DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੈਨੇਗਲ ਦਾ ਕਾਲ਼ਾ ਮੋਤੀ ਸਾਦੀਓ ਮਾਨੇ

ਪਹਿਲਾਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲਾ ਮੋਤੀ ਕਿਹਾ ਜਾਂਦਾ ਸੀ। ਹੁਣ ਸਾਦੀਓ ਮਾਨੇ ਨੂੰ ਸੈਨੇਗਲ ਦਾ ਕਾਲਾ ਮੋਤੀ ਕਿਹਾ ਜਾ ਰਿਹੈ। ਉਹ ਵੀ ਪੇਲੇ ਵਾਂਗ ਫੁੱਟਬਾਲ ਦਾ ਸੁਪਰਸਟਾਰ ਹੈ। ਉਹਦਾ ਜਨਮ 10 ਅਪਰੈਲ 1992 ਨੂੰ ਅਫ਼ਰੀਕੀ ਦੇਸ਼ ਸੈਨੇਗਲ ਦੇ ਪਿੰਡ...

  • fb
  • twitter
  • whatsapp
  • whatsapp
Advertisement

ਪਹਿਲਾਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲਾ ਮੋਤੀ ਕਿਹਾ ਜਾਂਦਾ ਸੀ। ਹੁਣ ਸਾਦੀਓ ਮਾਨੇ ਨੂੰ ਸੈਨੇਗਲ ਦਾ ਕਾਲਾ ਮੋਤੀ ਕਿਹਾ ਜਾ ਰਿਹੈ। ਉਹ ਵੀ ਪੇਲੇ ਵਾਂਗ ਫੁੱਟਬਾਲ ਦਾ ਸੁਪਰਸਟਾਰ ਹੈ। ਉਹਦਾ ਜਨਮ 10 ਅਪਰੈਲ 1992 ਨੂੰ ਅਫ਼ਰੀਕੀ ਦੇਸ਼ ਸੈਨੇਗਲ ਦੇ ਪਿੰਡ ਬੰਬਾਲੀ ਵਿੱਚ ਗ਼ਰੀਬ ਮਾਪਿਆਂ ਦੇ ਘਰ ਹੋਇਆ ਸੀ। ਵੱਡਾ ਹੋ ਕੇ ਉਹ ਗੋਦੜੀ ਦਾ ਲਾਲ ਨਿਕਲਿਆ। ਆਪਣੀ ਖੇਡ ਕਮਾਈ ਨਾਲ ਉਸ ਨੇ ਆਪਣੇ ਪੱਛੜੇ ਪਿੰਡ ਨੂੰ ਮਾਡਰਨ ਪਿੰਡ ਬਣਾਉਣ ਵਿੱਚ ਭਰਪੂਰ ਯੋਗਦਾਨ ਪਾਇਆ। ਸੇਧਿਊ ਦੇ ਵਿਰਾਨ ਇਲਾਕੇ ਦਾ ਪੱਛੜਿਆ ਪਿੰਡ ਬੰਬਾਲੀ ਹੁਣ ਸੈਨੇਗਲ ਦਾ ਮਾਡਲ ਪਿੰਡ ਹੈ। ਮਾਨੇ ਦੀਆਂ ਗੱਲਾਂ ਸੈਨੇਗਲ ’ਚ ਹੀ ਨਹੀਂ, ਦੁਨੀਆ ਭਰ ’ਚ ਹੁੰਦੀਆਂ ਹਨ। ਜਿੰਨਾ ਉਹ ਆਪਣੀ ਖੇਡ ਕਰਕੇ ਮਸ਼ਹੂਰ ਹੋਇਆ ਓਨਾ ਹੀ ਪਰਉਪਕਾਰੀ ਕਾਰਜਾਂ ਕਰਕੇ ਜਾਣਿਆ ਜਾਂਦਾ ਹੈ।

ਮਾਨੇ ਪੇਸ਼ਾਵਰ ਫੁੱਟਬਾਲਰ ਹੈ ਜੋ ਅਲ ਨਾਸਰ ਵੱਲੋਂ ਸੌਦੀ ਪ੍ਰੋ ਲੀਗ ਖੇਡਦਾ ਹੈ। 19 ਸਾਲ ਦੀ ਉਮਰੇ ਉਹ ਫਰਾਂਸ ਦੇ ਮੈਟਜ਼ ਕਲੱਬ ਵੱਲੋਂ ਖੇਡਣ ਲੱਗਾ ਸੀ ਤੇ 20ਵੇਂ ਸਾਲ 4 ਮਿਲੀਅਨ ਯੂਰੋ ਦੀ ਫੀਸ ਨਾਲ ਆਸਟਰੀਆ ਦੇ ਰੈੱਡ ਬੁੱਲ ਸਾਲਜਬਰਗ ਕਲੱਬ ’ਚ ਚਲਾ ਗਿਆ। ਅਗਲੇ ਸਾਲ ਇੰਗਲੈਂਡ ਦੇ ਸਾਊਥੈਂਪਟਨ ਕਲੱਬ ਨੇ 11.8 ਮਿਲੀਅਨ ਪੌਂਡਾਂ ਦੀ ਫੀਸ ਤਾਰ ਕੇ ਆਪਣੇ ਨਾਲ ਰਲ਼ਾ ਲਿਆ। ਉਨ੍ਹਾਂ ਦੀ ਟੀਮ ਨੇ 2015 ਦੀ ਪ੍ਰੀਮੀਅਰ ਲੀਗ ’ਚ ਆਸਟੋਨ ਵਿੱਲਾ ਦੀ ਟੀਮ ਨੂੰ 6-1 ਗੋਲਾਂ ਨਾਲ ਹਰਾਇਆ। ਮਾਨੇ ਨੇ 2 ਮਿੰਟ 56 ਸਕਿੰਟਾਂ ’ਚ ਹੈਟ੍ਰਿਕ ਮਾਰਨ ਦਾ ਰਿਕਾਰਡ ਰੱਖਿਆ!

Advertisement

ਸਾਲ 2016 ’ਚ ਉਹ 34 ਮਿਲੀਅਨ ਪੌਂਡ ਦੀ ਫੀਸ ਨਾਲ ਲਿਵਰਪੂਲ ਕਲੱਬ ਵੱਲੋਂ ਖੇਡਣ ਲੱਗਾ। ਤਦ ਤੱਕ ਉਹ ਫੁੱਟਬਾਲ ਦੇ ਇਤਿਹਾਸ ਵਿੱਚ ਅਫ਼ਰੀਕਾ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਚੁੱਕਾ ਸੀ। 2018-19 ਦੇ ਸੀਜ਼ਨ ਵਿੱਚ ਉਸ ਨੇ ਪ੍ਰੀਮੀਅਰ ਲੀਗ ਗੋਲਡਨ ਬੂਟ ਜਿੱਤਣ ਦਾ ਸਨਮਾਨ ਹਾਸਲ ਕੀਤਾ। ਅਕਤੂਬਰ 2021 ’ਚ ਉਹ ਪ੍ਰੀਮੀਅਰ ਲੀਗ ਦਾ 100ਵਾਂ ਗੋਲ ਕਰਨ ਵਾਲਾ ਤੀਜਾ ਅਫ਼ਰੀਕਨ ਖਿਡਾਰੀ ਬਣਿਆ। ਉਹ ਫੁੱਟਬਾਲ ਦੇ ਸਿਰਮੌਰ ਐਵਾਰਡ ਬੈਲਨ ਡੀਓਰ ਦੀ ਚੋਣ ਸਮੇਂ 2019 ’ਚ ਚੌਥੀ ਤੇ 2022 ਵਿੱਚ ਦੂਜੀ ਥਾਵੇਂ ਰਿਹਾ। ਉਸ ਨੇ ਸੈਨੇਗਲ ਵੱਲੋਂ 2012 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਅਫ਼ਰੀਕਨ ਕੱਪ ਆਫ ਨੇਸ਼ਨਜ਼ ਦੇ 2015, 2017, 2019, 2021, 2023 ਤੇ 2025 ਫੁੱਟਬਾਲ ਟੂਰਨਾਮੈਂਟਾਂ ’ਚ ਸੈਨੇਗਲ ਵੱਲੋਂ ਖੇਡਿਆ। 2019 ’ਚ ਉਸ ਨੂੰ ਅਫ਼ਰੀਕਨ ਫੁੱਟਬਾਲਰ ਆਫ਼ ਦਿ ਯੀਅਰ ਐਲਾਨਿਆ ਗਿਆ। 2022 ’ਚ ਉਹਦੇ ਸਿਰ ਅਫ਼ਰੀਕਨ ਪਲੇਅਰ ਆਫ ਦਿ ਯੀਅਰ ਦਾ ਤਾਜ ਸਜਾਇਆ ਗਿਆ। ਉਹ ਸੈਨੇਗਲ ਵੱਲੋਂ 2018 ਦਾ ਫੀਫਾ ਆਲਮੀ ਕੱਪ ਖੇਡਿਆ, 2022 ਦੇ ਆਲਮੀ ਕੱਪ ਸਮੇਂ ਜ਼ਖਮੀ ਹੋ ਗਿਆ ਅਤੇ 2026 ਦਾ ਆਖ਼ਰੀ ਆਲਮੀ ਕੱਪ ਖੇਡ ਕੇ ਫੀਫਾ ਕੱਪ ਖੇਡਣ ਤੋਂ ਰਿਟਾਇਰ ਹੋ ਗਿਆ।

Advertisement

22 ਜੂਨ 2022 ਤੋਂ 30 ਜੂਨ 2025 ਤੱਕ ਉਹ ਜਰਮਨੀ ਦੇ ਬੇਅਰਨ ਮਿਊਨਿਖ ਕਲੱਬ ਵੱਲੋਂ ਖੇਡਿਆ। ਇਸ ਦੌਰਾਨ ਉਹਦੀ ਫੀਸ 27.4 ਮਿਲੀਅਨ ਪੌਂਡ ਤੋਂ 35 ਮਿਲੀਅਨ ਪੌਂਡ ਹੋ ਗਈ। 2025-26 ’ਚ ਉਸ ਨੇ ਅਲ ਨਾਸਰ ਵੱਲੋਂ 10 ਗੋਲ ਆਪ ਕੀਤੇ ਤੇ 6 ਗੋਲ ਕਰਨ ’ਚ ਸਹਾਇਕ ਬਣ ਕੇ ਸੌਦੀ ਪ੍ਰੋ ਲੀਗ ਦਾ ਟਾਈਟਲ ਜਿੱਤਿਆ। ਕੁਝ ਸਮਾਂ ਉਸ ਦੀ ਰਿਹਾਇਸ਼ ਫਰਾਂਸ ’ਚ ਰਹੀ, ਫਿਰ ਲਿਵਰਪੂਲ ਤੇ ਹੁਣ ਸੌਦੀ ਅਰਬ ਦੇ ਸ਼ਹਿਰ ਰਿਆਦ ਵਿੱਚ ਹੈ। ਪੱਕੀ ਰਿਹਾਇਸ਼ ਲਈ ਉਸ ਨੇ ਆਪਣੇ ਪਿੰਡ ਬੰਬਾਲੀ ਵਿੱਚ ਵੀ ਆਲੀਸ਼ਾਨ ਘਰ ਬਣਾ ਰੱਖਿਆ ਹੈ।

ਮਾਨੇ ਦੀ ਜੀਵਨ ਕਹਾਣੀ ਫੁੱਟਬਾਲ ਦੇ ਸੁਪਰਸਟਾਰ ਖਿਡਾਰੀ ਦੀ ਕਹਾਣੀ ਹੀ ਨਹੀਂ, ਇਹ ਗ਼ਰੀਬੀ ਦੇ ਲਿਤਾੜੇ ਬੰਦੇ ਦੇ ਮੁੜ ਉੱਠ ਖੜ੍ਹੇ ਹੋਣ ਦੀ ਕਹਾਣੀ ਹੈ। ਇਹ ਉਸ ਨੌਜੁਆਨ ਦੀ ਵਾਰਤਾ ਹੈ ਜਿਸ ਨੇ ਪੈਦਾਇਸ਼ੀ ਗ਼ਰੀਬੀ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਅੱਜ ਵੀ ਜਦੋਂ ਉਹ ਰਿਆਦ ਤੋਂ ਆਪਣੇ ਪਿੰਡ ਪਰਤਦਾ ਹੈ ਤਾਂ ਉੱਥੋਂ ਦੇ ਲੋਕ ਉਸ ਨੂੰ ਫੁੱਟਬਾਲ ਦੇ ਸੁਪਰਸਟਾਰ ਨਾਲੋਂ ਆਪਣਾ ਹੀ ਪੁੱਤਰ, ਭਰਾ, ਭਤੀਜਾ ਤੇ ਚਾਚਾ ਤਾਇਆ ਸਮਝਦੇ ਹਨ। ਮਾਨੇ ਭਾਵੇਂ ਪਰਵਾਸੀ ਬਣ ਗਿਐ, ਪਰ ਉਹ ਆਪਣੇ ਪਿੰਡ ਤੇ ਆਪਣੇ ਦੇਸ਼ ਨੂੰ ਨਹੀਂ ਭੁੱਲਿਆ। ਉਹਦੇ ਪਿੰਡ ਤੇ ਦੇਸ਼ ਵਾਸੀ ਵੀ ਉਹਨੂੰ ਕਦੇ ਨਹੀਂ ਭੁੱਲੇ। ਉਹ ਵੀ ਅੱਡੀਆਂ ਚੁੱਕ ਕੇ ਉਸ ਦੀ ਉਡੀਕ ਕਰਦੇ ਹਨ।

ਇਹ ਸੱਚ ਹੈ ਕਿ ਕਈਆਂ ਨੂੰ ਮਾਪਿਆਂ ਦੀ ਅਮੀਰੀ ਡੋਬ ਦਿੰਦੀ ਹੈ ਤੇ ਕਈਆਂ ਨੂੰ ਮਾਪਿਆਂ ਦੀ ਗ਼ਰੀਬੀ ਤਾਰ ਦਿੰਦੀ ਹੈ। ਅਮੀਰੀ ਸੰਘਰਸ਼ ਕਰਨਾ ਨਹੀਂ ਸਿਖਾਉਂਦੀ ਜਦੋਂ ਕਿ ਗ਼ਰੀਬੀ ਵਿੱਚ ਸੰਘਰਸ਼ ਕਰੇ ਬਿਨਾਂ ਸਰਦਾ ਨਹੀਂ। ਮਾਨੇ ਨੇ ਅੰਤਾਂ ਦੀ ਗ਼ਰੀਬੀ ਵੇਖੀ ਅਤੇ ਅੰਤਾਂ ਦਾ ਸੰਘਰਸ਼ ਕੀਤਾ। ਉਹਦੇ ਬਚਪਨ ਸਮੇਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਰੁਲ਼ਿਆ ਖੁਲ਼ਿਆ ਬੱਚਾ ਕਦੇ ਪੈਰਾਂ ਸਿਰ ਵੀ ਹੋਵੇਗਾ ਜਾਂ ਯਤੀਮਾਂ ਵਾਂਗ ਦਰ ਦਰ ਦੇ ਧੱਕੇ ਖਾਂਦਾ ਫਿਰੇਗਾ। ਉਹਦੇ ਫੁਟਬਾਲ ਖੇਡਣ ਦੇ ਜਮਾਂਦਰੂ ਸ਼ੌਕ, ਸੰਘਰਸ਼ ਤੇ ਸਖ਼ਤ ਮਿਹਨਤ ਨੇ ਐਸੇ ਰੰਗ ਭਾਗ ਲਾਏ ਕਿ ਉਹਦੀ ਦੌਲਤ ਤੇ ਸ਼ੁਹਰਤ ਦਾ ਕੋਈ ਅੰਤ ਨਾ ਰਿਹਾ। ਉਹਦੀ ਉੱਚ ਪਾਏ ਦੀ ਖੇਡ ਕਰਕੇ ਨਹੀਂ, ਉਹਦੇ ਨਿਮਰ ਸੁਭਾਅ, ਖੁੱਲ੍ਹਦਿਲੇ ਦਾਨੀ ਤੇ ਸੰਘਰਸ਼ ਭਰੀ ਜ਼ਿੰਦਗੀ ਜਿਊਂਦੇ ਹੋਣ ਕਰਕੇ ਵੀ ਉਹ ਬੰਬਾਲੀ ਦਾ ਮਸੀਹਾ ਮੰਨਿਆ ਜਾਂਦਾ ਹੈ।

ਬੰਬਾਲੀ ਵਿੱਚ ਨਾ ਸਿੱਖਿਆ ਤੇ ਨਾ ਸਿਹਤ ਦੀਆਂ ਸਹੂਲਤਾਂ ਸਨ ਤੇ ਨਾ ਖੇਡਾਂ ਲਈ ਕੋਈ ਚੱਜ ਦਾ ਖੇਡ ਮੈਦਾਨ ਸੀ। ਪਿੰਡ ਦੇ ਵਧੇਰੇ ਲੋਕ ਖੇਤੀਬਾੜੀ ਤੇ ਹੋਰ ਛੋਟੇ ਮੋਟੇ ਕੰਮ ਕਰ ਕੇ ਗੁਜ਼ਾਰਾ ਕਰਦੇ ਸਨ। ਮਾਨੇ ਦੇ ਮਾਪੇ ਤਾਂ ਆਰਥਿਕ ਪੱਖੋਂ ਕੁਝ ਵਧੇਰੇ ਹੀ ਟੁੱਟੇ ਹੋਏ ਸਨ। ਉਨ੍ਹਾਂ ਦਾ ਸੰਯੁਕਤ ਪਰਿਵਾਰ 40 ਜੀਆਂ ਦਾ ਸੀ। ਉਹਦਾ ਪਿਤਾ ਪਿੰਡ ਦੀ ਮਸਜਿਦ ਦਾ ਇਮਾਮ ਸੀ ਤੇ ਮਾਂ ਘਰੇਲੂ ਸੁਆਣੀ। ਮਾਨੇ ਦੀ ਰੁਚੀ ਛੋਟੇ ਹੁੰਦਿਆਂ ਹੀ ਫੁੱਟਬਾਲ ਖੇਡਣ ਵੱਲ ਸੀ, ਪਰ ਉਹਦਾ ਪਿਤਾ ਚਾਹੁੰਦਾ ਸੀ ਕਿ ਉਹ ਇਸਲਾਮ ਦੀ ਸਿੱਖਿਆ ਲੈ ਕੇ ਇਮਾਮ ਬਣੇ। ਉਂਜ ਉਸ ਨੇ ਪੁੱਤਰ ਨੂੰ ਛੁੱਟੀ ਦੇ ਰੱਖੀ ਸੀ ਕਿ ਉਹ ਹਾਣੀਆਂ ਨਾਲ ਫੁੱਟਬਾਲ ਵੀ ਖੇਡੀ ਜਾਵੇ। ਅਣਹੋਣੀ ਇਹ ਹੋਈ ਕਿ ਮਾਨੇ ਸੱਤਾਂ ਸਾਲਾਂ ਦਾ ਹੀ ਸੀ ਕਿ ਪਿਤਾ ਦੀ ਅਚਾਨਕ ਮੌਤ ਹੋ ਗਈ।

ਮਾਨੇ ਦੀ ਪਾਲਣਾ ਇਸਲਾਮੀ ਮਾਹੌਲ ਵਿੱਚ ਹੋਈ। ਉਸ ਨੇ ਲਿਖਿਆ, “ਜਦੋਂ ਮੈਂ ਬੱਚਾ ਸਾਂ ਤਾਂ ਮੇਰਾ ਪਿਤਾ ਮੇਰੇ ’ਤੇ ਫਖ਼ਰ ਕਰਦਾ ਸੀ ਕਿ ਮੈਂ ਵੱਡਾ ਹੋ ਕੇ ਜ਼ਰੂਰ ਕੁਝ ਬਣਾਂਗਾ। ਉਹ ਫਰਾਖ਼ਦਿਲ ਬੰਦਾ ਸੀ। ਜਦੋਂ ਫੌਤ ਹੋਇਆ ਤਾਂ ਮੇਰੇ ਅਤੇ ਸਾਰੇ ਪਰਿਵਾਰ ’ਤੇ ਡਾਢਾ ਸੰਕਟ ਆ ਪਿਆ। ਮੈਂ ਆਪਣੇ ਆਪ ਨੂੰ ਕਿਹਾ: ਹੁਣ ਮੈਨੂੰ ਹੀ ਆਪਣੀ ਮਾਤਾ ਦੀ ਮਦਦ ਤੇ ਸਾਂਭ ਸੰਭਾਲ ਕਰਨੀ ਪਵੇਗੀ, ਪਰ ਮੈਂ ਤਾਂ ਆਪ ਬੱਚਾ ਸਾਂ। ਫਿਰ ਵੀ ਮੈਂ ਜਿੰਨੇ ਜੋਗਾ ਸਾਂ ਆਪਣੀ ਮਾਂ ਦੀ ਸੇਵਾ ਕੀਤੀ।”

ਜਦੋਂ ਹੋਰ ਬੱਚੇ ਮਾਪਿਆਂ ਵੱਲੋਂ ਦਿੱਤੇ ਖਿਡਾਉਣਿਆਂ ਨਾਲ ਖੇਡਦੇ ਤਾਂ ਮਾਨੇ ਲੀਰਾਂ ਤੇ ਪਲਾਸਟਿਕ ਦੀਆਂ ਗੁੱਥੀਆਂ ਨੂੰ ਗੁੰਦ ਕੇ ਬਣਾਈ ਖਿੱਦੋ ਨਾਲ ਖੇਡਦਾ। ਬੂਟ ਨਾ ਜੁੜਦੇ ਤਾਂ ਨੰਗੇ ਪੈਰੀਂ ਖੇਡੀ ਜਾਂਦਾ। ਬਚਪਨ ਦੀਆਂ ਇਹ ਥੁੜ੍ਹਾਂ ਹੀ ਉਸ ਦੀ ਤਾਕਤ ਬਣੀਆਂ। ਜਦੋਂ ਉਹਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਨਿੱਘਰ ਗਈ। ਇਸ ਹਾਲਤ ਵਿੱਚ ਉਹਦੀ ਉਮਰ ਦੇ ਬੱਚੇ ਉੱਚੇ ਸੁਪਨੇ ਲੈਣੇ ਛੱਡ ਦਿੰਦੇ ਹਨ, ਪਰ ਮਾਨੇ ਨੇ ਸੁਪਨੇ ਲੈਣੇ ਨਾ ਛੱਡੇ। ਉਸ ਦੀ ਮਾਂ ਤੇ ਪਰਿਵਾਰ ਦੇ ਵਡੇਰੇ ਮੈਂਬਰ ਚਾਹੁੰਦੇ ਸਨ ਕਿ ਮਾਨੇ ਸਾਰਾ ਧਿਆਨ ਪੜ੍ਹਾਈ ’ਚ ਲਾਵੇ ਜਦ ਕਿ ਉਸ ਤੋਂ ਫੁੱਟਬਾਲ ਖੇਡੇ ਬਿਨਾਂ ਰਿਹਾ ਨਹੀਂ ਸੀ ਜਾਂਦਾ।

ਉਨ੍ਹਾਂ ਦਿਨਾਂ ’ਚ ਪੇਂਡੂ ਘਰਾਂ ਵਿੱਚ ਟੀਵੀ ਸੈੱਟ ਨਹੀਂ ਸੀ ਆਏ। ਜਦੋਂ ਕਿਸੇ ਵੱਡੇ ਟੂਰਨਾਮੈਂਟ ਦਾ ਫੁੱਟਬਾਲ ਮੈਚ ਹੁੰਦਾ ਤਾਂ ਪਿੰਡ ਦੇ ਲੋਕ ’ਕੱਠੇ ਹੋ ਕੇ ਮੈਚ ਵੇਖਣ ਦਾ ਪ੍ਰਬੰਧ ਕਰਦੇ। ਮਾਨੇ ਨਾਮੀ ਖਿਡਾਰੀਆਂ ਨੂੰ ਗੋਲ ਕਰਦਿਆਂ ਵੇਖਦਾ ਤਾਂ ਉਹਦੇ ਮਨ ’ਚ ਲੂਹਰੀਆਂ ਉੱਠਦੀਆਂ ਕਿ ਉਹ ਵੀ ਉਨ੍ਹਾਂ ਵਰਗਾ ਬਣੇਗਾ। ਉਨ੍ਹਾਂ ਦਿਨਾਂ ’ਚ ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਹੋਣਾ ਕਿ ਟੀਵੀ ਦੇ ਦਰਸ਼ਕਾਂ ’ਚ ਬੈਠਾ ਇਹ ਮੁੰਡਾ ਕਿਸੇ ਦਿਨ ਦੁਨੀਆ ਦੇ ਨਾਮੀ ਕਲੱਬਾਂ ’ਚ ਫੁੱਟਬਾਲ ਖੇਡੇਗਾ। ਨਾ ਸਿਰਫ਼ ਖੇਡੇਗਾ ਬਲਕਿ ਖੇਡਾਂ ਦੀ ਕਮਾਈ ਦਾਨ ਪੁੰਨ ਦੇ ਲੇਖੇ ਵੀ ਲਾਵੇਗਾ।

ਜਦੋਂ ਉਹ 15 ਸਾਲਾਂ ਦਾ ਹੋਇਆ ਤਾਂ ਉਸ ਨੇ ਆਪਣੇ ਇੱਕ ਦੋਸਤ ਨਾਲ ਰਾਜਧਾਨੀ ਡਾਕਰ ਦੀ ਫੁੱਟਬਾਲ ਅਕੈਡਮੀ ’ਚ ਦਾਖਲ ਹੋਣ ਦੀ ਸਲਾਹ ਕੀਤੀ, ਪਰ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਪਿੰਡ ਤੋਂ ਸੈਂਕੜੇ ਮੀਲ ਦੂਰ ਅਕੈਡਮੀ ਵਿੱਚ ਦਾਖਲ ਹੋਵੇ। ਪਰਿਵਾਰ ਨੂੰ ਫੁੱਟਬਾਲ ’ਚ ਕੋਈ ਭਵਿੱਖ ਨਹੀਂ ਸੀ ਦਿਸਦਾ, ਪਰ ਮਾਨੇ ਆਪਣਾ ਸੁਪਨਾ ਸਾਕਾਰ ਕਰਨ ਲਈ ਬਚਪਨ ਦੇ ਦੋਸਤ ਨਾਲ ਡਾਕਰ ਵੱਲ ਦੌੜ ਗਿਆ। ਉਹ ਪਿੰਡ ਤੋਂ ਸੈਂਕੜੇ ਕਿਲੋਮੀਟਰ ਦੂਰ ਡਕਾਰ ਪਹੁੰਚੇ ਤਾਂ ਉਨ੍ਹਾਂ ਕੋਲ ਨਾ ਚੰਗੇ ਕੱਪੜੇ ਸਨ ਅਤੇ ਨਾ ਹੀ ਜੇਬ ’ਚ ਪੈਸੇ। ਜਦੋਂ ਉਹ ਫੁੱਟਬਾਲ ਅਕੈਡਮੀ ’ਚ ਟਰਾਇਲ ਦੇਣ ਗਏ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਦਿੱਖ ਦੇਖ ਕੇ ਸੋਚਿਆ ਕਿ ਇਹ ਮੁੰਡੇ ਤਾਂ ਐਵੇਂ ਸੈਰ ਸਪਾਟਾ ਕਰਨ ਆਏ ਹੋਣਗੇ, ਪਰ ਜਿਉਂ ਹੀ ਮਾਨੇ ਨੇ ਬਾਲ ਪੈਰਾਂ ਮੂਹਰੇ ਲਾਈ ਤਾਂ ਹਰ ਕੋਈ ਹੈਰਾਨ ਰਹਿ ਗਿਆ! ਉਹਦੀ ਤੇਜ਼ ਰਫ਼ਤਾਰ, ਡ੍ਰਿਬਲਿੰਗ ਅਤੇ ਆਤਮ ਵਿਸ਼ਵਾਸ ਨੇ ਕੋਚਾਂ ਨੂੰ ਅਜਿਹਾ ਪ੍ਰਭਾਵਿਤ ਕੀਤਾ ਕਿ ਉਹਦੀ ਚੋਣ ਹੋ ਗਈ।

ਅਕੈਡਮੀ ’ਚ ਸਾਦਿਓ ਮਾਨੇ ਨੇ ਦਿਨ-ਰਾਤ ਮਿਹਨਤ ਕੀਤੀ। ਕੋਚਾਂ ਦਾ ਕਹਿਣਾ ਸੀ ਕਿ ਮਾਨੇ ਕੋਲ ਕੁਦਰਤੀ ਪ੍ਰਤਿਭਾ ਤਾਂ ਸੀ ਹੀ, ਉਸ ਤੋਂ ਵੀ ਵੱਡੀ ਗੱਲ ਸੀ ਕਿ ਉਹ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਉਹ ਆਪਣੀਆਂ ਗ਼ਲਤੀਆਂ ਨੋਟ ਕਰਦਾ ਅਤੇ ਉਨ੍ਹਾਂ ਨੂੰ ਸੁਧਾਰਦਾ ਰਹਿੰਦਾ। ਉਸ ਦੀ ਹੋਣਹਾਰ ਪ੍ਰਤਿਭਾ ਨੇ ਜਲਦੀ ਹੀ ਯੂਰਪੀ ਕਲੱਬਾਂ ਦਾ ਧਿਆਨ ਖਿੱਚ ਲਿਆ।

ਸਾਲ 2011 ’ਚ ਮਾਨੇ ਨੇ ਫਰਾਂਸ ਦੇ ਕਲੱਬ ਮੈਟਜ਼ ਨਾਲ ਖੇਡਣ ਦਾ ਪਹਿਲਾ ਕਰਾਰ ਕੀਤਾ। ਮੈਟਜ਼ ਲਈ ਖੇਡਦੇ ਹੋਏ ਉਸ ਨੇ ਆਪਣੀ ਰਫ਼ਤਾਰ, ਡ੍ਰਿਬਲਿੰਗ ਤੇ ਹਮਲਾਵਰ ਖੇਡ ਨਾਲ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਬਚਪਨ ’ਚ ਜਿਹੜਾ ਮੁੰਡਾ ਲੀਰਾਂ ਦੀ ਬਣੀ ਖਿੱਦੋ ਨਾਲ ਨੰਗੇ ਪੈਰੀਂ ਖੇਡਦਾ ਸੀ, ਉਹੀ ਯੂਰਪ ਦੇ ਵੱਡੇ ਸਟੇਡੀਅਮਾਂ ਵਿੱਚ ਲੱਖਾਂ ਦਰਸ਼ਕਾਂ ਸਾਹਮਣੇ ਗੋਲ ਕਰਨ ਵਾਲਾ ਮਹਾਨ ਫੁੱਟਬਾਲਰ ਬਣ ਗਿਆ। 2012 ’ਚ ਉਹ ਆਸਟਰੀਆ ਦੇ ਪ੍ਰਸਿੱਧ ਕਲੱਬ ਰੈੱਡ ਬੁੱਲ ਸਾਲਜ਼ਬਰਗ ਨਾਲ ਜੁੜ ਗਿਆ। ਸਾਲਜ਼ਬਰਗ ਦੇ ਕੋਚਾਂ ਨੇ ਉਸ ਨੂੰ ਤੇਜ਼ ਦੌੜਨਾ ਹੀ ਨਹੀਂ, ਸਗੋਂ ਸਹੀ ਸਮੇਂ ’ਤੇ ਪਾਸ ਦੇਣਾ, ਦਬਾਅ ਵਿੱਚ ਸ਼ਾਂਤ ਰਹਿਣਾ ਤੇ ਟੀਮ ਲਈ ਖੇਡਣਾ ਸਿਖਾਇਆ। 2013-14 ਦਾ ਸੀਜ਼ਨ ਉਹਦੇ ਲਈ ਯਾਦਗਾਰੀ ਰਿਹਾ।

ਸਾਲ 2014 ਵਿੱਚ ਇੰਗਲੈਂਡ ਦੇ ਪ੍ਰੀਮੀਅਰ ਲੀਗ ਦੇ ਕਲੱਬ ਸਾਊਥਹੈਂਪਟਨ ਨੇ ਮਾਨੇ ਨੂੰ ਆਪਣੇ ਨਾਲ ਜੋੜ ਲਿਆ। ਪ੍ਰੀਮੀਅਰ ਲੀਗ ਦੁਨੀਆ ਦੀ ਸਭ ਤੋਂ ਮਿਆਰੀ ਫੁੱਟਬਾਲ ਲੀਗ ਮੰਨੀ ਜਾਂਦੀ ਹੈ। ਮਾਨੇ ਨੇ ਆਉਣ ਸਾਰ ਆਪਣੀ ਸ਼ਾਨਦਾਰ ਛਾਪ ਛੱਡੀ। ਮਈ 2015 ’ਚ ਸਾਊਥੈਂਪਟਨ ਵੱਲੋਂ ਉਸ ਨੇ ਔਸਟਨ ਵਿਲਾ ਵਿਰੁੱਧ 2 ਮਿੰਟ 56 ਸਕਿੰਟ ’ਚ ਹੈਟ੍ਰਿਕ ਲਗਾ ਕੇ ਪ੍ਰੀਮੀਅਰ ਲੀਗ ਦੇ ਇਤਿਹਾਸ ਦੀ ਸਭ ਤੋਂ ਤੇਜ਼ ਹੈਟ੍ਰਿਕ ਲਾਉਣ ਦਾ ਰਿਕਾਰਡ ਰੱਖਿਆ।

ਸਾਲ 2016 ਵਿੱਚ ਇੰਗਲੈਂਡ ਦੇ ਕਲੱਬ ਲਿਵਰਪੂਲ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ। ਮਾਨੇ ਨੇ ਆਪਣਾ ਪਹਿਲਾ ਹੀ ਸੀਜ਼ਨ ਸ਼ਾਨਦਾਰ ਤਰੀਕੇ ਨਾਲ ਖੇਡਿਆ। 2017-18 ਦੇ ਯੂਈਐੱਫਏ ਚੈਂਪੀਅਨਜ਼ ਲੀਗ ਸੀਜ਼ਨ ਵਿੱਚ ਮਾਨੇ ਨੇ ਕਈ ਗੋਲ ਕੀਤੇ ਜਿਸ ਨਾਲ ਲਿਵਰਪੂਲ ਫਾਈਨਲ ਤੱਕ ਪਹੁੰਚ ਗਿਆ। 2018 ਤੋਂ 2022 ਦਾ ਸਮਾਂ ਮਾਨੇ ਦੇ ਕਰੀਅਰ ਦਾ ਸਭ ਤੋਂ ਸ਼ਾਨਦਾਰ ਦੌਰ ਮੰਨਿਆ ਜਾਂਦਾ ਹੈ। ਇਸ ਦੌਰਾਨ ਉਸ ਨੇ ਨਾ ਸਿਰਫ਼ ਲਿਵਰਪੂਲ ਨੂੰ ਕਈ ਇਤਿਹਾਸਕ ਖ਼ਿਤਾਬ ਜਿਤਾਏ, ਸਗੋਂ ਆਪਣੇ ਦੇਸ਼ ਸੈਨੇਗਲ ਨੂੰ ਵੀ ਪਹਿਲੀ ਵਾਰ ਅਫ਼ਰੀਕਾ ਦਾ ਚੈਂਪੀਅਨ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ।

ਸਾਲ 2018-19 ਦੇ ਸੀਜ਼ਨ ’ਚ ਲਿਵਰਪੂਲ ਨੇ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚ ਆਪਣੀ ਜਗ੍ਹਾ ਬਣਾ ਲਈ। ਉਸ ਸੀਜ਼ਨ ਵਿੱਚ ਮਾਨੇ ਨੇ ਪ੍ਰੀਮੀਅਰ ਲੀਗ ’ਚ 22 ਗੋਲ ਕੀਤੇ ਤੇ ਗੋਲਡਨ ਬੂਟ ਦਾ ਖ਼ਿਤਾਬ ਸਾਂਝੇ ਤੌਰ ’ਤੇ ਆਪਣੇ ਨਾਮ ਕੀਤਾ। 2019-20 ਦੇ ਪ੍ਰੀਮੀਅਰ ਲੀਗ ਸੀਜ਼ਨ ਵਿੱਚ ਵੀ ਟੀਮ ਨੇ ਸ਼ੁਰੂ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਨੇ ਦਾ ਸੁਪਨਾ ਆਪਣੇ ਦੇਸ਼ ਸੈਨੇਗਲ ਨੂੰ ਕੋਈ ਵੱਡਾ ਖਿਤਾਬ ਜਿਤਾਉਣਾ ਸੀ। ਕਈ ਸਾਲਾਂ ਤੋਂ ਸੈਨੇਗਲ ਦੀ ਟੀਮ ਤਕੜੀ ਹੋਣ ਦੇ ਬਾਵਜੂਦ ਅਫ਼ਰੀਕਾ ਦਾ ਕੱਪ ਆਫ਼ ਨੇਸ਼ਨਜ਼ ਨਹੀਂ ਸੀ ਜਿੱਤ ਸਕੀ।

ਸਾਲ 2021 ਦੇ ਅਫ਼ਰੀਕਾ ਕੱਪ ਆਫ਼ ਨੇਸ਼ਨਜ਼ ਵਿੱਚ ਮਾਨੇ ਨੇ ਕਪਤਾਨ ਵਜੋਂ ਟੀਮ ਦੀ ਅਗਵਾਈ ਕੀਤੀ। ਫਾਈਨਲ ’ਚ ਸੈਨੇਗਲ ਦਾ ਮੁਕਾਬਲਾ ਮਿਸਰ ਨਾਲ ਸੀ। ਇਹ ਮੈਚ ਦੋ ਦੇਸ਼ਾਂ ਦਾ ਨਹੀਂ, ਸਗੋਂ ਦੁਨੀਆ ਦੇ ਦੋ ਮਹਾਨ ਅਫ਼ਰੀਕੀ ਫੁੱਟਬਾਲਰਾਂ ਦਾ ਵੀ ਮੁਕਾਬਲਾ ਸੀ। ਪੂਰੇ ਸਮੇਂ ਤੇ ਵਾਧੂ ਸਮੇਂ ’ਚ ਕੋਈ ਗੋਲ ਨਾ ਹੋਣ ਕਰਕੇ ਮੈਚ ਪੈਨਲਟੀ ਸ਼ੂਟਆਊਟ ’ਚ ਚਲਾ ਗਿਆ। ਸੈਨੇਗਲ ਲਈ ਆਖਰੀ ਅਤੇ ਫੈਸਲਾਕੁੰਨ ਪੈਨਲਟੀ ਲੈਣ ਦੀ ਜ਼ਿੰਮੇਵਾਰੀ ਸਾਦਿਓ ਮਾਨੇ ਨੂੰ ਮਿਲੀ। ਪੂਰੇ ਦੇਸ਼ ਦੀਆਂ ਨਜ਼ਰਾਂ ਉਹਦੇ ’ਤੇ ਸਨ। ਮਾਨੇ ਨੇ ਪੂਰੇ ਆਤਮ ਵਿਸ਼ਵਾਸ ਨਾਲ ਗੇਂਦ ਨੂੰ ਜਾਲ ਵਿੱਚ ਪਹੁੰਚਾ ਦਿੱਤਾ। ਇਸ ਗੋਲ ਨਾਲ ਸੈਨੇਗਲ ਨੇ ਇਤਿਹਾਸ ਦਾ ਪਹਿਲਾ ਅਫ਼ਰੀਕਾ ਕੱਪ ਜਿੱਤ ਲਿਆ।

ਸਾਦੀਓ ਮਾਨੇ ਨੂੰ ਸਿਰਫ਼ ਇੱਕ ਮਹਾਨ ਫੁੱਟਬਾਲਰ ਵਜੋਂ ਹੀ ਨਹੀਂ, ਸਗੋਂ ਇੱਕ ਮਹਾਨ ਇਨਸਾਨ ਵਜੋਂ ਵੀ ਯਾਦ ਕੀਤਾ ਜਾਵੇਗਾ। ਉਸ ਦੀ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦਿੰਦੀ ਰਹੇਗੀ ਕਿ ਅਸਲੀ ਸਫਲਤਾ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਖੇੜਾ ਲਿਆਉਣ ’ਚ ਵੀ ਹੁੰਦੀ ਹੈ।

ਸਾਲ 2019 ਵਿੱਚ ਮਾਨੇ ਨੇ 250000 ਪੌਂਡ ਬੰਬਾਲੀ ’ਚ ਵੱਡਾ ਸਕੂਲ ਬਣਾਉਣ ਲਈ ਦਿੱਤੇ ਸਨ। ਮਾਰਚ 2020 ਵਿੱਚ ਮਾਨੇ ਨੇ 41000 ਪੌਂਡ ਕੋਵਿਡ ਦੇ ਕਹਿਰ ਤੋਂ ਖੁਲਾਸੀ ਪਾਉਣ ਲਈ ਨੈਸ਼ਨਲ ਕਮੇਟੀ ਨੂੰ ਦਿੱਤੇ ਸਨ। 500000 ਪੌਂਡ ਬੰਬਾਲੀ ’ਚ ਹਸਪਤਾਲ ਬਣਾਉਣ ਲਈ ਦਿੱਤੇ। ਪਿੰਡ ’ਚ ਪਟਰੋਲ ਪੰਪ ਲੁਆਇਆ, ਵਿਦਿਆਰਥੀਆਂ ਨੂੰ ਫ੍ਰੀ ਲੈਪਟਾਪ ਦਿੱਤੇ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ੇ ਲਾਏ। ਗੱਲ ਕੀ ਪੇਂਡੂਆਂ ਦੀ ਭਰਪੂਰ ਮਦਦ ਕੀਤੀ। ਉਸ ਵੱਲੋਂ ਦਿੱਤੀ ਕੁਲ ਸਹਾਇਤਾ ਰਾਸ਼ੀ ਦਾ ਜੋੜ 7 ਲੱਖ ਪੌਂਡ ਤੋਂ ਵੀ ਵੱਧ ਬਣਦਾ ਹੈ। ਸੈਨੇਗਲ ਦੇ ਸਦਰ ਵੱਲੋਂ ਮਾਨੇ ਨੂੰ ਗ੍ਰੈਂਡ ਆਫੀਸਰ ਆਫ ਦਿ ਨੈਸ਼ਨਲ ਆਰਡਰ ਆਫ ਦਿ ਲਿਓਨ ਨਿਯੁਕਤ ਕੀਤਾ ਗਿਆ ਹੈ। ਉਸ ਦਾ ਨਿਕਾਹ ਆਇਸ਼ਾ ਟਾਂਬਾ ਨਾਲ 7 ਜਨਵਰੀ 2021 ਨੂੰ ਹੋਇਆ।

ਈ-ਮੇਲ: principalsarwansingh@gmail.com

Advertisement
×