ਚੀਨੀ ਖ਼ੁਫ਼ੀਆ ਏਜੰਸੀ ਦੀ ਹਮਾਇਤ ਵਾਲੀ ਪਹਿਲੀ ਜਾਸੂਸੀ ਫ਼ਿਲਮ ‘ਸਕੇਅਰ ਆਊਟ’ ਨੇ ਮਚਾਈ ਧੂਮ
ਚੀਨ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਭੇਤਭਰੀ ਖ਼ੁਫ਼ੀਆ ਏਜੰਸੀ ‘ਸਟੇਟ ਸੁਰੱਖਿਆ ਮੰਤਰਾਲੇ’ (MSS) ਦੀ ਅਗਵਾਈ ਹੇਠ ਬਣੀ ਪਹਿਲੀ ਫ਼ਿਲਮ ‘ਸਕੇਅਰ ਆਊਟ’ (Scare Out) ਨੇ ਬਾਕਸ ਆਫ਼ਿਸ ’ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਆਸਕਰ ਨਾਮਜ਼ਦ ਮਸ਼ਹੂਰ ਨਿਰਦੇਸ਼ਕ ਝਾਂਗ ਯਿਮੂ ਦੁਆਰਾ ਨਿਰਦੇਸ਼ਿਤ...
ਚੀਨ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਭੇਤਭਰੀ ਖ਼ੁਫ਼ੀਆ ਏਜੰਸੀ ‘ਸਟੇਟ ਸੁਰੱਖਿਆ ਮੰਤਰਾਲੇ’ (MSS) ਦੀ ਅਗਵਾਈ ਹੇਠ ਬਣੀ ਪਹਿਲੀ ਫ਼ਿਲਮ ‘ਸਕੇਅਰ ਆਊਟ’ (Scare Out) ਨੇ ਬਾਕਸ ਆਫ਼ਿਸ ’ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਆਸਕਰ ਨਾਮਜ਼ਦ ਮਸ਼ਹੂਰ ਨਿਰਦੇਸ਼ਕ ਝਾਂਗ ਯਿਮੂ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਚੀਨੀ ਨਵੇਂ ਸਾਲ ਮੌਕੇ ਰਿਲੀਜ਼ ਹੋਈ ਸੀ ਅਤੇ ਮਹਿਜ਼ ਦੋ ਹਫ਼ਤਿਆਂ ਵਿੱਚ ਹੀ ਇਸ ਨੇ 1.1 ਅਰਬ ਯੂਆਨ (ਲਗਭਗ 160 ਮਿਲੀਅਨ ਡਾਲਰ) ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ ਚੀਨ ਵਿੱਚ ਖ਼ੁਫ਼ੀਆ ਤੰਤਰ ਅੰਦਰ ਮੌਜੂਦ ਇੱਕ ਅਜਿਹੇ ਗੱਦਾਰ (Mole) ਦੀ ਕਹਾਣੀ ਬਿਆਨ ਕਰਦੀ ਹੈ, ਜੋ ਦੇਸ਼ ਦੇ ਨਵੇਂ ਲੜਾਕੂ ਜਹਾਜ਼ (ਫਾਈਟਰ ਜੈੱਟ) ਦੇ ਗੁਪਤ ਵੇਰਵੇ ਲੀਕ ਕਰਦਾ ਹੈ।
ਏਜੰਸੀ ਅਨੁਸਾਰ, ਇਸ ਫ਼ਿਲਮ ਦਾ ਉਦੇਸ਼ ਆਮ ਲੋਕਾਂ ਵਿੱਚ ਕੌਮੀਂ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ‘ਲੋਕ ਰੱਖਿਆ ਲਾਈਨ’ ਨੂੰ ਮਜ਼ਬੂਤ ਕਰਨਾ ਹੈ। ਫ਼ਿਲਮ ਦੇ ਨਿਰਦੇਸ਼ਕ ਝਾਂਗ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ‘ਪੀਪਲਜ਼ ਡੇਲੀ’ ਵਿੱਚ ਲਿਖਿਆ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੁਰੱਖਿਆ ਅਧਿਕਾਰੀ ਲਗਾਤਾਰ ਸੈੱਟ ’ਤੇ ਮੌਜੂਦ ਰਹੇ ਤਾਂ ਜੋ ਕਹਾਣੀ ਹਕੀਕਤ ਦੇ ਨੇੜੇ ਲੱਗੇ।
ਇਸ ਫ਼ਿਲਮ ਦੀ ਰਿਲੀਜ਼ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਖ਼ੁਫ਼ੀਆ ਏਜੰਸੀ CIA ਵੱਲੋਂ ਚੀਨੀ ਅਧਿਕਾਰੀਆਂ ਨੂੰ ਭਰਮਾਉਣ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਹੁਣ ਹੌਲੀਵੁੱਡ ਦੀ ਤਰਜ਼ ’ਤੇ ਮਨੋਰੰਜਨ ਰਾਹੀਂ ਆਪਣੀ ਸੁਰੱਖਿਆ ਨੀਤੀ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ।

