DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਿਸ਼ਤਿਆਂ ਵਿੱਚ ਆਇਆ ਸਵਾਰਥ

ਮਨੁੱਖ ਦਾ ਜੀਵਨ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਬੁਣਦਾ ਅਗਾਂਹ ਨੂੰ ਵਧਦਾ ਤੁਰਿਆ ਜਾਂਦਾ ਹੈ। ਰਿਸ਼ਤਿਆਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਜਨਮ ਸਮੇਂ ਤੋਂ ਹੀ ਰਿਸ਼ਤਿਆਂ ਨੂੰ ਨਾਲ ਲੈ ਕੇ ਤੁਰਦਾ ਹੈ ਜਦੋਂਕਿ...

  • fb
  • twitter
  • whatsapp
  • whatsapp
Advertisement

ਮਨੁੱਖ ਦਾ ਜੀਵਨ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਬੁਣਦਾ ਅਗਾਂਹ ਨੂੰ ਵਧਦਾ ਤੁਰਿਆ ਜਾਂਦਾ ਹੈ। ਰਿਸ਼ਤਿਆਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਜਨਮ ਸਮੇਂ ਤੋਂ ਹੀ ਰਿਸ਼ਤਿਆਂ ਨੂੰ ਨਾਲ ਲੈ ਕੇ ਤੁਰਦਾ ਹੈ ਜਦੋਂਕਿ ਉਸ ਨੂੰ ਸਮਝ ਵੀ ਨਹੀਂ ਹੁੰਦੀ। ਉਹ ਮਾਂ-ਬਾਪ, ਭੈਣ-ਭਰਾ ਅਤੇ ਫਿਰ ਅੱਗੇ ਤੋਂ ਅੱਗੇ ਉਨ੍ਹਾਂ ਦੇ ਸਕੇ ਸਬੰਧੀ, ਭਾਵ ਰਿਸ਼ਤਿਆਂ ਦੀ ਇੱਕ ਗੋਦੜੀ ਵਿੱਚ ਲਿਪਟਿਆ ਹੋਇਆ ਆਪਣੀਆਂ ਅੱਖਾਂ ਖੋਲ੍ਹਦਾ ਹੈ। ਉਹ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਸਰੀਰਕ ਕਿਰਿਆਵਾਂ ਦੇ ਨਾਲ ਨਾਲ ਰਿਸ਼ਤਿਆਂ ਦੀਆਂ ਪੇਚੀਦਗੀਆਂ ਵੀ ਸਮਝਣ ਲੱਗ ਜਾਂਦਾ ਹੈ। ਖ਼ੂਨ ਦੇ ਰਿਸ਼ਤੇ-ਸਕੇ, ਅਗਾਂਹ ਉਨ੍ਹਾਂ ਦੇ ਰਿਸ਼ਤੇਦਾਰ-ਸਬੰਧੀ ਅਤੇ ਸਮਾਜ ਵਿੱਚ ਵਿਚਰਦਿਆਂ ਆਲੇ ਦੁਆਲੇ ਦੇ ਲੋਕਾਂ ਨਾਲ ਬਣੇ ਰਿਸ਼ਤੇ ਸਮਾਜਿਕ ਰਿਸ਼ਤੇ ਹੁੰਦੇ ਹਨ। ਸਾਰੇ ਰਿਸ਼ਤੇ ਬਹੁਤ ਸਤਿਕਾਰਯੋਗ ਹੁੰਦੇ ਹਨ, ਜਿਨ੍ਹਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ।

ਜ਼ਮਾਨੇ ਦੇ ਬਦਲਣ ਨਾਲ ਰਿਸ਼ਤਿਆਂ ਵਿਚਲੀ ਪਾਕੀਜ਼ਗੀ ਵਿੱਚ ਬਹੁਤ ਤੇਜ਼ੀ ਨਾਲ ਗਿਰਾਵਟ ਆਈ ਹੈ। ਇੱਕ ਜਾਂ ਦੋ ਪੀੜ੍ਹੀਆਂ ਪਿੱਛੇ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਵਸਤੂਆਂ ਨਾਲੋਂ ਵੱਧ ਰਿਸ਼ਤਿਆਂ ਦੀ ਖਿੱਚ ਅਤੇ ਕਦਰ ਹੁੰਦੀ ਸੀ। ਜਦੋਂ ਦਾ ਮਨੁੱਖ ਪਦਾਰਥਵਾਦੀ ਫ਼ਲਸਫ਼ੇ ਨਾਲ ਅੱਗੇ ਵਧਣ ਲੱਗਿਆ ਹੈ, ਉਦੋਂ ਤੋਂ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਘਟ ਗਈ ਹੈ ਅਤੇ ਆਪਣੇ ਆਲੇ ਦੁਆਲੇ ਵਸਤਾਂ ਇਕੱਠੀਆਂ ਕਰਨ ਦੀ ਜ਼ਿਆਦਾ ਹੋੜ ਲੱਗ ਗਈ ਹੈ। ਪਦਾਰਥਕ ਸੋਚ ਤੋਂ ਵੀ ਵੱਧ ਮਨੁੱਖੀ ਰਿਸ਼ਤਿਆਂ ਦਾ ਘਾਣ ਕਰਨ ਵਾਲੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਹੈ ਵਿਸ਼ਵੀਕਰਨ। ਵਿਸ਼ਵੀਕਰਨ ਹੋਣ ਕਰਕੇ ਜਿੱਥੇ ਇੱਕ ਪਾਸੇ ਤਰੱਕੀ ਦੇ ਰਾਹ ਖੁੱਲ੍ਹ ਰਹੇ ਹਨ, ਉੱਥੇ ਦੂਜੇ ਪਾਸੇ ਸਾਡੇ ਵਿਰਸੇ, ਮਨੁੱਖੀ ਸੋਚ, ਜੀਵਨਸ਼ੈਲੀ ਅਤੇ ਰਿਸ਼ਤਿਆਂ ਵਿਚਲੀ ਸਾਂਝ ਉੱਪਰ ਗਹਿਰੀ ਸੱਟ ਵੱਜ ਰਹੀ ਹੈ ਖ਼ਾਸ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਉੱਪਰ ਇਸ ਦਾ ਗਹਿਰਾ ਅਸਰ ਪੈ ਰਿਹਾ ਹੈ।

Advertisement

ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਵਿਆਹ ਕਰਕੇ ਬਣਾਏ ਗਏ ਰਿਸ਼ਤੇ ਦੋ ਧਿਰਾਂ ਨੂੰ ਸਤਿਕਾਰ ਸਹਿਤ ਜੋੜ ਕੇ ਦੋਵੇਂ ਖਾਨਦਾਨਾਂ ਵਿੱਚ ਜਿੱਥੇ ਇੱਕ ਰੰਗਲਾ ਮਾਹੌਲ ਪੈਦਾ ਕਰਦੇ ਸਨ, ਉੱਥੇ ਆਲੇ ਦੁਆਲੇ ਵਿੱਚ ਵੀ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਦੇ ਸਨ। ਜੋ ਕਾਫ਼ੀ ਸਮੇਂ ਤੱਕ ਯਾਦਾਂ ਦਾ ਹਿੱਸਾ ਬਣ ਕੇ ਘਰਾਂ ਅੰਦਰ ਖ਼ੁਸ਼ੀਆਂ ਪੈਦਾ ਕਰਦਾ ਰਹਿੰਦਾ ਸੀ। ਜਦੋਂ ਇੱਕ ਵਿਆਹ ਦੀਆਂ ਯਾਦਾਂ ਥੋੜ੍ਹੀਆਂ ਫਿੱਕੀਆਂ ਪੈਣ ਲੱਗਣੀਆਂ, ਉਦੋਂ ਤੱਕ ਖਾਨਦਾਨ ਦੇ ਕਿਸੇ ਹੋਰ ਛੋਟੇ ਕੁੜੀ ਜਾਂ ਮੁੰਡੇ ਦਾ ਵਿਆਹ ਆ ਜਾਣਾ, ਇਸ ਤਰ੍ਹਾਂ ਜ਼ਿੰਦਗੀ ਨੂੰ ਜਿਊਣ ਲਈ ਰੰਗਲੇ ਮੌਕੇ ਮਿਲਦੇ ਜਾਂਦੇ ਤੇ ਪਰਿਵਾਰਾਂ ਵਿੱਚ ਖ਼ੁਸ਼ੀਆਂ ਦੀ ਲੜੀ ਜੁੜਦੀ ਜਾਂਦੀ ਸੀ।

Advertisement

ਹੁਣ ਯੁੱਗ ਬਦਲ ਰਿਹਾ ਹੈ। ਸਾਡੀਆਂ ਖ਼ੁਸ਼ੀਆਂ ਦੇ ਟਿਕਾਣੇ ਵਿਦੇਸ਼ਾਂ ਵਿੱਚ ਜਾ ਵਸੇ ਹਨ। ਸਾਡੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਨੂੰ ਸੋਸ਼ਲ ਮੀਡੀਆ ਦਾ ਕੀੜਾ ਲੱਗਣ ਲੱਗ ਪਿਆ ਹੈ ਜੋ ਇਸ ਨੂੰ ਦਿਨ-ਬ-ਦਿਨ ਖੋਖਲਾ ਕਰਦਾ ਤੁਰਿਆ ਜਾਂਦਾ ਹੈ। ਇਸ ਰਾਹੀਂ ਪਿਆਰ ਦੀਆਂ ਪੀਂਘਾਂ ਚੜ੍ਹਾਈਆਂ ਜਾਂਦੀਆਂ ਹਨ, ਉਹ ਦੋ ਪਿਆਰ ਕਰਨ ਵਾਲਿਆਂ ਵਿੱਚੋਂ ਇੱਕ ਐਥੇ ਤੇ ਦੂਜਾ ਵਿਦੇਸ਼ ਵਿੱਚ ਹੁੰਦਾ ਹੈ। ਦੋਵੇਂ ਪਾਸੇ ਇੱਕ ਮਤਲਬੀ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ। ਵਿਦੇਸ਼ ਵਾਲੇ ਨੂੰ ਫੀਸਾਂ ਭਰਨ ਲਈ ਪੈਸੇ ਦੀ ਲੋੜ ਤੇ ਇੱਥੇ ਵਾਲੇ ਨੂੰ ਬਾਹਰ ਨਿਕਲਣ ਦਾ ਰਸਤਾ। ਦੋਹਾਂ ਪਾਸੇ ਸਵਾਰਥ ਭਾਰੂ ਹੁੰਦਾ ਹੈ, ਜਿਸ ਦਾ ਸਵਾਰਥ ਪਹਿਲਾਂ ਨਿਕਲ ਗਿਆ ਉਹ ਜੇਤੂ ਰਹਿੰਦਾ ਹੈ। ਉਹ ਇਸ ਖੋਖਲੀ ਵਿਚਾਰਧਾਰਾ ਦੀ ਨੀਂਹ ’ਤੇ ਉਸਾਰੇ ਰਿਸ਼ਤੇ ਨੂੰ ਲੱਤ ਮਾਰ ਕੇ ਅਗਾਂਹ ਤੁਰਦਾ ਹੈ, ਦੂਜੀ ਧਿਰ ਰੋਂਦੀ ਪਿੱਟਦੀ ਸਰਕਾਰੇ ਦਰਬਾਰੇ ਇਨਸਾਫ਼ ਲਈ ਪਹੁੰਚ ਕਰਦੀ ਤੁਰੀ ਫਿਰਦੀ ਹੈ।

ਵਿਆਹ ਵਾਲੇ ਰਿਸ਼ਤਿਆਂ ਵਿੱਚ ਸਾਡੇ ਪੰਜਾਬੀ ਸਮਾਜ ਵਿੱਚ ਮੁੰਡੇ ਨੂੰ ਬਾਹਰ ਭੇਜਣ ਲਈ ਬੋਲੀ ਲੱਗਣ ਲੱਗ ਪਈ ਹੈ। ਕੁੜੀ ਆਇਲੈਟਸ ਪਾਸ ਲੱਭੀ ਜਾਂਦੀ ਹੈ ਜਿਸ ਵਿੱਚ ਕੁੜੀ ਨੂੰ ਬਾਹਰ ਭੇਜਣ, ਉਸ ਨੂੰ ਉੱਥੇ ਦੀ ਪੜ੍ਹਾਈ ਦਾ ਖ਼ਰਚਾ ਮੁੰਡੇ ਵਾਲਿਆਂ ਵੱਲੋਂ ਕਰਨ ਦਾ ਸਮਝੌਤਾ ਕੀਤਾ ਜਾਂਦਾ ਹੈ। ਇਹ ਮੁੰਡੇ ਵਾਲਿਆਂ ਦੀ ਕਿਸਮਤ ’ਤੇ ਨਿਰਭਰ ਕਰਦਾ ਹੈ ਕਿ ਉਹ ਕੁੜੀ ਖ਼ਰਚਾ ਕਰਵਾ ਕੇ ਮੁੰਡੇ ਨੂੰ ਬੁਲਾਉਂਦੀ ਹੈ ਜਾਂ ਸਾਰਿਆਂ ਨੂੰ ਉੱਲੂ ਬਣਾ ਕੇ ਤਿੱਤਰ ਹੋ ਜਾਂਦੀ ਹੈ। ਅੱਜਕੱਲ੍ਹ ਤੀਜੀ ਕਿਸਮ ਦੇ ਵਿਆਹ ਹੋ ਰਹੇ ਹਨ ਜਿਸ ਵਿੱਚ ਕੁੜੀ ਵਾਲਿਆਂ ਨੇ ਕੁੜੀ ਨੂੰ ਪੜ੍ਹਾ ਦਿੱਤਾ ਹੁੰਦਾ ਹੈ, ਮੁੰਡੇ ਵਾਲਿਆਂ ਨੇ ਵਿਆਹ ਦਾ ਖ਼ਰਚਾ, ਕੁੜੀ ਨੂੰ ਆਇਲੈਟਸ ਕਰਵਾਉਣ ਦਾ ਖ਼ਰਚ ਤੇ ਬਾਹਰ ਭੇਜਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ।

ਇਹੋ ਜਿਹੀਆਂ ਸਵਾਰਥ ਦੀਆਂ ਨੀਹਾਂ ’ਤੇ ਖੜ੍ਹੇ ਰਿਸ਼ਤਿਆਂ ਦੀ ਬੁਨਿਆਦ ਕੀ ਹੋ ਸਕਦੀ ਹੈ? ਪਹਿਲਾਂ ਸਾਡੇ ਵਿਰਸੇ ਦਾ ਘਾਣ ਹੋਇਆ, ਹੁਣ ਸਾਡੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਕੀ ਗੱਲ, ਮੁੰਡੇ ਆਇਲੈਟਸ ਕਿਉਂ ਨਹੀਂ ਕਰ ਸਕਦੇ? ਉਹ ਬਾਹਰ ਨਿਕਲਣ ਲਈ ਕੁੜੀਆਂ ਦਾ ਸਹਾਰਾ ਹੀ ਕਿਉਂ ਲੱਭਦੇ ਹਨ? ਮੰਨਿਆ ਕਿ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਰਕੇ ਨੌਜਵਾਨੀ ਨੇ ਵਿਦੇਸ਼ਾਂ ਵੱਲ ਨੂੰ ਰੁਖ਼ ਕੀਤਾ ਹੈ, ਪਰ ਇਹ ‘ਵਿਆਹ ਸੱਭਿਆਚਾਰ’ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਹੜੇ ਨਰਕ ਵੱਲ ਧਕੇਲ ਰਿਹਾ ਹੈ? ਇਸ ਵਿੱਚ ਇਕੱਲੇ ਮੁੰਡੇ-ਕੁੜੀ ਹੀ ਜ਼ਿੰਮੇਵਾਰ ਨਹੀਂ ਹਨ ਬਲਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਵੱਧ ਕਸੂਰਵਾਰ ਹਨ। ਕਈ ਵਾਰ ਤਾਂ ਆਂਢ ਗੁਆਂਢ ਨੂੰ ਵੀ ਨਾਲਦਿਆਂ ਦੇ ਵਿਹੜੇ ਵਿੱਚ ਛਮ ਛਮ ਕਰਦੀ ਕੋਈ ਨਵੀਂ ਨਵੇਲੀ ਵਿਆਹੀ ਕੁੜੀ ਦੇਖ ਕੇ ਜਾਂ ਉਸ ਘਰੋਂ ਮੂੰਹ ਮਿੱਠਾ ਕਰਵਾਉਣ ਦੀ ਰਵਾਇਤ ਅਨੁਸਾਰ ਚਾਰ ਲੱਡੂ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਗੁਆਂਢੀਆਂ ਨੇ ਮੁੰਡਾ ਬਾਹਰਲੀ ਕੁੜੀ ਨਾਲ ਵਿਆਹ ਲਿਆ ਹੈ। ਇਸ ਨੂੰ ਕੀ ਆਖੀਏ, ਯੁੱਗ ਬਦਲ ਰਿਹਾ ਹੈ ਜਾਂ ਪੰਜਾਬੀ ਅਮੀਰ ਵਿਰਸੇ ਦੇ ਪਾਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਸਾਡੇ ਇਸ ਬਦਲ ਰਹੇ ਵਿਆਹ ਕਲਚਰ ਨੂੰ ਛੇਤੀ ਹੀ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਇਹੋ ਜਿਹੇ ਕੀਤੇ ਵਿਆਹਾਂ ਨਾਲ ਆਏ ਦਿਨ ਧੋਖਾਧੜੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਦਾ ਸੰਤਾਪ ਨੌਜਵਾਨ ਮੁੰਡਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ।

ਸੰਪਰਕ: 99889-01324

Advertisement
×