DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੰਸਕਾਰ ਤੇ ਅਜੋਕੀ ਨੌਜਵਾਨ ਪੀੜ੍ਹੀ

ਸੰਸਕਾਰ ਜ਼ਿੰਦਗੀ ਦੇ ਧਰਾਤਲ ਦੇ ਉਹ ਤੌਰ ਤਰੀਕੇ ਤੇ ਚਰਿੱਤਰ ਨਿਰਮਾਣ ਦਾ ਢਾਂਚਾ ਨੇ ਜਿਨ੍ਹਾਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ ਹੈ। ਇਨ੍ਹਾਂ ਦੀ ਜ਼ਿੰਦਗੀ ’ਚ ਓਨੀ ਹੀ ਮਹਾਨਤਾ ਹੈ ਜਿੰਨੀ ਕਿ ਜਿਊਣ ਲਈ ਸਾਹਾਂ ਦੀ। ਸੰਸਕਾਰ ਚਰਿੱਤਰ ਦੇ ਉਹ ਗੁਣ...

  • fb
  • twitter
  • whatsapp
  • whatsapp
Advertisement

ਸੰਸਕਾਰ ਜ਼ਿੰਦਗੀ ਦੇ ਧਰਾਤਲ ਦੇ ਉਹ ਤੌਰ ਤਰੀਕੇ ਤੇ ਚਰਿੱਤਰ ਨਿਰਮਾਣ ਦਾ ਢਾਂਚਾ ਨੇ ਜਿਨ੍ਹਾਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ ਹੈ। ਇਨ੍ਹਾਂ ਦੀ ਜ਼ਿੰਦਗੀ ’ਚ ਓਨੀ ਹੀ ਮਹਾਨਤਾ ਹੈ ਜਿੰਨੀ ਕਿ ਜਿਊਣ ਲਈ ਸਾਹਾਂ ਦੀ। ਸੰਸਕਾਰ ਚਰਿੱਤਰ ਦੇ ਉਹ ਗੁਣ ਹੁੰਦੇ ਹਨ ਜੋ ਇੱਕ ਬੱਚਾ ਆਪਣੇ ਮਾਂ-ਬਾਪ ਤੋਂ ਸਿੱਖਦਾ ਹੈ। ਇਹ ਸੁਤੇ ਸਿੱਧ ਹੀ ਸਾਡੇ ਜੀਵਨ ਦਾ ਅਟੁੱਟ ਅੰਗ ਬਣ ਜਾਂਦੇ ਹਨ ਤੇ ਸਾਰੀ ਉਮਰ ਸਾਡੀ ਸੋਚ ਤੇ ਰਹਿਣੀ-ਬਹਿਣੀ ਦਾ ਪੱਲਾ ਫੜੀ ਰੱਖਦੇ ਹਨ। ਸੰਸਕਾਰਾਂ ਜਾਂ ਸ਼ੁਭ ਗੁਣਾਂ ਦੀ ਅਣਹੋਂਦ ਵਿੱਚ ਆਦਮੀ ਦੀ ਜ਼ਿੰਦਗੀ ਨੀਰਸ ਤੇ ਰੁੱਖੀ ਬਣ ਜਾਂਦੀ ਹੈ। ਜ਼ਿੰਦਗੀ ਕਾਗਜ਼ ਦਾ ਫੁੱਲ ਬਣ ਜਾਂਦੀ ਹੈ ਜੋ ਫੁੱਲ ਤਾਂ ਹੈ, ਪਰ ਉਸ ਵਿੱਚੋਂ ਖੁਸ਼ਬੂ ਮਨਫੀ ਹੋ ਜਾਂਦੀ ਹੈ। ਸੰਸਕਾਰ ਉਹ ਪਛਾਣ ਨੇ ਜਿਸ ਤੋਂ ਮਨੁੱਖ ਦੇ ਸਲੀਕੇ-ਤਰੀਕੇ, ਉਸਾਰੂ ਸੋਚ, ਨਿਮਰਤਾ, ਖਾਨਦਾਨ ਤੇ ਪਾਲਣ ਪੋਸ਼ਣ ਦੀ ਝਲਕ ਮਿਲਦੀ ਹੈ, ਜਿਸ ਨਾਲ ਸਾਹਮਣੇ ਵਾਲੇ ਦਾ ਮਨ ਤੁਹਾਡੀ ਸ਼ਖ਼ਸੀਅਤ ਪ੍ਰਤੀ ਇੱਜ਼ਤ-ਸਤਿਕਾਰ ਨਾਲ ਗਦ ਗਦ ਹੋ ਉੱਠਦਾ ਹੈ।

ਸੰਸਾਕਾਰਾਂ ਵਿਹੂਣੀ ਜ਼ਿੰਦਗੀ ਉਸ ਬੇੜੀ ਦੀ ਤਰ੍ਹਾਂ ਹੈ ਜਿਸ ਦਾ ਕੋਈ ਮਲਾਹ ਨਹੀਂ ਹੁੰਦਾ, ਅਜਿਹਾ ਬਾਗ਼ ਜਿਸ ਦਾ ਕੋਈ ਮਾਲੀ ਨਾ ਹੋਵੇ ਤੇ ਜਿੱਥੇ ਕੁਰੱਖਤਾ-ਰੁੱਖੇਪਣ ਦੇ ਕੱਖ-ਕੰਡੇ ਤੇ ਖਿਲਾਰਾ ਪਿਆ ਹੋਵੇ। ਅਜੋਕੀ ਪੀੜ੍ਹੀ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸਾਨੂੰ ਦੂਰ ਤਾਈਂ ਵੀ ਸੰਸਕਾਰਾਂ-ਤਹਿਜ਼ੀਬ ਦੀ ਝਲਕ ਮੁਸ਼ਕਿਲ ਨਾਲ ਹੀ ਮਿਲਦੀ ਹੈ। ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਹਨ ਚੰਗਾ ਤੇ ਮਾੜਾ ਵੀ। ਅਜੋਕੇ ਸਮੇਂ ਦੇ ਬਿਜਲਈ ਉਪਕਰਨਾਂ, ਸੋਸ਼ਲ ਮੀਡੀਆ ਦੇ ਸਾਧਨਾਂ ਦੀ ਹੋਂਦ ਨੇ ਬੇਸ਼ੱਕ ਸਾਡਾ ਜੀਵਨ ਸੌਖਾਲਾ ਬਣਾ ਦਿੱਤਾ ਹੈ ਤੇ ਬਾਹਰੀ ਸੱਭਿਆਤਾਵਾਂ ਦੇ ਹਾਣ ’ਤੇ ਲਿਆ ਖੜ੍ਹਾ ਕੀਤਾ ਹੈ, ਨਾਲ ਹੀ ਸਾਡੇ ਜੀਵਨ ਨੂੰ ਨਵੀਆਂ ਸੇਧਾਂ ਵੀ ਬਖ਼ਸ਼ੀਆਂ ਹਨ, ਪਰ ਦੂਜੇ ਪਾਸੇ ਹੀ ਇਸ ਨੇ ਤਹਿਜ਼ੀਬ-ਸੰਸਕਾਰਾਂ ਦੀ ਜਗ੍ਹਾ ’ਤੇ ਨੌਜਵਾਨ ਪੀੜ੍ਹੀ ਨੂੰ ਅੱਥਰੀ ਤੇ ਬੇਮੁਹਾਰੀ ਆਜ਼ਾਦੀ ਵੀ ਦਿੱਤੀ ਹੈ ਜਿਸ ਨਾਲ ਅਜੋਕੀ ਪੀੜ੍ਹੀ ਪੱਛਮੀ ਸੱਭਿਅਤਾ ਤੇ ਮਨ ਦੀ ਆਪਣੀ ਮੌਜ ਤੇ ਬੇਮੁਹਾਰੀ ਲੋਰ ਦਾ ਪੱਲਾ ਫੜੀ ਸੰਸਕਾਰਾਂ-ਤਹਿਜ਼ੀਬ ਦੀਆਂ ਧੱਜੀਆਂ ਉਡਾ ਰਹੀ ਹੈ।

Advertisement

ਤੁਸੀਂ ਅੱਜ ਵਿਰਲੇ ਹੀ ਅਜਿਹੇ ਗੱਭਰੂ ਦੇਖੇ ਹੋਣੇ ਜੋ ਆਪਣੇ ਬਜ਼ੁਰਗਾਂ ਨਾਲ ਗੁਰਦੁਆਰੇ ਜਾਂਦੇ ਹੋਣ ਜਾਂ ਫਿਰ ਸਵੇਰੇ-ਰਾਤ ਨੂੰ ਕੁਝ ਸਮਾਂ ਕੱਢ ਕੇ ਉਨ੍ਹਾਂ ਦੇ ਕੋਲ ਬੈਠ ਕੇ ਦੋ ਬੋਲ ਪਿਆਰ ਦੇ ਬੋਲਣ ਜਾਂ ਸਾਰੇ ਦਿਨ ਦੀ ਬਿਤਾਈ ਜ਼ਿੰਦਗੀ ਬਾਰੇ ਚੰਦ ਬੋਲ ਸਾਂਝੇ ਕਰਦੇ ਹੋਣ। ਉਨ੍ਹਾਂ ਦੇ ਦਵਾ-ਦਾਰੂ, ਸੋਚਾਂ-ਫ਼ਿਕਰਾਂ ਨੂੰ ਵਿਚਾਰਦੇ ਹੋਣ। ਰਿਸ਼ਤੇਦਾਰੀ ਵਿੱਚ ਆਪ ਤੋਂ ਵੱਡੇ ਤੇ ਸਤਿਕਾਰਤ ਵਿਅਕਤੀਆਂ ਨੂੰ ਵੀ ਸਿਰਫ਼ ਸਿਰ ਨਿਵਾ ਕੇ ਮਾੜਾ ਮੋਟਾ ਬੁੱਤਾ ਹੀ ਸਾਰਦੇ ਹਨ, ਪੂਰੀ ਇੱਜ਼ਤ ਤੇ ਮਾਣ ਸਤਿਕਾਰ ਨਾਲ ਹੱਥ ਜੋੜ ਸਤਿ ਸ੍ਰੀ ਅਕਾਲ, ਫਤਿਹ ਬੁਲਾਉਣ ਦੀ ਥਾਂ ਨੌਜਵਾਨ ਪੀੜ੍ਹੀ ਹੈਲੋ, ਹਾਇ ਹੀ ਕਹਿਣ ਤੱਕ ਸੀਮਤ ਰਹਿੰਦੀ ਹੈ।

Advertisement

ਸਾਡੇ ਰੋਜ਼ਾਨਾ ਨਿੱਤ ਪ੍ਰਤੀ ਦਿਨ ਦੇ ਕੰਮ ਚਾਹੇ ਵਧ ਗਏ ਹਨ, ਸਮਾਂ ਵੀ ਜਿਵੇਂ ਆਪਣੇ ਚਾਲੇ ਭੱਜੀ ਜਾ ਰਿਹਾ ਹੈ, ਪਰ ਸਾਨੂੰ ਕਦੀ ਵੀ ਸੰਸਕਾਰਾਂ ਤੇ ਸ਼ੁਭ ਗੁਣਾਂ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਕਿਸੇ ਨਾਲ ਬੋਲੇ ਦੋ ਪਿਆਰ ਦੇ ਸ਼ਬਦ ਵੀ ਕਦੀ-ਕਦੀ ਅੰਤਾਂ ਦਾ ਪਿਆਰ-ਮੋਹ ਬਖ਼ਸ਼ਦੇ ਹਨ ਤੇ ਸਾਹਮਣੇ ਵਾਲੇ ਦੇ ਮਨ ’ਤੇ ਤੁਹਾਡੀ ਵਡਿਆਈ ਤੇ ਸ਼ੁਭ ਸ਼ਖ਼ਸੀਅਤ ਦਾ ਅਸਰ ਛੱਡ ਜਾਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਆਜ਼ਾਦੀ ਤੇ ਬੇਮੁਹਾਰੀ ਮਾਨਸਿਕ ਲੋਰ ਵਿੱਚ ਕਿਸੇ ਦੀ ਵੀ ਦਖ਼ਲਅੰਦਾਜ਼ੀ ਤੇ ਅਣਚਾਹੀ ਟੋਕਾਟਾਕੀ ਨੂੰ ਬਰਦਾਸ਼ਤ ਨਹੀਂ ਕਰਦੀ, ਪਰ ਉਹ ਨਹੀਂ ਜਾਣਦੇ ਕਿ ਸਾਡੇ ਵੱਡੇ-ਵਡੇਰੇ ਗੁਣਾ ਤੇ ਤਜਰਬਿਆਂ ਦੀ ਖਾਣ ਜਾਂ ਗੁਥਲੀ ਹਨ, ਪਰ ਫਿਰ ਜਦੋਂ ਅਚਾਨਕ ਜ਼ਿੰਦਗੀ ਦੇ ਤੇਜ਼ ਤੇ ਰੰਗੀਨ ਰਸਤਿਆਂ ’ਤੇ ਚੱਲਦਿਆਂ ਜਦੋਂ ਅੱਲ੍ਹੜ ਉਮਰੇ ਕੋਈ ਗ਼ਲਤੀ ਕਰ ਬੈਠਦੇ ਹਨ ਤਾਂ ਫਿਰ ਆਪਣੇ ਵੱਡੇ ਵਡੇਰਿਆਂ ਦੀਆਂ ਨਸੀਹਤਾਂ ਨੂੰ ਯਾਦ ਕਰ ਕੇ ਝੂਰਦੇ ਤੇ ਰੋਂਦੇ ਹਨ। ਬਾਅਦ ਵਿੱਚ ਅਜਿਹੀ ਭਟਕਣਾ ਤੇ ਪਛਤਾਵੇ ਦਾ ਕੋਈ ਫਾਇਦਾ ਨਹੀਂ ਰਹਿੰਦਾ ਤੇ ਫਿਰ ਉਦਾਸੀਆਂ ਦੀਆਂ ਗਹਿਰੀਆਂ ਖਾਈਆਂ ’ਚ ਜਾ ਕੇ ਨਸ਼ਿਆਂ ਦਾ ਸਹਾਰਾ ਭਾਲਦੇ ਨੇ। ਅਜੋਕੀ ਪੀੜ੍ਹੀ ਪੱਛਮੀ ਫੈਸ਼ਨ ਤੇ ਵੰਨ ਸੁਵੰਨਤਾ ਵਿੱਚ ਇੰਨੀ ਗੁਆਚ ਚੁੱਕੀ ਹੈ ਕਿ ਉਸ ਨੂੰ ਸਿਰਫ਼ ਇਹੀ ਚੰਗਾ ਲੱਗਦਾ ਹੈ ਕਿ ਉਹ ਜੋ ਵੀ ਕਹਿੰਦੇ ਤੇ ਕਰਦੇ ਨੇ ਸਿਰਫ਼ ਉਹੀ ਠੀਕ ਹੈ। ਮਾਂ-ਬਾਪ ਨੂੰ ਅਣਗੋਲਿਆ ਕਰਨਾ ਤੇ ਟਿੱਚ ਜਾਣਨਾ ਤਾਂ ਅੱਜਕੱਲ੍ਹ ਨੌਜਵਾਨ ਪੀੜ੍ਹੀ ਦਾ ਆਮ ਹੀ ਵਰਤਾਰਾ ਹੈ।

ਮੈਨੂੰ ਹਾਸਾ ਵੀ ਆ ਰਿਹਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਜਦੋਂ ਅੱਜਕੱਲ੍ਹ ਇੱਕ ਗੀਤ ਨੂੰ ਚੈਨਲਾਂ ’ਤੇ ਕਾਫ਼ੀ ਚੱਲਦਾ ਦੇਖਦਾ ਹਾਂ। ਗੀਤ ਦੇ ਬੋਲ ਨੇ ‘ਕੁੜੀਆਂ ਨੂੰ ਕੌਫ਼ੀ ਨਿੱਤ ਪੁੱਛਦੈਂ, ਮਾਪਿਆਂ ਨੂੰ ਪੁੱਛਦਾ ਤੂੰ ਪਾਣੀ ਨਾ।’ ਅੱਜ ਦੇ ਗੱਭਰੂਆਂ ਕੋਲ ਆਪਣੇ ਦੋਸਤਾਂ ਲਈ ਸਮਾਂ, ਪੈਸਾ, ਖ਼ੁਸ਼ੀ ਤੇ ਚਾਅ ਤਾਂ ਹਨ, ਪਰ ਮਾਪਿਆਂ ਲਈ ਸਮਾਂ ਨਹੀਂ। ਨੌਜਵਾਨ ਪੀੜ੍ਹੀ ਨੂੰ ਉਹ ਸਭ ਕੁਝ ਸੌਖਿਆਂ ਹੀ ਭੁੱਲ ਜਾਂਦਾ ਹੈ ਜੋ ਉਨ੍ਹਾਂ ਨੂੰ ਹਮੇਸ਼ਾ ਪੱਲੇ ਬੰਨ੍ਹ ਕੇ ਰੱਖਣਾ ਚਾਹੀਦਾ ਹੈ ਕਿ ਕਿਵੇਂ ਸਾਡੇ ਮਾਤਾ-ਪਿਤਾ ਨੇ ਉਨ੍ਹਾਂ ਦੇ ਮਹਿੰਗੇ ਕਾਲਜਾਂ-ਯੂਨੀਵਰਸਿਟੀਆਂ ਦੀ ਪੜ੍ਹਾਈ ਕਰਵਾਈ ਹੁੰਦੀ ਹੈ। ਕਿਉਂ ਮਾਤਾ-ਪਿਤਾ ਦਾ ਪਿਆਰ ਤੇ ਲਾਡ ਹਮੇਸ਼ਾ ਦਿਲ ਵਿੱਚ ਸਮਾਇਆ ਨਹੀਂ ਰਹਿੰਦਾ। ਉਹ ਵੇਲਾ ਘੜੀ ਕਿਉਂ ਯਾਦ ਨਹੀ ਰਹਿੰਦਾ ਕਿ ਸਾਡੀ ਕੋਈ ਵੀ ਜ਼ਿੱਦ ਤੇ ਲਾਡ ਪੁਗਾਉਣ ਲਈ ਮਾਪੇ ਕਦੇ ਪਿੱਛੇ ਨਹੀਂ ਹਟਦੇ ਤੇ ਸਾਡਾ ਕੋਈ ਬੋਲ ਪੁਗਾਉਣ ਲਈ ਦਿਨ ਤੋਂ ਰਾਤ ਨਹੀਂ ਹੋਣ ਦਿੰਦੇ। ਅੱਜ ਤਾਂ ਲੱਗਦਾ ਹੈ ਕਿ ਸਰਵਨ ਪੁੱਤ ਵਾਲੀ ਅਸੀਸ ਵੀ ਸਿਰਫ਼ ਕਿਤਾਬਾਂ ਵਿੱਚ ਹੀ ਰਹਿ ਜਾਏਗੀ। ਅੱਜ ਦੀ ਪੀੜ੍ਹੀ ਪੱਛਮੀ ਬਾਣੇ, ਪੱਛਮੀ ਲਾਣੇ ਤੇ ਪੱਛਮੀ ਖਾਣੇ ਦੀ ਸਾਥ-ਸੰਗਤ ਨੂੰ ਖ਼ੂਬ ਮਾਣਦੀ ਹੈ, ਪਰ ਮਾਂ-ਬਾਪ ਦੀ ਖ਼ੁਸ਼ੀ, ਦਵਾ-ਦਾਰੂ ਦਾ ਖ਼ਿਆਲ ਵੀ ਨਹੀਂ ਆਉਂਦਾ।

ਫੈਸ਼ਨਪ੍ਰਸਤੀ, ਨਿਤ ਦੀ ਫਜ਼ੂਲ ਖ਼ਰਚੀ, ਅਮੀਰੀ ਦੀ ਭੇਡਚਾਲ, ਨਸ਼ੇ ਦਾ ਚਸਕਾ, ਮੰਦੀ ਸੰਗਤ ਜਿਹੀਆਂ ਅਲਾਮਤਾਂ ਨਾਲ ਲੜਨ ’ਚ ਅਜੋਕੀ ਪੀੜ੍ਹੀ ਅਸਫਲ ਸਾਬਤ ਹੋ ਰਹੀ ਹੈ। ਸੰਸਕਾਰਾਂ ਦੀ ਦਾਤ ਮਾਤਾ-ਪਿਤਾ ਹੀ ਬੱਚਿਆਂ ਨੂੰ ਦੇ ਸਕਦੇ ਹਨ। ਘਰ ਵਿੱਚ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਬੱਚੇ ਉਸ ਮਾਹੌਲ ਤੋਂ ਬਾਹਰ ਨਾ ਜਾ ਸਕਣ। ਮਾਤਾ-ਪਿਤਾ ਨੂੰ ਬਚਪਨ ਤੋਂ ਹੀ ਬੱਚਿਆਂ ਦੇ ਮਨਾਂ ’ਤੇ ਜ਼ਿੰਦਗੀ ਦੀ ਕੋਮਲ, ਸਾਵੀ-ਪੱਧਰੀ ਮਾਨਸਿਕ ਹਾਲਤ ’ਚ ਅਜਿਹੇ ਸੰਸਕਾਰਾਂ ਦੇ ਬੀਜ ਬੋਣੇ ਚਾਹੀਦੇ ਹਨ ਤਾਂ ਕਿ ਅੱਲ੍ਹੜਪੁਣੇ ਤੇ ਜਵਾਨੀ ਦੀ ਸਰਦਲ ’ਤੇ ਪਹੁੰਚਦੇ ਪਹੁੰਚਦੇ ਉਹ ਆਪਣੇ ਮਾਤਾ-ਪਿਤਾ ਤੋਂ ਵਿਰਸੇ ਵਿੱਚ ਮਿਲੇ ਸੰਸਕਾਰਾਂ ਤੇ ਤਹਿਜ਼ੀਬ ਦਾ ਪੱਲਾ ਸਾਰੀ ਉਮਰ ਹੀ ਨਾ ਛੱਡ ਸਕਣ, ਚਾਹੇ ਬੁਰੇ ਵਿਚਾਰਾਂ, ਕੁਸੰਗਤਾਂ ਤੇ ਤਲਖੀਆਂ-ਅਨੁਸ਼ਾਸਨਹੀਣਤਾ ਦੀਆਂ ਤੇਜ਼ ਹਨੇਰੀਆਂ ਵੀ ਕਿੰਨੀਆਂ ਹੀ ਵਗਣ। ਉਹ ਫਿਰ ਵੀ ਇੱਕ ਮਜ਼ਬੂਤ ਤੇ ਡੂੰਘੀਆਂ ਜੜਾਂ ਵਾਲੇ ਸੰਘਣੇ ਵਿਸ਼ਾਲ ਰੁੱਖ ਦੀ ਤਰ੍ਹਾਂ ਡਟੇ ਤੇ ਖੜ੍ਹੇ ਰਹਿਣ।

ਸੰਪਰਕ: 98723-34944

Advertisement
×