ਮੁੰਬਈ: ਤਾਮਿਲ ਨਿਰਦੇਸ਼ਕ ਸ਼ੰਕਰ ਦੀ ਅਗਵਾਈ ਹੇਠ 2005 ਵਿੱਚ ਬਣੀ ਮਸ਼ਹੂਰ ਤਾਮਿਲ ਫਿਲਮ ‘ਅੰਨੀਯਾਨ’ ਦੇ ਰੀਮੇਕ ’ਚ ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਕੰਮ ਕਰਨ ਜਾ ਰਹੇ ਹਨ, ਜਿਸ ਵਿੱਚ ਪਹਿਲਾਂ ਵਿਕਰਮ ਨੇ ਕੰਮ ਕੀਤਾ ਸੀ। ਇਹ ਫਿਲਮ 2022 ਦੇ ਅੱਧ ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿੱਚ ਵਿਸਾਖੀ ਅਤੇ ਤਾਮਿਲਨਾਡੂ ਵਿੱਚ ਪੁਥਾਂਡੂ ਦੇ ਤਿਉਹਾਰ ਮੌਕੇ ਇਸ ਬੇਨਾਮ ਪ੍ਰਾਜੈਕਟ ਦਾ ਐਲਾਨ ਕੀਤਾ ਗਿਆ। ਰਣਵੀਰ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਸ਼ੰਕਰ ਸਰ ਦੀ ਸਿਨੇਮਾ ਪ੍ਰਤੀ ਦੂਰ-ਅੰਦੇਸ਼ੀ ਸੋਚ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਹ ਇੱਕ ਆਦਰਸ਼ ਇਨਸਾਨ ਹਨ, ਜਿਨ੍ਹਾਂ ਸਾਨੂੰ ਦਿਖਾਇਆ ਕਿ ਪਰਦੇ ’ਤੇ ਕੋਈ ਵੀ ਸੁਪਨਾ ਇੰਨਾ ਵੱਡਾ ਨਹੀਂ ਹੈ ਕਿ ਉਸ ਨੂੰ ਪ੍ਰਾਪਤ ਨਾ ਕੀਤਾ ਜਾ ਸਕੇ। ਮੈਂ ਹਮੇਸ਼ਾ ਉਮੀਦ ਕੀਤੀ ਸੀ ਅਤੇ ਸੁਫ਼ਨਾ ਦੇਖਿਆ ਕਿ ਮੈਨੂੰ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਮੈਨੂੰ ਪੱਕਾ ਯਕੀਨ ਹੈ ਕਿ ਅਸੀਂ ਇਕੱਠੇ ਧਮਾਲ ਪਾਵਾਂਗੇ।’’ -ਆਈਏਐੱਨਐੱਸ