ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸਾਉਣ ਦਾ ਮਹੀਨਾ, ਧਰਤ ’ਤੇ ਅਜਬ ਜਿਹਾ ਅਹਿਸਾਸ ਲੈ ਕੇ ਆਉਂਦਾ ਹੈ। ਹਾੜ੍ਹ ਮਹੀਨੇ ਦੀ ਕੜਕਦੀ ਧੁੱਪ ਧਰਤ ਦੀ ਹਿੱਕ ਨੂੰ ਸਾੜ ਕੇ ਰੱਖ ਦਿੰਦੀ ਹੈ ਤਾਂ ਸਾਉਣ ਦੀ ਆਮਦ, ਭਾਵ ਬਰਸਾਤ ਦੀ ਆਮਦ ਹੀ ਸਮਝੀ ਜਾਂਦੀ ਹੈ। ਸਿਰਫ਼ ਮਨੁੱਖ ਹੀ ਨਹੀਂ, ਬਲਕਿ ਧਰਤੀ ’ਤੇ ਵਸਦੇ ਸਭ ਜੀਵ-ਜੰਤੂਆਂ ਤੇ ਰੁੱਖ-ਪੌਦਿਆਂ ਵਿਚ ਨਵੀਂ ਜਾਨ ਫੂਕੀ ਜਾਂਦੀ ਹੈ। ਉਂਜ ਤਾਂ ਸਾਲ ਦੇ ਕਈ ਮਹੀਨੇ ਨਵੇਂ ਰੁੱਖ-ਪੌਦੇ ਲਾਉਣ ਲਈ ਸਹਾਈ ਹੁੰਦੇ ਹਨ, ਪਰ ਸਾਉਣ ਮਹੀਨੇ ਨੂੰ ਖ਼ਾਸ ਮੰਨਿਆ ਜਾਂਦਾ ਹੈ।
ਆਇਆ! ਸਾਉਣ ਦਾ ਮਹੀਨਾ
ਰੁੱਖ, ਲਾਉਣ ਦਾ ਮਹੀਨਾ।
ਹਰ ਦਿਨ ਵਧ ਰਹੀਆਂ ਕੁਦਰਤੀ ਆਫ਼ਤਾਂ ਤੇ ਵਾਤਾਵਰਣ ਹਾਲਤਾਂ ਸਾਨੂੰ ਸਿੱਧੇ ਤੌਰ ’ਤੇ ਸੰਕੇਤ ਦੇ ਰਹੀਆਂ ਹਨ ਕਿ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹਰੇ-ਭਰੇ ਜੰਗਲਾਂ ਵਿਚ ਵਸਣ ਵਾਲਾ ਮਨੁੱਖ ਅੱਜ ਕੰਕਰੀਟ ਦੇ ਜੰਗਲਾਂ ਦਾ ਵਾਸੀ ਹੋ ਗਿਆ ਹੈ। ਰੁੱਖਾਂ-ਬਿਰਖਾਂ ਨਾਲੋਂ ਨਾਤਾ ਤੋੜ ਅਸੀਂ ਇਮਾਰਤੀ ਅਤੇ ਬਨਾਵਟੀ ਮਾਹੌਲ ਨੂੰ ਤਰਜੀਹ ਦੇਣ ਲੱਗੇ ਹਾਂ। ਹਾਲਾਂਕਿ ਸਾਡੇ ਗੁਰੂਆਂ-ਪੀਰਾਂ ਨੇ ਤਾਂ ਸਦੀਆਂ ਪਹਿਲਾਂ ਸਾਨੂੰ ਬਿਰਖਾਂ ਦੀ ਮਨੁੱਖਾਂ ਅਤੇ ਜੀਵ-ਜੰਤੂਆਂ ਵਿਚਲੀ ਸਾਂਝ ਬਾਰੇ ਸੇਧ ਦਿੱਤੀ ਸੀ। ਪਰ ਅਫ਼ਸੋਸ, ਅਸੀਂ ਧਾਰਮਿਕ ਸਥਾਨਾਂ ’ਤੇ ਮੱਥੇ-ਨੱਕ ਤਾਂ ਰਗੜਦੇ ਹਾਂ, ਪਰ ਜੋ ਸਿੱਖਿਆ, ਸੁਨੇਹਾ ਊਨ੍ਹਾਂ ਸਾਨੂੰ ਮਨੁੱਖ ਜਾਤੀ ਨੂੰ ਦਿੱਤਾ ਸੀ, ਉਸ ਉੱਪਰ ਅਮਲ ਕਰਨ ਬਾਰੇ ਸੋਚਦੇ ਵੀ ਨਹੀਂ। ਸੰਗਮਰਮਰ ਲਾ-ਲਾ ਕੇ ਅਸੀਂ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ।
ਹਾਲਾਂਕਿ ਅਸੀਂ ਬਹੁਤ ਲੇਟ ਜਾਂ ਪਿੱਛੇ ਰਹਿ ਚੁੱਕੇ ਹਾਂ, ਪਰ ਫਿਰ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਜੇ ਅਸੀਂ ਆਪਣਾ ਫਰਜ਼ ਪਛਾਣ ਕੇ ਕਾਰਜ ਸ਼ੁਰੂ ਕਰੀਏ। ਬਰਸਾਤ ਰੁੱਤ ਆ ਚੁੱਕੀ ਹੈ, ਇਸ ਨੂੰ ਬੂਟੇ ਲਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਅਸੀਂ ਸਾਲ ਵਿਚ ਅਨੇਕਾਂ ਤਿੱਥ-ਤਿਉਹਾਰ ਮਨਾਊਂਦੇ ਹਾਂ। ਦੀਵਾਲੀ, ਦੁਸਹਿਰੇ ਦੀ ਤਰ੍ਹਾਂ ਅੱਜ ਸਾਨੂੰ ਰੁੱਖਾਂ ਦੇ ਤਿਊਹਾਰ ਯਾਨੀ ਵਣ-ਮਹਾਉਤਸਵ ਨੂੰ ਵੀ ਓਨੀ ਸ਼ਿੱਦਤ ਨਾਲ ਮਨਾਉਣਾ ਪਵੇਗਾ, ਜਿੰਨੀ ਸ਼ਿੱਦਤ ਨਾਲ ਅਸੀਂ ਹੋਰ ਤਿਉਹਾਰ ਮਨਾਉਂਦੇ ਹਾਂ ਤੇ ਜਿਨ੍ਹਾਂ ਰੁੱਖਾਂ ਦੁਆਲੇ ਸ੍ਰਿਸ਼ਟੀ ਦਾ ਸਭ ਚੱਕਰ ਚੱਲਦਾ ਹੈ। ਸਾਡੀਆਂ ਹਰ ਲੋੜਾਂ ਦੀ ਪੂਰਤੀ ਇਹ ਕਰਦੇ ਹਨ। ਖ਼ਾਸ ਕਰਕੇ ਹਰ ਪਲ ਜੀਣ ਲਈ ਲੋੜੀਂਦੀ ਆਕਸੀਜਨ ਸਾਨੂੰ ਦਿੰਦੇ ਹਨ, ਇਸ ਲਈ ਸਾਨੂੰ ਇਨ੍ਹਾਂ ਦੇ ਤਿਊਹਾਰ ਮਨਾਉਣ ’ਚ ਪੂਰਾ ਵਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ। ਰੁੱਖ ਸਾਡੇ ਜਨਮ ਤੋਂ ਮਰਨ ਤਕ ਦੇ ਸਫ਼ਰ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ ’ਚ ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤਕ ਸਾਡੀ ਹਰ ਲੋੜ ਦੀ ਪੂਰਤੀ ਬਿਨਾਂ ਕੁਝ ਕਹੇ ਸੁਣੇ ਪੂਰੀ ਕਰਦੇ ਹਨ। ਅਸੀਂ ਸਭ ਹਵਾ ’ਚ ਵੱਖ-ਵੱਖ ਸਾਧਨਾਂ ਰਾਹੀਂ ਜ਼ਹਿਰਾਂ ਘੋਲਣ ’ਚ ਲੱਗੇ ਹੋਏ ਹਾਂ ਤੇ ਸੁਰਜੀਤ ਪਾਤਰ ਦੇ ਕਹਿਣ ਅਨੁਸਾਰ:
ਏਹੋ ਹੈ ਮੇਰੀ ਮੈਅਕਸ਼ੀ, ਏਸੇ ’ਚ ਮਸਤ ਹਾਂ।
ਪੌਣਾਂ ’ਚੋਂ ਜ਼ਹਿਰ ਪੀ ਰਿਹਾਂ ਹਾਂ, ਮੈਂ ਦਰਖੱਤ ਹਾਂ।
ਸੋ ਵਣ-ਮਹਾਉਤਸਵ ਬਾਰੇ ਵਿਸਥਾਰ ’ਚ ਗੱਲ ਕਰਨੀ ਤਾਂ ਬਣਦੀ ਹੈ। ‘ਵਣ-ਮਹਾਉਤਸਵ’ ਨੂੰ ਮਨਾਉਣ ਦੀ ਸ਼ੁਰੂਆਤ ਬਾਰੇ ਗੱਲ ਕਰੀਏ ਤਾਂ ਮੈਂ ਇਹ-ਦੱਸਣਾ ਜ਼ਰੂਰੀ ਸਮਝਾਂਗਾ ਕਿ ਸ਼ੁਰੂਆਤੀ ਦਿਨ ਸਮੇਂ ਇਸ ਉਤਸਵ ਦਾ ਨਾਂ ‘ਰੁੱੱਖ ਉਗਾਓ ਉਤਸਵ’ ਸੀ ਅਤੇ ਸਾਡੇ ਦੇਸ਼ ਵਿਚ ਪਹਿਲਾ ਰੁੱਖ ਉਗਾਓ ਉਤਸਵ 1947 ਦੇ ਜੁਲਾਈ ਮਹੀਨੇ ‘ਰੁੱਖ ਉਗਾਓ-ਸਪਤਾਹ’ ਦੇ ਤੌਰ ’ਤੇ ਮਨਾਇਆ ਗਿਆ। ਕੁਝ ਲੋਕਾਂ ਨੇ ਇਸ ਨੂੰ ‘ਰੁੱਖ-ਬੀਜਣ-ਸਪਤਾਹ’ ਵੀ ਕਿਹਾ। ਇਸ ਉਤਸਵ ਦਾ ਆਗ਼ਾਜ਼ ਦੇਸ਼ ਦੇ ਮਹਾਨ ਨੇਤਾਵਾਂ ਪੰਡਤ ਜਵਾਹਰ ਲਾਲ ਨਹਿਰੂ, ਡਾਕਟਰ ਰਾਜਿੰਦਰ ਪ੍ਰਸ਼ਾਦ ਅਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਵਰਗੀਆਂ ਅਹਿਮ ਸ਼ਖ਼ਸੀਅਤਾਂ ਨੇ ‘ਕਚਨਾਰ’ ਦੇ ਬੂਟੇ ਲਾ ਕੇ ਕੀਤਾ ਸੀ। 1950 ਵਿਚ ਕੇ.ਐੱਮ. ਮੁਨਸ਼ੀ ਜੋ ਉਸ ਸਮੇਂ ਭਾਰਤ ਦੇ ਖੁਰਾਕ ਅਤੇ ਖੇਤੀਬਾੜੀ ਮੰਤਰੀ ਸਨ, ਨੇ ਇਸ ਦਾ ਨਾਂ ਬਦਲ ਕੇ ‘ਵਣ-ਮਹਾਉਤਸਵ’ ਰੱਖਿਆ। ਮੁਨਸ਼ੀ ਜੀ ਨੇ ਬੂਟੇ ਲਾਉਣ ਦੀ ਲਹਿਰ ਕੌਮੀ ਪੱਧਰ ’ਤੇ ਚਲਾ ਕੇ ਆਮ ਲੋਕਾਂ ਦਾ ਧਿਆਨ ਵੀ ਇਸ ਵੱਲ ਕਰਵਾਇਆ। ਉਨ੍ਹਾਂ ਦੇ ਕਥਨ ਅਨੁਸਾਰ- ‘‘ਦੇਸ਼ ਦੀ ਸਾਧਾਰਨ ਆਰਥਿਕ ਦਸ਼ਾ ਵਿਚ ਰੁੱਖਾਂ ਦਾ ਆਪਣਾ ਸਥਾਨ ਹੁੰਦਾ ਹੈ। ਵਣ ਖੇਤੀਬਾੜੀ ਨਾਲ ਸਬੰਧਿਤ ਨਹੀਂ ਹੁੰਦੇ। ਸਾਡੇ ਵਣ ਅਜਿਹਾ ਮੁੱਖ ਸੋਮਾ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਲੱਖਾਂ ਦੀ ਗਿਣਤੀ ਵਿਚ ਵਧ ਰਹੇ ਲੋਕਾਂ ਵਾਸਤੇ ਖਾਧ-ਖੁਰਾਕ ਪ੍ਰਾਪਤ ਕਰ ਸਕਦੇ ਹਾਂ। ਰੁੱਖਾਂ ਦੇ ਹੋਣ ਦਾ ਅਰਥ ਹੋਵੇਗਾ ਪਾਣੀ ਦਾ ਹੋਣਾ ਤੇ ਜੇ ਪਾਣੀ ਆਮ ਹੋਵੇ ਤਾਂ ਖੁਰਾਕ ਆਮ ਹੋ ਸਕਦੀ ਹੈ ਅਤੇ ਖੁਰਾਕ ਦੀ ਹੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਪਹਿਲੀ ਜ਼ਰੂਰਤ ਹੁੰਦੀ ਹੈ।’’
‘ਵਣ-ਮਹਾਉਤਸਵ’ ਸਾਡੇ ਹੋਰ ਤਿਉਹਾਰਾਂ ਦੀਵਾਲੀ, ਦੁਸਹਿਰੇ ਦੀ ਤਰ੍ਹਾਂ ਨਹੀਂ ਕਿ ਇਕ ਦਿਨ ਪਟਾਕੇ ਚਲਾਏ, ਰਾਮ ਰੌਲਾ ਪਾਇਆ ਤੇ ਫਿਰ ਬੈਠ ਗਏ। ਇਹ ਕਾਰਜ ਨਿਰੰਤਰ ਅੰਦੋਲਨ ਦੀ ਤਰ੍ਹਾਂ ਹੈ, ਜੋ ਦਿਨ-ਬ-ਰਾਤ ਚੱਲਦਾ ਹੈ। ਇਸ ਦਿਨ ਜਾਂ ਮਹੀਨੇ ਬੂਟੇ ਲਾ ਕੇ ਕੰਮ ਖ਼ਤਮ ਨਹੀਂ ਕੀਤਾ ਜਾਂਦਾ, ਬਲਕਿ ਸ਼ੁਰੂ ਕੀਤਾ ਜਾਂਦਾ ਹੈ ਜੋ ਕਦੇ ਖਾਦ ਪਾਉਣ, ਪਾਣੀ ਲਾਉਣ, ਪਸ਼ੂ-ਪੰਛੀਆਂ ਤੋਂ ਬਚਾਉਣ, ਸੋਕੇ ਜਾਂ ਹੜ੍ਹਾਂ ਦੀ ਸਥਿਤੀ ਤੋਂ ਬਚਾਉਣ ਆਦਿ ਨੂੰ ਕਰਦਿਆਂ ਫਿਰ ਦੁਬਾਰਾ ਬਰਸਾਤ ਰੁੱਤ ਆ ਜਾਂਦੀ ਹੈ ਅਤੇ ਅਸੀਂ ਲਗਾਤਾਰ ਰੁੱਖਾਂ ਦੇ ਨਾਲ ਹੀ ਚੱਲਦੇ ਰਹਿੰਦੇ ਹਾਂ। ਜੇਕਰ ਬੂਟੇ ਲਾਉਣਾ ਬਹੁਤ ਮਹਾਨ ਕੰਮ ਹੈ ਤਾਂ ਉਸ ਨੂੰ ਸੰਭਾਲਣਾ ਉਸ ਤੋਂ ਵੀ ਵੱਡੀ ਮਹਾਨਤਾ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਅੱਜ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਨਵੀਂ ਰੀਤ ‘ਰੁੱਖ ਬਚਾਓ ਅੰਦੋਲਨ’ ਵਰਗਾ ਕੁਝ ਕਰਨਾ ਚਾਹੀਦਾ ਹੈ। ਸਾਲਾਂਬੱਧੀ ਤਿਆਰ ਰੁੱਖ, ਲੋਕ ਅਨੇਕਾਂ ਤੱਥਾਂ ਦਾ ਸਹਾਰਾ ਲੈ ਕੇ ਖ਼ਤਮ ਕਰ ਰਹੇ ਹਨ। ਖ਼ਤਮ ਹੋ ਰਹੇ ਰੁੱਖਾਂ ਨੂੰ ਬਚਾਉਣ ਲਈ ਕਿਸੇ ਵੀ ਦੈਵੀ ਸ਼ਕਤੀ ਨੇ ਨਹੀਂ ਆਉਣਾ, ਸਗੋਂ ਸਾਨੂੰ ਹੀ ਕੁਝ ਕਰਨਾ ਪਵੇਗਾ।
ਵਿਸ਼ਵ ਪੱਧਰ ’ਤੇ ਜੇਕਰ ਵਣ- ਉਤਸਵ ਦੀ ਗੱਲ ਕਰੀਏ ਤਾਂ ਸਾਨੂੰ ਉਨ੍ਹਾਂ ਲੋਕਾਂ ਤੋਂ ਕੁਝ ਪ੍ਰੇਰਨਾ ਲੈਣੀ ਚਾਹੀਦੀ ਹੈ। ਕਈ ਦੇਸ਼ ਜੰਗਲਾਂ ਨਾਲ ਭਰੇ ਪਏ ਹਨ, ਪਰ ਫਿਰ ਵੀ ਉਹ ‘ਰੁੱਖ ਦਿਵਸ’, ‘ਰੁੱਖਾਂ ਦਾ ਮੇਲਾ’ ਅਤੇ ‘ਹਰਿਆਵਲ ਸਪਤਾਹ’ ਆਦਿ ਖ਼ੂਬ ਮਨਾਉਂਦੇ ਹਨ। ਕੈਨੇਡਾ ਵਿਚ ‘ਵਣ ਰਖਸ਼ਾ ਸਪਤਾਹ’ ਅਨੇਕਾਂ ਅਦਾਰੇ ਮਨਾਉਂਦੇ ਹਨ ਅਤੇ ਆਮ ਲੋਕਾਂ ਨੂੰ ਜੰਗਲਾਂ ਵਿਚ ਲੱਗਣ ਵਾਲੀ ਅੱਗ ਤੋਂ ਬਚਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਆਸਟਰੇਲੀਆ, ਅਮਰੀਕਾ, ਇਜ਼ਰਾਈਲ ਆਦਿ ਦੇਸ਼ਾਂ ਵਿਚ ਵਾਤਾਵਰਣ ਹਾਲਾਤ ਅਨੁਸਾਰ ਸਾਲ ਦੇ ਕਿਸੇ ਨਾ ਕਿਸੇ ਮਹੀਨੇ ਰੁੱਖਾਂ ਦੀ ਸੰਭਾਲ ਅਤੇ ਬਚਾਓ ਲਈ ਉਤਸਵ ਮਨਾਏ ਜਾਂਦੇ ਹਨ। ਜਾਪਾਨ ਦੇ ਲੋਕ ਤਾਂ ਅਪਰੈਲ ਮਹੀਨੇ ਦੇ ਇਕ ਹਫ਼ਤੇ ਨੂੰ ਕੌਮੀ ਰੁੱਖ ਤਿਉਹਾਰ ਵਜੋਂ ਮਨਾਉਂਦੇ ਹਨ। ‘ਹਰਿਆਵਲ ਸਪਤਾਹ’ ਨਾਮੀ ਇਸ ਹਫ਼ਤੇ ਨੂੰ ਅੱਗੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸਥਾਨਾਂ ਅਨੁਸਾਰ ਜਿਵੇਂ ਕਿ ‘ਮਾਰਗ ਹਰਿਆਵਲ ਦਿਵਸ’, ‘ਗ੍ਰਹਿ ਵਾਟਿਕਾ ਹਰਿਆਵਲ ਦਿਵਸ’ ਅਤੇ ‘ਸਕੂਲ ਹਰਿਆਵਲ ਦਿਵਸ’ ਆਦਿ ਵੰਡ ਕੇ ਬੂਟੇ ਲਾਉਣ ਅਤੇ ਪਾਲਣ-ਪੋਸ਼ਣ ਸਬੰਧੀ ਲੋਕਾਂ ਦਾ ਧਿਆਨ ਦਿਵਾਇਆ ਜਾਂਦਾ ਹੈ। ਦੁਨੀਆਂ ’ਤੇ ਬੜੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦਾ ਮੁੱਖ ਮਕਸਦ ਰੋਟੀ ਖਾ ਕੇ ਸੌਣਾ, ਆਉਣ ਵਾਲੀ ਪੀੜ੍ਹੀ ਲਈ ਪੈਸਾ ਤੇ ਜ਼ਮੀਨ-ਜਾਇਦਾਦ ਇਕੱਠਾ ਕਰਨ ਦੀ ਬਜਾਏ ਲੋਕ ਭਲਾਈ ਵਾਲੇ ਕੰਮ ਕਰਨਾ ਹੁੰਦਾ ਹੈ। ਜੇਕਰ ਸਾਰਾ ਸੰਸਾਰ ਪੈਸੇ ਅਤੇ ਸ਼ੋਹਰਤ ਲਈ ਕੁਦਰਤ ਨਾਲ ਏਸੇ ਤਰ੍ਹਾਂ ਖਿਲਵਾੜ ਕਰਦਾ ਰਿਹਾ ਤਾਂ ਪਰਲੋ ਦੀ ਆਮਦ ਜ਼ਿਆਦਾ ਦੂਰ ਨਹੀਂ।
ਪਹਿਲਾਂ ਲੋਕ ਰੁੱਖਾਂ ਨੂੰ ਹਰ ਸਥਾਨ ਊੱਪਰ ਜਗ੍ਹਾ ਦਿੰਦੇ ਸਨ ਚਾਹੇ ਉਹ ਘਰ, ਗਲੀ, ਪਿੰਡ, ਸਾਂਝੀਆਂ ਸੰਸਥਾਵਾਂ ਹਰ ਜਗ੍ਹਾ ਰੁੱਖ ਦੀ ਅਹਿਮੀਅਤ ਹੁੰਦੀ ਸੀ। ਲੋਕਾਂ ਦੇ ਘਰਾਂ ਦੀ ਨਿਸ਼ਾਨੀ ਦੀ ਉਦਾਹਰਨ ਇਸ ਤਰ੍ਹਾਂ ਲੋਕ ਗੀਤਾਂ ’ਚ ਆਉਂਦੀ ਹੈ:
ਬਾਜ਼ਾਰ ਵਿਕੇਂਦੀ ਤਰ ਵੇ
ਮੇਰਾ ਸਾਹਮਣੀ ਗਲੀ ਵਿਚ ਘਰ ਵੇ
ਪਿੱਪਲ ਨਿਸ਼ਾਨੀ, ਜੀਵੇ ਢੋਲਾ, ਢੋਲ ਜਾਨੀ
ਸਾਡੀ ਗਲੀ ਆ ਵੇ, ਤੇਰੀ ਮਿਹਰਬਾਨੀ।
ਪਰ ਅੱਜ ਸਥਿਤੀ ਬਦਲ ਚੁੱਕੀ ਹੈ। ਸਾਡੇ ਵਣ, ਜੰਡ ਕਰੀਰ, ਲਸੂੜੇ, ਬਰਨੇ ਆਦਿ ਅਨੇਕਾਂ ਰੁੱਖ ਦਿਨ-ਬ-ਦਿਨ ਪੰਜਾਬ ’ਚੋਂ ਖ਼ਤਮ ਹੋ ਰਹੇ ਹਨ। ਸਾਨੂੰ ਬੂਟੇ ਲਾਉਣ ਵੇਲੇ ਉਨ੍ਹਾਂ ਰੁੱਖਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ, ਜੋ ਲੋਪ ਹੋਣ ਦੀ ਸੂਚੀ ਵਿਚ ਸ਼ਾਮਲ ਹੋ ਚੁੱਕੇ ਹਨ। ਸਮਾਜ ਦੇ ਹਰ ਵਰਗ, ਹਰ ਬੱਚੇ, ਜਵਾਨ, ਬਜ਼ੁਰਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲਾਂ ਲਾਏ ਰੁੱਖਾਂ ਨੂੰ ਸੁੱਕਣ/ਮੁੱਕਣ ਤੋਂ ਬਚਾਈਏ ਤੇ ਇਨ੍ਹਾਂ ਲਈ ਫ਼ਿਕਰਮੰਦ ਹੋਈਏ।
ਪੀਲਾਂ ਮੁੱਕੀਆਂ, ਟਾਹਲੀਆਂ ਸੁੱਕੀਆਂ
ਸੁੱਕ ਜਾਣ ਨਾ ਰੁੱਖ ਹਰੇ ਭਰੇ
ਆਖ ਨੀਂ ਨਨਾਣੇ ਤੇਰੇ ਵੀਰ ਨੂੰ
ਕਦੇ ਤਾਂ ਭੋਰਾ ਫ਼ਿਕਰ ਕਰੇ।
ਪਰ ਖ਼ੁਸ਼ੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਰੁੱਖਾਂ ਪ੍ਰਤੀ ਕਾਫ਼ੀ ਜਾਗਰੂਕ ਹੋਏ ਹਾਂ। ਅਮਲੀ ਰੂਪ ਵਿਚ ਧਰਤ ਊੱਪਰ ਬੂਟੇ ਲੱਗਣੇ ਸ਼ੁਰੂ ਹੋ ਗਏ ਹਨ। ਅਨੇਕਾਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਆਪਣਾ ਕਾਰਜ ਆਰੰਭਿਆ ਹੋਇਆ ਹੈ ਅਤੇ ਉਹ ਕਾਮਯਾਬ ਵੀ ਹੋ ਰਹੇ ਹਨ। ਸਾਨੂੰ ਸਭ ਨੂੰ ਆਪਣਾ ਫ਼ਰਜ਼ ਪਛਾਣਦੇ ਹੋਏ ਬੂਟੇ ਲਾਉਣ ਅਤੇ ਸੰਭਾਲਣ ਸਬੰਧੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਪਰ ਇਕ ਗੱਲ ਜ਼ਰੂਰ ਹੈ ਕਿ ਸਾਨੂੰ ਬੂਟੇ ਵੱਡੀ ਗਿਣਤੀ ਵਿਚ ਲਾ ਕੇ ਉਨ੍ਹਾਂ ਦੀ ਸੰਭਾਲ ਨਾ ਕਰਨੀ ਤੇ ਸੁਰਖੀਆਂ ਵਿਚ ਰਹਿਣ ਵਰਗੀ ਆਦਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਆਓ, ਅਸੀਂ ਸਭ ਰਲ ਕੇ ਇਸ ਵਣ-ਮਹਾਉਤਸਵ ’ਤੇ ਬੂਟੇ ਲਾਉਣ ਅਤੇ ਸੰਭਾਲਣ ਵਾਲੀ ਲਹਿਰ ਵਿਚ ਆਪਣਾ ਯੋਗਦਾਨ ਪਾ ਕੇ ਆਪਣੀ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ ਅਤੇ ਦੁਆ ਕਰੀਏ ਕਿ ਸਾਡੇ ਮਹਾਨ ਸਾਹਿਤਕਾਰਾਂ ਨੂੰ ਨਿਰਾਸ਼ਾ ਦੇ ਆਲਮ ਵਿਚ ਜਾ ਕੇ ਇਸ ਤਰ੍ਹਾਂ ਨਾ ਲਿਖਣਾ ਪਵੇ:
ਇੱਥੋਂ ਕੁੱਲ ਪਰਿੰਦੇ ਹੀ ਉਡ ਗਏ
ਇੱਥੇ ਮੇਘ ਆਉਂਦੇ ਵੀ ਮੁੜ ਗਏ
ਇੱਥੇ ਕਰਨ ਅੱਜ-ਕੱਲ੍ਹ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ।
ਸੰਪਰਕ: 98142-39041