DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਰ-ਤਾਰ ਹੋ ਰਹੇ ਰਿਸ਼ਤੇ

ਅੱਜ ਦੇ ਸਮੇਂ ਵਿੱਚ ਹਰ ਰਿਸ਼ਤੇ ਦੀ ਭਰੋੋਸੇਯੋਗਤਾ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਹਨ। ਸੂਝਵਾਨ ਵਿਅਕਤੀ ਇਹੀ ਸੋਚਣ ਲੱਗ ਪਿਆ ਹੈ ਕਿ ਅੱਜ ਹਰ ਰਿਸ਼ਤੇ ਵਿੱਚ ਪਹਿਲਾਂ ਵਰਗੀ ਭਰੋਸੇਯੋਗਤਾ ਦਿਨੋ-ਦਿਨ ਲੋਪ ਹੁੰਦੀ ਜਾ ਰਹੀ ਹੈ। ਅੱਜ ਹਰ...

  • fb
  • twitter
  • whatsapp
  • whatsapp
Advertisement

ਅੱਜ ਦੇ ਸਮੇਂ ਵਿੱਚ ਹਰ ਰਿਸ਼ਤੇ ਦੀ ਭਰੋੋਸੇਯੋਗਤਾ ਉੱਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਹਨ। ਸੂਝਵਾਨ ਵਿਅਕਤੀ ਇਹੀ ਸੋਚਣ ਲੱਗ ਪਿਆ ਹੈ ਕਿ ਅੱਜ ਹਰ ਰਿਸ਼ਤੇ ਵਿੱਚ ਪਹਿਲਾਂ ਵਰਗੀ ਭਰੋਸੇਯੋਗਤਾ ਦਿਨੋ-ਦਿਨ ਲੋਪ ਹੁੰਦੀ ਜਾ ਰਹੀ ਹੈ। ਅੱਜ ਹਰ ਰਿਸ਼ਤਾ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਥਾਂ ਆਪਣੇ ਸੁਆਰਥ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ਸਾਡੀ ਮਾਨਵ ਚੇਤਨਾ ਐਨੀ ਸੁਆਰਥੀ ਤੇ ਲੋਭ ਲਾਲਚ ਵਾਲੀ ਬਣਦੀ ਜਾ ਰਹੀ ਹੈ ਕਿ ਅੱਜ ਸਾਨੂੰ ਆਪਣੇ ਤੋਂ ਸਿਵਾਏ ਹੋਰ ਕੋਈ ਦਿਸਦਾ ਹੀ ਨਹੀਂ।

ਸਾਡੀ ਮਨੁੱਖੀ ਸਾਂਝ ਖੇਰੂੰ-ਖੇਰੂੰ ਹੁੰਦੀ ਜਾ ਰਹੀ ਹੈ। ਮੋਹ-ਪਿਆਰ ਤੇ ਆਪਸੀ ਸਾਂਝ ਦੀ ਥਾਂ ਨਿੱਜੀ ਲਾਭ ਪ੍ਰਧਾਨ ਹੋ ਗਿਆ ਹੈ, ਸਿੱਟੇ ਵਜੋਂ ਪਰਿਵਾਰ ਵਿੱਚ ਲੜਾਈ ਝਗੜੇ ਵਧ ਰਹੇ ਹਨ ਤੇ ਘਰ ਪਰਿਵਾਰ ਦੀ ਸ਼ਾਂਤੀ ਭੰਗ ਹੋ ਰਹੀ ਹੈ। ਸਾਡੇ ਸੁਆਰਥ ਨੇ ਹਰ ਘਰ ਨੂੰ ਬੇਚੈਨ ਕਰਕੇ ਰੱਖਿਆ ਹੈ। ਅੱਜ ਹਰ ਦੂਜਾ-ਤੀਜਾ ਘਰ ਇਸ ਮਾਹੌਲ ਦਾ ਸੰਤਾਪ ਹੰਢਾ ਰਿਹਾ ਹੈ। ਕੋਈ ਸਮਾਂ ਸੀ ਪਰਿਵਾਰ ਵਿੱਚ ਅੰਤਾਂ ਦਾ ਮੋਹ ਸਤਿਕਾਰ ਦੇਖਣ ਨੂੰ ਮਿਲਦਾ ਸੀ, ਹਰ ਰਿਸ਼ਤੇ ਵਿੱਚ ਆਪਣੀ ਸਾਂਝ ਐਨੀ ਪਰਿਪੱਕ ਹੁੰਦੀ ਸੀ ਜਿਸ ਨਾਲ ਹਰ ਰਿਸ਼ਤੇ ਦਾ ਆਪਣੀ-ਆਪਣੀ ਥਾਂ ਉੱਤੇ ਪੂਰਾ ਮਾਣ ਸਤਿਕਾਰ ਹੁੰਦਾ ਸੀ। ਹਰ ਕੋਈ ਇੱਕ ਦੂਜੇ ਨੂੰ ਦੇਖ ਕੇ ਗਦ-ਗਦ ਹੋ ਜਾਂਦਾ ਸੀ ਤੇ ਚਾਅ ਨਾਲ ਖੀਵਾ ਹੋ ਜਾਂਦਾ ਸੀ, ਪਰ ਅੱਜ ਸਾਡੇ ਸੁਆਰਥ ਨੇ ਇਨ੍ਹਾਂ ਪਵਿੱਤਰ ਰਿਸ਼ਤਿਆਂ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।

Advertisement

ਬੜੇ ਦੁੱਖ ਦੀ ਗੱਲ ਹੈ ਕਿ ਹਰ ਰਿਸ਼ਤਾ ਆਪਣੀ ਭਰੋਸੇਯੋਗਤਾ ਗੁਆ ਰਿਹਾ ਹੈ। ਹਰ ਸੁਝਵਾਨ ਵਿਅਕਤੀ ਦੇ ਮਨ ਵਿੱਚ ਵਾਰ-ਵਾਰ ਇਹ ਸਵਾਲ ਉੱਠ ਰਹੇ ਹਨ ਕਿ ਸਾਡੇ ਪਵਿੱਤਰ ਰਿਸ਼ਤੇ ਕਿਹੜੇ ਰਾਹ ਤੁਰ ਪਏ ਹਨ। ਅੱਜ ਹਰ ਰਿਸ਼ਤਾ ਸ਼ੱਕੀ ਬਣਦਾ ਨਜ਼ਰ ਆ ਰਿਹਾ ਹੈ। ਅੱਜ ਕੁਝ ਅਜਿਹੇ ਰਿਸ਼ਤੇ ਦੇਖਣ ਨੂੰ ਮਿਲ ਰਹੇ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਅਸੀਂ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਮੰਨਦੇ ਹਾਂ, ਜਿਸ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ, ਪਰ ਅੱਜ ਕੁਝ ਅਜਿਹੀਆਂ ਮਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ, ਜੋ ਆਪਣੇ ਰੱਬ ਵਰਗੇ ਰਿਸ਼ਤੇ ਨੂੰ ਕਲੰਕਿਤ ਕਰ ਰਹੀਆਂ ਹਨ, ਜੋ ਆਪਣੇ ਪ੍ਰੇਮ ਸਬੰਧਾਂ ਦੇ ਕਾਰਨ ਆਪਣੇ ਬੱਚਿਆਂ ਨੂੰ ਆਪ ਹੀ ਮਾਰ ਰਹੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਲਾਵਾਰਸ ਬਣਾ ਕੇ ਭੱਜ ਰਹੀਆਂ ਹਨ। ਜਦੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਪੜ੍ਹਦੇ ਤੇ ਸੁਣਦੇ ਹਾਂ ਤਾਂ ਮਨ ਸੋਚਾਂ ਵਿੱਚ ਡੁੱਬ ਜਾਂਦਾ ਹੈ ਕਿ ਸਾਡੀਆਂ ਰੱਬ ਵਰਗੀਆਂ ਮਾਵਾਂ ਕਿਹੜੇ ਰਾਹ ਪੈ ਗਈਆਂ।

Advertisement

ਮਾਂ ਪਿੱਛੋਂ ਪਿਓ-ਪੁੱਤ ਦਾ ਰਿਸ਼ਤਾ ਆਉਂਦਾ ਹੈ। ਇਹ ਰਿਸ਼ਤਾ ਵੀ ਦਾਗੀ ਬਣਦਾ ਜਾ ਰਿਹਾ ਹੈ। ਕਿਤੇ ਸੁਆਰਥ ਖਾਤਰ ਪੁੱਤ, ਪਿਓ ਨੂੰ ਮਾਰ ਰਿਹਾ ਹੈ, ਕਿਤੇ ਪਿਓ ਹੀ ਆਪਣੇ ਪੁੱਤਰ ਨੂੰ ਮਾਰ ਰਿਹਾ ਹੈ। ਅਸੀਂ ਗੱਲ ਕਰਦੇ ਹਾਂ ਭਰਾਵਾਂ ਦੀ ਜਿਨ੍ਹਾਂ ਨੂੰ ਅਸੀਂ ਇੱਕ-ਦੂਜੇ ਦੀਆਂ ਸੱਜੀਆਂ-ਖੱਬੀਆਂ ਬਾਹਾਂ ਆਖਦੇ ਹਾਂ, ਅੱਜ ਉਹੀ ਬਾਹਵਾਂ ਆਪਣੇ ਸੁਆਰਥ ਖਾਤਰ ਇੱਕ-ਦੂਜੇ ਦਾ ਗਲਾ ਘੁੱਟਣ ਲਈ ਤਿਆਰ ਬੈਠੀਆਂ ਹਨ। ਕੋਈ ਸਮਾਂ ਸੀ ਪੱਗ ਵੱਟ ਭਰਾਵਾਂ ਦੀ ਬੜੀ ਅਹਿਮੀਅਤ ਹੁੰਦੀ ਸੀ ਜੋ ਵੱਟੀਆਂ ਹੋਈਆਂ ਪੱਗਾਂ ਦੀ ਲਾਜ ਰੱਖਦੇ ਸਨ। ਇੱਕ-ਦੂਜੇ ਖਾਤਰ ਆਪਣੀ ਜਾਨ ਦੀ ਬਾਜ਼ੀ ਲਾ ਦਿੰਦੇ ਸਨ, ਪਰ ਅੱਜ ਪੱਗ ਵੱਟ ਭਰਾ ਵੀ ਨਹੀਂ ਦਿਸ ਰਹੇ। ਹੁਣ ਤਾਂ ਸੁਆਰਥ ਹੀ ਇੱਕ-ਦੂਜੇ ’ਤੇ ਭਾਰੂ ਹੋ ਗਿਆ ਹੈ। ਅਸੀਂ ਇਹ ਕਹਾਵਤ ਆਮ ਹੀ ਪੜ੍ਹਦੇ-ਸੁਣਦੇ ਹਾਂ ਕਿ ਜੇ ਆਪਣਾ ਮਾਰੂ ਤਾਂ ਛਾਵੇਂ ਹੀ ਸੁੱਟੂ, ਪਰ ਅੱਜ ਤਾਂ ਜਦੋਂ ਆਪਣੇ ਹੀ ਮਾਰਦੇ ਹਨ ਤਾਂ ਛਾਵੇਂ ਦੀ ਥਾਂ ਧੁੱਪੇ ਹੀ ਸੁੱਟਦੇ ਹਨ।

ਅਸੀਂ ਮੰਨਦੇ ਹਾਂ ਕਿ ਮਨੁੱਖ ਸਮਾਜਿਕ ਪ੍ਰਾਣੀ ਹੈ, ਉਸ ਦਾ ਜੀਵਨ ਦੋ ਪ੍ਰਕਾਰ ਦੇ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ। ਪਹਿਲੇ ਕਿਸਮ ਦੇ ਉਹ ਰਿਸ਼ਤੇ ਜੋ ਸਾਡੇ ਖ਼ੂਨ ਨਾਲ ਸਬੰਧ ਰੱਖਦੇ ਹਨ, ਪਰ ਇਹ ਦੋਵੇਂ ਹੀ ਕਿਸਮ ਦੇ ਰਿਸ਼ਤੇ ਆਪਣੀ ਭਰੋਸੇਯੋਗਤਾ ’ਤੇ ਪ੍ਰਸ਼ਨ ਚਿੰਨ੍ਹ ਲਾ ਰਹੇ ਹਨ। ਅੱਜ ਹਰ ਕਿਸਮ ਦਾ ਰਿਸ਼ਤਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਅੱਜ ਦੇ ਰਿਸ਼ਤਿਆਂ ਨੂੰ ਹੇਠ ਲਿਖੀਆਂ ਸਤਰਾਂ ਇਸ ਤਰ੍ਹਾਂ ਬਿਆਨ ਕਰਦੀਆਂ ਹਨ;

ਕਿਹੜਾ ਰਿਸ਼ਤਾ-ਕਿਸ ਦੀ ਗੱਲ ਸੁਣਾਵਾਂ

ਹਰ ਕੋਈ ਲੁੱਟਣ ਨੂੰ ਫਿਰਦਾ

ਕਿਵੇਂ ਆਪਣਾ ਆਪ ਬਚਾਵਾਂ

ਅੱਜ ਵਕਤ ਬਦਲ ਗਿਆ ਹੈ। ਸਾਡਾ ਖ਼ੂਨ ਸਫ਼ੈਦ ਹੋ ਗਿਆ ਹੈ। ਅੱਜ ਅਜਿਹਾ ਸਮਾਂ ਆ ਗਿਆ ਹੈ ਕਿ ਆਪਣੇ ਵੀ ਪਰਾਏ ਹੋ ਗਏ ਹਨ, ਸਾਡੀ ਸੁਆਰਥ ਤੇ ਪੈਸਾ ਇਕੱਠਾ ਕਰਨ ਦੀ ਅੰਨ੍ਹੀ ਦੌੜ ਨੇ ਸਾਡੇ ਰਿਸ਼ਤਿਆਂ ਨੂੰ ਖਦੇੜ ਕੇ ਰੱਖ ਦਿੱਤਾ ਹੈ। ਅੱਜ ਅਸੀਂ ਹਿੱਕ ਥਾਪੜ ਕੇ ਕਿਸੇ ਰਿਸ਼ਤੇ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਸਾਡੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:

ਏਥੇ ਕੋਈ ਕਿਸੇ ਨੂੰ

ਪਿਆਰ ਨਹੀਂ ਕਰਦਾ

ਪਿੰਡਾ ਹੀ ਪਿੰਡੇ ਨੂੰ ਸੜਦਾ

ਰੂਹਾਂ ਦਾ ਸਤਿਕਾਰ ਨ੍ਹੀਂ ਕਰਦਾ

ਇੱਕ ਦੂਜੇ ਦੀ ਅੱਗ ਵਿੱਚ ਸੜਦਾ

ਇੱਕ ਦੂਜੇ ਦੀ ਛਾਂ ਲਈ ਮਰਦਾ

ਬੜੇ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਅਜਿਹਾ ਮਾਹੌਲ ਸਿਰਜ ਲਿਆ ਹੈ ਕਿ ਅਸੀਂ ਆਪਣੇ ਵਿਰਸੇ ਤੇ ਆਪਣੇ ਸੱਭਿਆਚਾਰ ਦੀ ਥਾਂ ਪੱਛਮੀ ਸੱਭਿਆਚਾਰ ਵੱਲ ਉੱਲਰਦੇ ਜਾ ਰਹੇ ਹਾਂ ਤੇ ਆਪਣੀਆਂ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਾਂ, ਜਿਸ ਦੇ ਕਾਰਨ ਸਾਡੇ ਰਿਸ਼ਤਿਆਂ ਵਿੱਚ ਟੁੱਟ-ਭੱਜ ਹੋ ਰਹੀ ਹੈ। ਦੂਜਾ ਮੋਬਾਈਲ ਦੀ ਦੂਰਵਰਤੋਂ ਨੇ ਸਾਡੇ ਰਿਸ਼ਤਿਆਂ ਨੂੰ ਢਾਹ ਲਾਈ ਹੈ। ਰਹਿੰਦੀ-ਖੁੰਹਦੀ ਕਸਰ ਕੰਪਿਊਟਰ ਤੇ ਇੰਟਰਨੈੱਟ ਨੇ ਕੱਢ ਦਿੱਤੀ ਹੈ, ਦੂਜਾ ਮਹਿੰਗਾਈ ’ਤੇ ਬੇਰੁਜ਼ਗਾਰੀ ਵੀ ਸਾਡੇ ਰਿਸ਼ਤਿਆਂ ਦੀ ਟੁੱਟ-ਭੱਜ ਦਾ ਕਾਰਨ ਬਣੀ ਹੈ, ਪਰ ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਸਵਿਕਾਰਦੇ ਹੋਏ ਵੀ ਸਾਡੇ ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਲੋੜ ਹੈ। ਇਨ੍ਹਾਂ ਰਿਸ਼ਤਿਆਂ ਨਾਲ ਹੀ ਘਰ-ਬਾਰ ਬਣਦੇ ਹਨ, ਪਰਿਵਾਰ ਬਣਦੇ ਹਨ ਤੇ ਨਰੋਏ ਸਮਾਜ ਦੀ ਸਿਰਜਣਾ ਹੁੰਦੀ ਹੈ। ਸੋ ਆਓ ਇਨ੍ਹਾਂ ਰਿਸ਼ਤਿਆਂ ਦਾ ਆਪੋ-ਆਪਣੀ ਥਾਂ ਉੱਤੇ ਮਾਣ ਸਤਿਕਾਰ ਕਰੀਏ- ਆਪ ਖੁਸ਼ ਰਹੀਏ ਤੇ ਦੂਜਿਆਂ ਨੂੰ ਖੁਸ਼ ਰਹਿਣ ਦੇ ਮੌਕੇ ਪ੍ਰਦਾਨ ਕਰੀਏ।

ਹੁੰਦੇ ਨੇ ਉਹ ਰਿਸ਼ਤੇ ਸਵਰਗ ਵਰਗੇ

ਜਿੱਥੇ ਵੱਡਿਆਂ ਦਾ ਆਦਰ ਤੇ ਭਰਾਵਾਂ ਦਾ ਪਿਆਰ ਰਹੇ

ਕਰੀਏ ਕਦਰ ਹਰ ਰਿਸ਼ਤੇ ਦੀ ਆਪਣੀ ਥਾਂ ਉੱਤੇ

ਤਾਂ ਕਿ ਹਰ ਰਿਸ਼ਤਾ ਬਣਿਆ ਸ਼ਿੰਗਾਰ ਰਹੇ

Advertisement
×