ਪੇਂਡੂ ਜੀਵਨ ਤੇ ਸਾਉਣ
ਸਾਉਣ ਦੇ ਮਹੀਨੇ ਵਿੱਚ ਜਿੱਥੇ ਫ਼ਸਲਾਂ ਲਹਿਰਾਉਂਦੀਆਂ ਤੇ ਪੂਰੀ ਕਾਇਨਾਤ ਨੱਚ ਉੱਠਦੀ ਹੈ, ਉੱਥੇ ਪਸ਼ੂ-ਪੰਛੀ ਵੀ ਖੁਸ਼ੀ ਦੇ ਗੀਤ ਗਾਉਂਦੇ, ਨੱਚਦੇ ਤੇ ਟੱਪਦੇ ਨਜ਼ਰ ਆਉਂਦੇ ਹਨ। ਜਦੋਂ ਅਸਮਾਨ ਵਿੱਚ ਕਾਲੀ ਘਨਘੋਰ ਘਟਾ ਛਾਈ ਹੁੰਦੀ ਹੈ ਤਾਂ ਮੋਰ ਸਭ ਕੁਝ ਭੁੱਲ-ਭੁਲਾ...
ਸਾਉਣ ਦੇ ਮਹੀਨੇ ਵਿੱਚ ਜਿੱਥੇ ਫ਼ਸਲਾਂ ਲਹਿਰਾਉਂਦੀਆਂ ਤੇ ਪੂਰੀ ਕਾਇਨਾਤ ਨੱਚ ਉੱਠਦੀ ਹੈ, ਉੱਥੇ ਪਸ਼ੂ-ਪੰਛੀ ਵੀ ਖੁਸ਼ੀ ਦੇ ਗੀਤ ਗਾਉਂਦੇ, ਨੱਚਦੇ ਤੇ ਟੱਪਦੇ ਨਜ਼ਰ ਆਉਂਦੇ ਹਨ। ਜਦੋਂ ਅਸਮਾਨ ਵਿੱਚ ਕਾਲੀ ਘਨਘੋਰ ਘਟਾ ਛਾਈ ਹੁੰਦੀ ਹੈ ਤਾਂ ਮੋਰ ਸਭ ਕੁਝ ਭੁੱਲ-ਭੁਲਾ ਕੇ ਆਪਣੇ ਖੰਭ ਖਿਲਾਰ ਕੇ ਖੁਸ਼ੀ ਵਿੱਚ ਪੈਲਾਂ ਪਾਉਂਦਾ ਨਜ਼ਰ ਆਉਂਦਾ ਹੈ। ਪੈਲਾਂ ਪਾਉਣ ਦੌਰਾਨ ਉਹ ਆਪਣੇ ਕੁਝ ਖੰਭ ਸੁੱਟ ਜਾਂਦਾ ਹੈ ਤੇ ਬੱਚੇ ਉਹ ਖੰਭ ਆਪਣੀਆਂ ਕਿਤਾਬਾਂ ਵਿੱਚ ਇਸ ਧਾਰਨਾ ਨਾਲ ਰੱਖਦੇ ਹਨ ਕਿ ਪੜ੍ਹਾਈ ਜ਼ਿਆਦਾ ਆਉਂਦੀ ਹੈ। ਮੋਰ ਦੇ ਖੰਭ ਇੰਨੇ ਪਵਿੱਤਰ ਮੰਨੇ ਜਾਂਦੇ ਹਨ ਕਿ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਹਨ।
ਜਦ ਛੋਟੇ ਹੁੰਦੇ ਸੀ ਤਾਂ ਪੰਜਾਬ ਦੇ ਪਿੰਡਾਂ ਵਿੱਚ ਸਾਉਣ ਆਉਣ ’ਤੇ ਘਰਾਂ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਸੀ। ਸਾਵੇਂ ਵਾਲੇ ਦਿਨ ਐਤਵਾਰ ਨੂੰ ਮਾੜੇ ਘਰਾਂ ਵਾਲਿਆਂ ਨੇ ਆਟਾ ਤੇ ਗੁੜ ਘੋਲ ਕੇ ਪਿੱਪਲ ਦੇ ਪੱਤਿਆਂ ਨਾਲ ਤਵੇ ’ਤੇ ਫੈਲਾ ਕੇ ਪੂੜੇ ਬਣਾਉਣੇ। ਨਾਲ ਦੁੱਧ ਦੀ ਖੀਰ ਬਣਾਈ ਜਾਂਦੀ ਸੀ। ਅੰਬ ਦੇ ਆਚਾਰ ਨਾਲ ਉਹ ਪੂੜੇ ਤੇ ਖੀਰ ਖਾਣੀ। ਇਸ ਦਾ ਆਪਣਾ ਹੀ ਆਨੰਦ ਸੀ। ਤਕੜੇ ਘਰ ਵਾਲਿਆ ਨੇ ਮਾਲ ਪੂੜ੍ਹੇ ਬਣਾ ਲੈਣੇ। ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਇਸ ਸੱਭਿਆਚਾਰ ਤੋਂ ਕੋਹਾਂ ਦੂਰ ਹੈ। ਹੱਥੀਂ ਮਿਹਨਤ ਕਰਨ ਦੀ ਥਾਂ ਬਾਜ਼ਾਰੋ ਖੀਰ ਪੂੜੇ ਮੰਗਵਾ ਕੇ ਖਾ ਲਏ ਜਾਂਦੇ ਹਨ। ਘਰ ਵਿੱਚ ਬਣਾਏ ਖੀਰ ਪੂੜੇ ਸ਼ੁੱਧ ਸਾਮਾਨ ਨਾਲ ਬਣਾਏ ਜਾਂਦੇ ਸਨ, ਇਸ ਲਈ ਸਿਹਤ ਲਈ ਵੀ ਚੰਗੀ ਰਹਿੰਦੀ ਸੀ।
ਹਰ ਪਿੰਡ ਵਿੱਚ ਇੱਕ ਜਗ੍ਹਾ ਮੁਕੱਰਰ ਕੀਤੀ ਜਾਂਦੀ ਸੀ। ਉਸ ਜਗ੍ਹਾ ਪਿੱਪਲ ਜਾਂ ਬੋਹੜ ਦਾ ਦਰੱਖਤ ਜ਼ਰੂਰ ਹੁੰਦਾ ਸੀ। ਉਸ ਉੱਤੇ ਕਿਸੇ ਗੱਭਰੂ ਵੱਲੋਂ ਚੜ੍ਹ ਕੇ ਸਭ ਤੋਂ ਉੱਚੇ ਟਾਹਣੇ ’ਤੇ ਲੰਬੀ ਪੀਂਘ ਪਾਈ ਜਾਂਦੀ ਸੀ। ਮੁਕੱਰਰ ਕੀਤੀ ਉਸ ਜਗ੍ਹਾ ’ਤੇ ਹਰ ਐਤਵਾਰ ਦੀ ਸ਼ਾਮ ਨੂੰ ਪਿੰਡ ਦੀਆਂ ਪੇਕੇ ਘਰ ਆਈਆਂ ਸੱਜ ਵਿਆਹੀਆਂ ਧੀਆਂ ਧਿਆਣੀਆਂ ਤੇ ਕੁਆਰੀਆਂ ਕੁੜੀਆਂ ਚਿੜੀਆਂ ਸੱਜ-ਧੱਜ ਕੇ ਸ਼ਾਮ ਨੂੰ ਉਸ ਜਗ੍ਹਾ ’ਤੇ ਜਾ ਕੇ ਗਿੱਧਾ, ਬੋਲੀਆਂ ਤੇ ਕਿੱਕਲੀਆਂ ਪਾਉਂਦੀਆਂ ਤੇ ਜ਼ਿੱਦੋ-ਜ਼ਿੱਦੀ ਇੱਕ ਦੂਜੀ ਤੋਂ ਉੱਚੀ ਪੀਂਘ ਚੜ੍ਹਾਉਂਦੀਆਂ ਸਨ। ਕਈ ਤਾਂ ਇਕੱਲੀਆਂ ਤੇ ਕਈ ਦੋ ਜਣੀਆਂ ਰਲ ਕੇ ਜ਼ੋਰੋ-ਜ਼ੋਰੀ ਪੀਂਘ ਚੜ੍ਹਾਉਂਦੀਆਂ ਸਨ। ਦੂਜੇ ਪਾਸੇ ਗੱਭਰੂ ਵੀ ਸੱਜ-ਧੱਜ ਕੇ ਨਵੇਂ ਕੱਪੜੇ ਪਾ ਕੇ ਭੰਗੜੇ ਪਾਉਂਦੇ। ਕਬੱਡੀ ਤੇ ਘੋਲ ਕਰਦੇ ਨਾ ਥੱਕਦੇ। ਇਹ ਸਾਂਵੇਂ ਰੂਪੀ ਮੇਲਾ ਦੇਰ ਰਾਤ ਤੱਕ ਚੱਲਦਾ। ਅਖੀਰ ਸਾਰੇ ਇਕੱਠੇ ਹੋ ਕੇ ਉੱਚੀ-ਉੱਚੀ ਗੱਲਾਂ ਕਰਦੇ ਤੇ ਹੱਸਦੇ ਖੇਡਦੇ ਹੋਏ ਘਰਾਂ ਨੂੰ ਪਰਤਦੇ। ਘਰ ਆ ਕੇ ਬਣੇ ਹੋਏ ਖੀਰ ਪੂੜੇ ਖਾਂਦੇ ਤੇ ਫਿਰ ਸੌ ਜਾਂਦੇ। ਫਿਰ ਪੂਰਾ ਹਫ਼ਤਾ ਉਸ ਸਾਂਵੇਂ ’ਤੇ ਆਉਣ ਵਾਲੇ ਅਗਲੇ ਸਾਂਵੇਂ ਬਾਰੇ ਚਰਚਾ ਕਰਦੇ ਰਹਿੰਦੇ।
ਪਿਛਲੇ ਸਮੇਂ ਦੌਰਾਨ ਜਦੋਂ ਸਾਉਣ ਮਹੀਨਾ ਆਉਣਾ ’ਤੇ ਕਾਲੀਆਂ ਘਟਾਵਾਂ ਚੜ੍ਹਨੀਆਂ, ਮੀਂਹ ਪੈਣੇ ਸ਼ੁਰੂ ਹੋਣੇ ਤਾਂ ਕਈ-ਕਈ ਦਿਨ ਕਿਣ-ਮਿਣ ਹੁੰਦੀ ਰਹਿਣੀ। ਨਿੱਕਾ-ਨਿੱਕਾ ਮੀਂਹ ਪੈਂਦਾ ਰਹਿਣਾ। ਕਈ-ਕਈ ਦਿਨ ਝੜੀਆਂ ਲੱਗੀਆਂ ਰਹਿਣੀਆਂ। ਸੂਰਜ ਦੇਵਤਾ ਸਾਉਣ ਵਿੱਚ ਘੱਟ ਹੀ ਦਿਖਾਈ ਦਿੰਦਾ ਸੀ। ਉਦੋਂ ਘਰ ਤਕਰੀਬਨ ਜ਼ਿਆਦਾਤਰ ਕੱਚੀ ਮਿੱਟੀ ਦੇ ਬਣੇੇ ਹੁੰਦੇ ਸਨ। ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, ਜਿਸਦਾ ਘਰ ਪੱਕਾ ਹੁੰਦਾ ਸੀ। ਘਰਾਂ ਵਿੱਚੋਂ ਬਾਲਣ ਖ਼ਤਮ ਹੋ ਜਾਂਦਾ ਸੀ, ਘਰਾਂ ਦੀਆਂ ਛੱਤਾਂ ਚੋਣ ਲੱਗ ਪੈਂਦੀਆਂ ਸਨ। ਛੱਤਾਂ ਚੋਣ ਨਾਲ ਇਕੱਠਾ ਕੀਤਾ ਬਾਲਣ ਗਿੱਲਾ ਹੋ ਜਾਣਾ। ਬਾਲਣ ਤੋਂ ਬਿਨਾਂ ਬੜੀ ਮੁਸ਼ਕਿਲ ਆਉਣੀ। ਫਿਰ ਡੰਗਰਾਂ ਦਾ ਸੁੱਕਾ ਚਾਰਾ ਮੁੱਕ ਜਾਣਾ ਤਾਂ ਮੁਸ਼ਕਿਲ ਹੋਰ ਵੀ ਵਧ ਜਾਣੀ। ਘਰ ਜ਼ਿਆਦਾਤਰ ਕੱਚੇ ਹੋਣ ਨਾਲ ਕਈ-ਕਈ ਦਿਨ ਪੈਂਦੇ ਮੀਂਹ ਕਾਰਨ ਕਿਸੇ ਦਾ ਆਪਣਾ ਰਹਿਣ ਵਾਲਾ ਕੋਠਾ, ਕਿਸੇ ਦਾ ਡੰਗਰਾਂ ਵਾਲਾ ਕੋਠਾ ਜਾਂ ਕਿਸੇ ਦੀ ਕੰਧ ਡਿੱਗਣ ਦੀਆਂ ਆਵਾਜ਼ਾਂ ਸਾਉਣ ਵਿੱਚ ਆਉਣੀਆਂ ਆਮ ਗੱਲ ਸੀ। ਜੇ ਕਿਸੇ ਦਾ ਕੋਠਾ ਡਿੱਗ ਪੈਂਦਾ ਜਾਂ ਘਰ ਨੀਵਾਂ ਹੋਣ ਕਰਕੇ ਪਾਣੀ ਆ ਜਾਂਦਾ ਤਾਂ ਲੋਕ ਆਪਣਾ ਜ਼ਰੂਰੀ ਤੇ ਕੀਮਤੀ ਸਾਮਾਨ ਕਿਸੇ ਦੂਜੇ ਦੇ ਘਰ, ਜਿਸਦਾ ਘਰ ਉੱਚੀ ਥਾਂ ’ਤੇ ਹੁੰਦਾ ਸੀ, ਉਸ ਘਰ ਆਪਣਾ ਸਾਮਾਨ ਸਿਰਾਂ ’ਤੇ ਜਾਂ ਗੱਡਿਆਂ ’ਤੇ ਲੱਦ ਕੇ ਪਹੁੰਚਾਉਂਦੇ ਆਮ ਵੇਖੇ ਜਾਂਦੇ ਸਨ। ਕਿਸੇ ਦੂਜੇ ਦਾ ਕੰਧ ਕੋਠਾ ਡਿੱਗਾ ਵੇਖ ਕੇ ਸਾਰਿਆਂ ਨੂੰ ਆਪੋ-ਆਪਣੇ ਕੰਧਾਂ ਕੋਠਿਆਂ ਦਾ ਖ਼ਿਆਲ ਸਤਾਉਣ ਲੱਗ ਜਾਣਾ ਕਿ ਜੇ ਕੋਈ ਕੰਧ ਕੋਠਾ ਮੀਂਹ ਵਿੱਚ ਡਿੱਗ ਪਿਆ ਤਾਂ ਇਸ ਬਾਰਸ਼ ਵਿੱਚ ਕਿੱਥੇ ਜਾਵਾਂਗੇ ਜਾਂ ਡੰਗਰ ਕਿੱਥੇ ਬੰਨ੍ਹਾਂਗੇ। ਲੋਕ ਮੀਂਹ ਘੱਟ ਹੋਣ ’ਤੇ ਕੋਠਿਆਂ ’ਤੇ ਚੜ੍ਹ ਕੇ ਛੱਤਾਂ ਵੇਖਦੇ ਨਜ਼ਰ ਪੈਂਦੇ ਸਨ। ਕਈ ਨੀਵੇਂ ਘਰ ਹੋਣ ਕਰਕੇ ਬਾਲਟੀ ਤੇ ਡੱਬਿਆਂ ਨਾਲ ਪਾਣੀ ਬਾਹਰ ਕੱਢਦੇ ਸਨ। ਅੱਜਕੱਲ੍ਹ ਇਹ ਸਭ ਕੁਝ ਨਹੀਂ ਹੈ। ਇਨਸਾਨ ਲਈ ਬਹੁਤ ਸੁੱਖ ਸਹੂਲਤਾਂ ਹੋ ਗਈਆਂ ਹਨ। ਜ਼ਿਆਦਾ ਮੀਂਹ ਪੈਣ ਨਾਲ ਬਾਹਰ ਗਲੀਆਂ, ਨਾਲੀਆਂ, ਛੱਪੜ, ਟੋਭਿਆਂ ਵਿੱਚ ਪਾਣੀ ਭਰ ਜਾਂਦਾ ਸੀ। ਬੱਚਿਆਂ ਨੇ ਛੱਪੜਾਂ, ਟੋਭਿਆਂ ਵਿੱਚ ਨਹਾਉਂਦੇ ਫਿਰਨਾ। ਉਸ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਤਾਰਨੀਆਂ। ਗਲੀਆਂ ਵਿੱਚ ਸਾਈਕਲ ਦਾ ਟਾਇਰ ਲੈ ਕੇ ਪਾਣੀ ਵਿੱਚ ਨੰਗ-ਧੜੰਗੇ ਟਾਇਰ ਭਜਾਈ ਫਿਰਨੇ। ਇੱਕ ਦੂਜੇ ਉੱਤੇ ਛਿੱਟੇ ਪਾਉਣੇ ਤੇ ਉੱਚੀ-ਉੱਚੀ ਗਾਉਂਦੇ ਫਿਰਨਾ;
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਬਰਸਾ ਦੇ ਜ਼ੋਰੋ ਜ਼ੋਰ
***
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਸਾਉਣ ਦੇ ਮਹੀਨੇ ਦਾ ਜ਼ਿਕਰ ਜਿਸ ਤਰ੍ਹਾਂ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ, ਇਸੇ ਤਰ੍ਹਾਂ ਹੀ ਸਮੇਂ-ਸਮੇਂ ’ਤੇ ਕਵੀਆਂ ਨੇ ਵੀ ਇਸ ਦਾ ਬਾਖੂਬੀ ਜ਼ਿਕਰ ਕਰਦਿਆਂ ਅਨੇਕਾਂ ਗੀਤ ਰਚੇ ਹਨ। ਕਈ ਗੀਤ ਤਾਂ ਲੋਕ ਗੀਤਾਂ ਦਾ ਰੂਪ ਧਾਰਨ ਕਰ ਗਏ ਹਨ। ਜਿਵੇਂ ਬਾਬਾ ਬੁੱਲ੍ਹੇ ਸ਼ਾਹ ਆਪਣੇ ਬਾਰਾਂ ਮਾਹ ਵਿੱਚ ਦੇਸੀ ਬਾਰਾਂ ਮਹੀਨਿਆਂ ਦਾ ਬਾਖੂਬੀ ਜ਼ਿਕਰ ਕਰਦੇ ਹਨ। ਸਾਉਣ ਮਹੀਨੇ ਬਾਰੇ ਵੀ ਉਹ ਆਪਣੇ ਜਜ਼ਬਾਤ ਪ੍ਰਗਟ ਕਰਦੇ ਲਿਖਦੇ ਹਨ;
ਸਾਵਣ ਸੋਹੇ ਮੇਂਘਲਾ ਘਟ ਸੋਹੇ ਕਰਤਾਰ
ਠੋਰ ਠੋਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ
ਸੋਹਣ ਮਲਿਹਾਰਾਂ ਸਾਰੇ ਸਾਵਣ
ਦੂਤੀ ਦੁੱਖ ਲੱਗੇ ਉੱਠ ਜਾਵਣ
ਨੀਂਗਰ ਖੇਡਣ ਕੁੜੀਆਂ ਗਾਵਣ
ਮੈਂ ਘਰ ਰੰਗ ਰੰਗੀਲੇ ਆਵਣ
ਆਸਾਂ ਪੁੰਨੀਆਂ
ਮੇਰੀਆਂ ਆਸਾਂ ਰੱਬ ਪੁਚਾਈਆਂ
ਮੈਂ ਤਾਂ ਉੱਠ ਸੰਗ ਅੱਖੀਆਂ ਲਾਈਆਂ
ਸਈਆਂ ਦੇਣ ਮੁਬਾਰਕ ਆਈਆਂ
ਸ਼ਾਹ ਅਨਾਇਤ ਆਖਾਂ ਸਾਈਆਂ
ਆਸਾਂ ਪੁੰਨੀਆਂ
ਭਾਈ ਵੀਰ ਸਿੰਘ ਆਪਣੀ ‘ਕੰਤ ਮਹੇਲੀ ਬਾਰਾਂ ਮਾਹ’ ਨਾਂ ਦੀ ਕਿਤਾਬ ਵਿੱਚ ‘ਸਾਵਣ’ ਕਵਿਤਾ ਰਾਹੀਂ ਸੰਬੋਧਨ ਹੁੰਦਿਆਂ ਲਿਖਦੇ ਹਨ;
ਚੜਿ੍ਹਆ ਸਾਵਣ ਮਹੀਨਾ
ਸਹੀਆਂ ਪੀਘਾਂ ਨੇ ਪਾਈਆਂ।
ਸੂਲਾਂ ਵੱਜਣ ਕਲੇਜੇ
ਝਿੱਕੀ ਮੰਜੀ ਤੇ ਪਈਆਂ।
ਸਹੀਆਂ ਟੁੰਬਦੀਆਂ ਆ ਜਾ
‘ਉੱਠ ਨੀ ਸਾਂਵੇਂ’ ਨੀਂ ਆਏ
ਅਨੀੳ! ਮਾਹੀ ਵਿਹੂਣੀ
ਦੁੱਖਾਂ ਮਾਰ ਮੁਕਈਆਂ।
ਟੁਰ ਗਿਆ ਦੇਸ ਬਿਦੇਸੀਂ
ਛਡ ਕੇ ਹਾਇ ਇਕੱਲੀ
ਰੋ ਰੋ ਹੋਈ ਹਾਂ ਝੱਲੀ
ਜੀਉਂਦੀ ਕਾਹਨੂੰ ਹਾਂ ਰਹੀਆਂ।
ਈਮੇਲ:dharmindersinghchabba@gmail.com

