DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਟ ਪੁੱਟ ਦਾ ਸ਼ਹਿਨਸ਼ਾਹ ਰਿਆਨ ਕ੍ਰਾਊਜ਼ਰ

ਰਿਆਨ ਕ੍ਰਾਊਜ਼ਰ ਗੋਲ਼ਾ ਸੁੱਟਣ ਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਹੈ। 2021 ਵਿੱਚ ਉਸ ਨੇ 23.37 ਮੀਟਰ ਦੂਰ ਗੋਲ਼ਾ ਸੁੱਟਣ ਦਾ ਵਿਸ਼ਵ ਰਿਕਾਰਡ ਰੱਖਿਆ ਸੀ। ਫਿਰ 2023 ’ਚ ਵਿਸ਼ਵ ਰਿਕਾਰਡ 23.56 ਮੀਟਰ ਯਾਨੀ 77 ਫੁੱਟ ਤੋਂ ਵੀ ਟਪਾ ਦਿੱਤਾ! 16 ਪੌਂਡ...

  • fb
  • twitter
  • whatsapp
  • whatsapp
Advertisement

ਰਿਆਨ ਕ੍ਰਾਊਜ਼ਰ ਗੋਲ਼ਾ ਸੁੱਟਣ ਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਹੈ। 2021 ਵਿੱਚ ਉਸ ਨੇ 23.37 ਮੀਟਰ ਦੂਰ ਗੋਲ਼ਾ ਸੁੱਟਣ ਦਾ ਵਿਸ਼ਵ ਰਿਕਾਰਡ ਰੱਖਿਆ ਸੀ। ਫਿਰ 2023 ’ਚ ਵਿਸ਼ਵ ਰਿਕਾਰਡ 23.56 ਮੀਟਰ ਯਾਨੀ 77 ਫੁੱਟ ਤੋਂ ਵੀ ਟਪਾ ਦਿੱਤਾ! 16 ਪੌਂਡ ਭਾਰੇ ਗੋਲ਼ੇ ਨੂੰ ਇੱਕੋ ਹੱਥ ਨਾਲ ਐਨੀ ਦੂਰ ਸੁੱਟਣ ਦੀ ਇਹ ਅਦੁੱਤੀ ਸੁੱਟ ਹੈ। ਉਸ ਨੇ ਰੀਓ-2016, ਟੋਕੀਓ-2021 ਤੇ ਪੈਰਿਸ-2024 ਦੀਆਂ ਓਲੰਪਿਕ ਖੇਡਾਂ ’ਚੋਂ ਲਗਾਤਾਰ ਤਿੰਨ ਗੋਲਡ ਮੈਡਲ ਜਿੱਤੇ ਹਨ। ਉਮੀਦ ਹੈ 2028 ਦੀ ਚੌਥੀ ਓਲੰਪਿਕਸ ਨੂੰ ਵੀ ਆਪਣੇ ਜੌਹਰ ਦਿਖਾਏਗਾ। ਉਹ ਧਨੰਤਰ ਸ਼ਾਟਪੁੱਟਰ ਹੈ ਜਿਸ ਨੂੰ ਜੈਸੀ ਓਵੇਂਜ਼ ਅਥਲੀਟ ਆਫ਼ ਦਿ ਯੀਅਰ 2021 ਦੇ ਐਵਾਰਡ ਨਾਲ ਸਨਮਾਨਿਆ ਜਾ ਚੁੱਕੈ। ਉਹਦਾ ਕੱਦ 6 ਫੁੱਟ 7 ਇੰਚ ਹੈ ਤੇ ਭਾਰ 145 ਕਿਲੋਗ੍ਰਾਮ। ਉਹਦੀ ਨਿੱਤ ਦੀ ਖੁਰਾਕ 5000 ਕੈਲੋਰੀਆਂ ਹਨ ਜੋ ਉਹ 24 ਘੰਟਿਆਂ ’ਚ 5 ਵਾਰ ਖਾਂਦਾ ਹੈ।

ਅਥਲੈਟਿਕਸ ਦੇ ਈਵੈਂਟ ਸ਼ਾਟ ਪੁੱਟ ਨੂੰ ਪੰਜਾਬੀ ਵਿੱਚ ਗੋਲ਼ਾ ਸੁੱਟਣਾ ਕਹਿੰਦੇ ਹਨ ਜਿਵੇਂ ਇੱਟ ਸੁੱਟਣਾ, ਪੰਸੇਰੀ ਸੁੱਟਣਾ ਜਾਂ ਦਸੇਰਾ ਸੁੱਟਣਾ। ਅਜਿਹੇ ਦੇਸੀ ਕਰਤਬ ਪੰਜਾਬ ਦੇ ਪਿੰਡਾਂ ’ਚ ਬੜੇ ਮਕਬੂਲ ਰਹੇ ਹਨ। ਮੈਂ ਖ਼ੁਦ ਪਿੰਡ ਦੀ ਰੌੜ ਵਿੱਚ ਇੱਟਾਂ ਵੱਟੇ ਸੁੱਟਦਾ ਗੋਲ਼ਾ ਸੁੱਟਣ ਲੱਗਾ ਸਾਂ ਤੇ ਯੂਨੀਵਰਸਿਟੀ ਦਾ ਚੈਂਪੀਅਨ ਬਣਿਆ ਸਾਂ। ਸ਼ਾਟ ਪੁੱਟ ਈਵੈਂਟ ਵਿੱਚ 16 ਪੌਂਡ ਦੇ ਗੋਲ਼ੇ ਨੂੰ ਮੋਢੇ ਉਤੇ ਧੌਣ ਨਾਲ ਟਿਕਾਅ ਕੇ 7 ਫੁੱਟ ਦੇ ਦਾਇਰੇ ’ਚੋਂ ਘੁੰਮ ਕੇ ਇੱਕੋ ਹੱਥ ਨਾਲ ਸੁੱਟਿਆ ਜਾਂਦਾ ਹੈ। ਕਦੇ ਖੜ੍ਹ ਕੇ, ਕਦੇ ਪੈਰ ਦੀ ਘੜੀਸ ਮਾਰ ਕੇ ਤੇ ਕਦੇ ਘੁੰਮ ਕੇ ਵੀ ਗੋਲਾ ਸੁੱਟਿਆ ਜਾਂਦਾ ਰਿਹੈ। ਗੋਲਾ ਸੁੱਟਣ ਦੇ ਪੈਂਤੜਿਆਂ ’ਚ ਸਮੇਂ ਸਮੇਂ ਤਬਦੀਲੀਆਂ ਆਉਂਦੀਆਂ ਰਹੀਆਂ ਹਨ, ਉਨ੍ਹਾਂ ਦੇ ਪੈਂਤੜੇ ਬਦਲਦੇ ਰਹੇ ਹਨ ਤੇ ਵੱਖੋ ਵੱਖਰੇ ਨਾਂ ਪੱਕਦੇ ਰਹੇ ਹਨ। ਰਿਆਨ ਕ੍ਰਾਊਜ਼ਰ ‘ਗਲਾਈਡ’ ਤੇ ‘ਰੋਟੇਸ਼ਨ’ ਦੋਹਾਂ ਤਕਨੀਕਾਂ ਨਾਲ ਗੋਲ਼ਾ ਸੁੱਟਦਾ ਹੈ। ਇਸ ਸਟਾਈਲ ਵਿੱਚ ਮੁਹਾਰਤ ਹਾਸਲ ਕਰਨ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ।

Advertisement

ਅਕਸਰ ਆਖਿਆ ਜਾਂਦੈ ਕਿ ਸਾਡੇ ਪੁਰਖੇ ਸਾਡੀਆਂ ਅਜੋਕੀਆਂ ਪੀੜ੍ਹੀਆਂ ਤੋਂ ਕਿਤੇ ਤਕੜੇ ਹੁੰਦੇ ਸਨ, ਪਰ ਇਹ ਹਕੀਕਤ ਨਹੀਂ। ਪ੍ਰਤੱਖ ਹਕੀਕਤ ਇਹੋ ਹੈ ਕਿ ਤਾਕਤ ਤੇ ਤਕਨੀਕ ਯਾਨੀ ਜ਼ੋਰ ਤੇ ਜੁਗਤ ਨਾਲ ਨਵੀਆਂ ਪੀੜ੍ਹੀਆਂ ਕਿਤੇ ਵੱਧ ਤਕੜੀਆਂ ਸਾਬਤ ਹੋ ਰਹੀਆਂ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ’ਚ ਅਮਰੀਕਾ ਦਾ ਰਾਬਰਟ ਗੈਰਟ 11.22 ਮੀਟਰ ਦੂਰ ਗੋਲਾ ਸੁੱਟ ਕੇ ਓਲੰਪਿਕ ਚੈਂਪੀਅਨ ਬਣ ਗਿਆ ਸੀ। ਫਿਰ ਗੋਲ਼ਾ ਸੁੱਟਣ ਦੀ ਦੂਰੀ ਵਧਦੀ ਵਧਦੀ ਹੁਣ ਏਨੀ ਵਧ ਗਈ ਹੈ ਕਿ ਰਿਆਨ ਕ੍ਰਾਊਜ਼ਰ ਰਾਬਰਟ ਗੈਰਟ ਤੋਂ ਦੁੱਗਣੀ ਦੂਰੀ ਤੋਂ ਵੀ ਵਧ ਗੋਲ਼ਾ ਸੁੱਟੀ ਜਾਂਦਾ ਹੈ! ਨਾਲੇ ਹਾਲੇ ਕਿਹੜਾ ਬਸ ਹੋਈ ਹੈ?

Advertisement

ਬੰਦੇ ਦੀ ਕਾਰਗੁਜ਼ਾਰੀ ਨੇ ਅੱਗੇ ਤੋਂ ਅੱਗੇ ਵਧਦੇ ਜਾਣਾ ਹੈ ਤੇ ਖੇਡਾਂ ਦੇ ਰਿਕਾਰਡ ਸਦਾ ਟੁੱਟਦੇ ਰਹਿਣੇ ਹਨ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਦਾ ਕੋਈ ਵੀ ਰਿਕਾਰਡ ਸਦੀਵੀ ਨਹੀਂ ਰਿਹਾ। ਰਿਆਨ ਕ੍ਰਾਊਜ਼ਰ ਦਾ ਰਿਕਾਰਡ ਵੀ ਕਿਸੇ ਦਿਨ ਟੁੱਟ ਜਾਣਾ ਹੈ। ਸੰਭਵ ਹੈ ਕਿਸੇ ਦਿਨੇ ਇਸੇ ਧਰਤੀ ਦਾ ਬੰਦਾ 25 ਮੀਟਰ ਦੀ ਹੱਦ ਵੀ ਪਾਰ ਕਰ ਜਾਵੇ! ਕਿਹਾ ਜਾਂਦਾ ਸੀ ਕਿ ਬੰਦੇ ਦੇ ਸਰੀਰ ਦੀ ਬਣਤਰ ਹੀ ਅਜਿਹੀ ਹੈ ਕਿ ਉਹ ਕਦੇ ਵੀ 100 ਮੀਟਰ ਦੌੜ 10 ਸੈਕੰਡ ਤੋਂ ਘੱਟ ਸਮੇਂ ਵਿੱਚ ਨਹੀਂ ਦੌੜ ਸਕੇਗਾ, ਪਰ ਹੁਣ ਇੱਕ ਦੋ ਨਹੀਂ, ਸੈਕੜੇ ਦੌੜਾਕ 100 ਮੀਟਰ ਦੀ ਦੌੜ 10 ਸੈਕੰਡ ਤੋਂ ਘੱਟ ਸਮੇਂ ’ਚ ਦੌੜ ਰਹੇ ਹਨ! ਕਦੇ ਇੱਕ ਮੀਲ ਦੀ ਦੌੜ 4 ਮਿੰਟ ਤੋਂ ਘੱਟ ਸਮੇਂ ’ਚ ਦੌੜਨੀ ਅਸੰਭਵ ਮੰਨੀ ਜਾਂਦੀ ਸੀ। ਹੁਣ ਸੈਂਕੜੇ ਨਹੀਂ ਹਜ਼ਾਰਾਂ ਦੌੜਾਕ ਹਨ ਜੋ ਮੀਲ ਦੀ ਦੌੜ 4 ਮਿੰਟਾਂ ਤੋਂ ਘੱਟ ਸਮੇਂ ’ਚ ਦੌੜ ਰਹੇ ਹਨ।

ਇਸ ਵੇਲੇ ਗੋਲ਼ਾ ਸੁੱਟਣ ਦਾ ਵਿਸ਼ਵ ਰਿਕਾਰਡ 23.56 ਮੀਟਰ ਹੈ ਜੋ 2021 ਤੋਂ ਅਮਰੀਕਾ ਦੇ ਰਿਆਨ ਕ੍ਰਾਊਜ਼ਰ ਦੇ ਨਾਂ ਹੈ। ਅਫ਼ਰੀਕਾ ਮਹਾਂਦੀਪ ਦਾ ਰਿਕਾਰਡ ਦੱਖਣੀ ਅਫ਼ਰੀਕਾ ਦੇ ਜਨੂਸ ਰੋਬਰਟਸ ਦੇ ਨਾਂ ਹੈ ਜਿਸ ਦੀ ਦੂਰੀ 21.37 ਮੀਟਰ ਹੈ। ਇਸ ਈਵੈਂਟ ’ਚ ਪੰਜਾਬੀ ਸ਼ਾਟਪੁੱਟਰਾਂ ਨੇ ਵੀ ਚੰਗਾ ਨਾਂ ਕਮਾਇਆ ਹੈ। ਏਸ਼ੀਆ ਦੇ ਚੈਂਪੀਅਨ ਬਣਦੇ ਰਹੇ ਮਦਨ ਲਾਲ, ਪ੍ਰਦੁੱਮਣ ਸਿੰਘ, ਜੋਗਿੰਦਰ ਸਿੰਘ, ਬਹਾਦਰ ਸਿੰਘ ਤੇ ਤੇਜਿੰਦਰਪਾਲ ਸਿੰਘ ਤੂਰ ਹੋਰੀਂ ਗਿਣਾਏ ਜਾ ਸਕਦੇ ਹਨ। ਇਸ ਵੇਲੇ ਦੁਨੀਆ ਦੀ ਦੋ ਤਿਹਾਈ ਜਨਸੰਖਿਆ ਵਾਲੇ ਏਸ਼ੀਆ ਮਹਾਦੀਪ ਦਾ ਰਿਕਾਰਡ 21.77 ਮੀਟਰ ਹੈ ਜੋ ਮੋਗੇ ਦੇ ਤੇਜਿੰਦਰਪਾਲ ਸਿੰਘ ਤੂਰ ਦੇ ਨਾਂ ਹੈ। ਓਸ਼ਨੀਆ ਮਹਾਦੀਪ ਦਾ ਰਿਕਾਰਡ 22.90 ਮੀਟਰ ਨਿਊਜ਼ੀਲੈਂਡ ਦੇ ਟੋਮਸ ਵਾਲਸ਼ ਦੇ ਨਾਂ ਹੈ ਤੇ ਦੱਖਣੀ ਅਮਰੀਕਾ ਮਹਾਦੀਪ ਦਾ ਰਿਕਾਰਡ 22.61 ਮੀਟਰ ਬ੍ਰਾਜ਼ੀਲ ਦੇ ਡਾਰਲਨ ਰੋਮਾਨੀ ਦੇ ਨਾਂ ਹੈ। ਉੱਤਰੀ ਅਮਰੀਕਾ ਮਹਾਂਦੀਪ ਦੇ ਰਿਆਨ ਕ੍ਰਾਊਜ਼ਰ ਨੇ 23.56 ਮੀਟਰ ਦੂਰ ਗੋਲ਼ਾ ਸੁੱਟ ਕੇ ਸਾਰੇ ਮਹਾਦੀਪਾਂ ’ਤੇ ਲੱਤ ਫੇਰ ਰੱਖੀ ਹੈ।

ਰਿਆਨ ਦਾ ਜਨਮ 18 ਦਸੰਬਰ 1992 ਨੂੰ ਅਮਰੀਕਾ ਦੀ ਕੈਲੀਫੋਰਨੀਆ ਨਾਲ ਲੱਗਦੀ ਸਟੇਟ ਓਰੀਗਨ ਦੇ ਸ਼ਹਿਰ ਪੋਰਟਲੈਂਡ ਵਿਖੇ ਹੋਇਆ ਸੀ। ਉਹਦਾ ਬਚਪਨ ਲਾਗਲੇ ਟਾਊਨ ਬੋਰਿੰਗ ਵਿੱਚ ਬੀਤਿਆ। ਉਸ ਨੂੰ ਗੋਲ਼ਾ ਤੇ ਡਿਸਕਸ ਸੁੱਟਣ ਦੀ ਜਾਗ ਆਪਣੇ ਪਰਿਵਾਰ ਵਿੱਚੋਂ ਹੀ ਲੱਗੀ ਸੀ। ਉਹਦੀ ਮਾਂ ਲੀਜ਼ਾ ਤੇ ਪਿਤਾ ਮਿੱਚ ਕ੍ਰਾਊਜ਼ਰ ਦੋਵੇਂ ਨਾਮੀ ਅਥਲੀਟ ਸਨ। ਮਿੱੱਚ ਕ੍ਰਾਊਜ਼ਰ ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਟੀਮ ’ਚ ਡਿਸਕਸ ਥਰੋਅ ਦੇ ਰਿਜ਼ਰਵ ਸੁਟਾਵੇ ਵਜੋਂ ਚੁਣਿਆ ਗਿਆ ਸੀ। ਰਿਆਨ ਦੇ ਚਾਚੇ ਬਰੀਆਨ ਕ੍ਰਾਊਜ਼ਰ ਤੇ ਡੀਨ ਕ੍ਰਾਊਜ਼ਰ ਵੀ ਡਿਸਕਸ ਤੇ ਜੈਵਲਿਨ ਸੁੱਟਣ ਦੇ ਤਕੜੇ ਸੁਟਾਵੇ ਸਨ। ਬਰੀਆਨ ਕ੍ਰਾਊਜ਼ਰ ਨੇ ਤਾਂ ਦੋ ਵਾਰ ਓਲੰਪਿਕ ਖੇਡਾਂ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਸੀ। ਉਸ ਦੇ ਚਚੇਰੇ ਭਰਾ ਸੈਮ ਤੇ ਹੈਲੇ ਕ੍ਰਾਊਜ਼ਰ ਵੀ ਤਕੜੇ ਜੈਵਲਿਨ ਥਰੋਅਰ ਸਨ। ਉਹ ਆਪਸ ਵਿੱਚ ਜਿਦ-ਜਿਦ ਕੇ ਭਾਰ ਚੁੱਕਣ ਦੀਆਂ ਕਸਰਤਾਂ ਕਰਦੇ ਤੇ ਸੁੱਟਾਂ ਸੁੱਟਦੇ। ਉਨ੍ਹਾਂ ਦੇ ਘਰ ਦਾ ਮਾਹੌਲ ਹੀ ਐਸਾ ਸੀ ਕਿ ਗੋਲ਼ਾ, ਡਿਸਕਸ ਤੇ ਜੈਵਲਿਨ ਥਰੋਅ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਰਿਆਨ ਨੂੰ ਜਿਹੋ ਜਿਹੀ ਪਰਿਵਾਰਕ ਸੰਗਤ ਮਿਲੀ ਉਹਦਾ ਉਹੋ ਜਿਹਾ ਥਰੋਆਂ ਕਰਨ ਦਾ ਮਾਹੌਲ ਬਣਦਾ ਗਿਆ। ਉਨ੍ਹਾਂ ਦਾ ਘਰ ਨੈਸ਼ਨਲ ਤੇ ਇੰਟਨੈਸ਼ਨਲ ਮੈਡਲਾਂ ਤੇ ਟਰਾਫੀਆਂ ਨਾਲ ਭਰਿਆ ਹੋਇਆ ਸੀ। ਘਰ ਵਿੱਚ ਹੀ ਵੇਟ ਟ੍ਰੇਨਿੰਗ ਦਾ ਪ੍ਰਬੰਧ ਸੀ।

ਰਿਆਨ ਕ੍ਰਾਊਜ਼ਰ ਨੂੰ ਪੰਜ ਸਾਲ ਦੀ ਉਮਰੇ ਗ੍ਰੈਸ਼ਮ ਦੇ ਸੈਮ ਬਾਰਲੋ ਹਾਈ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਉਹ ਨਿੱਕਾ ਹੁੰਦਾ ਹੀ ਹੁੰਦੜਹੇਲ ਸੀ। ਜਿੱਥੇ ਸਕੂਲ ਦੇ ਹੋਰ ਬੱਚੇ ਸੂਖਮ ਖੇਡਾਂ ਖੇਡਦੇ, ਉਹ ਭਾਰ ਚੁੱਕਣ ਜਾਂ ਦੂਰ ਸੁੱਟਣ ਵਾਲੀਆਂ ਥਰੋਆਂ ਕਰਦਾ। ਜਿਹੜੀ ਚੀਜ਼ ਵਸਤ ਉਹਦੇ ਹੱਥ ਲੱਗਦੀ ਉਹ ਚਲਾ ਕੇ ਦੂਰ ਤੋਂ ਦੂਰ ਸੁੱਟਦਾ। ਛੋਟੀਆਂ ਗੇਂਦਾਂ ਦੀਆਂ ਖੇਡਾਂ ਦੀ ਥਾਂ ਭਾਰੀਆਂ ਬਾਲਾਂ ਨੂੰ ਹੱਥ ਪਾਉਂਦਾ ਤੇ ਦੂਰ ਸੁੱਟਣ ਦੀ ਕੋਸ਼ਿਸ਼ ਕਰਦਾ। ਉਹ ਅਸਾਧਾਰਨ ਸਰਗਰਮੀਆਂ ਨਾਲ ਵਿਚਰਨ ਵਾਲਾ ਬੱਚਾ ਸੀ। ਜਿੱਥੇ ਹੋਰ ਬੱਚੇ ਖੇਡ ਮੈਦਾਨਾਂ ’ਚ ਦੌੜ-ਭੱਜ ਕਰਦੇ, ਉੱਥੇ ਉਹ ਭਾਰੀ ਵਸਤਾਂ ਦੂਰ ਤੋਂ ਦੂਰ ਸੁੱਟਣ ਦੀ ਪ੍ਰੈਕਟਿਸ ਕਰਦਾ। ਆਪਣੇ ਜਮਾਤੀਆਂ ਨਾਲੋਂ ਉਹਦਾ ਕੱਦ ਸਿਰਕੱਢ ਸੀ। ਉਹਦੇ ਅਧਿਆਪਕ ਛੇਤੀ ਹੀ ਸਮਝ ਗਏ ਸਨ ਕਿ ਉਹ ਵਿਸ਼ੇਸ਼ ਵਿਦਿਆਰਥੀ ਹੈ ਜੋ ਨਾਮੀ ਸਪੋਰਟਸਮੈਨ ਬਣੇਗਾ। ਸਕੂਲ ਵਿੱਚ ਉਸ ਨੇ ਆਪਣੀ ਉਮਰ ਵਰਗ ਦੇ ਨਵੇਂ ਅਮਰੀਕੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਸਨ।

ਸੈਮ ਬਾਰਲੋ ਹਾਈ ਸਕੂਲ ਗ੍ਰੇਸ਼ਮ ਵਿੱਚ ਪੜ੍ਹਦਿਆਂ ਉਸ ਨੇ ਸ਼ਾਟ ਪੁੱਟ ਤੇ ਡਿਸਕਸ ਥਰੋਅ ਦੇ ਦੋਵੇਂ ਜੂਨੀਅਰ ਨੈਸ਼ਨਲ ਰਿਕਾਰਡ ਨਵਿਆਏ ਅਤੇ ਉਨ੍ਹਾਂ ਦੇ ਸਕੂਲ ਨੇ ਨੈਸ਼ਨਲ ਹਾਈ ਸਕੂਲਾਂ ਦੀ ਚੈਂਪੀਅਨਸ਼ਿਪ ਜਿੱਤੀ। ਸਕੂਲ ਪੱਧਰ ’ਤੇ ਹੀ ਉਸ ਦੀਆਂ ਥਰੋਆਂ ਯੂਨੀਵਰਸਿਟੀ ਪੱਧਰ ਦੇ ਅਥਲੀਟਾਂ ਤੋਂ ਵਧੇਰੇ ਦੂਰ ਜਾਣ ਲੱਗ ਪਈਆਂ ਸਨ। ਉਹਦਾ ਕੋਚ ਉਦੋਂ ਹੀ ਕਹਿਣ ਲੱਗ ਪਿਆ ਸੀ ਕਿ ਰਿਆਨ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰੇਗਾ। ਉਹਦਾ ਕੱਦ ਕਾਠ ਵੀ ਸੁੱਖ ਨਾਲ ਸਾਢੇ ਛੇ ਫੁੱਟ ਹੋ ਗਿਆ ਸੀ ਅਤੇ ਬੈਂਚ ਪ੍ਰੈੱਸ ਵੀ ਡੇਢ ਸੌ ਕਿਲੋਗ੍ਰਾਮ ਤੋਂ ਵੱਧ ਲਾਉਣ ਲੱਗ ਪਿਆ ਸੀ। ਇਹ ਉਹ ਸਮਾਂ ਸੀ ਜਦੋਂ ਖੇਡ ਜਗਤ ਆਸ ਕਰਨ ਲੱਗ ਪਿਆ ਸੀ ਕਿ ਛੇਤੀ ਹੀ ਉਹ ਸੁਪਰ ਸਟਾਰ ਸੁਟਾਵਾ ਬਣੇਗਾ ਤੇ ਵੱਡੀਆਂ ਸੁਰਖੀਆਂ ਲਵਾਉਣ ਲੱਗੇਗਾ।

2009 ਵਿੱਚ ਉਸ ਨੇ 1.62 ਕਿਲੋ ਦੀ ਡਿਸਕਸ 61.72 ਮੀਟਰ ਦੂਰ ਵਗਾਹ ਮਾਰੀ ਜਿਹਦੇ ਨਾਲ ਸਟੇਟ ਦਾ ਰਿਕਾਰਡ ਉਹਦੇ ਨਾਂ ਹੋ ਗਿਆ। ਉਸੇ ਸਾਲ ਉਸ ਨੇ ਇਟਲੀ ਵਿੱਚ ਹੋਈ ਵਰਲਡ ਯੂਥ ਚੈਂਪੀਅਨਸ਼ਿਪ ’ਚ 5 ਕਿਲੋ ਦਾ ਗੋਲ਼ਾ 21.56 ਮੀਟਰ ਦੂਰ ਸੁੱਟ ਕੇ ਨਵਾਂ ਮੀਟ ਰਿਕਾਰਡ ਕਾਇਮ ਕਰ ਦਿੱਤਾ। ਡਿਸਕਸ ਥਰੋਅ ’ਚ ਉਹ ਦੂਜੇ ਸਥਾਨ ’ਤੇ ਰਿਹਾ। ਉੱਥੋਂ ਉਹਦਾ ਨੈਸ਼ਨਲ ਦੇ ਨਾਲ ਇੰਟਰਨੈਸ਼ਨਲ ਜਿੱਤਾਂ ਜਿੱਤਣ ਦਾ ਦੌਰ ਵੀ ਸ਼ੁਰੂ ਹੋ ਗਿਆ। 2011 ਵਿੱਚ ਉਸ ਨੇ 12 ਪੌਂਡੀ ਗੋਲ਼ੇ ਦੀ 23.54 ਮੀਟਰ ਦੀ ਸੁੱਟ ਨਾਲ ਅਮਰੀਕਾ ਦੇ ਸਕੂਲਾਂ ਦਾ ਨੈਸ਼ਨਲ ਰਿਕਾਰਡ ਤੋੜ ਦਿੱਤਾ।

ਸਕੂਲ ਦੀ ਗ੍ਰੈਜੂਏਸ਼ਨ ਪਿੱਛੋਂ 2012 ’ਚ ਉਹ ਔਸਟਨ ਦੀ ਯੂਨੀਵਰਸਿਟੀ ਆਫ਼ ਟੈਕਸਾਸ ਵਿੱਚ ਫਾਈਨਾਂਸ ਦੀ ਮਾਸਟਰ ਡਿਗਰੀ ਕਰਨ ਲਈ ਦਾਖਲ ਹੋ ਗਿਆ। ਉੱਥੇ ਖੇਡਾਂ ਦੀ ਕੋਚਿੰਗ ਦਾ ਵਿਸ਼ੇਸ਼ ਪ੍ਰਬੰਧ ਸੀ ਜਿਸ ਕਰਕੇ ਉਸ ਨੂੰ ਮਾਹਿਰ ਕੋਚਾਂ ਦੀ ਕੋਚਿੰਗ ਮਿਲਣ ਲੱਗੀ ਜਿਸ ਨਾਲ ਉਹਦਾ ਖੇਡ ਕਰੀਅਰ ਨਵੀਆਂ ਬੁਲੰਦੀਆਂ ’ਤੇ ਜਾ ਪਹੁੰਚਿਆ। ਉੱਥੇ ਉਹ 2016 ਤੱਕ ਪੜ੍ਹਿਆ। ਇਸ ਦੌਰਾਨ ਉਸ ਨੇ ਅਮਰੀਕਨ ਨੈਸ਼ਨਲ ਚੈਂਪੀਅਨਸ਼ਿਪਸ ਦੇ ਟਾਈਟਲ 4 ਵਾਰ ਜਿੱਤੇ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਉਸ ਨੇ ਅਮਰੀਕਾ ਦੀ ਨੈਸ਼ਨਲ ਅਥਲੈਟਿਕਸ ਦੀਆਂ ਕਈ ਚੈਂਪੀਅਨਸ਼ਿਪਾਂ ਜਿੱਤੀਆਂ ਜਿਨ੍ਹਾਂ ਨੂੰ ਐਨਸੀਏਏ ਟਾਈਟਲ ਕਿਹਾ ਜਾਂਦੈ। ਤਦ ਤੱਕ ਉਹਦੀ ਥਰੋਅ ਦੀ ਤਕਨੀਕ ਵਿੱਚ ਪੂਰੀ ਪ੍ਰਪੱਕਤਾ ਆ ਗਈ ਸੀ। ਜਿੰਨਾ ਉਹ ਆਊਟਡੋਰ ਮੁਕਾਬਲਿਆਂ ਵਿੱਚ ਪ੍ਰਪੱਕ ਸੀ, ਓਨਾ ਹੀ ਇਨਡੋਰ ਮੁਕਾਬਲਿਆਂ ਵਿੱਚ ਵੀ ਪ੍ਰਪੱਕ ਹੋ ਗਿਆ। ਉੱਥੇ ਉਸ ਨੇ ਆਪਣੀ ਸਰੀਰਕ ਤਾਕਤ ਹੀ ਨਹੀਂ ਵਧਾਈ ਬਲਕਿ ਤਕਨੀਕ, ਫੁੱਟਵਰਕ ਤੇ ਮਾਨਸਿਕ ਤਿਆਰੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ।

ਯੂਨੀਵਰਸਿਟੀ ਤੋਂ ਫਾਈਨਾਂਸ ਦੀ ਮਾਸਟਰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਪ੍ਰੋਫੈਸ਼ਨਲ ਅਥਲੀਟ ਬਣਨ ਦਾ ਫ਼ੈਸਲਾ ਕਰ ਲਿਆ। ਉਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਮੈਡਲ ਜਿੱਤਣ ਨਾਲ ਵਿਸ਼ਵ ਪੱਧਰ ਦੀ ਸ਼ੁਹਰਤ ਵੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਵਿਸ਼ਵ ਦੇ ਮੰਨੇ ਦੰਨੇ ਸੁਟਾਵਿਆਂ ਨੂੰ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ। ਉਸ ਨੇ ਅਮਰੀਕਾ ਮਹਾਦੀਪ ’ਤੇ ਲੱਤ ਫੇਰ ਕੇ ਯੂਰਪ ਮਹਾਦੀਪ ’ਤੇ ਵੀ ਲੱਤ ਫੇਰ ਦਿੱਤੀ। ਉਸ ਨੂੰ ਪਹਿਲੀ ਵੱਡੀ ਸਫਲਤਾ ਰੀਓ-2016 ਦੀਆਂ ਓਲੰਪਿਕ ਖੇਡਾਂ ’ਚ ਮਿਲੀ ਜਿੱਥੇ ਉਸ ਨੇ 22.52 ਮੀਟਰ ਗੋਲ਼ਾ ਸੁੱਟ ਕੇ ਗੋਲਡ ਮੈਡਲ ਜਿੱਤਿਆ। ਫਿਰ ਟੋਕੀਓ-2020 ਦੀਆਂ ਓਲੰਪਿਕ ਖੇਡਾਂ ਆ ਗਈਆਂ ਜੋ ਕੋਵਿਡ ਮਹਾਮਾਰੀ ਕਾਰਨ 2021 ਵਿੱਚ ਹੋਈਆਂ। ਉੱਥੇ ਉਸ ਨੇ ਨਾ ਸਿਰਫ਼ ਦੂਜਾ ਗੋਲਡ ਮੈਡਲ ਜਿੱਤਿਆ ਬਲਕਿ ਕਈ ਸਾਲਾਂ ਤੋਂ ਸਥਾਪਿਤ ਹੋਇਆ ਓਲੰਪਿਕ ਖੇਡਾਂ ਦਾ ਰਿਕਾਰਡ ਵੀ ਮਾਤ ਪਾ ਦਿੱਤਾ। ਉਹ ਉਸ ਦੇ ਖੇਡ ਕਰੀਅਰ ਦੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਉਸ ਤੋਂ ਵੀ ਵੱਡੀ ਪ੍ਰਾਪਤੀ ਇਹ ਕਿ ਪੈਰਿਸ ਦੀਆਂ ਓਲੰਪਿਕ ਖੇਡਾਂ-2024 ਵਿੱਚ ਉਸ ਨੇ ਲਗਾਤਾਰ ਤੀਜਾ ਓਲੰਪਿਕ ਗੋਲਡ ਮੈਡਲ ਜਿੱਤਿਆ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਉਸ ਤੋਂ ਪਹਿਲਾਂ ਕਦੇ ਕਿਸੇ ਸ਼ਾਟ ਪੁੱਟਰ ਨੇ ਲਗਾਤਾਰ ਤਿੰਨ ਗੋਲਡ ਮੈਡਲ ਨਹੀਂ ਸਨ ਜਿੱਤੇ।

ਉਸ ਨੂੰ ਟੋਕੀਓ-2020 ਦੀਆਂ ਓਲੰਪਿਕ ਖੇਡਾਂ ਦੀ ਤਿਆਰੀ ਕੋਵਿਡ-19 ਦੀਆਂ ਬੰਦਸ਼ਾਂ ਕਾਰਨ ਸੁੰਨੇ ਥਾਵਾਂ ’ਤੇ ਕਰਨੀ ਪਈ ਸੀ। ਉਹ ਖੇਡਾਂ 2021 ਵਿੱਚ ਹੋਈਆਂ ਤਾਂ ਉਸ ਨੇ 23.30 ਮੀਟਰ ਦੂਰ ਗੋਲ਼ਾ ਸੁੱਟ ਕੇ 2004 ਦੀਆਂ ਓਲੰਪਿਕ ਖੇਡਾਂ ’ਚ ਸਥਾਪਿਤ ਹੋਇਆ ਰਿਕਾਰਡ ਤੋੜ ਦਿੱਤਾ ਸੀ। ਪੈਰਿਸ-2024 ਦੀਆਂ ਓਲੰਪਿਕ ਖੇਡਾਂ ’ਚ ਉਸ ਨੇ 22.90 ਮੀਟਰ ਗੋਲਾ ਸੁੱਟ ਕੇ ਗੋਲਡ ਮੈਡਲ ਜਿੱਤਣ ਦੀ ਹੈਟ੍ਰਿਕ ਮਾਰੀ। 2023 ਦੀ ਬੁਡਾਪੈਸਟ ਵਿਖੇ ਹੋਈ ਵਰਲਡ ਚੈਂਪੀਅਨਸ਼ਿਪਸ ’ਚ ਉਸ ਨੇ 23.51 ਮੀਟਰ ਗੋਲਾ ਸੁੱਟ ਕੇ ਦੁਨੀਆ ਦੰਗ ਕਰ ਦਿੱਤੀ। ਉਸ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ, ਵਿਸ਼ਵ ਸੀਨੀਅਰ, ਡਾਇਮੰਡ ਲੀਗਜ਼, ਓਲੰਪਿਕ ਖੇਡਾਂ ਗੱਲ ਕੀ ਹਰ ਤਰ੍ਹਾਂ ਦੀਆਂ ਇਨਡੋਰ ਤੇ ਆਊਟਡੋਰ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਵਰਲਡ ਅਥਲੈਟਿਕਸ ਵੱਲੋਂ ਉਸ ਨੂੰ ਸਰਵੋਤਮ ਅਥਲੀਟ ਵਜੋਂ ਸਨਮਾਨਿਆ ਗਿਆ। ਉਸ ਨੇ ਇੱਕੋ ਸੀਜ਼ਨ ਵਿੱਚ 163 ਥਰੋਆਂ 22 ਮੀਟਰ ਤੋਂ ਵੱਧ ਦੂਰੀ ਦੀਆਂ ਕੀਤੀਆਂ।

2023 ਵਿੱਚ ਰਿਆਨ ਨੇ 14 ਵੱਡੀਆਂ ਅਥਲੈਟਿਕਸ ਮੀਟਾਂ ਵਿੱਚ ਭਾਗ ਲਿਆ ਜਿਨ੍ਹਾਂ ’ਚੋਂ ਇੱਕ ਨੂੰ ਛੱਡ ਕੇ 13 ਮੀਟਾਂ ’ਚ ਉਹ ਅੱਵਲ ਰਿਹਾ। 27 ਮਈ 2023 ਨੂੰ ਲਾਸ ਏਂਜਲਸ ਗ੍ਰਾਂ ਪ੍ਰੀ ਵਿੱਚ ਸੁੱਟੀ 23.56 ਮੀਟਰ ਦੀ ਸੁੱਟ ਉਸ ਦੀ ਸਰਬੋਤਮ ਸੁੱਟ ਹੈ। ਉਹ ਉਸ ਨੇ ਨਵੀਂ ਤਕਨੀਕ ‘ਸਟੈਪ-ਐਕਰਾਸ’ ਨਾਲ ਸੁੱਟੀ ਸੀ। 2023 ਵਿੱਚ ਉਸ ਨੂੰ ਪਤਾ ਲੱਗਾ ਸੀ ਕਿ ਉਹਦੀਆਂ ਲੱਤਾਂ ’ਚ ਲਹੂ ਦੇ ਦੋ ਕਲਾਟ ਜੰਮ ਗਏ ਸਨ ਜਿਸ ਕਰਕੇ ਉਸ ਨੂੰ ਖੂਨ ਪਤਲਾ ਕਰਨ ਵਾਲੀ ਦਵਾਈ ਲੈਣੀ ਪਈ ਸੀ ਤੇ ਕੁਝ ਮਹੀਨੇ ਗੋਲ਼ੇ ਸੁੱਟਣ ਦੀ ਪ੍ਰੈਕਟਿਸ ਤੋਂ ਲਾਂਭੇ ਰਹਿਣਾ ਪਿਆ ਸੀ।

ਉਂਜ ਉਹਦੇ ਅਭਿਆਸ ਵਿੱਚ ਹਰ ਹਫ਼ਤੇ ਤਿੰਨ ਦਿਨ 20 ਤੋਂ 40 ਮੀਟਰ ਦੀਆਂ ਸਪਰਿੰਟਾਂ ਲਾਉਣੀਆਂ ਜ਼ਰੂਰੀ ਸਨ। ਉਹ ਕਈ ਤਰ੍ਹਾਂ ਦੇ ਜੰਪ ਲਾਉਂਦਾ ਤੇ ਪਾਵਰ ਵੇਟ ਟ੍ਰੇਨਿੰਗ ਕਰਦਾ ਹੈ। ਅੰਗਾਂ ’ਚ ਚੁਸਤੀ ਫੁਰਤੀ ਲਿਆਈ ਰੱਖਣ ਲਈ ਦੌੜ ਕੇ ਪੌੜੀਆਂ ਚੜ੍ਹਦਾ ਤੇ ਹਫ਼ਤੇ ’ਚ 5 ਸੈਸ਼ਨ ਪ੍ਰੈਕਟਿਸ ਕਰਦਾ ਹੈ। ਇੱਕ ਸੈਸ਼ਨ ਵਿੱਚ 20 ਤੋਂ 40 ਥਰੋਆਂ ਕਰਦਾ ਹੈ ਜੋ 90 ਮਿੰਟ ਤੋਂ 120 ਮਿੰਟ ਤੱਕ ਹੁੰਦੀਆਂ ਹਨ। ਉਹਦੇ ਕੋਚ ਜੋ ਕਸਰਤਾਂ ਉਹਦੇ ਲਈ ਸਿਰਜਦੇ ਹਨ, ਉਹ ਪੂਰੀਆਂ ਕਰ ਕੇ ਹੀ ਦਮ ਲੈਂਦਾ ਹੈ। ਉਹ ਮਨੋਬਲ ਵਧਾਉਣ ਵਾਲੀਆਂ ਵਿਧੀਆਂ ਵਰਤਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਕਿੰਨੇ ਕੋਨ ਦੀ ਉਚਾਈ ਤੇ ਸੇਧ ਵਿੱਚ ਗੋਲ਼ਾ ਸੁੱਟਣਾ ਹੈ। ਇਹੋ ਕਾਰਨ ਹੈ ਕਿ ਉਸ ਦੀਆਂ ਲਗਭਗ ਸਾਰੀਆਂ ਸੁੱਟਾਂ ਇੱਕ ਖ਼ਾਸ ਕੋਨ ਤੇ ਖ਼ਾਸ ਦੂਰੀ ਤੱਕ ਪੁੱਜਦੀਆਂ ਹਨ। ਉਹਦੀ ਤਾਕਤ, ਤਕਨੀਕ, ਮਨੋਬਲ ਤੇ ਪ੍ਰੈਕਟਿਸ ਦੀ ਲਗਾਤਾਰਤਾ ਨੇ ਉਸ ਨੂੰ ਮਾਡਰਨ ਯੁੱਗ ਦਾ ਮਹਾਨ ਸੁਟਾਵਾ ਬਣਾਇਆ ਹੈ। ਵੇਖਦੇ ਹਾਂ ਉਹ ਸ਼ਾਟ ਪੁੱਟ ਦਾ ਵਿਸ਼ਵ ਹੋਰ ਕਿੰਨੀ ਬੁਲੰਦੀ ’ਤੇ ਲਿਜਾਂਦਾ ਹੈ?

ਈ-ਮੇਲ: principalsarwansingh@gmail.com

Advertisement
×