DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਬਜ਼ਾਦੇ

ਬਾਲ ਕਹਾਣੀ ਐਤਵਾਰ ਦਾ ਦਿਨ ਸੀ। ਛੁੱਟੀ ਹੋਣ ਕਰਕੇ ਕ੍ਰਿਸ਼ੀਕਾ ਅੱਜ ਘਰ ਹੀ ਸੀ। ਉਹ ਸਵੇਰੇ ਹੀ ਨਾਸ਼ਤਾ ਕਰਕੇ ਆਪਣੇ ਦਾਦਾ ਜੀ ਕੋਲ ਆਣ ਬੈਠੀ। ਉਹ ਬੜੀ ਉਤਸੁਕਤਾ ਨਾਲ ਦਾਦਾ ਜੀ ਵੱਲ ਵੇਖਦਿਆਂ ਬੋਲੀ, “ਦਾਦਾ ਜੀ ਕੱਲ੍ਹ ਮੈਂ ਆਪਣੀ ਪਾਠ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਐਤਵਾਰ ਦਾ ਦਿਨ ਸੀ। ਛੁੱਟੀ ਹੋਣ ਕਰਕੇ ਕ੍ਰਿਸ਼ੀਕਾ ਅੱਜ ਘਰ ਹੀ ਸੀ। ਉਹ ਸਵੇਰੇ ਹੀ ਨਾਸ਼ਤਾ ਕਰਕੇ ਆਪਣੇ ਦਾਦਾ ਜੀ ਕੋਲ ਆਣ ਬੈਠੀ। ਉਹ ਬੜੀ ਉਤਸੁਕਤਾ ਨਾਲ ਦਾਦਾ ਜੀ ਵੱਲ ਵੇਖਦਿਆਂ ਬੋਲੀ, “ਦਾਦਾ ਜੀ ਕੱਲ੍ਹ ਮੈਂ ਆਪਣੀ ਪਾਠ ਪੁਸਤਕ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਰੇ ਇੱਕ ਕਵਿਤਾ ਪੜ੍ਹੀ ਸੀ। ਕਵਿਤਾ ਵਿੱਚ ਉਨ੍ਹਾਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਮੈਂ ਉਨ੍ਹਾਂ ਬਾਰੇ ਪੂਰੀ ਕਹਾਣੀ ਚੰਗੀ ਤਰ੍ਹਾਂ ਜਾਣਨਾ ਚਾਹੁੰਦੀ ਹਾਂ। ਤੁਸੀਂ ਅੱਜ ਮੈਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਅਤੇ ਬਾਬਾ ਫ਼ਤਹਿ ਸਿੰਘ ਬਾਰੇ ਪੂਰੀ ਕਹਾਣੀ ਵਿਸਥਾਰ ਨਾਲ ਸਮਝਾਓਗੇ?”

Advertisement

ਦਾਦਾ ਜੀ ਕ੍ਰਿਸ਼ੀਕਾ ਦੀ ਸਾਹਿਬਜ਼ਾਦਿਆਂ ਬਾਰੇ ਕਹਾਣੀ ਸੁਣਨ ਦੀ ਜਗਿਆਸਾ ਵੇਖ ਕੇ ਆਪਣੀ ਖੂੰਡੀ ਚੁੱਕ ਕੇ ਖੜ੍ਹੇ ਹੁੰਦਿਆ ਬੋਲੇ, “ਚੱਲ ਪੁੱਤਰੀ, ਕਮਰਾ ਠੰਢਾ ਹੋਇਆ ਪਿਆ ਹੈ। ਹੱਥ-ਪੈਰ ਠਰ ਰਹੇ ਨੇ। ਆਪਾਂ ਬਾਹਰ ਵਿਹੜੇ ਵਿੱਚ ਧੁੱਪੇ ਬੈਠਦੇ ਹਾਂ। ਬਾਹਰ ਬੈਠ ਕੇ ਤੈਨੂੰ ਮੈਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਪੂਰੀ ਕਹਾਣੀ ਸੁਣਾਉਂਦਾ ਹਾਂ।”

Advertisement

ਕ੍ਰਿਸ਼ੀਕਾ ਆਪਣੇ ਦਾਦਾ ਜੀ ਨਾਲ ਬਾਹਰ ਵਿਹੜੇ ਵਿੱਚ ਧੁੱਪੇ ਕੰਧ ਨਾਲ ਪਈ ਮੰਜੀ ਉੱਤੇ ਆਣ ਬੈਠੀ। ਬਾਹਰ ਧੁੱਪੇ ਨਿੱਘ ਮਹਿਸੂਸ ਹੋ ਰਿਹਾ ਸੀ। ਦਾਦਾ ਜੀ ਮੰਜੀ ਉੱਤੇ ਸੂਤ ਹੋ ਕੇ ਬੈਠਦਿਆਂ ਸਾਹਿਬਜ਼ਾਦਿਆਂ ਦੀ ਵਾਰਤਾ ਸੁਣਾਉਣ ਲੱਗੇ।

“ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੂਰੇ ਪਰਿਵਾਰ ਸਮੇਤ ਅਨੰਦਪੁਰ ਵਿਖੇ ਰਹਿ ਰਹੇ ਸਨ। ਉਨ੍ਹਾਂ ਨਾਲ ਮਾਤਾ ਗੁਜਰੀ ਜੀ, ਗੁਰੂ ਜੀ ਦੀਆਂ ਪਤਨੀਆਂ ਮਾਤਾ ਜੀਤਾਂ ਅਤੇ ਮਾਤਾ ਸੁੰਦਰੀ ਜੀ ਅਤੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸਨ। ਗੁਰੂ ਜੀ ਨਾਲ ਉਸ ਸਮੇਂ ਦਸ ਹਜ਼ਾਰ ਦੇ ਕਰੀਬ ਸ਼ਸਤਰਧਾਰੀ ਸਿੰਘ ਵੀ ਮੌਜੂਦ ਸਨ। ਆਏ ਦਿਨ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨਾਲ ਗੁਰੂ ਜੀ ਦਾ ਯੁੱਧ ਚੱਲਦਾ ਹੀ ਰਹਿੰਦਾ ਸੀ। ਹਰ ਵਾਰ ਗੁਰੂ ਜੀ ਦੀਆਂ ਬਹਾਦਰ ਫ਼ੌਜਾਂ ਨਾਲ ਲੜਦਿਆਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਸੀ।

ਨਿੱਤ ਨਿੱਤ ਦੀਆਂ ਹਾਰਾਂ ਤੋਂ ਦੁਖੀ ਹੋ ਕੇ ਮੁਗ਼ਲ ਅਤੇ ਪਹਾੜੀ ਰਾਜਿਆਂ ਨੇ ਇਕਜੁੱਟ ਹੋ ਕੇ ਗੁਰੂ ਜੀ ਨਾਲ ਲੜਨ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਦੀ ਰਲਵੀਂ ਦਸ ਲੱਖ ਹਥਿਆਰਬੰਦ ਫ਼ੌਜ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ। ਬਾਹਰੋਂ ਅਨੰਦਪੁਰ ਅੰਦਰ ਰਸਦ ਪਾਣੀ ਜਾਣਾ ਬੰਦ ਕਰ ਦਿੱਤਾ ਗਿਆ। ਫਿਰ ਵੀ ਰਾਤੀਂ ਬਰਾਤੀਂ ਸਿੰਘਾਂ ਦੇ ਜੱਥੇ ਕਿਲ੍ਹੇ ਅੰਦਰੋਂ ਨਿਕਲ ਕੇ ਬਾਹਰ ਬੈਠੀ ਭਾਰੀ ਫ਼ੌਜ ਦਾ ਨੁਕਸਾਨ ਕਰ ਕੇ ਰਸਦ ਪਾਣੀ ਲੈ ਜਾਂਦੇ। ਸਿੰਘਾਂ ਦੇ ਹਮਲਿਆਂ ਨਾਲ ਮੁਗ਼ਲ ਅਤੇ ਰਾਜੇ ਚਿੰਤਾ ਵਿੱਚ ਪੈ ਗਏ। ਆਪਣੀਆਂ ਫ਼ੌਜਾਂ ਦੇ ਹੌਸਲੇ ਟੁੱਟਦੇ ਵੇਖ ਕੇ ਉਨ੍ਹਾਂ ਨੇ ਇੱਕ ਚਾਲ ਚੱਲੀ।

ਔਰੰਗਜ਼ੇਬ ਨੇ ਸੂਬਾ ਦਿੱਲੀ ਵੱਲੋਂ ਇੱਕ ਚਿੱਠੀ ਗੁਰੂ ਜੀ ਨੂੰ ਲਿਖੀ ਕਿ ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਹਾਂ ਕਿ ਮੈਂ ਤੁਹਾਡਾ ਕਦੇ ਵੀ ਬੁਰਾ ਨਹੀਂ ਕਰਾਂਗਾ। ਤੁਸੀਂ ਇੱਕ ਵਾਰ ਅਨੰਦਪੁਰ ਖਾਲੀ ਕਰਕੇ ਕਿਸੇ ਹੋਰ ਦੇਸ਼ ਜਿੱਥੇ ਮਨ ਕਰੇ ਜਾ ਵਸੋ। ਜਦੋਂ ਅਮਨ ਅਮਾਨ ਹੋ ਜਾਵੇ, ਫਿਰ ਭਾਵੇਂ ਅਨੰਦਪੁਰ ਆ ਜਾਣਾ। ਇਸ ਤਰ੍ਹਾਂ ਪਹਾੜੀ ਰਾਜਿਆਂ ਨੇ ਵੀ ਆਪਣੇ ਠਾਕੁਰਾਂ ਅਤੇ ਗਊ ਦੀਆਂ ਕਸਮਾਂ ਖਾ ਕੇ ਆਪਣੇ ਮੰਤਰੀਆਂ ਰਾਹੀਂ ਚਿੱਠੀ ਗੁਰੂ ਜੀ ਨੂੰ ਭੇਜੀ। ਉਨ੍ਹਾਂ ਆਪਣੇ ਵੱਲੋਂ ਪੂਰੀ ਤਰ੍ਹਾਂ ਯਕੀਨ ਦਿਵਾਇਆ ਕਿ ਇੱਕ ਵਾਰ ਅਨੰਦਪੁਰ ਖਾਲੀ ਕਰ ਦਿਓ, ਫਿਰ ਤੁਹਾਡੇ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਵੇਖੇਗਾ।

ਗੁਰੂ ਜੀ ਨੂੰ ਮੁਗ਼ਲਾਂ ਅਤੇ ਰਾਜਿਆਂ ਦੀਆਂ ਸਹੁੰਆਂ ’ਤੇ ਵਿਸ਼ਵਾਸ ਨਹੀਂ ਸੀ, ਪਰ ਉਨ੍ਹਾਂ ਨੇ ਬਹੁਗਿਣਤੀ ਸਿੰਘਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਜ਼ੋਰ ਪਾਉਣ ’ਤੇ ਕਿਲ੍ਹਾ ਛੱਡਣ ਦਾ ਫ਼ੈਸਲਾ ਕਰ ਲਿਆ। ਅੱਧੀਂ ਰਾਤੀਂ ਗੁਰੂ ਜੀ ਆਪਣੇ ਪਰਿਵਾਰ ਅਤੇ ਸੈਨਿਕਾਂ ਸਮੇਤ ਕੀਰਤਪੁਰ ਦੇ ਰਸਤੇ ਰੋਪੜ ਵੱਲ ਨੂੰ ਚੱਲ ਪਏ। ਆਪਣੇ ਵਾਅਦੇ ਭੁੱਲ ਕੇ ਬੁਜ਼ਦਿਲੀ ਵਿਖਾਉਂਦਿਆਂ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਵਾਂ ਨੇ ਪਿੱਛਿਉਂ ਗੁਰੂ ਜੀ ’ਤੇ ਹਮਲਾ ਬੋਲ ਦਿੱਤਾ। ਉਸ ਦਿਨ ਪਹਾੜ ਤੋਂ ਮੀਂਹ ਦਾ ਪਾਣੀ ਆਉਣ ਕਰਕੇ ਸਰਸਾ ਨਦੀ ਬੜੇ ਤੇਜ਼ ਵੇਗ ਨਾਲ ਵਗ ਰਹੀ ਸੀ। ਸਿੰਘਾਂ ਵਿੱਚ ਹਫ਼ੜਾ-ਦਫ਼ੜੀ ਪੈ ਗਈ। ਪਿੱਛਿਉਂ ਮੁਗ਼ਲ ਫ਼ੌਜਾਂ ਲੱਖਾਂ ਦੀ ਗਿਣਤੀ ਵਿੱਚ ਆਣ ਟੱਕਰੀਆਂ। ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਨਦੀ ਪਾਰ ਕਰਦਿਆਂ ਕਾਫ਼ੀ ਸਿੱਖ ਸੈਨਿਕ ਪਾਣੀ ਵਿੱਚ ਵਹਿ ਗਏ। ਕੁਝ ਕੁ ਨਦੀ ਪਾਰ ਕਰ ਵੀ ਗਏ। ਬਹੁਗਿਣਤੀ ਸਿੱਖ ਸੈਨਿਕ ਮੁਕਾਬਲਾ ਕਰਦਿਆਂ ਸ਼ਹੀਦੀਆਂ ਪਾ ਗਏ।

ਇੱਥੇ ਗੁਰੂ ਜੀ ਦਾ ਪਰਿਵਾਰ ਵੀ ਬਿੱਖਰ ਗਿਆ। ਇੱਥੋਂ ਹੀ ਗੁਰੂ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਜੀ ਦਾ ਰਸੋਈਆ ਗੰਗੂ ਬ੍ਰਾਹਮਣ ਮੋਰਿੰਡੇ ਕੋਲ ਆਪਣੇ ਪਿੰਡ ਸਹੇੜੀ ਲੈ ਗਿਆ। ਘਰ ਪਹੁੰਚ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਧਨ ਦੇ ਲਾਲਚ ਵਿੱਚ ਉਸ ਨੇ ਦੋਵਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ। ਪੋਹ ਦੀ ਯੱਖ ਠੰਢੀ ਰਾਤ ਵਿੱਚ ਬੱਚਿਆਂ ਸਮੇਤ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਢੇ ਬੁਰਜ ਵਿੱਚ ਕੈਦੀ ਬਣਾ ਕੇ ਭੁੱਖੇ ਤ੍ਰਿਹਾਏ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਮੁਸਲਮਾਨ ਹੋ ਜਾਣ ਲਈ ਕਿਹਾ ਗਿਆ। ਬੱਚਿਆਂ ਦਾ ਹਠ ਵੇਖ ਕੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਮਨ੍ਹਾਂ ਕਰਨ ’ਤੇ ਡਰਾਇਆ-ਧਮਕਾਇਆ ਗਿਆ।

ਸਾਹਿਬਜ਼ਾਦਿਆਂ ਨੇ ਇਸ ਸਭ ਕਾਸੇ ਦਾ ਡਟ ਕੇ ਵਿਰੋਧ ਕੀਤਾ। ਅੰਤ ਫ਼ਤਹਿ ਬੁਲਾਉਂਦਿਆਂ ਦੀਨ ਕਬੂਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਵਾਂਗ ਸ਼ਹੀਦੀ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਲਿਆ। ਕੋਈ ਪੇਸ਼ ਨਾ ਚੱਲਦੀ ਵੇਖ ਸੂਬਾ ਸਰਹੰਦ ਨੇ ਮਾਸੂਮ ਬਾਲਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਸਰੀਰ ਵਿੱਚ ਜਗ੍ਹਾ-ਜਗ੍ਹਾ ਖੰਜਰਾਂ ਨਾਲ ਵਾਰ ਕੀਤੇ ਗਏ। ਬੁਰੀ ਤਰ੍ਹਾਂ ਮਾਰਿਆ ਗਿਆ। ਮਾਸੂਮ ਬਾਲਾਂ ਉੱਤੇ ਹਰ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਬਾਲ ਕਈ ਵਾਰ ਬੇਹੋਸ਼ ਵੀ ਹੋਏ। ਹੋਸ਼ ਵਿੱਚ ਲਿਆ ਕੇ ਮੁੜ-ਮੁੜ ਤਸੀਹੇ ਦਿੱਤੇ ਜਾਂਦੇ ਗਏ। ਸਾਹਿਬਜ਼ਾਦਿਆਂ ਨੇ ਆਪਣੇ ਮੁੱਖੋਂ ‘ਵਾਹਿਗੁਰੂ’ ਤੋਂ ਬਿਨਾਂ ਕੋਈ ਦੁਖਦਾਈ ਆਵਾਜ਼ ਨਹੀਂ ਕੱਢੀ।

ਉਸ ਸਮੇਂ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਨੌਂ ਸਾਲ ਅਤੇ ਬਾਬਾ ਫ਼ਤਹਿ ਸਿੰਘ ਦੀ ਉਮਰ ਸਾਢੇ ਸੱਤ ਸਾਲਾਂ ਦੀ ਸੀ। ਫਿਰ ਵੀ ਜ਼ੁਲਮ ਸਹਿੰਦਿਆਂ ਬਹਾਦਰ ਮਰਜੀਵੜਿਆਂ ਨੇ ਮੁੱਖੋਂ ‘ਸੀ’ ਤੱਕ ਨਹੀਂ ਉਚਰੀ। ਅਖੀਰ ਜ਼ਾਲਮ ਅਤੇ ਬੁਜ਼ਦਿਲ ਮੁਗ਼ਲ ਹਕੂਮਤ ਨੇ ਮਾਸੂਮਾਂ ਨੂੰ ਜਿਉਂਦੇ ਜੀ ਨੀਹਾਂ ਵਿੱਚੇ ਚਿਣੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ। ਸਾਡੀ ਕੌਮ ਦੇ ਬਹਾਦਰ ਲਾਲ ਮਰਨੀ ਮਰ ਗਏ, ਪਰ ਧਰਮ ਅਤੇ ਕੌਮ ਦੀ ਖਾਤਰ ਮੁਗ਼ਲ ਹਕੂਮਤ ਦੀ ਈਨ ਨਹੀਂ ਮੰਨੀ।

ਬਾਲਾਂ ’ਤੇ ਹੁੰਦੇ ਜ਼ੁਲਮ ਵੇਖ ਕੇ ਨਵਾਬ ਮਾਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਹਾਅ ਦਾ ਨਾਅਰਾ ਮਾਰਿਆ ਸੀ। ਨਵਾਬ ਨੇ ਕਿਹਾ ਸੀ ਕਿ ਮਾਸੂਮ ਬੱਚਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ। ਉਸ ਦੀ ਦਲੀਲ ਸੀ ਕਿ ਇਨ੍ਹਾਂ ਮਾਸੂਮਾਂ ਨੇ ਕਿਸੇ ਦਾ ਕੀ ਵਿਗਾੜਿਆ ਹੈ। ਦੁਸ਼ਮਣੀ ਤਾਂ ਇਨ੍ਹਾਂ ਦੇ ਪਿਤਾ ਨਾਲ ਹੈ, ਪਰ ਸੁੱਚਾ ਨੰਦ ਵਜ਼ੀਰ ਦੇ ਕਹਿਣ ’ਤੇ ਨਵਾਬ ਦੀ ਕਹੀ ਗੱਲ ਨੂੰ ਅਣਗੌਲੀ ਕਰ ਦਿੱਤਾ ਗਿਆ ਸੀ ਅਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਮਾਤਾ ਗੁਜਰੀ ਜੀ ਨੂੰ ਆਪਣੇ ਲਾਡਲੇ ਮਾਸੂਮ ਪੋਤਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੀ ਖ਼ਬਰ ਮਿਲੀ ਤਾਂ ਮਾਤਾ ਜੀ ਨੇ ਬੱਚਿਆਂ ਦੇ ਗ਼ਮ ਵਿੱਚ ਸਵਾਸ ਤਿਆਗ ਦਿੱਤੇ। ਮਾਤਾ ਦੀ ਰੂਹ ਆਪਣੇ ਬਹਾਦਰ ਪੋਤਿਆਂ ਦੀ ਰੂਹ ਦੇ ਨਾਲ ਜਾ ਮਿਲੀ।”

ਆਪਣੇ ਦਾਦਾ ਜੀ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਲਾਸਾਨੀ ਦਾਸਤਾਨ ਸੁਣ ਕੇ ਕ੍ਰਿਸ਼ੀਕਾ ਦੀਆਂ ਅੱਖਾਂ ਵਿੱਚ ਅੱਥਰੂ ਉਮੜ ਆਏ ਸਨ। ਉਹ ਨਮ ਅੱਖਾਂ ਲੈ ਕੇ ਕਿੰਨਾ ਹੀ ਚਿਰ ਆਪਣੇ ਦਾਦਾ ਜੀ ਦੀ ਗੋਦ ਵਿੱਚ ਪਈ ਹਟਕੋਰੇ ਭਰਦੀ ਰਹੀ।

ਸੰਪਰਕ: 96540-36080

Advertisement
×