਕੇ ਕੈਲੀਫੋਰਨੀਆ ਦੇ ਸ਼ਹਿਰ ਕੋਂਪਟਨ ਚਲੇ ਗਏ। ਉਨ੍ਹੀਂ ਦਿਨੀਂ ਮਾਂ-ਬਾਪ ਦੀ ਰੀਸੇ ਦੋਹਾਂ ਧੀਆਂ ਨੇ ਟੈਨਿਸ ਦੇ ਰੈਕਟ ਫੜਨੇ ਤੇ ਟੈਨਿਸ ਖੇਡਣੀ ਸ਼ੁਰੂ ਕਰ ਲਈ ਹੋਈ ਸੀ। ਪਿਤਾ ਨੇ ਉੱਥੇ ਸਕਿਉਰਿਟੀ ਦੀ ਸਰਵਿਸ ਲੱਭ ਲਈ ਤੇ ਮਾਂ ਨਰਸ ਲੱਗ ਗਈ। ਪਿਤਾ ਧੀਆਂ ਦਾ ਮੁੱਢਲਾ ਕੋਚ ਬਣ ਗਿਆ ਤੇ ਮਾਂ ਮੁੱਢਲੀ ਡਾਈਟੀਸ਼ੀਅਨ। ਉਹ ਦੋਹਾਂ ਨੂੰ ਪਬਲਿਕ ਦੇ ਕੋਰਟਾਂ ’ਚ ਟੈਨਿਸ ਖਿਡਾਉਣ ਲੈ ਜਾਂਦੇ। ਫਿਰ 1991 ਵਿੱਚ ਦੋਹਾਂ ਧੀਆਂ ਨੂੰ ਵਿਸ਼ੇਸ਼ ਕੋਚਿੰਗ ਦੁਆਉਣ ਲਈ ਫਲੋਰੀਡਾ ਲੈ ਗਏ ਜਿੱਥੇ ਟੈਨਿਸ ਦੀ ਵਧੀਆ ਅਕੈਡਮੀ ਸੀ।
ਉਦੋਂ ਸੇਰੇਨਾ 9 ਸਾਲਾਂ ਦੀ ਵਿਦਿਆਰਥਣ ਸੀ। ਚਾਰਾਂ ਜੀਆਂ ਦਾ ਪਰਿਵਾਰ ਵੈੱਸਟ ਪਾਮ ਬੀਚ, ਫਲੋਰੀਡਾ ਵਿਖੇ ਰਹਿਣ ਲੱਗਾ। ਬੇਸ਼ੱਕ ਪਿਤਾ ਖ਼ੁਦ ਚੰਗਾ ਕੋਚ ਸੀ, ਪਰ ਸਮਝਦਾ ਸੀ ਕਿ ਫਲੋਰੀਡਾ ਅਕੈਡਮੀ ਦਾ ਕੋਚ ਰਿੱਕ ਮੈਕੀ ਬਿਹਤਰ ਕੋਚਿੰਗ ਦੇ ਸਕੇਗਾ। ਉਹ ਵਿਲੀਅਮਜ਼ ਭੈਣਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦਾ। ਉਹਦੀ ਅਕੈਡਮੀ ਦੇ ਖਿਡਾਰੀ ਚੰਗੇ ਨਤੀਜੇ ਦੇ ਰਹੇ ਸਨ ਤੇ ਯੂਨਾਈਟਿਡ ਸਟੇਟਸ ਟੈਨਿਸ ਐਸੋਸੀਏਸ਼ਨ ਦੇ ਟੂਰ ਲਾ ਰਹੇ ਸਨ। ਜਦੋਂ ਸੇਰੇਨਾ 10 ਸਾਲ ਦੀ ਹੋਈ ਤਾਂ ਉਹਦੇ ਪਿਤਾ ਨੇ ਧੀਆਂ ਨੂੰ ਟੂਰ ’ਤੇ ਜਾਣੋ ਰੋਕ ਦਿੱਤਾ ਤਾਂ ਕਿ ਸਕੂਲੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਅੰਦਰਖਾਤੇ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਟੂਰਾਂ ’ਚ ਰੰਗ ਭੇਦ ਦਾ ਫਰਕ ਰੱਖਿਆ ਜਾ ਰਿਹੈ। 1995 ’ਚ ਜਦੋਂ ਵਿਲੀਅਮਜ਼ ਭੈਣਾਂ ਨੌਵੇਂ ਗਰੇਡ ਵਿੱਚ ਸਨ ਤਾਂ ਪਿਤਾ ਨੇ ਧੀਆਂ ਅਕੈਡਮੀ ’ਚੋਂ ਹਟਾ ਲਈਆਂ ਤੇ ਘਰ ਵਿੱਚ ਹੀ ਟ੍ਰੇਨਿੰਗ ਦੇਣ ਲੱਗ ਪਿਆ।
ਸਾਲ 1995 ’ਚ ਕੱਦ-ਕਾਠ ਦੀ ਨਿੱਗਰ ਸੇਰੇਨਾ ਵੱਡੀ ਭੈਣ ਵੀਨਸ ਵਾਂਗ ਟੈਨਿਸ ਦੀ ਪ੍ਰੋਫੈਸ਼ਨਲ ਖਿਡਾਰਨ ਬਣ ਗਈ। ਵਧੇਰੇ ਟੈਨਿਸ ਪ੍ਰੇਮੀਆਂ ਦਾ ਅਨੁਮਾਨ ਸੀ ਕਿ ਵੀਨਸ, ਸੇਰੇਨਾ ਤੋਂ ਪਹਿਲਾਂ ਗਰੈਂਡ ਸਲੈਮ ਜਿੱਤੇਗੀ, ਪਰ ਹੋਣਹਾਰ ਸੇਰੇਨਾ 1999 ਦਾ ਯੂ.ਐੱਸ. ਓਪਨ ਜਿੱਤ ਕੇ ਵੀਨਸ ਤੋਂ ਪਹਿਲਾਂ ਗਰੈਂਡ ਸਲੈਮ ਸਿੰਗਲਜ਼ ਦਾ ਟਾਈਟਲ ਜਿੱਤ ਗਈ। ਬਾਅਦ ਵਿੱਚ ਦੋਹਾਂ ਭੈਣਾਂ ਨੇ ਡਬਲਜ਼ ਦੇ 14 ਗਰੈਂਡ ਸਲੈਮ ਸਾਂਝੇ ਜਿੱਤ ਕੇ ਧੰਨ ਧੰਨ ਕਰਵਾ ਦਿੱਤੀ।
ਸੇਰੇਨਾ ਦੀ ਮਰਦਾਂ ਵਰਗੀ ਸ਼ਕਤੀਸ਼ਾਲੀ ਖੇਡ ਸ਼ੈਲੀ ਨੇ ਔਰਤਾਂ ਦੀ ਖੇਡ ਵਿੱਚ ਵੀ ਇਨਕਲਾਬ ਲੈ ਆਂਦਾ। ਉਹ ਤੇ ਉਹਦੀ ਵੱਡੀ ਭੈਣ ਵੀਨਸ 1990ਵਿਆਂ ਦੇ ਅੱਧ ’ਚ ਵਿਮੈੱਨਜ਼ ਟੈਨਿਸ ਐਸੋਸੀਏਸ਼ਨ ਦੇ ਟੂਰਾਂ ਦੀਆਂ ਪ੍ਰਮੁੱਖ ਖਿਡਾਰਨਾਂ ਬਣ ਗਈਆਂ ਸਨ। ਸਿੰਗਲਜ਼ ਮੈਚਾਂ ’ਚ ਵੀ ਤੇ ਡਬਲਜ਼ ਮੈਚਾਂ ਵਿੱਚ ਵੀ। ਉਹ ਜਿੱਧਰ ਜਾਂਦੀਆਂ ਧੂੜਾਂ ਪੁੱਟੀ ਜਾਂਦੀਆਂ। ਸੇਰੇਨਾ 5 ਵਾਰ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਐਲਾਨੀ ਜਾਂਦੀ ਰਹੀ। ਉਹ ਵਿਸ਼ਵ ਦੀ ਇੱਕੋ ਖਿਡਾਰਨ ਹੈ ਜਿਸ ਨੂੰ ਸਿੰਗਲਜ਼ ਤੇ ਡਬਲਜ਼ ਵਿੱਚ ਕਰੀਅਰ ਗੋਲਡਨ ਸਲੈਮ ਖ਼ਿਤਾਬਾਂ ਨਾਲ ਸਨਮਾਨਿਆ ਗਿਆ ਤੇ ਟੈਨਿਸ ਦੀ ਰਾਣੀ ਹੀ ਨਹੀਂ ਮਹਾਰਾਣੀ ਕਿਹਾ ਜਾਣ ਲੱਗਾ।
ਉਹ ਅਜੇ 17 ਸਾਲਾਂ ਦੀ ਸੀ ਕਿ ਉਸ ਨੇ ਯੂ.ਐੱਸ. ਓਪਨ ਦਾ ਮੇਜਰ ਟੂਰਨਾਮੈਂਟ ਜਿੱਤ ਕੇ ਪਹਿਲੀ ਵੱਡੀ ਛਾਲ ਮਾਰੀ। ਫਿਰ ਉਹ ਤੇ ਉਹਦੀ ਭੈਣ ਪੌੜੀ ਦਰ ਪੌੜੀ ਚੜ੍ਹਦੀਆਂ ਗਰੈਂਡ ਸਲੈਮਾਂ ਦੀਆਂ ਗੁੱਡੀਆਂ ਘੁਕਾਉਣ ਲੱਗੀਆਂ। ਉਨ੍ਹਾਂ ਨੇ ਦੁਨੀਆ ਦੀਆਂ ਮਹਾਨ ਟੈਨਿਸ ਖਿਡਾਰਨਾਂ ਜਸਟਿਨ ਹੈਨਿਨ ਤੇ ਮਾਰੀਆ ਸ਼ਾਰਾਪੋਵਾ ਵਰਗੀਆਂ ਦੀਆਂ ਗੁੱਡੀਆਂ ਘੁਕਾ ਦਿੱਤੀਆਂ। ਸੇਰੇਨਾ ਦਾ 23 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਸਟੈਫੀ ਗਰਾਫ ਦੇ 22 ਸਲੈਮਾਂ ਦੇ ਰਿਕਾਰਡ ਨੂੰ ਮਾਤ ਪਾ ਗਿਆ। ਜਿੱਥੇ ਉਹਦੀਆਂ ਜਿੱਤਾਂ ਦੀ ਚਰਚਾ ਹੁੰਦੀ, ਉੱਥੇ ਉਹਦੇ ਗੁੰਦਵੇਂ ਮਸਕੁਲਰ ਜੁੱਸੇ, ਵਾਲ਼ਾਂ ਦੇ ਵੱਖ ਵੱਖ ਫੈਸ਼ਨ, ਗਲ਼ ਦੀ ਜੰਜ਼ੀਰੀ, ਰੰਗੀਨ ਨਹੁੰਆਂ ਤੇ ਸਖੀ ਵਿਹਾਰ ਦੀਆਂ ਵੀ ਬਾਤਾਂ ਪੈਂਦੀਆਂ। ਉਹਦੀ ਕੈਟ-ਕਿੱਟ ਦੀਆਂ ਵੀ ਗੱਲਾਂ ਹੁੰਦੀਆਂ।
ਹਾਰਡ ਕੋਰਟਾਂ ’ਤੇ ਉਹ ਸਭ ਤੋਂ ਵੱਧ 13 ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ। ਉਨ੍ਹਾਂ ’ਚ 7 ਆਸਟਰੇਲੀਅਨ ਓਪਨ ਤੇ 6 ਯੂ.ਐੱਸ. ਓਪਨ ਹਨ। 30 ਸਾਲ ਤੋਂ ਵੱਧ ਉਮਰ ਦੀ ਹੋ ਕੇ 10 ਗਰੈਂਡ ਸਲੈਮ ਜਿੱਤਣ ਦਾ ਉਹਦਾ ਰਿਕਾਰਡ ਬੇਜੋੜ ਹੈ। ਉਹ ਮਰਦ ਤੇ ਮਹਿਲਾ ਵਰਗਾਂ ਵਿੱਚ ਇਕਲੌਤੀ ਖਿਡਾਰਨ ਹੈ ਜਿਸ ਨੇ 6 ਵਾਰ ਘੱਟੋ ਘੱਟ 3 ਗਰੈਂਡ ਸਲੈਮ ਜਿੱਤੇ। 2016 ਵਿੱਚ ਉਹ ਵਿਸ਼ਵ ਦੀ ਪਹਿਲੀ ਖਿਡਾਰਨ ਬਣੀ ਜਿਸ ਨੇ ਗਰੈਂਡ ਸਲੈਮ ਮੁਕਾਬਲਿਆਂ ਵਿੱਚ 60 ਤੋਂ ਵੱਧ ਮੈਚ ਜਿੱਤੇ। 35 ਸਾਲਾਂ ਤੋਂ ਵਡੇਰੀ ਉਮਰ ਵਿੱਚ ਗਰੈਂਡ ਸਲੈਮ ਜਿੱਤਣ ਵਾਲੀ ਵੀ ਅਜੇ ਤੱਕ ਉਹ ਦੁਨੀਆ ਦੀ ਪਹਿਲੀ ਟੈਨਿਸ ਖਿਡਾਰਨ ਹੈ।
ਸਾਲ 2015 ਵਿੱਚ ਇਲੱਸਟ੍ਰੇਟਿਡ ਮੈਗਜ਼ੀਨ ਨੇ ਉਸ ਨੂੰ ‘ਸਪੋਰਟਸ ਪਰਸਨ ਆਫ ਦਿ ਯੀਅਰ’ ਚੁਣਿਆ ਸੀ। ਚਿੱਟੇ ਚਮਕਦੇ ਦੰਦਾਂ ਤੇ ਸਾਂਵਲੇ ਰੰਗ ਦੀ ਇਸ ਖਿਡਾਰਨ ਨੇ ਨਕਦ ਰਾਸ਼ੀ ਦੇ ਇਨਾਮ ਜਿੱਤਣ ਵਿੱਚ ਵੀ ਨਵੇਂ ਰਿਕਾਰਡ ਰੱਖੇ। 2016 ਵਿੱਚ ਉਸ ਨੂੰ 29 ਮਿਲੀਅਨ ਭਾਵ 2 ਕਰੋੜ 90 ਲੱਖ ਅਮਰੀਕਨ ਡਾਲਰਾਂ ਦੀ ਇਨਾਮੀ ਰਾਸ਼ੀ ਮਿਲੀ ਜੋ ਹੋਰਨਾ ਖਿਡਾਰਨਾਂ ਤੋਂ ਕਿਤੇ ਵੱਧ ਸੀ। 2017 ਵਿੱਚ ਉਹ ਫੋਰਬਸ ਮੈਗਜ਼ੀਨ ਦੇ ਸਭ ਤੋਂ ਮਹਿੰਗੇ 100 ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ। ਲੌਰੈਸ ਨੇ ਸੇਰੇਨਾ ਨੂੰ 2003, 2010, 2016 ਤੇ 2018 ਵਿੱਚ ‘ਸਪੋਰਟਸ ਵੂਮੈਨ ਆਫ ਦਿ ਯੀਅਰ’ ਚੁਣਿਆ। 2020 ਵਿੱਚ ਟੈਨਿਸ ਚੈਨਲ ਨੇ ਉਸ ਨੂੰ ਸਰਬ ਸਮਿਆਂ ਦੀ ਸਰਬੋਤਮ ਟੈਨਿਸ ਖਿਡਾਰਨ ਐਲਾਨਿਆ। 2021 ਵਿੱਚ ਉਹ ਫੋਰਬਸ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਭਾਵੇਂ 28ਵੇਂ ਨੰਬਰ ’ਤੇ ਸੀ, ਪਰ ਖਿਡਾਰਨਾਂ ’ਚ ਉਹ ਸਭ ਤੋਂ ਵੱਧ ਇਨਾਮੀ ਰਾਸ਼ੀ ਲੈਣ ਵਾਲੀ ਮੁੱਖ ਖਿਡਾਰਨ ਬਣੀ। 2025 ਵਿੱਚ 44 ਸਾਲ ਦੀ ਸੇਰੇਨਾ ਨੂੰ ਪ੍ਰਿੰਸਿਸ ਆਫ ਆਸਟੂਰੀਅਸ ਐਵਾਰਡ ਫਾਰ ਸਪੋਰਟਸ ਨਾਲ ਸਨਮਾਨਿਆ ਗਿਆ।
ਸੇਰੇਨਾ ਤੇ ਉਹਦੀ ਵੱਡੀ ਭੈਣ ਵੀਨਸ ਨੇ ਓਲੰਪਿਕ ਖੇਡਾਂ ਦੇ 4 ਗੋਲਡ ਮੈਡਲ ਅਤੇ ਸਾਲਾਂ ਬੱਧੀ ਟੈਨਿਸ ਸਲੈਮ ਜਿੱਤਣ ਦਾ ਗਾਹ ਪਾਈ ਰੱਖਿਆ। ਤਦੇ ਕਿਹਾ ਜਾਂਦੈ ਕਿ ਵਿਲੀਅਮ ਭੈਣਾਂ ਵਰਗੀਆਂ ਖਿਡਾਰਨਾਂ ਨਿੱਤ ਨਿੱਤ ਨਹੀਂ ਜੰਮਦੀਆਂ। 1968 ਦੇ ਓਪਨ ਇਰਾ (ਯੁੱਗ) ਤੋਂ ਬਾਅਦ ਮਰਦਾਂ ਤੇ ਔਰਤਾਂ ਦੇ ਦੋਹਾਂ ਵਰਗਾਂ ਵਿੱਚ ਸੇਰੇਨਾ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲੀ ਖਿਡਾਰਨ ਹੈ। ਜਿੱਤਾਂ ਜਿੱਤਣ ਵਿੱਚ ਸੇਰੇਨਾ ਦੀ ਸਭ ਤੋਂ ਵੱਧ ਸਹਿਯੋਗੀ ਉਹਦੀ ਵੱਡੀ ਭੈਣ ਵੀਨਸ ਹੀ ਰਹੀ। ਵੀਨਸ ਦਾ ਕੱਦਕਾਠ ਭਾਵੇਂ ਸੇਰੇਨਾ ਤੋਂ ਕੱਦਾਵਰ ਹੈ, ਪਰ ਜਿੱਤਾਂ ਜਿੱਤਣ ਵਿੱਚ ਉਹ ਸੇਰੇਨਾ ਤੋਂ ਪਿੱਛੇ ਰਹੀ।
ਸੇਰੇਨਾ ਤੋਂ ਪਹਿਲਾਂ ਮਹਿਲਾਵਾਂ ਦੇ ਸਭ ਤੋਂ ਵੱਧ ਗਰੈਂਡ ਸਲੈਮ ਸਟੈਫੀ ਗਰਾਫ਼ ਨੇ ਜਿੱਤੇ ਸਨ। ਉਨ੍ਹਾਂ ਦੀ ਗਿਣਤੀ 22 ਸੀ। ਸੇਰੇਨਾ ਨੇ 23 ਗਰੈਂਡ ਸਲੈਮ ਤੇ ਓਲੰਪਿਕ ਖੇਡਾਂ ਦੇ 4 ਗੋਲਡ ਮੈਡਲ ਜਿੱਤ ਕੇ ਸਭਨਾਂ ’ਤੇ ਝੰਡੀ ਕੀਤੀ ਤੇ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਅਖਵਾਈ। ਸੇਰੇਨਾ 319 ਹਫ਼ਤੇ ਦੁਨੀਆ ਦੀ ਅੱਵਲ ਨੰਬਰ ਟੈਨਿਸ ਖਿਡਾਰਨ ਬਣੀ ਰਹੀ। ਉਹ 186 ਹਫ਼ਤੇ ਲਗਾਤਾਰ ਜਿੱਤਾਂ ਜਿੱਤਦੀ ਰਹੀ। ਹੋਰ ਤਾਂ ਹੋਰ ਤੀਹ ਸਾਲਾਂ ਤੋਂ ਵਡੇਰੀ ਉਮਰ ਦੀ ਹੋ ਕੇ ਵੀ ਉਸ ਨੇ 10 ਗਰੈਂਡ ਸਲੈਮ ਜਿੱਤੇ ਜੋ ਅਦੁੱਤੀ ਰਿਕਾਰਡ ਹੈ। ਚਾਰ ਦਹਾਕਿਆਂ ਦੌਰਾਨ ਸਿੰਗਲਜ਼ ਦੇ ਵਿਸ਼ਵ ਪੱਧਰੀ ਟਾਈਟਲ ਜਿੱਤਣ ਵਾਲੀ ਉਹ ਟੈਨਿਸ ਦੀ ਇੱਕੋ ਇੱਕ ਖਿਡਾਰਨ ਹੈ।
ਸੇਰੇਨਾ ਨੇ ਆਸਟਰੇਲੀਅਨ ਓਪਨ ਤੇ ਵਿੰਬਲਡਨ ਦੇ 7-7 ਵਾਰ, ਯੂ.ਐੱਸ. ਓਪਨ ਦੇ 6 ਵਾਰ ਤੇ ਫ੍ਰੈਂਚ ਓਪਨ ਦੇ 3 ਵਾਰ ਗਰੈਂਡ ਸਲੈਮ ਜਿੱਤੇ। ਸਿੰਗਲਜ਼ ਦੇ 23 ਖ਼ਿਤਾਬਾਂ ਨਾਲ ਮਹਿਲਾ ਡਬਲਜ਼ ਦੇ 14 ਵਾਰ ਤੇ ਮਿਕਸਡ ਡਬਲਜ਼ ਦੇ 2 ਵਾਰ ਟਾਈਟਲ ਜਿੱਤੇ। ਇੰਜ ਸੇਰੇਨਾ ਦੇ ਕੁਲ ਟਾਈਟਲਾਂ ਦੀ ਗਿਣਤੀ 39 ਬਣ ਜਾਂਦੀ ਹੈ। ਉਸ ਨੇ ਸ਼ੌਕੀਆ ਤੇ ਪੇਸ਼ਾਵਰ ਦੋਹਾਂ ਤਰ੍ਹਾਂ ਦੇ ਟੈਨਿਸ ਮੁਕਾਬਲਿਆਂ ਵਿੱਚ ਆਪਣਾ ਤੇ ਅਮਰੀਕਾ ਦਾ ਨਾਂ ਰੌਸ਼ਨ ਕੀਤਾ। ਉਹ ਗਰੈਂਡ ਸਲੈਮਾਂ ਦੇ ਨਾਲ ਓਲੰਪਿਕ ਖੇਡਾਂ ’ਚੋਂ ਵੀ ਸਿੰਗਲਜ਼ ਤੇ ਡਬਲਜ਼ ਦੇ ਗੋਲਡ ਮੈਡਲ ਜਿੱਤਦੀ ਰਹੀ।
ਸਾਲ 2016 ਵਿੱਚ ਉਹ ਰੈੱਡਿਟ ਵੈੱਬਸਾਈਟ ਦੇ ਕੋ-ਫਾਊਂਡਰ ਅਲੈਕਸਿਸ ਓਹਾਨੀਅਨ ਦੀ ਦੋਸਤ ਬਣ ਗਈ। ਫਿਰ ਉਨ੍ਹਾਂ ਦੀ ਮੰਗਣੀ ਹੋ ਗਈ। ਅਪਰੈਲ 2017 ਵਿੱਚ ਸੇਰੇਨਾ ਨੇ ਦੱਸਿਆ ਕਿ ਉਹ ਗਰਭਵਤੀ ਹੈ ਜਿਸ ਕਰਕੇ 2017 ਦਾ ਅਗਲਾ ਸੀਜ਼ਨ ਨਹੀਂ ਖੇਡ ਸਕੇਗੀ। ਸਤੰਬਰ 2017 ਵਿੱਚ ਉਸ ਨੇ ਧੀ ਨੂੰ ਜਨਮ ਦਿੱਤਾ ਤੇ ਦਸੰਬਰ 2017 ’ਚ ਉਨ੍ਹਾਂ ਦਾ ਬਕਾਇਦਾ ਵਿਆਹ ਹੋ ਗਿਆ। ਉਨ੍ਹਾਂ ਦੀ ਦੂਜੀ ਧੀ 2023 ਵਿੱਚ ਜਨਮੀ। ਮਾਰਚ 2018 ਵਿੱਚ ਉਹ ਮੁੜ ਟੈਨਿਸ ਖੇਡਣ ਲੱਗੀ। ਉਸ ਸਾਲ ਉਹ ਵਿੰਬਲਡਨ ਤੇ ਯੂ.ਐੱਸ. ਓਪਨ ਦੇ ਫਾਈਨਲ ਵਿੱਚ ਤਾਂ ਪਹੁੰਚ ਗਈ, ਪਰ ਕੋਈ ਟੂਰਨਾਮੈਂਟ ਨਾ ਜਿੱਤ ਸਕੀ। 24 ਸਾਲਾਂ ਦੇ ਖੇਡ ਕਰੀਅਰ ਦੌਰਾਨ ਸੇਰੇਨਾ ਨੇ 33 ਗਰੈਂਡ ਸਲੈਮ ਫਾਈਨਲ ਖੇਡੇ ਜਿਨ੍ਹਾਂ ’ਚੋਂ 23 ਜਿੱਤੇ ਤੇ 10 ਫਾਈਨਲ ਮੈਚਾਂ ਵਿੱਚ ਉਪ ਜੇਤੂ ਰਹੀ।
ਸਾਲ 2017 ਵਿੱਚ ਮਾਂ ਬਣਨ ਪਿੱਛੋਂ ਸੇਰੇਨਾ ਨੂੰ ਕੁਝ ਸਮਾਂ ਕੋਰਟ ਤੋਂ ਲਾਂਭੇ ਰਹਿਣਾ ਪਿਆ ਸੀ ਜਿਸ ਕਰਕੇ ਉਹਦਾ ਵਜ਼ਨ ਵਧ ਗਿਆ ਸੀ। ਫਿਰ ਫਿਟਨੈੱਸ ਹਾਸਲ ਕਰ ਕੇ 2020 ’ਚ ਪੂਰੀ ਫਾਰਮ ਵਿੱਚ ਆਈ ਤੇ ਏ.ਐੱਸ.ਬੀ. ਦੇ ਫਾਈਨਲ ਮੈਚ ’ਚ ਜੈਸਕਾ ਪੇਗੁਲਾ ਨੂੰ ਹਰਾ ਕੇ ਟਾਈਟਲ ਜਿੱਤਿਆ। 2021 ਵਿੱਚ ਉਸ ਨੇ ਆਪਣੇ ਕਰੀਅਰ ਦਾ 1000ਵਾਂ ਮੈਚ ਖੇਡਿਆ। ਮੈਚ ਜਿੱਤਣ ਪਿੱਛੋਂ ਪ੍ਰੈੱਸ ਕਾਨਫਰੰਸ ਵਿੱਚ ਸਵਾਲ ਪੁੱਛੇ ਜਾਣ ’ਤੇ ਉਸ ਨੇ ਕਿਹਾ ਸੀ, “ਉਹ ਨਹੀਂ ਜਾਣਦੀ ਟੈਨਿਸ ਖੇਡਣ ਨੂੰ ਕਦੋਂ ਅਲਵਿਦਾ ਕਹੇਗੀ?”
ਉਸ ਨੂੰ ਗੋਡੇ ਦੀ ਸੱਟ ਤੇ ਗਿੱਟੇ ਦੀ ਮੋਚ ਕਾਰਨ ਕੁਝ ਟੂਰਨਾਮੈਂਟ ਛੱਡਣੇ ਵੀ ਪਏ ਸਨ। ਜੇ ਅਜਿਹਾ ਨਾ ਹੁੰਦਾ ਤਾਂ ਸੰਭਵ ਸੀ ਉਹ 25 ਗਰੈਂਡ ਸਲੈਮ ਜਿੱਤ ਜਾਂਦੀ। ਗਰੈਂਡ ਸਲੈਮਾਂ ਦੇ ਸਿੰਗਲ ਫਾਈਨਲ 9 ਵਾਰ ਸੇਰੇਨਾ ਤੇ ਉਹਦੀ ਭੈਣ ਵੀਨਸ ਵਿਚਕਾਰ ਖੇਡੇ ਗਏ ਜਿਨ੍ਹਾਂ ’ਚੋਂ 7 ਸਲੈਮ ਸੇਰੇਨਾ ਨੇ ਜਿੱਤੇ। ਸੇਰੇਨਾ ਨੇ ਫਾਈਨਲ ਮੈਚਾਂ ਵਿੱਚ 3 ਵਾਰ ਸ਼ਾਰਾਪੋਵਾ ਨੂੰ ਹਰਾਇਆ ਤੇ 1 ਵਾਰ ਉਹਤੋਂ ਹਾਰੀ। ਉਸ ਨੇ ਟੈਨਿਸ ਦੀਆਂ ਨਾਮੀ ਖਿਡਾਰਨਾਂ ਕਾਰਬਰ, ਅਜ਼ਾਰੇਕਾ, ਮੁਗੂਰੁਜ਼ਾ, ਮਾਰਟੀਨਾ ਹਿੰਗਸ, ਲਿੰਡਸੇ ਡੇਵਨਪੋਰਟ, ਜਾਨਕੋਵਿਕ, ਦਿਨਾਰਾ ਸਫ਼ੀਨਾ, ਜਸਟਿਨ ਹੈਨਿਨ, ਜ਼ਵਰਨੋਵਾ, ਰਾਡਵਾਂਸਕਾ, ਕੈਰੋਲੀਨਾ ਵੋਜ਼ਨਿਆਕੀ, ਸਫ਼ਰੋਵਾ, ਸਟੌਸਰ ਸਮਾਂਥਾ, ਨਾਓਮੀ ਉਸਾਕਾ, ਸਮੀਨਾ ਹਾਲੇਪ ਤੇ ਬਿਨਾਕਾ ਸਭ ਨੂੰ ਫਾਈਨਲ ਮੈਚਾਂ ਵਿੱਚ ਹਰਾਇਆ।
ਸੇਰੇਨਾ ਤੇ ਵੀਨਸ ਦੇ ਖੇਡ ਕਰੀਅਰ ਦੌਰਾਨ ਜਦੋਂ ਉਹ ਕੋਰਟ ’ਚ ਖੇਡ ਰਹੀਆਂ ਹੁੰਦੀਆਂ ਤਾਂ ਉਨ੍ਹਾਂ ਦਾ ਪਿਤਾ ਰਿਚਰਡ ਨੇੜੇ ਬੈਠਾ ਉਨ੍ਹਾਂ ਨੂੰ ਨਿਹਾਰ ਰਿਹਾ ਹੁੰਦਾ। ਆਪਣੀਆਂ ਧੀਆਂ ਦੀਆਂ ਸਰਵਿਸਾਂ ਤੇ ਹਰ ਸ਼ਾਟ ਨਾਲ ਉਹਦੇ ਹਾਵ ਭਾਵ ਬਦਲਦੇ ਰਹਿੰਦੇ। ਦੋਵੇਂ ਭੈਣਾਂ ਜਿੱਤਣ ਪਿੱਛੋਂ ਖੁਸ਼ੀ ’ਚ ਚਹਿਕਦੀਆਂ ਆਉਂਦੀਆਂ ਤੇ ਆਪਣੇ ਪਿਆਰੇ ਪਾਪਾ ਨੂੰ ਧਾਅ ਗਲਵੱਕੜੀਆਂ ਪਾਉਂਦੀਆਂ। ਬਾਅਦ ਵਿੱਚ ਰਿਚਰਡ ਵਿਲੀਅਮਜ਼ ਉੱਤੇ ‘ਕਿੰਗ ਰਿਚਰਡ’ ਫਿਲਮ ਬਣੀ ਅਤੇ ਸੇਰੇਨਾ ਤੇ ਵੀਨਸ ਭੈਣਾਂ ਬਾਰੇ ਵੀ ਦਸਤਾਵੇਜ਼ੀ ਫਿਲਮਾਂ ਬਣੀਆਂ। ਸੇਰੇਨਾ ਵਿਲੀਅਮਜ਼ ਦੀ ਸਵੈਜੀਵਨੀ ਡੇਨੀਅਲ ਪੇਜ਼ਨਰ ਦੇ ਸਹਿਯੋਗ ਨਾਲ ਲਿਖੀ ਗਈ ਜੋ 2009 ਵਿੱਚ ਪ੍ਰਕਾਸ਼ਿਤ ਹੋਈ।
ਟੈਨਿਸ ਕੋਰਟਾਂ ’ਚ ਸੇਰੇਨਾ ਦੀ ਜ਼ੋਰਦਾਰ ਸਰਵਿਸ, ਕਸਵੇਂ ਸ਼ਾਟ, ਫੈਸ਼ਨੀ ਕਿੱਟ, ਸਡੌਲ ਜੁੱਸਾ, ਵਾਲਾਂ ਦੀਆਂ ਮੀਢੀਆਂ ਤੇ ਕਦੇ ਰਿਬਨ ਪਿੱਛੇ ਝੂੰਮਦੇ ਖੁੱਲ੍ਹੇ ਵਾਲ ਟੈਨਿਸ ਪ੍ਰੇਮੀਆਂ ਦਾ ਮਨੋਰੰਜਨ ਕਰਦੇ ਰਹੇ। 2012 ਵਿੱਚ ਵੋਗ ਮੈਗਜ਼ੀਨ ਦੇ ਕਵਰ ’ਤੇ ਉਹਦੀ ਫੋਟੋ ਪਹਿਲੀ ਬਲੈਕ ਫੀਮੇਲ ਅਥਲੀਟ ਵਜੋਂ ਛਾਪੀ ਗਈ। ਉਸ ਨੇ ਫੈਸ਼ਨ ਸ਼ੋਆਂ ਦੇ ਮੇਲੇ ਲਾਏ ਤੇ ਫੈਸ਼ਨਾਂ ਦਾ ਬਿਜ਼ਨਸ ਵੀ ਕੀਤਾ।
ਸਾਲ 2013 ਦੇ ਆਸਟਰੇਲੀਅਨ ਓਪਨ ਵਿੱਚ ਉਹਦੀ ਸਰਵਿਸ ਦੀ ਸਪੀਡ 207 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ। ਉਸ ਦੇ ਫੋਰਹੈਂਡ ਤੇ ਬੈਕਹੈਂਡ ਦੋਵੇਂ ਤਰ੍ਹਾਂ ਦੇ ਸ਼ਾਟਾਂ ਦਾ ਕੋਈ ਸਾਨੀ ਨਹੀਂ ਸੀ। ਉਸ ਦਾ ਮਨਪਸੰਦ ਖੇਡ ਮੈਦਾਨ ਕਲੇਅ ਕੋਰਟ ਸੀ ਜਦ ਕਿ ਗਰਾਸ ਤੇ ਹਾਰਡ ਕੋਰਟਾਂ ’ਤੇ ਵੀ ਉਹਦੀ ਖੇਡ ਲਾਜਵਾਬ ਸੀ। ਉਸ ਦੀ ਹਰਮਨ ਪਿਆਰਤਾ ਦਾ ਇਹ ਆਲਮ ਹੈ ਕਿ ਇੰਸਟਗ੍ਰਾਮ ’ਤੇ ਉਹਦੇ 90 ਲੱਖ ਪ੍ਰਸੰਸਕ ਹਨ। ਉਹ ਚੋਟੀ ਦੀ ਖਿਡਾਰਨ ਹੋਣ ਨਾਲ ਮਮਤਾ ਭਰੀ ਮਾਂ ਵੀ ਹੈ। ਸਲੱਗ ਪਤਨੀ ਵੀ, ਦੋਸਤ ਵੀ ਅਤੇ ਕਰੋੜਾਂ ਬੱਚਿਆਂ ਤੇ ਨੌਜੁਆਨਾਂ ਦਾ ਰੋਲ ਮਾਡਲ ਵੀ।
ਈ-ਮੇਲ: principalsarwansingh@gmail.com

