ਮਤਲਬ ਦੀ ਤੱਕੜੀ ਵਿੱਚ ਤੁਲਦੇ ਰਿਸ਼ਤੇ
ਮਨੁੱਖੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ, ਪਵਿੱਤਰ ਅਤੇ ਮਜ਼ਬੂਤ ਪਾਸਾ ਇਹ ਹੈ ਕਿ ਇਹ ਆਪਸੀ ਸਾਂਝ, ਅਟੁੱਟ ਵਿਸ਼ਵਾਸ, ਤਿਆਗ ਅਤੇ ਅਪਣੱਤ ਦੇ ਸਿਰ ’ਤੇ ਚੱਲਦੀ ਹੈ। ਸਦੀਆਂ ਤੋਂ ਸਮਾਜ ਦਾ ਨਿਯਮ ਰਿਹਾ ਹੈ ਕਿ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਬਿਨਾਂ ਕਿਸੇ...
ਮਨੁੱਖੀ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ, ਪਵਿੱਤਰ ਅਤੇ ਮਜ਼ਬੂਤ ਪਾਸਾ ਇਹ ਹੈ ਕਿ ਇਹ ਆਪਸੀ ਸਾਂਝ, ਅਟੁੱਟ ਵਿਸ਼ਵਾਸ, ਤਿਆਗ ਅਤੇ ਅਪਣੱਤ ਦੇ ਸਿਰ ’ਤੇ ਚੱਲਦੀ ਹੈ। ਸਦੀਆਂ ਤੋਂ ਸਮਾਜ ਦਾ ਨਿਯਮ ਰਿਹਾ ਹੈ ਕਿ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਬਿਨਾਂ ਕਿਸੇ ਸਵਾਰਥ ਦੇ ਸ਼ਾਮਲ ਹੋਣਾ, ਕਿਸੇ ਮਜਬੂਰ ਦੀ ਬਾਂਹ ਫੜਨਾ ਅਤੇ ਬਿਨਾਂ ਕਿਸੇ ਲਾਲਚ ਦੇ ਕਿਸੇ ਦੇ ਕੰਮ ਆਉਣਾ ਹੀ ਇਨਸਾਨੀਅਤ ਦਾ ਅਸਲ ਗਹਿਣਾ ਹੈ, ਪਰ ਅੱਜ ਦੇ ਆਧੁਨਿਕ ਅਤੇ ਭੌਤਿਕਵਾਦੀ ਯੁੱਗ ਵਿੱਚ ਜਿੱਥੇ ਹਰ ਚੀਜ਼ ਦੀ ਕੀਮਤ ਪੈਸੇ, ਰੁਤਬੇ ਅਤੇ ਨਿੱਜੀ ਫਾਇਦੇ ਨਾਲ ਤੈਅ ਹੋਣ ਲੱਗ ਪਈ ਹੈ, ਉੱਥੇ ਮਨੁੱਖੀ ਰਿਸ਼ਤੇ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ। ਅੱਜ ਸਾਡਾ ਸਮਾਜ ਇੱਕ ਅਜਿਹੇ ਨਿਰਾਸ਼ਾਜਨਕ ਮੋੜ ’ਤੇ ਆ ਖੜ੍ਹਾ ਹੈ, ਜਿੱਥੇ ਰੂਹਾਨੀ ਪਿਆਰ ਅਤੇ ਸੱਚੀ ਹਮਦਰਦੀ ਦੀ ਥਾਂ ‘ਮਤਲਬਪ੍ਰਸਤੀ’ ਨੇ ਲੈ ਲਈ ਹੈ।
ਜੇਕਰ ਅਸੀਂ ਅਜੋਕੇ ਸਮਾਜਿਕ ਤਾਣੇ-ਬਾਣੇ ਦਾ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਹ ਕੌੜੀ ਹਕੀਕਤ ਸਾਫ਼ ਨਜ਼ਰ ਆਉਂਦੀ ਹੈ ਕਿ ਜ਼ਿੰਦਗੀ ਦੇ ਰੰਗਮੰਚ ’ਤੇ ਤਿੰਨ ਨਕਾਰਾਤਮਕ ਕਿਰਦਾਰ- ਬੇਈਮਾਨ, ਸੁਆਰਥੀ ਅਤੇ ਅਵਸਰਵਾਦੀ- ਮਨੁੱਖੀ ਰਿਸ਼ਤਿਆਂ ਦੀਆਂ ਬੁਨਿਆਦਾਂ ਨੂੰ ਸਭ ਤੋਂ ਵੱਧ ਖੋਖਲਾ ਕਰ ਰਹੇ ਹਨ। ਇਹ ਉਹ ਲੋਕ ਹਨ ਜੋ ਕਿਸੇ ਵੀ ਸਾਂਝ ਨੂੰ ਦਿਲ ਜਾਂ ਰੂਹ ਨਾਲ ਨਹੀਂ ਨਿਭਾਉਂਦੇ, ਸਗੋਂ ਦਿਮਾਗ਼ ਦੀ ਗਣਿਤ, ਫਾਇਦੇ-ਨੁਕਸਾਨ ਦੇ ਫਾਰਮੂਲਿਆਂ ਅਤੇ ‘ਮਤਲਬ ਦੀ ਤੱਕੜੀ’ ਵਿੱਚ ਤੋਲ ਕੇ ਨਿਭਾਉਂਦੇ ਹਨ। ਰਿਸ਼ਤਿਆਂ ਵਿੱਚ ਆਈ ਇਹ ਗਿਰਾਵਟ ਕੇਵਲ ਪਰਿਵਾਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਇਸ ਨੇ ਪੂਰੇ ਸਮਾਜਿਕ ਢਾਂਚੇ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ, ਜਿਸ ਕਾਰਨ ਮਨੁੱਖੀ ਸਾਂਝ ਦੀ ਨਿੱਘ ਖ਼ਤਮ ਹੁੰਦੀ ਜਾ ਰਹੀ ਹੈ।
ਇਸ ਤੱਕੜੀ ਦਾ ਪਹਿਲਾ ਅਤੇ ਸਭ ਤੋਂ ਖ਼ਤਰਨਾਕ ਕਿਰਦਾਰ ‘ਬੇਈਮਾਨ’ ਹੈ। ਜਦੋਂ ਅਸੀਂ ਬੇਈਮਾਨੀ ਸ਼ਬਦ ਸੁਣਦੇ ਹਾਂ ਤਾਂ ਆਮ ਤੌਰ ’ਤੇ ਸਾਡੇ ਦਿਮਾਗ਼ ਵਿੱਚ ਪੈਸੇ ਦੀ ਹੇਰਾਫੇਰੀ ਜਾਂ ਕਿਸੇ ਵਪਾਰਕ ਧੋਖਾਧੜੀ ਦਾ ਖ਼ਿਆਲ ਆਉਂਦਾ ਹੈ, ਪਰ ਇਸ ਦੇ ਨਾਲ-ਨਾਲ ਬੇਈਮਾਨੀ ਦਾ ਸਭ ਤੋਂ ਭਿਆਨਕ, ਅਸਲੀ ਅਤੇ ਮਾਰੂ ਰੂਪ ਜਜ਼ਬਾਤੀ ਅਤੇ ਰਿਸ਼ਤਿਆਂ ਦੀ ਬੇਈਮਾਨੀ ਹੈ। ਇੱਕ ਜਜ਼ਬਾਤੀ ਤੌਰ ’ਤੇ ਬੇਈਮਾਨ ਵਿਅਕਤੀ ਦੀ ਸਭ ਤੋਂ ਵੱਡੀ ਤਰਾਸਦੀ ਅਤੇ ਪਛਾਣ ਇਹ ਹੁੰਦੀ ਹੈ ਕਿ ਉਸ ਨੂੰ ਆਪਣੀ ਕਿਸੇ ਵੀ ਗ਼ਲਤ ਹਰਕਤ, ਝੂਠ ਜਾਂ ਧੋਖੇ ’ਤੇ ਕਦੇ ਕੋਈ ਪਛਤਾਵਾ ਨਹੀਂ ਹੁੰਦਾ। ਪਛਤਾਵਾ ਹਮੇਸ਼ਾਂ ਉੱਥੇ ਹੁੰਦਾ ਹੈ ਜਿੱਥੇ ਇਨਸਾਨ ਦੀ ਜ਼ਮੀਰ ਜਿਊਂਦੀ ਹੋਵੇ, ਪਰ ਬੇਈਮਾਨੀ ਦੇ ਰਾਹ ’ਤੇ ਚੱਲਣ ਵਾਲੇ ਲੋਕ ਆਪਣੇ ਅੰਦਰ ਦੀ ਆਵਾਜ਼ ਨੂੰ ਬਹੁਤ ਪਹਿਲਾਂ ਹੀ ਦਬਾ ਚੁੱਕੇ ਹੁੰਦੇ ਹਨ। ਅਜਿਹੇ ਲੋਕ ਸਾਹਮਣੇ ਵਾਲੇ ਦਾ ਅੰਨ੍ਹਾ ਵਿਸ਼ਵਾਸ ਜਿੱਤਦੇ ਹਨ, ਉਸ ਦੇ ਨਿਰਮਲ ਜਜ਼ਬਾਤਾਂ ਨਾਲ ਖੇਡਦੇ ਹਨ ਅਤੇ ਜਦੋਂ ਉਨ੍ਹਾਂ ਦਾ ਆਪਣਾ ਉੱਲੂ ਸਿੱਧਾ ਹੋ ਜਾਂਦਾ ਹੈ ਤਾਂ ਬਿਨਾਂ ਕਿਸੇ ਹਿਚਕਿਚਾਹਟ ਜਾਂ ਸ਼ਰਮ ਦੇ ਪਿੱਠ ਦਿਖਾ ਦਿੰਦੇ ਹਨ। ਉਨ੍ਹਾਂ ਦੇ ਮਨ ਵਿੱਚ ਇਹ ਗਿਲਾਨੀ ਕਦੇ ਨਹੀਂ ਆਉਂਦੇ ਕਿ ਉਨ੍ਹਾਂ ਦੇ ਕਾਰਨ ਕਿਸੇ ਮਾਸੂਮ ਦੀ ਜ਼ਿੰਦਗੀ ਬਰਬਾਦ ਹੋ ਗਈ ਜਾਂ ਕਿਸੇ ਦਾ ਭਰੋਸਾ ਹਮੇਸ਼ਾਂ ਲਈ ਟੁੱਟ ਗਿਆ। ਇਸ ਦੇ ਉਲਟ ਉਹ ਆਪਣੀ ਇਸ ਘਿਣਾਉਣੀ ਚਲਾਕੀ ਨੂੰ ਆਪਣੀ ਸਿਆਣਪ, ਦੂਰਅੰਦੇਸ਼ੀ ਅਤੇ ‘ਸਮਾਰਟਨੈੱਸ’ ਦਾ ਨਾਮ ਦਿੰਦੇ ਹਨ। ਉਹ ਸਮਾਜ ਵਿੱਚ ਬੜੀ ਆਕੜ ਅਤੇ ਫ਼ਖਰ ਨਾਲ ਘੁੰਮਦੇ ਹਨ ਕਿਉਂਕਿ ਉਨ੍ਹਾਂ ਲਈ ਦੂਜਿਆਂ ਦੀਆਂ ਭਾਵਨਾਵਾਂ ਅਤੇ ਹੰਝੂਆਂ ਦੀ ਕੋਈ ਕੀਮਤ ਨਹੀਂ ਹੁੰਦੀ; ਜਦੋਂ ਕੋਈ ਮਨੁੱਖ ਇਸ ਹੱਦ ਤੱਕ ਸੰਵੇਦਨਹੀਣ ਹੋ ਜਾਵੇ ਤਾਂ ਉਹ ਰਿਸ਼ਤਿਆਂ ਦਾ ਸਿਰਜਣਹਾਰ ਨਹੀਂ, ਸਗੋਂ ਜਜ਼ਬਾਤਾਂ ਦਾ ਬੇਰਹਿਮ ਵਪਾਰੀ ਬਣ ਜਾਂਦਾ ਹੈ।
ਦੂਜਾ ਕਿਰਦਾਰ ਜੋ ਅੱਜ ਦੇ ਸਮੇਂ ਵਿੱਚ ਹਰ ਘਰ, ਗਲੀ ਅਤੇ ਮੋੜ ’ਤੇ ਦੇਖਣ ਨੂੰ ਮਿਲਦਾ ਹੈ, ਉਹ ਹੈ ‘ਸੁਆਰਥੀ’ ਮਨੁੱਖ। ਸੁਆਰਥ ਇੱਕ ਅਜਿਹਾ ਮਾਨਸਿਕ ਪਰਦਾ ਹੈ ਜੋ ਇਨਸਾਨ ਦੀਆਂ ਅੱਖਾਂ ਦੇ ਅੱਗੇ ਆ ਕੇ ਉਸ ਨੂੰ ਸਿਰਫ਼ ਅਤੇ ਸਿਰਫ਼ ਆਪਣੀ ਜਾਤ, ਆਪਣੀ ਸੁਖ-ਸਹੂਲਤ ਤੋਂ ਇਲਾਵਾ ਕੁਝ ਹੋਰ ਦੇਖਣ ਜਾਂ ਸੋਚਣ ਹੀ ਨਹੀਂ ਦਿੰਦਾ। ਸੁਆਰਥੀ ਬੰਦੇ ਦੀ ਸਭ ਤੋਂ ਵੱਡੀ ਫ਼ਿਤਰਤ ਇਹ ਹੁੰਦੀ ਹੈ ਕਿ ਉਸ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ- ਖ਼ਾਸ ਕਰਕੇ ਉਨ੍ਹਾਂ ਪਲਾਂ ਨੂੰ ਲੈ ਕੇ ਜਦੋਂ ਕਿਸੇ ਨੇ ਉਸ ਦੀ ਬਿਪਤਾ, ਗ਼ਰੀਬੀ ਜਾਂ ਮੁਸ਼ਕਿਲ ਵੇਲੇ ਆਪਣਾ ਤਨ, ਮਨ ਅਤੇ ਧਨ ਲਗਾ ਕੇ ਮਦਦ ਕੀਤੀ ਹੁੰਦੀ ਹੈ। ਜਦੋਂ ਸੁਆਰਥੀ ਇਨਸਾਨ ਮੁਸੀਬਤ ਦੇ ਦੌਰ ਵਿੱਚ ਹੁੰਦਾ ਹੈ, ਜਦੋਂ ਉਸ ਦਾ ਕੋਈ ਸਹਾਰਾ ਨਹੀਂ ਹੁੰਦਾ, ਉਦੋਂ ਉਹ ਤੁਹਾਡੇ ਸਾਹਮਣੇ ਸਭ ਤੋਂ ਨਿਮਾਣਾ, ਮਾਸੂਮ ਅਤੇ ਵਫ਼ਾਦਾਰ ਬਣ ਕੇ ਪੇਸ਼ ਆਉਂਦਾ ਹੈ। ਤੁਸੀਂ ਉਸ ਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝ ਕੇ ਆਪਣਾ ਕੀਮਤੀ ਵਕਤ, ਪੈਸਾ ਅਤੇ ਜਜ਼ਬਾਤ ਸਭ ਕੁਝ ਦਾਅ ’ਤੇ ਲਗਾ ਦਿੰਦੇ ਹੋ, ਪਰ ਜਿਵੇਂ ਹੀ ਉਸ ਦੇ ਸੰਕਟ ਦੇ ਬੱਦਲ ਛਟਦੇ ਹਨ, ਉਸ ਦੇ ਦਿਨ ਫਿਰਦੇ ਹਨ ਅਤੇ ਉਹ ਆਰਥਿਕ ਜਾਂ ਸਮਾਜਿਕ ਤੌਰ ’ਤੇ ਮਜ਼ਬੂਤ ਹੁੰਦਾ ਹੈ, ਉਹ ਸਭ ਤੋਂ ਪਹਿਲਾਂ ਤੁਹਾਡੇ ਕੀਤੇ ਅਹਿਸਾਨਾਂ ਨੂੰ ਮਿੱਟੀ ਵਿੱਚ ਰੋਲ ਦਿੰਦਾ ਹੈ। ਅਹਿਸਾਨ-ਫ਼ਰਾਮੋਸ਼ੀ ਅਜਿਹੇ ਲੋਕਾਂ ਦੇ ਸੁਭਾਅ ਦਾ ਪੱਕਾ ਹਿੱਸਾ ਬਣ ਜਾਂਦੀ ਹੈ। ਜੇਕਰ ਤੁਸੀਂ ਕਦੇ ਭੁੱਲੇ-ਭਟਕੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਸ਼ਕਿਲ ਦਿਨਾਂ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਵੀ ਕਰੋ, ਤਾਂ ਉਹ ਉਸ ਨਿਰਸੁਆਰਥ ਮਦਦ ਨੂੰ ਵੀ ਤੁਹਾਡਾ ਕੋਈ ਨਿੱਜੀ ਮਤਲਬ ਜਾਂ ਸਾਜ਼ਿਸ਼ ਦੱਸ ਕੇ ਖ਼ਾਰਜ ਕਰ ਦਿੰਦੇ ਹਨ। ਇਨ੍ਹਾਂ ਲੋਕਾਂ ਲਈ ਦੂਜੇ ਇਨਸਾਨ ਸਿਰਫ਼ ਇੱਕ ਪੌੜੀ ਦੇ ਡੰਡੇ ਵਰਗੇ ਹੁੰਦੇ ਹਨ, ਜਿਨ੍ਹਾਂ ’ਤੇ ਪੈਰ ਰੱਖ ਕੇ ਉਹ ਸਫਲਤਾ ਦੀਆਂ ਉਚਾਈਆਂ ਵੱਲ ਚੜ੍ਹਦੇ ਹਨ ਅਤੇ ਮੰਜ਼ਿਲ ’ਤੇ ਪਹੁੰਚਦਿਆਂ ਹੀ ਉਸ ਪੌੜੀ ਨੂੰ ਲੱਤ ਮਾਰ ਕੇ ਡੇਗ ਦਿੰਦੇ ਹਨ ਤਾਂ ਜੋ ਕੋਈ ਹੋਰ ਉੱਥੇ ਨਾ ਪਹੁੰਚ ਸਕੇ।
ਇਸ ਕੜੀ ਵਿੱਚ ਤੀਜਾ ਅਤੇ ਸਭ ਤੋਂ ਬਹਿਰੂਪੀਆ ਕਿਰਦਾਰ ‘ਅਵਸਰਵਾਦੀ’ ਯਾਨੀ ਮੌਕਾਪ੍ਰਸਤ ਲੋਕਾਂ ਦਾ ਹੈ। ਇਹ ਉਹ ਲੋਕ ਹਨ ਜਿਨ੍ਹਾਂ ਦੀ ਆਪਣੀ ਕੋਈ ਪੱਕੀ ਵਫ਼ਾਦਾਰੀ, ਕੋਈ ਨੈਤਿਕ ਸਿਧਾਂਤ, ਕੋਈ ਆਦਰਸ਼ ਜਾਂ ਕੋਈ ਦੀਨ-ਈਮਾਨ ਨਹੀਂ ਹੁੰਦਾ। ਇਨ੍ਹਾਂ ਦੀ ਦੋਸਤੀ, ਪਿਆਰ, ਰਿਸ਼ਤੇਦਾਰੀ ਅਤੇ ਸਾਂਝ ਕਿਸੇ ਵਿਅਕਤੀ ਦੇ ਚੰਗੇ ਗੁਣਾਂ, ਉੱਚੇ ਸੁਭਾਅ ਜਾਂ ਇਨਸਾਨੀਅਤ ਨਾਲ ਨਹੀਂ, ਸਗੋਂ ਉਸ ਦੇ ਉੱਚੇ ਅਹੁਦੇ, ਸਮਾਜਿਕ ਰੁਤਬੇ, ਸਿਆਸੀ ਪਹੁੰਚ ਅਤੇ ਬੈਂਕ ਬੈਲੈਂਸ ਨਾਲ ਹੁੰਦੀ ਹੈ। ਜਦੋਂ ਤੱਕ ਤੁਹਾਡੀ ਸਮਾਜ ਵਿੱਚ ਚੜ੍ਹਾਈ ਹੈ, ਜਦੋਂ ਤੱਕ ਤੁਹਾਡੇ ਹੱਥ ਵਿੱਚ ਤਾਕਤ ਅਤੇ ਪੈਸਾ ਹੈ, ਇਹ ਅਵਸਰਵਾਦੀ ਲੋਕ ਤੁਹਾਡੇ ਪਰਛਾਵੇਂ ਵਾਂਗ ਤੁਹਾਡੇ ਅੱਗੇ-ਪਿੱਛੇ ਘੁੰਮਣਗੇ। ਉਹ ਤੁਹਾਡੀ ਹਰ ਸਹੀ-ਗ਼ਲਤ ਗੱਲ ’ਤੇ ਤਾਲੀਆਂ ਵਜਾਉਣਗੇ, ਤੁਹਾਡੀ ਹਰ ਜਾਇਜ਼-ਨਾਜਾਇਜ਼ ਹਰਕਤ ਦੀ ਜੀ-ਹਜ਼ੂਰੀ ਕਰਨਗੇ ਅਤੇ ਦਿਨ-ਰਾਤ ਤੁਹਾਨੂੰ ਇਹ ਯਕੀਨ ਦਿਵਾਉਣਗੇ ਕਿ ਇਸ ਪੂਰੇ ਸੰਸਾਰ ਵਿੱਚ ਉਨ੍ਹਾਂ ਤੋਂ ਵੱਡਾ ਤੁਹਾਡਾ ਕੋਈ ਹਮਦਰਦ ਜਾਂ ਖ਼ੈਰ-ਖ਼ਵਾਹ ਨਹੀਂ ਹੈ, ਪਰ ਜ਼ਿੰਦਗੀ ਦਾ ਪਹੀਆ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ, ਵਕਤ ਸਭ ਦਾ ਬਦਲਦਾ ਹੈ; ਜਿਵੇਂ ਹੀ ਤੁਹਾਡਾ ਵਕਤ ਬਦਲਦਾ ਹੈ, ਤੁਹਾਡੀ ਜੇਬ ਖ਼ਾਲੀ ਹੁੰਦੀ ਹੈ ਜਾਂ ਤੁਹਾਡੇ ਹੱਥੋਂ ਸੱਤਾ ਨਿਕਲਦੀ ਹੈ, ਇਹ ਲੋਕ ਸਭ ਤੋਂ ਪਹਿਲਾਂ ਰੰਗ ਬਦਲਦੇ ਹਨ ਅਤੇ ਪਾਸਾ ਵੱਟ ਲੈਂਦੇ ਹਨ। ਉਹ ਇੱਕ ਪਲ ਵਿੱਚ ਤੁਹਾਡਾ ਸਾਥ ਛੱਡ ਕੇ ਉਸ ਨਵੇਂ ਵਿਅਕਤੀ ਦੇ ਗ਼ੁਲਾਮ ਅਤੇ ਚਮਚੇ ਬਣ ਜਾਂਦੇ ਹਨ ਜੋ ਹੁਣ ਤਾਕਤ ਜਾਂ ਅਹੁਦੇ ’ਤੇ ਆਇਆ ਹੈ। ਅਵਸਰਵਾਦੀ ਇਨਸਾਨ ਕਦੇ ਕਿਸੇ ਦਾ ਸੱਚਾ ਮਿੱਤਰ, ਭਰਾ ਜਾਂ ਸਕਾ ਨਹੀਂ ਹੋ ਸਕਦਾ, ਕਿਉਂਕਿ ਉਸ ਦੀ ਅੰਨ੍ਹੀ ਵਫ਼ਾਦਾਰੀ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਫਾਇਦੇ ਅਤੇ ਮੌਕੇ ਨੂੰ ਸੰਭਾਲਣ ਪ੍ਰਤੀ ਹੁੰਦੀ ਹੈ।
ਇਨ੍ਹਾਂ ਤਿੰਨਾਂ ਕਿਰਦਾਰਾਂ (ਬੇਈਮਾਨ, ਸੁਆਰਥੀ, ਅਵਸਰਵਾਦੀ) ਦੀ ਸਭ ਤੋਂ ਵੱਡੀ ਅਤੇ ਸਾਂਝੀ ਬੁਰਾਈ ਇਹ ਹੈ ਕਿ ਇਹ ਸਾਰੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ‘ਮਤਲਬ ਦੀ ਤੱਕੜੀ’ ਵਿੱਚ ਤੋਲਦੇ ਹਨ। ਅੱਜ ਸਾਡੇ ਪਰਿਵਾਰਾਂ, ਸਕੇ-ਸਬੰਧੀਆਂ ਅਤੇ ਦੋਸਤੀਆਂ ਵਿੱਚ ਜੋ ਅਥਾਹ ਦੂਰੀਆਂ ਵਧ ਰਹੀਆਂ ਹਨ, ਘਰ-ਘਰ ਵਿੱਚ ਜੋ ਕਲੇਸ਼ ਅਤੇ ਅਦਾਲਤੀ ਮੁਕੱਦਮੇ ਚੱਲ ਰਹੇ ਹਨ, ਉਸ ਦਾ ਮੁੱਖ ਕਾਰਨ ਇਹੀ ਮਤਲਬੀ ਮਾਨਸਿਕਤਾ ਹੈ। ਜਦੋਂ ਇੱਕ ਨੌਜਵਾਨ ਪੁੱਤਰ ਆਪਣੇ ਬੁੱਢੇ, ਬਿਮਾਰ ਅਤੇ ਲਾਚਾਰ ਮਾਪਿਆਂ ਨੂੰ ਸਿਰਫ਼ ਇਸ ਲਈ ਬੋਝ ਸਮਝ ਕੇ ਬਿਰਧ ਆਸ਼ਰਮ ਛੱਡ ਆਉਂਦਾ ਹੈ ਕਿਉਂਕਿ ਹੁਣ ਉਹ ਕਮਾ ਕੇ ਨਹੀਂ ਦੇ ਸਕਦੇ, ਤਾਂ ਉਹ ਸੁਆਰਥ ਦੀ ਸਭ ਤੋਂ ਘਿਣਾਉਣੀ ਸਿਖਰ ਹੁੰਦੀ ਹੈ। ਜਦੋਂ ਇੱਕ ਸਕਾ ਭਰਾ ਦੂਜੇ ਭਰਾ ਦੀ ਜ਼ਮੀਨ, ਜਾਇਦਾਦ ਜਾਂ ਹੱਕ ਹੜੱਪਣ ਲਈ ਦਿਨ-ਰਾਤ ਖ਼ੂਨੀ ਸਾਜ਼ਿਸ਼ਾਂ ਘੜਦਾ ਹੈ, ਤਾਂ ਉਹ ਰਿਸ਼ਤਿਆਂ ਦੀ ਬੇਈਮਾਨੀ ਹੁੰਦੀ ਹੈ। ਜਦੋਂ ਇੱਕ ਜਿਗਰੀ ਦੋਸਤ ਆਪਣੇ ਦੋਸਤ ਦੀ ਦਿਨ-ਰਾਤ ਦੀ ਮਿਹਨਤ, ਵਿਚਾਰ ਜਾਂ ਫ਼ਲ ਖ਼ੁਦ ਚੋਰੀ ਕਰਕੇ ਉਸ ਨੂੰ ਪਿੱਛੇ ਧੱਕ ਕੇ ਅੱਗੇ ਲੰਘ ਜਾਂਦਾ ਹੈ, ਤਾਂ ਉਹ ਅਵਸਰਵਾਦ ਦੀ ਮਿਸਾਲ ਹੁੰਦੀ ਹੈ। ਇਸੇ ਤਰ੍ਹਾਂ ਵਪਾਰਕ ਸਾਂਝ ਵਿੱਚ ਕੁਝ ਲੋਕ ਆਪਣੇ ਸਾਥੀ ਦੇ ਭਰੋਸੇ ਦਾ ਫਾਇਦਾ ਚੁੱਕ ਕੇ ਬੇਈਮਾਨੀ ਨਾਲ ਸਿਰਫ਼ ਆਪਣਾ ਘਰ ਭਰਨ ਨੂੰ ਹੀ ਤਰਜੀਹ ਦਿੰਦੇ ਹਨ। ਇਸ ਪ੍ਰਵਿਰਤੀ ਨੇ ਅਜੋਕੇ ਸਮਾਜ ਵਿੱਚ ਇੱਕ ਅਜਿਹਾ ਖ਼ੌਫ਼ਨਾਕ, ਸ਼ੱਕੀ ਅਤੇ ਅਸੁਰੱਖਿਅਤ ਮਾਹੌਲ ਸਿਰਜ ਦਿੱਤਾ ਹੈ ਜਿੱਥੇ ਕੋਈ ਵੀ ਇਨਸਾਨ ਦੂਜੇ ਇਨਸਾਨ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰਨ ਤੋਂ ਬੁਰੀ ਤਰ੍ਹਾਂ ਡਰਦਾ ਹੈ। ਅੱਜ ਹਰ ਵਿਅਕਤੀ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈ ਕਿ ਜੇ ਇਹ ਮੇਰੇ ਨਾਲ ਇੰਨਾ ਮਿੱਠਾ ਬੋਲ ਰਿਹਾ ਹੈ, ਤਾਂ ਪਤਾ ਨਹੀਂ ਇਸ ਦਾ ਮੇਰੇ ਨਾਲ ਜੁੜਨ ਪਿੱਛੇ ਕੀ ਗੁਪਤ ਮਤਲਬ ਜਾਂ ਸਵਾਰਥ ਹੈ। ਇਸ ਘਾਤਕ ਭਰੋਸੇਹੀਣਤਾ ਦੇ ਕਾਰਨ ਅਜੋਕਾ ਮਨੁੱਖ ਬਾਹਰੀ ਤੌਰ ’ਤੇ ਭਾਵੇਂ ਕਿੰਨਾ ਵੀ ਸਫਲ, ਉਦਯੋਗਪਤੀ, ਅਮੀਰ, ਪੜ੍ਹਿਆ-ਲਿਖਿਆ ਜਾਂ ਆਧੁਨਿਕ ਦਿਖਾਈ ਦੇਵੇ, ਪਰ ਉਹ ਅੰਦਰੂਨੀ ਤੌਰ ’ਤੇ ਬਹੁਤ ਜ਼ਿਆਦਾ ਇਕੱਲਾ, ਖੋਖਲਾ ਅਤੇ ਮਾਨਸਿਕ ਤੌਰ ’ਤੇ ਕੰਗਾਲ ਹੋ ਚੁੱਕਾ ਹੈ। ਅੱਜ ਦੇ ਸਮੇਂ ਵਿੱਚ ਤੇਜ਼ੀ ਨਾਲ ਵਧ ਰਹੀਆਂ ਮਾਨਸਿਕ ਬਿਮਾਰੀਆਂ, ਡਿਪਰੈਸ਼ਨ, ਘਬਰਾਹਟ ਅਤੇ ਖ਼ੁਦਕੁਸ਼ੀਆਂ ਦੇ ਪਿੱਛੇ ਸਭ ਤੋਂ ਵੱਡਾ ਸਮਾਜਿਕ ਕਾਰਨ ਇਹੀ ਹੈ ਕਿ ਅੱਜ ਮਨੁੱਖ ਕੋਲ ਕਰੋੜਾਂ ਰੁਪਏ, ਆਲੀਸ਼ਾਨ ਗੱਡੀਆਂ ਤਾਂ ਹਨ, ਪਰ ਆਪਣਾ ਸੱਚਾ ਦੁੱਖ-ਸੁੱਖ ਸਾਂਝਾ ਕਰਨ ਲਈ ਕੋਈ ‘ਸੱਚਾ ਦਿਲ’ ਜਾਂ ਨਿਰਸੁਆਰਥ ਰਿਸ਼ਤਾ ਨਹੀਂ ਬਚਿਆ। ਜੇਕਰ ਅਸੀਂ ਸੱਚਮੁੱਚ ਇੱਕ ਨਰੋਏ, ਸਿਹਤਮੰਦ, ਪਿਆਰ ਭਰੇ ਅਤੇ ਸੰਵੇਦਨਸ਼ੀਲ ਸਮਾਜ ਦਾ ਦੁਬਾਰਾ ਨਿਰਮਾਣ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ‘ਮਤਲਬਖੋਰੀ’ ਅਤੇ ‘ਮਤਲਬ ਦੀ ਤੱਕੜੀ’ ਵਾਲੇ ਸੱਭਿਆਚਾਰ ਨੂੰ ਜੜ੍ਹੋਂ ਉਖੇੜ ਕੇ ਨਕਾਰਨਾ ਪਵੇਗਾ। ਸਾਨੂੰ ਆਪਣੀ ਆਉਣ ਵਾਲੀ ਨਵੀਂ ਪੀੜ੍ਹੀ ਅਤੇ ਬੱਚਿਆਂ ਨੂੰ ਬਚਪਨ ਤੋਂ ਇਹ ਨੈਤਿਕ ਸਿੱਖਿਆ ਦੇਣੀ ਹੋਵੇਗੀ ਕਿ ਜ਼ਿੰਦਗੀ ਦੀ ਅਸਲ ਅਮੀਰੀ ਬੈਂਕ ਖਾਤਿਆਂ, ਜਾਇਦਾਦਾਂ ਜਾਂ ਸੋਨੇ-ਚਾਂਦੀ ਵਿੱਚ ਨਹੀਂ ਹੋਣੀ, ਸਗੋਂ ਉਨ੍ਹਾਂ ਵਫ਼ਾਦਾਰ, ਨਿਰਸੁਆਰਥ ਰਿਸ਼ਤਿਆਂ ਵਿੱਚ ਹੁੰਦੀ ਹੈ ਜੋ ਤੁਹਾਡੀ ਹਰ ਮੁਸ਼ਕਿਲ ਘੜੀ, ਬਿਮਾਰੀ ਅਤੇ ਗ਼ਰੀਬੀ ਵਿੱਚ ਵੀ ਤੁਹਾਡੀ ਢਾਲ ਬਣ ਕੇ ਤੁਹਾਡੇ ਨਾਲ ਖੜ੍ਹਦੇ ਹਨ।
ਸਫਲਤਾ ਦੇ ਸਰਵਉੱਚ ਸਿਖਰ ’ਤੇ ਪਹੁੰਚ ਕੇ ਵੀ ਜੇਕਰ ਤੁਹਾਡੀ ਪਿੱਠ ਥਾਪੜਨ ਵਾਲਾ ਮਾਪਿਆਂ ਦਾ ਹੱਥ ਨਹੀਂ ਹੈ ਜਾਂ ਤੁਹਾਡੀ ਖ਼ੁਸ਼ੀ ਵਿੱਚ ਸੱਚੇ ਦਿਲੋਂ ਨੱਚਣ ਵਾਲਾ ਕੋਈ ਸੱਚਾ ਦੋਸਤ ਨਹੀਂ ਹੈ, ਤਾਂ ਉਹ ਪ੍ਰਾਪਤ ਕੀਤੀ ਸਫਲਤਾ ਅਸਲ ਵਿੱਚ ਇੱਕ ਬਹੁਤ ਵੱਡੀ ਹਾਰ ਅਤੇ ਸਿਰਫ਼ ਇੱਕ ਭੁਲੇਖਾ ਹੈ। ਬੇਈਮਾਨੀ, ਸੁਆਰਥ ਅਤੇ ਮੌਕਾਪ੍ਰਸਤੀ ਦੀ ਵਰਤੋਂ ਕਰਕੇ ਸ਼ਾਇਦ ਕੁਝ ਸਮੇਂ ਲਈ ਦੁਨੀਆ ਦੀਆਂ ਵੱਡੀਆਂ-ਵੱਡੀਆਂ ਭੌਤਿਕ ਸੁਖ-ਸਹੂਲਤਾਂ ਅਤੇ ਐਸ਼ੋ-ਆਰਾਮ ਹਾਸਲ ਕੀਤੇ ਜਾ ਸਕਦੇ ਹਨ, ਪਰ ਮਨ ਦਾ ਪਰਮ ਸਕੂਨ, ਆਤਮਿਕ ਸ਼ਾਂਤੀ ਅਤੇ ਸਮਾਜ ਵਿੱਚ ਸੱਚਾ ਸਨਮਾਨ ਕਦੇ ਵੀ ਖ਼ਰੀਦਿਆ ਜਾਂ ਕਮਾਇਆ ਨਹੀਂ ਜਾ ਸਕਦਾ। ਰਿਸ਼ਤਿਆਂ ਨੂੰ ਹਮੇਸ਼ਾਂ ਮਤਲਬ ਦੀ ਧੁੰਦਲੀ ਐਨਕ ਲਾ ਕੇ ਦੇਖਣ ਦੀ ਬਜਾਏ, ਉਨ੍ਹਾਂ ਵਿੱਚ ਮੁੜ ਤੋਂ ਨਿਰਸੁਆਰਥ ਭਾਵਨਾ, ਤਿਆਗ, ਅਹਿਸਾਨਮੰਦੀ, ਸਤਿਕਾਰ ਅਤੇ ਸੱਚੀ ਵਫ਼ਾਦਾਰੀ ਦੀ ਪਵਿੱਤਰ ਰੂਹ ਫੂਕਣੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ, ਅਹਿਮ ਅਤੇ ਮੁੱਖ ਲੋੜ ਹੈ ਤਾਂ ਹੀ ਮਨੁੱਖੀ ਜੀਵਨ ਸਾਰਥਿਕ ਹੋ ਸਕਦਾ ਹੈ। ਜਦੋਂ ਅਸੀਂ ਰਿਸ਼ਤਿਆਂ ਨੂੰ ਨਫ਼ੇ-ਨੁਕਸਾਨ ਦੇ ਪੈਮਾਨੇ ਤੋਂ ਮੁਕਤ ਕਰਕੇ ਦੇਖਾਂਗੇ, ਉਦੋਂ ਹੀ ਸਮਾਜ ਵਿੱਚ ਸੱਚੀ ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰਾ ਮੁੜ ਬਹਾਲ ਹੋ ਸਕੇਗਾ।
ਸੰਪਰਕ: 94136-52646
