DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਦੀਆ ਚਲੇ, ਚਲੇ ਰੇ ਧਾਰਾ...

ਹਿੰਦੀ ਸਿਨੇਮਾ ਜਦੋਂ 1912 ਵਿਚ ਸ਼ੁਰੂ ਹੋਇਆ ਸੀ ਤਾਂ ਇਸ ਵਿੱਚ ਤਸਵੀਰਾਂ ਤਾਂ ਸਨ, ਪਰ ਆਵਾਜ਼ ਨਹੀਂ ਸੀ। ਇਸ ਕਰਕੇ ਉਸ ਵਕਤ ਦੀਆਂ ਫਿਲਮਾਂ ਨੂੰ ‘ਮੂਕ ਫਿਲਮਾਂ’ ਆਖਿਆ ਜਾਂਦਾ ਸੀ। 1931 ਵਿੱਚ ਬਣੀ ਫਿਲਮ ‘ਆਲਮਆਰਾ’ ਨਾਲ ਹਿੰਦੀ ਸਿਨੇਮਾ ਨੂੰ ਪਹਿਲੀ...

  • fb
  • twitter
  • whatsapp
  • whatsapp
Advertisement

ਹਿੰਦੀ ਸਿਨੇਮਾ ਜਦੋਂ 1912 ਵਿਚ ਸ਼ੁਰੂ ਹੋਇਆ ਸੀ ਤਾਂ ਇਸ ਵਿੱਚ ਤਸਵੀਰਾਂ ਤਾਂ ਸਨ, ਪਰ ਆਵਾਜ਼ ਨਹੀਂ ਸੀ। ਇਸ ਕਰਕੇ ਉਸ ਵਕਤ ਦੀਆਂ ਫਿਲਮਾਂ ਨੂੰ ‘ਮੂਕ ਫਿਲਮਾਂ’ ਆਖਿਆ ਜਾਂਦਾ ਸੀ। 1931 ਵਿੱਚ ਬਣੀ ਫਿਲਮ ‘ਆਲਮਆਰਾ’ ਨਾਲ ਹਿੰਦੀ ਸਿਨੇਮਾ ਨੂੰ ਪਹਿਲੀ ਵਾਰ ‘ਆਵਾਜ਼’ ਤੇ ‘ਸੰਗੀਤ’ ਦਾ ਸਾਥ ਮਿਲਿਆ ਸੀ। ਇਸ ਫਿਲਮ ਵਿਚਲੇ ਪਹਿਲੇ ਗੀਤ ਦੇ ਬੋਲ ਸਨ ‘ਦੇ ਦੇ ਖ਼ੁਦਾ ਕੇ ਨਾਮ ਪੇ’ ਤੇ ਇਸ ਗੀਤ ਨੂੰ ਵਜ਼ੀਰ ਮੁਹੰਮਦ ਖ਼ਾਨ ਨਾਮਕ ਗਾਇਕ ਨੇ ਗਾਇਆ ਸੀ। ਭਾਰਤੀ ਸਿਨੇਮਾ ਦੇ ਇਸ ਪਲੇਠੇ ਗੀਤ ਦੇ ਬੋਲਾਂ ਨੂੰ ਸੰਗੀਤਬੱਧ ਕਰਨ ਦਾ ਜ਼ਿੰਮਾ ਸੰਗੀਤ ਨਿਰਦੇਸ਼ਕ ਫ਼ਿਰੋਜ਼ਸ਼ਾਹ ਮਿਸਤਰੀ ਨੇ ਨਿਭਾਇਆ ਸੀ।

ਇਸ ਸ਼ਾਹਕਾਰ ਫਿਲਮ ਦੇ ਗੀਤ-ਸੰਗੀਤ ਨੇ ਭਾਰਤੀ ਸਿਨੇਮਾ ਦੀਆਂ ਬਾਕੀ ਫਿਲਮਾਂ ਲਈ ਵੀ ਸੰਗੀਤ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਤੇ ਉਪਰੰਤ ਗੀਤ-ਸੰਗੀਤ ਤਾਂ ਹਰੇਕ ਭਾਰਤੀ ਫਿਲਮ ਦਾ ਅਟੁੱਟ ਅੰਗ ਹੀ ਬਣ ਗਿਆ ਸੀ। ਹਿੰਦੀ ਸਿਨੇਮਾ ਵਿੱਚ ‘ਇੰਦਰਸਭਾ’ ਨਾਮਕ ਫਿਲਮ ਵੀ ਬਣੀ ਸੀ ਜਿਸ ਵਿੱਚ 72 ਗੀਤ ਸਨ ਤੇ ਉੱਧਰ 1960 ਵਿੱਚ ਉੱਘੇ ਫਿਲਮਸਾਜ਼ ਬੀ.ਆਰ.ਚੋਪੜਾ ਨੇ ਅਸ਼ੋਕ ਕੁਮਾਰ, ਰਜਿੰਦਰ ਕੁਮਾਰ ਅਤੇ ਨੰਦਾ ਜਿਹੇ ਸਿਤਾਰਿਆ ਨੂੰ ਲੈ ਕੇ ਫਿਲਮ ‘ਕਾਨੂੰਨ’ ਬਣਾਈ ਸੀ ਜਿਸ ਵਿੱਚ ਇੱਕ ਵੀ ਗੀਤ ਨਹੀਂ ਸੀ। ਬਿਨਾਂ ਗੀਤਾਂ ਵਾਲੀ ਇਹ ਬੌਲੀਵੁੱਡ ਦੀ ਪਹਿਲੀ ਫਿਲਮ ਮੰਨੀ ਜਾਂਦੀ ਹੈ।

Advertisement

ਬੌਲੀਵੁੱਡ ਦੇ ਗੀਤ-ਸੰਗੀਤ ਵਿੱਚ ਭਾਰਤੀ ਲੋਕ ਸੰਗੀਤ, ਖੇਤਰੀ ਸੰਗੀਤ ਅਤੇ ਪੱਛਮੀ ਸੰਗੀਤ ਦੀ ਭਰਪੂਰ ਵਰਤੋਂ ਕਰਨ ਦੇ ਨਾਲ-ਨਾਲ ਦੁਨੀਆ ਵਿੱਚ ਉਪਲੱਬਧ ਹਰੇਕ ਸ਼ੈਲੀ ਦੇ ਸੰਗੀਤ ਦੀ ਵਰਤੋਂ ਕੀਤੀ ਗਈ ਹੈ ਤੇ ਬੋਲਾਂ ਦੇ ਪੱਖ ਤੋਂ ਹਿੰਦੀ ਅਤੇ ਉਰਦੂ ਦੀ ਜ਼ਿਆਦਾ ਵਰਤੋਂ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵੀ ਗੀਤਾਂ ਵਿੱਚ ਜਗ੍ਹਾ ਦਿੱਤੀ ਗਈ ਹੈ। ਹਿੰਦੀ ਸਿਨੇਮਾ ਦੇ ਜੇਕਰ ਸਭ ਤੋਂ ਚਰਚਿਤ ਰਹੇ ਗੀਤਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਹਸਰਤ ਜੈਪੁਰੀ, ਸਾਹਿਰ ਲੁਧਿਆਣਵੀ, ਮਜਰੂਹ ਸੁਲਤਾਨਪੁਰੀ, ਅਨੰਦ ਬਖ਼ਸ਼ੀ, ਸੈਲੇਂਦਰ, ਗੁਲਜ਼ਾਰ, ਜਾਂ-ਨਿਸਾਰ ਅਖ਼ਤਰ, ਜਾਵੇਦ ਅਖ਼ਤਰ, ਕੈਫ਼ੀ ਆਜ਼ਮੀ, ਇਰਸ਼ਾਦ ਕਾਮਿਲ, ਅੰਜਾਨ, ਸਮੀਰ, ਸੰਤੋਸ਼ ਅਨੰਦ, ਪ੍ਰੇਮ ਧਵਨ, ਵਰਮਾ ਮਲਿਕ, ਨਿਦਾ ਫ਼ਾਜ਼ਲੀ, ਨੁਸਰਤ ਬਦਰ, ਅਮਿਤਾਬ ਭੱਟਾਚਾਰੀਆ, ਪ੍ਰਸੂਨ ਜੋਸ਼ੀ, ਮਾਇਆ ਗੋਵਿੰਦ, ਇੰਦੀਵਰ, ਐੱਮ.ਜੀ. ਹਸ਼ਮਤ, ਹਸਨ ਕਮਾਲ, ਰਜਿੰਦਰ ਕ੍ਰਿਸ਼ਨ, ਰਾਜਾ ਮਹਿੰਦੀ ਅਲੀ ਖ਼ਾਨ, ਦੇਵ ਕੋਹਲੀ, ਕੌਸਰ ਮੁਨੀਰ, ਦੀਵਾਨਾ ਹੁਸ਼ਿਆਰਪੁਰੀ, ਫ਼ਿਦਾ ਬਟਾਲਵੀ, ਯੋਗੇਸ਼, ਨੀਰਜ ਅਤੇ ਗੁਲਸ਼ਨ ਬਾਵਰਾ ਆਦਿ ਦੇ ਨਾਂ ਪ੍ਰਮੁੱਖ ਤੌਰ ’ਤੇ ਸਾਹਮਣੇ ਆਉਂਦੇ ਹਨ।

Advertisement

ਹਿੰਦੀ ਫਿਲਮਾਂ ਦੇ ਉਕਤ ਗੀਤਕਾਰਾਂ ਵੱਲੋਂ ਰਚੇ ਗਏ ਚੰਦ ਉਨ੍ਹਾਂ ਨਗ਼ਮਿਆਂ ਦੀ ਗੱਲ ਕਰੀਏ ਜੋ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਬੜੀ ਬੇਬਾਕੀ ਤੇ ਸਪੱਸ਼ਟਤਾ ਨਾਲ ਬਿਆਨ ਕਰਦੇ ਹੋਏ ਮਨੁੱਖ ਨੂੰ ਸਹੀ ਸੇਧ ਤੇ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। 1968 ਵਿੱਚ ਬਣੀ ਫਿਲਮ ‘ਸਰਸਵਤੀ ਚੰਦਰ’ ਦਾ ਗੀਤ ‘ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲੀਏ, ਯੇ ਮੁਨਾਸਿਬ ਨਹੀਂ ਆਦਮੀ ਕੇ ਲੀਏ। ਪਿਆਰ ਸੇ ਭੀ ਜ਼ਰੂਰੀ ਕਈ ਕਾਮ ਹੈਂ, ਪਿਆਰ ਸਭ ਕੁਛ ਨਹੀਂ ਜ਼ਿੰਦਗੀ ਕੇ ਲੀਏ’ ਗੀਤਕਾਰ ਇੰਦੀਵਰ ਨੇ ਲਿਖਿਆ ਤੇ ਕਲਿਆਣ ਜੀ-ਅਨੰਦ ਜੀ ਦੀ ਜੋੜੀ ਨੇ ਸੰਗੀਤਬੱਧ ਕੀਤਾ ਸੀ। ਇਹ ਬੋਲ ਬਹੁਤ ਡੂੰਘਾ ਜੀਵਨ ਉਪਦੇਸ਼ ਦਿੰਦਿਆਂ ਦੱਸਦੇ ਹਨ ਕਿ ਕਈ ਵਾਰ ਮਨੁੱਖ ਦੇ ਜੀਵਨ ਵਿੱਚ ਅਜਿਹੀਆਂ ਜ਼ਿੰਮੇਵਾਰੀਆਂ ਆਣ ਪੈਂਦੀਆਂ ਹਨ ਕਿ ਉਸ ਨੂੰ ਆਪਣੀ ਮੁਹੱਬਤ ਕੁਰਬਾਨ ਕਰਨੀ ਪੈ ਜਾਂਦੀ ਹੈ ਤੇ ਉਸ ਹਾਲਤ ਵਿੱਚ ਵੀ ‘ਦਿਲ ਨਾ ਚਾਹੇ ਭੀ, ਤੋ ਸਾਥ ਸੰਸਾਰ ਕੇ, ਚਲਨਾ ਪੜਤਾ ਹੈ, ਸਭ ਕੀ ਖ਼ੁਸ਼ੀ ਕੇ ਲੀਏ।’ ਭਾਵ ਆਪਣਾ ਮਨ ਮਾਰ ਕੇ ਤੇ ਆਪਣੀਆਂ ਖ਼ਾਹਿਸ਼ਾਂ ਦਾ ਗਲਾ ਘੁੱਟ ਕੇ ਜ਼ਿੰਦਗੀ ’ਚ ਅੱਗੇ ਵਧਣਾ ਪੈਂਦਾ ਹੈ। ਸੱਚੀ ਮੁਹੱਬਤ ਦਾ ਗੁਣ ਬਿਆਨ ਕਰਦਿਆਂ ਇਹ ਗੀਤ ਦੱਸਦਾ ਹੈ, ‘ਤਨ ਸੇ ਤਨ ਕਾ ਮਿਲਨ ਹੋ ਨਾ ਪਾਇਆ ਤੋ ਕਿਆ, ਮਨ ਸੇ ਮਨ ਕਾ ਮਿਲਨ ਕੋਈ ਕਮ ਤੋ ਨਹੀਂ। ਖ਼ੁਸ਼ਬੂ ਆਤੀ ਰਹੇ ਦੂਰ ਸੇ ਹੀ ਮਗਰ, ਸਾਮਨੇ ਹੋ ਚਮਨ ਕੋਈ ਕਮ ਤੋ ਨਹੀਂ। ਚਾਂਦ ਮਿਲਤਾ ਨਹੀਂ ਸਭ ਕੋ ਸੰਸਾਰ ਮੇਂ, ਹੈ ਦੀਆ ਹੀ ਬਹੁਤ ਰੌਸ਼ਨੀ ਕੇ ਲੀਏ।’

ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਅਧੂਰੀਆਂ ਰਹਿ ਗਈਆਂ ਮੁਹੱਬਤਾਂ ਜਾਂ ਖ਼ਾਹਿਸ਼ਾਂ ਦਾ ਮਾਤਮ ਮਨਾਉਣ ਦੀ ਥਾਂ ਹੌਸਲਾ ਰੱਖਣ ਦਾ ਸੰਦੇਸ਼ ਦਿੰਦੇ ਦੋ ਹੋਰ ਗੀਤਾਂ ’ਚੋਂ ਪਹਿਲਾ ਗੀਤ ‘’ਹਰ ਕਿਸੀ ਕੋ ਨਹੀਂ ਮਿਲਤਾ, ਯਹਾਂ ਪਿਆਰ ਜ਼ਿੰਦਗੀ ਮੇਂ’ 1986 ਵਿਚ ਸਾਧਨਾ ਸਰਗਮ ਅਤੇ ਮਨਹਰ ਉਧਾਸ ਨੇ ਫਿਲਮ ‘ਜਾਂਬਾਜ਼’ ਲਈ ਗਾਇਆ ਸੀ ਤੇ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਪ੍ਰਗਟਾਉਂਦਾ ਇੱਕ ਹੋਰ ਗੀਤ ‘ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ। ਕਹੀਂ ਜ਼ਮੀਂ ਤੋਂ ਕਹੀਂ ਆਸਮਾਂ ਨਹੀਂ ਮਿਲਤਾ’ 1981 ਵਿੱਚ ਰਿਲੀਜ਼ ਹੋਈ ਫਿਲਮ ‘ਆਹਿਸਤਾ-ਆਹਿਸਤਾ’ ਲਈ ਗਾਇਕ ਭੁਪਿੰਦਰ ਸਿੰਘ ਨੇ ਗਾਇਆ ਸੀ। ਇਹ ਗੀਤ ਕਿਸੇ ਸ਼ਖ਼ਸ ਨੂੰ ਉਸ ਦੇ ਸੁਫ਼ਨੇ ਅਧੂਰੇ ਰਹਿ ਜਾਣ ’ਤੇ ਦੁਖੀ ਹੋਣ ਦੀ ਥਾਂ ਇਸ ਤਸੱਲੀ ਨਾਲ ਜਿਊਣ ਦੀ ਤਾਕੀਦ ਕਰਦਾ ਹੈ ਕਿ ਦੁਨੀਆ ਵਿੱਚ ਅਜਿਹੇ ਹੋਰ ਵੀ ਕਰੋੜਾਂ ਲੋਕ ਹਨ ਜਿਨ੍ਹਾਂ ਦੀਆਂ ਖ਼ਾਹਿਸ਼ਾਂ ਪੂਰੀਆਂ ਨਹੀਂ ਹੋ ਸਕੀਆਂ ਹਨ।

ਹਿੰਦੀ ਸਿਨੇਮਾ ਵਿੱਚ ਅਜਿਹੇ ਯਾਦਗਾਰੀ ਗੀਤ ਵੀ ਰਚੇ ਗਏ ਹਨ ਜੋ ਮਨੁੱਖ ਨੂੰ ਜ਼ਿੰਦਗੀ ਦੇ ਦੁੱਖਾਂ ਦੀ ਚਿੰਤਾ ਤਿਆਗ ਕੇ ਪਰਮਾਤਮਾ ’ਤੇ ਭਰੋਸਾ ਰੱਖਦਿਆਂ ਹੋਇਆਂ ਅੱਗੇ ਵਧਣ ਦਾ ਹੌਸਲਾ ਪ੍ਰਦਾਨ ਕਰਦੇ ਹਨ। 1964 ਵਿੱਚ ਬਣੀ ਅਤੇ ਕਈ ਸਾਰੇ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਿੱਚ ਸਫਲ ਰਹੀ ਫਿਲਮ ‘ਦੋਸਤੀ’ ਵਿਚਲਾ ਗੀਤ ‘ਰਾਹੀ ਮਨਵਾ ਦੁਖ ਕੀ ਚਿੰਤਾ ਕਿਉਂ ਸਤਾਤੀ ਹੈ, ਦੁਖ ਤੋ ਅਪਨਾ ਸਾਥੀ ਹੈ। ਸੁਖ ਹੈ ਏਕ ਛਾਂਵ ਢਲਤੀ, ਆਤੀ ਹੈ ਜਾਤੀ ਹੈ।’ ਸਿਰਮੌਰ ਗਾਇਕ ਮੁਹੰਮਦ ਰਫ਼ੀ ਨੇ ਗਾਇਆ ਸੀ ਤੇ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ ਨੇ ਸੰਗੀਤਬੱਧ ਕੀਤਾ ਸੀ। ਇਹ ਗੀਤ ਜੀਵਨ ਦੇ ਦੁੱਖਾਂ ਨੂੰ ਦਰਪੇਸ਼ ਮਨੁੱਖ ਨੂੰ ਚਿੰਤਾ ਤਿਆਗ ਕੇ ਦੁੱਖਾਂ ਨਾਲ ਸਾਂਝ ਪਾ ਲੈਣ ਦਾ ਉਪਦੇਸ਼ ਦਿੰਦਾ ਹੈ ਕਿਉਂਕਿ ਸੁੱਖ ਤਾਂ ਚਲਾਇਮਾਨ ਹਨ ਜਦੋਂ ਕਿ ਦੁੱਖ ਸਾਡੇ ਲੰਮੇ ਸਮੇਂ ਤੱਕ ਰਹਿਣ ਵਾਲੇ ਸਾਥੀ ਹਨ। ਇਸੇ ਤਰ੍ਹਾਂ 1970 ਵਿੱਚ ਬਣੀ ਫਿਲਮ ‘ਗੋਪੀ’ ਵਿੱਚ ਗੀਤਕਾਰ ਰਾਜਿੰਦਰ ਕ੍ਰਿਸ਼ਨ ਦੇ ਬੋਲਾਂ ‘’ਸੁਖ ਕੇ ਸਭ ਸਾਥੀ, ਦੁਖ ਮੇਂ ਨਾ ਕੋਇ’ ਨੂੰ ਕਲਿਆਣ ਜੀ-ਅਨੰਦ ਜੀ ਨੇ ਸੰਗੀਤਬੱਧ ਕੀਤਾ ਸੀ ਤੇ ਮੁਹੰਮਦ ਰਫ਼ੀ ਨੇ ਇਸ ਗੀਤ ਨੂੰ ਆਪਣੀ ਆਵਾਜ਼ ਪ੍ਰਦਾਨ ਕੀਤੀ ਸੀ। ਇਹ ਗੀਤ ਜੀਵਨ ਦੇ ਇਸ ਕੌੜੇ ਸੱਚ ਨੂੰ ਬਿਆਨ ਕਰਦਾ ਹੈ ਕਿ ਜਦੋਂ ਮਨੁੱਖ ਕੋਲ ਧਨ, ਦੌਲਤ ਤੇ ਜ਼ਮੀਨ-ਜਾਇਦਾਦ ਹੁੰਦੀ ਹੈ, ਉਦੋਂ ਸਭ ਲੋਕ ਉਸ ਨਾਲ ਰਿਸ਼ਤਾ ਜੋੜ ਲੈਂਦੇ ਹਨ, ਪਰ ਜਦੋਂ ਉਸੇ ਮਨੁੱਖ ’ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤਾਂ ਉਹੀ ਲੋਕ ਸਾਥ ਛੱਡ ਜਾਂਦੇ ਹਨ ਭਾਵ ਸੰਸਾਰ ਦੇ ਰਿਸ਼ਤੇ ਨਾਤੇ ਸਵਾਰਥ ’ਤੇ ਟਿਕੇ ਹਨ।

ਬਿਲਕੁਲ ਇਸੇ ਹੀ ਖ਼ਿਆਲ ਨੂੰ 1967 ਵਿੱਚ ਬਣੀ ਸੁਪਰਹਿੱਟ ਫਿਲਮ ‘ਉਪਕਾਰ’ ਦੇ ਗੀਤ ‘ਕਸਮੇਂ, ਵਾਅਦੇ, ਪਿਆਰ, ਵਫ਼ਾ, ਸਭ ਬਾਤੇਂ ਹੈਂ ਬਾਤੋਂ ਕਾ ਕਿਆ। ਕੋਈ ਕਿਸੀ ਕਾ ਨਹੀਂ ਯੇ ਝੂਠੇ ਨਾਤੇ ਹੈਂ, ਨਾਤੋਂ ਕਾ ਕਿਆ’ ਵਿੱਚ ਇੱਕ ਅੰਤਰਾ ਕੁਝ ਇਸ ਤਰ੍ਹਾਂ ਹੈ ‘ਸੁਖ ਮੇਂ ਤੇਰੇ ਸਾਥ ਚਲੇਂਗੇ, ਦੁਖ ਮੇਂ ਸਭ ਮੂੰਹ ਮੋੜੇਂਗੇ’ ਜੋ ਬੜੀ ਬੇਬਾਕੀ ਨਾਲ ਇਹ ਦੱਸਦਾ ਹੈ ਕਿ ਸੁੱਖ ਵਿੱਚ ਨਾਲ ਚੱਲਣ ਵਾਲੇ ਲੋਕ ਦੁੱਖ ਵਿੱਚ ਸਾਨੂੰ ਤਨਹਾ ਛੱਡ ਜਾਂਦੇ ਹਨ। ਗਾਇਕ ਮੰਨਾ ਡੇ ਦੇ ਗਾਏ ਇਸ ਗੀਤ ਦੇ ਬੋਲ ਕਮਰ ਜਲਾਲਾਬਾਦੀ ਨੇ ਲਿਖੇ ਸਨ ਤੇ ਸੰਗੀਤ ਕਲਿਆਣ ਜੀ-ਅਨੰਦ ਜੀ ਨੇ ਦਿੱਤਾ ਸੀ। ਸੋ ਉਕਤ ਗੀਤ ਹਰੇਕ ਮਨੁੱਖ ਨੂੰ ਇਹ ਤਾਕੀਦ ਕਰਦੇ ਹਨ ਕਿ ਦੁੱਖ ਸਾਨੂੰ ਇਕੱਲਿਆ ਹੀ ਝੱਲਣੇ ਪੈਂਦੇ ਹਨ ਜਿਸ ਕਰਕੇ ਜੀਵਨ ਦੇ ਦੁੱਖਾਂ ਤੇ ਪਰੇਸ਼ਾਨੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਸਾਨੂੰ ਮਾਨਸਿਕ ਤੌਰ ’ਤੇ ਸਦਾ ਹੀ ਤਿਆਰ ਰਹਿਣਾ ਚਾਹੀਦਾ ਹੈ।

ਸਾਲ 2001 ਵਿੱਚ ਬਣੀ ਫਿਲਮ ‘ਯੇ ਜ਼ਿੰਦਗੀ ਕਾ ਸਫ਼ਰ’ ਦੇ ਇੱਕ ਗੀਤ ਵਿੱਚ ਸ਼ਾਇਰ ਫ਼ੈਜ਼ ਅਨਵਰ ਨੇ ਲਿਖਿਆ ਸੀ, ‘ਜ਼ਮਾਨੇ ਮੇਂ ਸਭੀ ਕੋ ਮਿਲਤੇ ਹੈਂ ਗ਼ਮ, ਤੁਮ ਨਾ ਘਬਰਾਨਾ।’ ਇਸ ਗੀਤ ਨੂੰ ਹਰੀਹਰਨ ਨੇ ਗਾਇਆ ਸੀ ਤੇ ਸੰਗੀਤ ਨਿਰਦੇਸ਼ਨ ਡੱਬੂ ਮਲਿਕ ਦਾ ਸੀ। ਫਿਲਮਸਾਜ਼ ਬੀ.ਆਰ. ਚੋਪੜਾ ਨੇ 1967 ਵਿੱਚ ਇੱਕ ਸੁਪਰਹਿੱਟ ਫਿਲਮ ‘ਹਮਰਾਜ਼’ ਬਣਾਈ ਸੀ ਜਿਸ ਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਸਨ। ਇਸ ਫਿਲਮ ਦਾ ਇੱਕ ਗੀਤ ਕਈ ਵਰ੍ਹਿਆਂ ਤੱਕ ਰੇਡੀਓ ਅਤੇ ਟੀ.ਵੀ. ’ਤੇ ਚੱਲਦਾ ਰਿਹਾ ਸੀ ਤੇ ਉਸ ਗੀਤ ਦੇ ਬੋਲ ਸਨ, ‘ਨਾ ਮੂੰਹ ਛੁਪਾ ਕੇ ਜੀਓ ਔਰ ਨਾ ਸਿਰ ਝੁਕਾ ਕੇ ਜੀਓ। ਗ਼ਮੋਂ ਕਾ ਦੌਰ ਭੀ ਆਏ ਤੋ ਮੁਸਕਰਾ ਕੇ ਜੀਓ।’ ਇਹ ਗੀਤ ਸਾਹਿਰ ਲੁਧਿਆਣਵੀ ਦੀ ਰਚਨਾ ਸੀ ਤੇ ਗਾਇਕ ਮਹਿੰਦਰ ਕਪੂਰ ਨੇ ਇਸ ਗੀਤ ਨੂੰ ਰਵੀ ਦੇ ਦਿਲਕਸ਼ ਸੰਗੀਤ ਵਿੱਚ ਗਾਇਆ ਸੀ। ਇਹ ਗੀਤ ਵੀ ਦੁੱਖਾਂ ਅਤੇ ਪਰੇਸ਼ਾਨੀਆਂ ਤੋਂ ਹਤਾਸ਼ ਹੋ ਚੁੱਕੇ ਮਨੁੱਖ ਨੂੰ ਆਪਣਾ ਹੌਸਲਾ ਬੁਲੰਦ ਰੱਖਣ ਦੀ ਮੱਤ ਦਿੰਦਿਆਂ ਪ੍ਰੇਰਿਤ ਕਰਦਾ ਹੈ ਕਿ ਉਹ ਦੁੱਖਾਂ ਅੱਗੇ ਗੋਡੇ ਨਾ ਟੇਕੇ ਤੇ ਪਰੇਸ਼ਾਨੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਦਾ ਸਾਹਮਣਾ ਕਰੇ। ਇਹ ਗੀਤ ਆਖਦਾ ਹੈ, ‘ਨਾ ਜਾਨੇ ਕੌਨ ਸਾ ਪਲ ਮੌਤ ਕੀ ਅਮਾਨਤ ਹੋ, ਹਰੇਕ ਪਲ ਕੀ ਖ਼ੁਸ਼ੀ ਕੋ ਗਲੇ ਲਗਾ ਕੇ ਜੀਓ’ ਭਾਵ ਕਿ ਪਤਾ ਨਹੀਂ ਕਦੋਂ ਸਾਨੂੰ ਇਹ ਸੰਸਾਰ ਛੱਡ ਕੇ ਅਗਲੇ ਜਹਾਨ ਜਾਣਾ ਪੈ ਜਾਵੇ, ਇਸ ਲਈ ਦੁਖੀ ਤੇ ਉਦਾਸ ਜਾਂ ਨਿਰਾਸ਼ ਹੋ ਕੇ ਜਿਊਣ ਨਾਲੋਂ ਚੰਗਾ ਹੈ ਕਿ ਮੁਸੀਬਤਾਂ ਨੂੰ ਹੱਸਦਿਆਂ-ਹੱਸਦਿਆਂ ਬਰਦਾਸ਼ਤ ਕਰਦੇ ਹੋਏ ਇਸ ਜਹਾਨ ਤੋਂ ਚਲੇ ਜਾਈਏ।

ਹਿੰਦੀ ਫਿਲਮਾਂ ਦੇ ਕੁਝ ਗੀਤ ਅਜਿਹੇ ਵੀ ਹਨ ਜੋ ਮਨੁੱਖ ਨੂੰ ਆਉਣ ਵਾਲੇ ਸਮੇਂ ਦੀ ਅਨਿਸ਼ਚਿਤਤਾ ਨੂੰ ਧਿਆਨ ’ਚ ਰੱਖ ਕੇ ਦੁਖੀ ਹੋਣ ਦੀ ਥਾਂ ਬੇਫ਼ਿਕਰ ਹੋ ਕੇ ਜੀਵਨ ਜਿਊਣ ਲਈ ਪ੍ਰੇਰਦੇ ਹਨ। ਹਸਰਤ ਜੈਪੁਰੀ ਦਾ ਲਿਖਿਆ ਤੇ ਸ਼ੰਕਰ-ਜੈ ਕਿਸ਼ਨ ਵੱਲੋਂ ਸੰਗੀਤਬੱਧ ਕੀਤਾ ਫਿਲਮ ‘ਅੰਦਾਜ਼’ ਦਾ ਰਾਜੇਸ਼ ਖੰਨਾ ਅਤੇ ਹੇਮਾ ਮਾਲਿਨੀ ’ਤੇ ਫਿਲਮਾਇਆ ਗਿਆ ਗੀਤ, ‘ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕੱਲ ਕਿਆ ਹੋ ਕਿਸਨੇ ਜਾਨਾ’ ਸਾਨੂੰ ਇਹ ਸਮਝਾਉਂਦਾ ਹੈ ਕਿ ਭਵਿੱਖ ਦੇ ਗਰਭ ’ਚ ਕੀ ਲੁਕਿਆ ਹੈ, ਇਹ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਜਾਣਦਾ। ਇਸ ਲਈ ਸਾਨੂੰ ਭਵਿੱਖ ਨੂੰ ਲੈ ਕੇ ਬੇਕਾਰ ਵਿੱਚ ਚਿੰਤਿਤ ਨਹੀਂ ਰਹਿਣਾ ਚਾਹੀਦਾ ਹੈ ਤੇ ਹੌਲੇ ਭਾਰ ਹੋ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। 1959 ਵਿੱਚ ਬਣੀ ਫਿਲਮ ‘ਅਨਾੜੀ’ ਦਾ ਗੀਤ ‘ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ, ਕਿਸੀ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ, ਜੀਨਾ ਇਸੀ ਕਾ ਨਾਮ ਹੈ।’ ਬੇਹੱਦ ਮਕਬੂਲ ਹੋਇਆ ਸੀ। ਮੁਕੇਸ਼ ਦੇ ਗਾਏ ਇਸ ਗੀਤ ਦੇ ਬੋਲ ਸ਼ੈਲੇਂਦਰ ਨੇ ਲਿਖੇ ਸਨ ਜਦੋਂ ਕਿ ਸ਼ੰਕਰ-ਜੈ ਕਿਸ਼ਨ ਨੇ ਇਸ ਗੀਤ ਨੂੰ ਸੁਰੀਲਾ ਸੰਗੀਤ ਪ੍ਰਦਾਨ ਕੀਤਾ ਸੀ। ਇਹ ਗੀਤ ਸਾਨੂੰ ਦੂਜਿਆਂ ਦਾ ਦੁੱਖ-ਦਰਦ ਵੰਡਾਅ ਲੈਣ ਦੀ ਸਲਾਹ ਦਿੰਦਾ ਹੈ ਕਿਉਂਕਿ ਸਾਡੇ ਸਿਆਣੇ ਪੁਰਖੇ ਆਖ ਗਏ ਸਨ ਕਿ ਦੁੱਖ ਵੰਡਣ ਨਾਲ ਘਟਦਾ ਹੈ ਤੇ ਖ਼ੁਸ਼ੀ ਵੰਡਣ ਨਾਲ ਵਧਦੀ ਹੈ।

ਦੁਨੀਆ ਦੇ ਹਰੇਕ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਦਾ ਪਾਠ ਪੜ੍ਹਾਉਂਦਿਆਂ ਫਿਲਮ ‘ਵਕਤ’ ਦੇ ਇੱਕ ਗੀਤ ਵਿੱਚ ਸਾਹਿਰ ਲੁਧਿਆਣਵੀ ਨੇ ਲਿਖਿਆ ਸੀ, ‘ਵਕਤ ਕੇ ਦਿਨ ਔਰ ਰਾਤ, ਵਕਤ ਕੇ ਕੱਲ ਔਰ ਆਜ। ਵਕਤ ਕੀ ਹਰ ਸ਼ੈਅ ਗ਼ੁਲਾਮ, ਵਕਤ ਕਾ ਹਰ ਸ਼ੈਅ ਪੇ ਰਾਜ’ ਭਾਵ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ। ਇਹ ਰੰਕ ਨੂੰ ਰਾਜਾ ਬਣਾ ਦਿੰਦਾ ਹੈ ਤੇ ਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦਾ ਹੈ। ਇਸ ਲਈ ਵਕਤ ਦੀ ਕਦਰ ਕਰਨੀ ਚਾਹੀਦੀ ਹੈ ਤੇ ਚੰਗੇ ਵਕਤ ਵਿੱਚ ਹੰਕਾਰ ਦੀ ਥਾਂ ਨਿਮਰਤਾ ਅਤੇ ਬੁਰੇ ਵਕਤ ਵਿੱਚ ਨਿਰਾਸ਼ਾ ਦੀ ਥਾ ਆਸ਼ਾ ਧਾਰਨ ਕਰਨੀ ਚਾਹੀਦੀ ਹੈ। ਵਕਤ ਚਾਹੇ ਚੰਗਾ ਹੋਵੇ ਜਾਂ ਮਾੜਾ ਇਹ ਗੁਜ਼ਰ ਹੀ ਜਾਂਦਾ ਹੈ ਤੇ ਗਿਆ ਹੋਇਆ ਵਕਤ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਪ੍ਰਸੰਗ ਵਿੱਚ ਕਿਸ਼ੋਰ ਕੁਮਾਰ ਦਾ ਫਿਲਮ ‘ਆਪ ਕੀ ਕਸਮ’ ਲਈ ਗਾਇਆ ਗੀਤ ‘ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈਂ ਜੋ ਮੁਕਾਮ, ਵੋ ਫਿਰ ਨਹੀਂ ਆਤੇ’ ਬਿਲਕੁਲ ਢੁੱਕਦਾ ਹੈ ਤੇ ਬਿਆਨ ਕਰਦਾ ਹੈ ਕਿ ਗੁਜ਼ਰੇ ਹੋਏ ਪਲ ਕਦੇ ਨਹੀਂ ਮੁੜਦੇ ਤੇ ਨਾ ਹੀ ਕੋਈ ਉਨ੍ਹਾਂ ਨੂੰ ਮੋੜ ਕੇ ਲਿਆ ਹੀ ਸਕਦਾ ਹੈ। ਅਸਲ ਵਿੱਚ ਅਨੰਦ ਬਖ਼ਸ਼ੀ ਵੱਲੋਂ ਲਿਖੇ ਤੇ ਆਰ.ਡੀ. ਬਰਮਨ ਵੱਲੋਂ ਸੰਗੀਤਬੱਧ ਕੀਤੇ ਇਸ ਗੀਤ ਵਿੱਚ ਸਮੇਂ ਦਾ ਮਹੱਤਵ ਬੜੇ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਫਿਲਮ ‘ਮੇਰਾ ਨਾਮ ਜੋਕਰ’ ਦੇ ਸਭ ਤੋਂ ਹਿਟ ਗੀਤ, ‘ਜੀਨਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ। ਕੱਲ ਖੇਲ ਮੇਂ ਹਮ ਹੋਂ ਨਾ ਹੋਂ, ਗਰਦਿਸ਼ ਮੇਂ ਤਾਰੇ ਰਹੇਂਗੇ ਸਦਾ’ ਦੇ ਭਾਵ-ਅਰਥ ਸਾਨੂੰ ਇਸ ਸਮਝਾਉਂਦੇ ਹਨ ਕਿ ਸਾਡੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਇਸ ਸੰਸਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ, ਇਸ ਲਈ ਸਾਨੂੰ ਫੋਕਟ ਦੇ ਹੰਕਾਰ ਨੂੰ ਤਿਆਗ ਕੇ ਹਰੇਕ ਨਾਲ ਪ੍ਰੇਮ ਅਤੇ ਨਿਮਰਤਾ ਸਹਿਤ ਪੇਸ਼ ਆਉਣਾ ਚਾਹੀਦਾ ਹੈ। ਇਹ ਅਮਰ ਗੀਤ ਗਾਇਕ ਮੁਕੇਸ਼ ਨੇ ਗਾਇਆ ਸੀ ਤੇ ਸੰਗੀਤਕਾਰ ਜੋੜੀ ਸ਼ੰਕਰ-ਜੈ ਕਿਸ਼ਨ ਨੇ ਇਸ ਗੀਤ ਲਈ ਅਤਿ ਸੁਰੀਲਾ ਸੰਗੀਤ ਤਿਆਰ ਕੀਤਾ ਸੀ। 1970 ਵਿੱਚ ਬਣੀ ਫਿਲਮ ‘ਸਫ਼ਰ’ ਦਾ ਗੀਤ ‘ਨਦੀਆ ਚਲੇ, ਚਲੇ ਰੇ ਧਾਰਾ, ਚੰਦਾ ਚਲੇ, ਚਲੇ ਰੇ ਤਾਰਾ, ਤੁਝਕੋ ਚਲਨਾ ਹੋਗਾ’ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਨਦੀ ਦੀ ਜਲ ਧਾਰਾ ਵਾਂਗ ਇਹ ਸੰਸਾਰ ਅਤੇ ਇਸ ਸੰਸਾਰ ਵਿਚਲਾ ਜੀਵਨ ਸਦਾ ਚੱਲਦਾ ਰਹਿੰਦਾ ਹੈ। ਇਸ ਗੀਤ ਦੇ ਅਗਲੇ ਬੋਲ ਹਨ, ‘ਜੀਵਨ ਕਭੀ ਭੀ ਠਹਿਰਤਾ ਨਹੀਂ ਹੈ, ਆਂਧੀ ਸੇ ਤੂਫ਼ਾਂ ਸੇ ਡਰਤਾ ਨਹੀਂ ਹੈ, ਤੂ ਨਾ ਚਲੇਗਾ ਤੋ ਚਲ ਦੇਂਗੀ ਰਾਹੇਂ’ ਭਾਵ ਕਿ ਕਿਸੇ ਮਨੁੱਖ ਦੇ ਇਸ ਸੰਸਾਰ ਵਿੱਚ ਆਉਣ ਜਾਂ ਚਲੇ ਜਾਣ ਨਾਲ ਇਹ ਸੰਸਾਰ ਰੁਕਦਾ ਨਹੀਂ ਹੈ ਇਸ ਲਈ ਸਾਨੂੰ ਆਪਣੀ ਤਾਕਤ ਜਾਂ ਪੈਸੇ ਦੇ ਹੰਕਾਰ ਦੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ।

ਸਾਲ 1966 ਵਿੱਚ ਬਣੀ ਫਿਲਮ ‘ਤੀਸਰੀ ਕਸਮ’ ਲਈ ਗਾਇਕ ਮੁਕੇਸ਼ ਵੱਲੋਂ ਗਾਇਆ ਗੀਤ;

ਸਜਨ ਰੇ ਝੂਠ ਮਤ ਬੋਲੋ

ਖ਼ੁਦਾ ਕੇ ਪਾਸ ਜਾਨਾ ਹੈ।

ਨਾ ਹਾਥੀ ਹੈ, ਨਾ ਘੋੜਾ ਹੈ

ਵਹਾਂ ਪੈਦਲ ਹੀ ਜਾਨਾ ਹੈ।

ਤੁਮਹਾਰੇ ਮਹਿਲ ਚੌਬਾਰੇ

ਯਹੀਂ ਰਹਿ ਜਾਏਂਗੇ ਸਾਰੇ

ਅਕੜ ਕਿਸ ਬਾਤ ਕੀ ਪਿਆਰੇ

ਯੇ ਸਿਰ ਫਿਰ ਭੀ ਝੁਕਾਨਾ ਹੈ।

ਭਲਾ ਕੀਜੈ ਭਲਾ ਹੋਗਾ

ਬੁਰਾ ਕੀਜੈ ਬੁਰਾ ਹੋਗਾ।

ਵਹੀ ਲਿਖ ਲਿਖ ਕੇ ਕਿਆ ਹੋਗਾ

ਯਹੀਂ ਸਭ ਕੁਛ ਚੁਕਾਨਾ ਹੈ।

ਤਾਂ ਮਨੁੱਖ ਦੇ ਜੀਵਨ ਦੀ ਹਕੀਕਤ ਨੂੰ ਸੱਚੋ-ਸੱਚ ਬਿਆਨ ਕਰਦਾ ਹੈ। ਇਹ ਗੀਤ ਦੱਸਦਾ ਹੈ ਕਿ ਸਾਡਾ ਸਭ ਕੁਝ ਅਖ਼ੀਰ ਇੱਥੇ ਹੀ ਪਿਆ ਰਹਿ ਜਾਣਾ ਹੈ। ਇਸ ਲਈ ਸਾਨੂੰ ਝੂਠ-ਫਰੇਬ ਤੇ ਬੇਈਮਾਨੀ ਦੀ ਥਾਂ ਸੱਚ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਸਮਾਂ ਰਹਿੰਦਿਆਂ ਹਰੇਕ ਮਨੁੱਖ ਨੂੰ ਆਪਣੀ ਸੋਚ ਤੇ ਆਪਣੇ ਕਰਮ ਸੁਆਰ ਲੈਣੇ ਚਾਹੀਦੇ ਹਨ ਤਾਂ ਕਿ ਮਰਨ ਪਿੱਛੋਂ ਸਾਈਂ ਦੇ ਦਰਬਾਰ ਜਾ ਕੇ ਸ਼ਰਮਿੰਦਾ ਨਾ ਹੋਣਾ ਪਏ। ਇਸ ਤਰ੍ਹਾਂ ਹਿੰਦੀ ਸਿਨੇਮਾ ਦੇ ਗੀਤਾਂ ਵਿੱਚ ਜੀਵਨ ਦੀਆਂ ਕਠੋਰ ਹਕੀਕਤਾਂ ਦਾ ਹੋਕਾ ਪੁਰਜ਼ੋਰ ਢੰਗ ਨਾਲ ਦਿੱਤਾ ਗਿਆ ਹੈ ਜਿਸ ਨੂੰ ਸਮਝਣ, ਵਿਚਾਰਨ ਤੇ ਮੰਨਣ ਦੀ ਭਾਰੀ ਲੋੜ ਹੈ।

ਸੰਪਰਕ: 97816-46008

Advertisement
×