DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਹਿੰਦੇ ਪੰਜਾਬ ਦਾ ਨੌਜਵਾਨ ਜੋੜੀਵਾਦਕ ਰਾਣਾ ਉਸਾਮਾ

ਦੇਸ਼ ਵੰਡ ਤੋਂ ਪਹਿਲਾਂ ਤੂੰਬੇ ਅਲਗੋਜ਼ੇ ਦੀ ਗਾਇਕੀ ਦੀਆਂ ਦੋ ਸ਼ੈਲੀਆਂ ਪ੍ਰਚੱਲਤ ਸਨ, ਇੱਕ ਬਿਆਸ ਦਰਿਆ ਤੋਂ ਉਰ੍ਹਾਂ ਦੀ ਅਤੇ ਦੂਜੀ ਪਰਲੇ ਪਾਰ ਦੀ। ਇੱਕ ਦਾ ਕੇਂਦਰ ਲੁਧਿਆਣਾ ਸੀ ਅਤੇ ਦੂਜੀ ਦਾ ਸਿਆਲਕੋਟ। ਇੱਕ ‘ਲੁਧਿਆਣਾ ਸ਼ੈਲੀ’ ਸੀ ਅਤੇ ਦੂਜੀ ‘ਸਿਆਲਕੋਟੀ...

  • fb
  • twitter
  • whatsapp
  • whatsapp
Advertisement

ਦੇਸ਼ ਵੰਡ ਤੋਂ ਪਹਿਲਾਂ ਤੂੰਬੇ ਅਲਗੋਜ਼ੇ ਦੀ ਗਾਇਕੀ ਦੀਆਂ ਦੋ ਸ਼ੈਲੀਆਂ ਪ੍ਰਚੱਲਤ ਸਨ, ਇੱਕ ਬਿਆਸ ਦਰਿਆ ਤੋਂ ਉਰ੍ਹਾਂ ਦੀ ਅਤੇ ਦੂਜੀ ਪਰਲੇ ਪਾਰ ਦੀ। ਇੱਕ ਦਾ ਕੇਂਦਰ ਲੁਧਿਆਣਾ ਸੀ ਅਤੇ ਦੂਜੀ ਦਾ ਸਿਆਲਕੋਟ। ਇੱਕ ‘ਲੁਧਿਆਣਾ ਸ਼ੈਲੀ’ ਸੀ ਅਤੇ ਦੂਜੀ ‘ਸਿਆਲਕੋਟੀ ਸ਼ੈਲੀ’। ਵੰਡ ਸਮੇਂ ਇਸ ਗਾਇਕੀ ਨਾਲ ਜੁੜੇ ਮੁਸਲਮਾਨ ਗਾਇਕਾਂ ਨੂੰ ਨਵੇਂ ਬਣੇ ਪਾਕਿਸਤਾਨੀ ਪੰਜਾਬ ਵਿੱਚ ਜਾਣਾ ਪਿਆ ਅਤੇ ਉੱਧਰੋਂ ਬਹੁਤ ਸਾਰੇ ਹਿੰਦੂ ਤੇ ਸਿੱਖ ਗਾਇਕਾਂ ਨੂੰ ਇੱਧਰਲੇ ਪੰਜਾਬ ਆਉਣਾ ਪਿਆ। ਇੱਧਰੋਂ ਗਏ ਗਾਇਕ (ਰਾਗੀ) ਆਪਣੀ ਲੁਧਿਆਣਾ ਸ਼ੈਲੀ ਨਾਲ ਜੁੜੇ ਰਹੇ ਅਤੇ ਉੱਧਰੋਂ ਆਏ ਆਪਣੀ ਸਿਆਲਕੋਟੀ ਸ਼ੈਲੀ ਨਾਲ। ਹੁਣ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਦੋਵੇਂ ਸ਼ੈਲੀਆਂ ਪ੍ਰਚੱਲਤ ਹਨ। ਲਹਿੰਦੇ ਪੰਜਾਬ ਵਿੱਚ ਲੁਧਿਆਣਾ ਸ਼ੈਲੀ ਨਾਲ ਜੁੜਿਆ ਨੌਜਵਾਨ ‘ਜੋੜੀਵਾਦਕ’ ਹੈ ਰਾਣਾ ਉਸਾਮਾ, ਜਿਸ ਦੇ ਪੁਰਖੇ ਵੰਡ ਸਮੇਂ ਇੱਧਰੋਂ ਉੱਧਰ ਚਲੇ ਗਏ ਸਨ।

ਰਾਣੇ ਉਸਾਮੇ ਦਾ ਜਨਮ ਲਹਿੰਦੇ ਪੰਜਾਬ ਦੇ ਫੈਸਲਾਬਾਦ ਦੀ ਗੁਲਾਮ ਮੁਹੰਮਦਾਬਾਦ ਕਲੋਨੀ ਵਿਖੇ ਇੱਕ ਰਾਜਪੂਤ ਪਰਿਵਾਰ ਵਿੱਚ 2 ਅਗਸਤ 2001 ਨੂੰ ਪਿਤਾ ਮੁਹੰਮਦ ਸਰਵਰ ਤੇ ਮਾਤਾ ਸੁਰੱਈਆ ਬੀਬੀ ਦੇ ਘਰ ਹੋਇਆ। ਉਂਝ ਉਸ ਦੇ ਦਾਦਕਿਆਂ ਅਤੇ ਨਾਨਕਿਆਂ ਦਾ ਪਿਛੋਕੜ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਲੰਧਰ ਦਾ ਹੈ। ਉਸਾਮੇ ਦਾ ਦਾਦਕਾ ਪਿੰਡ ਧਾਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਸੀ, ਜਿੱਥੋਂ ਉਸ ਦਾ ਪੜਦਾਦਾ ਜ਼ਮਾਲ ਦੀਨ ਆਪਣੇ ਪਿਤਾ ਨੂਰ ਮੁਹੰਮਦ ਅਤੇ ਪਰਿਵਾਰ ਸਮੇਤ ਹੱਲਿਆਂ ਵੇਲੇ ਨਵੇਂ ਬਣੇ ਦੇਸ਼ ਪਾਕਿਸਤਾਨ ਚਲਾ ਗਿਆ ਸੀ। ਉਸਾਮੇ ਦੇ ਨਾਨਕਿਆਂ ਦਾ ਪਿੰਡ ਘੁੜਕਾ ਕਲਾਂ, ਜ਼ਿਲ੍ਹਾ ਜਲੰਧਰ ਸੀ। ਇੱਥੇ ਉਸ ਦੇ ਨਾਨੇ ਮੁਹੰਮਦ ਸਰਵਰ ਦੇ ਦਾਦਾ ਚੌਧਰੀ ਉਮਰਦੀਨ ਦੀ ਵੱਡੀ ਹਵੇਲੀ ਸੀ ਜੋ ‘ਚੌਧਰੀ ਉਮਰੇ ਦੀ ਹਵੇਲੀ’ ਕਰਕੇ ਪ੍ਰਸਿੱਧ ਸੀ। ਵੰਡ ਸਮੇਂ ਇਹ ਪਰਿਵਾਰ ਵੀ ਆਪਣਾ ਸਭ ਕੁਝ ਛੱਡ ਛੁਡਾ ਕੇ ਉੱਧਰ ਚਲਾ ਗਿਆ ਸੀ। ਇੱਧਰ ਇਹ ਪਰਿਵਾਰ ਆਪਣੇ ਪਿੰਡ ਘੁੜਕੇ ਕਲਾਂ ਵਿਖੇ ਹਰ ਸਾਲ ਗਿਆਰਵੀਂ ਵਾਲੇ ਪੀਰ ਦੀ ਚੌਂਕੀ ਲਵਾਉਂਦਾ ਸੀ। ਜਿੱਥੇ ਉਸ ਸਮੇਂ ਦੇ ਚੋਟੀ ਦੇ ਰਾਗੀਆਂ ਨੂੰ ਬੁਲਾਇਆ ਜਾਂਦਾ ਸੀ, ਜਿਵੇਂ ਕਾਕਾ ਰਾਵਾਂ ਖੇਲਾ ਵਾਲਾ, ਮੁਹੰਮਦ ਸਦੀਕ ਔੜ, ਫਜ਼ਲਦੀਨ ਜਗਰਾਵਾਂ ਆਦਿ। ਉੱਧਰ ਜਾ ਕੇ ਵੀ ਇਸ ਪਰਿਵਾਰ ਨੇ ਇਹ ਪਿਰਤ ਜਾਰੀ ਰੱਖੀ।

Advertisement

ਇਸ ਤਰ੍ਹਾਂ ਰਾਣੇ ਉਸਾਮੇ ਦੇ ਨਾਨੇ ਮੁਹੰਮਦ ਸਰਵਰ ਨੂੰ ਜੋੜੀ (ਅਲਗੋਜ਼ੇ) ਵਜਾਉਣ ਦੀ ਚੇਟਕ ਲੱਗ ਗਈ। ਭਾਵੇਂ ਉਹ ਅਖਾੜਿਆਂ ਤੱਕ ਤਾਂ ਨਾ ਗਿਆ, ਪ੍ਰੰਤੂ ਘਰ ਹੀ ਆਪਣਾ ਝੱਸ ਜ਼ਰੂਰ ਪੂਰਾ ਕਰ ਲੈਂਦਾ। ਆਪਣੇ ਨਾਨੇ ਨੂੰ ਦੇਖ ਤੇ ਸੁਣ ਕੇ ਰਾਣੇ ਦਾ ਬਚਪਨ ਤੋਂ ਹੀ ਇਸ ਪਾਸੇ ਰੁਝਾਨ ਹੋ ਗਿਆ। ਹੌਲੀ ਹੌਲੀ ਉਸ ਦਾ ਇਹ ਸ਼ੌਕ ਵਧਦਾ ਗਿਆ। ਮਿੱਲਤ ਡਿਗਰੀ ਕਾਲਜ ਫੈਸਾਬਾਦ ਤੋਂ ਉਸ ਨੇ ਇੰਟਰਮੀਡੀਏਟ ਤੱਕ ਦੀ ਪੜ੍ਹਾਈ ਕੀਤੀ ਅਤੇ ਕਾਲਜ ਪੜ੍ਹਦੇ ਸਮੇਂ ਉਹ ਜੋੜੀ ਵਜਾਉਣ ਲੱਗ ਪਿਆ ਸੀ। ਇਸ ਦੇ ਨਾਲ ਨਾਲ ਰਾਣੇ ਦਾ ਬੈਠਣ ਉੱਠਣ ਆਪਣੇ ਗੁਆਂਢ ਵਿੱਚ ਰਹਿੰਦੇ ਪ੍ਰਸਿੱਧ ਰਾਗੀ ਅਬਦੁਲ ਗਫ਼ਾਰ ਨਾਲ ਸੀ, ਜੋ ਉਸ ਨੂੰ ਹੱਲਾਸ਼ੇਰੀ ਦਿੰਦਾ ਰਹਿੰਦਾ ਸੀ। ਅਬਦੁਲ ਗਫ਼ਾਰ ਰਾਗੀ ਦੀ ਪ੍ਰੇਰਨਾ ਅਤੇ ਮਦਦ ਨਾਲ ਉਹ ਪ੍ਰੌਢ ਜੋੜੀਵਾਦਕ ਉਸਤਾਦ ਸਦੀਕ ਘੁਮਾਰ ਦਾ ਸ਼ਾਗਿਰਦ ਹੋ ਗਿਆ। ਇਸ ਤਰ੍ਹਾਂ 2020 ਵਿੱਚ ਕਾਲਜ ਛੱਡ ਕੇ ਉਹ ਪੱਕੇ ਤੌਰ ’ਤੇ ਰਾਗ ਨਾਲ ਜੁੜ ਗਿਆ।

Advertisement

ਉਸਤਾਦ ਦੀ ਛਤਰ ਛਾਇਆ ਹੇਠ ਰਹਿ ਕੇ ਉਸਾਮੇ ਨੇ ਇਸ ਕਲਾ ਦੀਆਂ ਬਾਰੀਕੀਆਂ ਸਿੱਖੀਆਂ। ਤੇਜ਼ ਬੁੱਧੀ, ਦ੍ਰਿੜ ਇਰਾਦੇ, ਲਗਨ ਅਤੇ ਮਿਹਨਤ ਸਦਕਾ ਉਹ ਛੇਤੀ ਹੀ ਚੰਗਾ ਜੋੜੀਵਾਦਕ ਬਣ ਗਿਆ। ਉਹ ਉਸਤਾਦ ਸਦੀਕ ਦਾ ਚਹੇਤਾ, ਲਾਡਲਾ ਅਤੇ ਆਖ਼ਰੀ ਸ਼ਾਗਿਰਦ ਹੈ। ਉਸਤਾਦ ਕਹਿੰਦਾ ਹੈ ਕਿ ਹੁਣ ਮੈਂ ਹੋਰ ਕਿਸੇ ਨੂੰ ਸ਼ਾਗਿਰਦ ਨਹੀਂ ਬਣਾਉਣਾ। ਉਸਤਾਦ ਨੂੰ ਉਸ ਉੱਤੇ ਪੂਰਾ ਮਾਣ ਹੈ। ਪੱਕੇ ਪੈਰੀਂ ਹੋਣ ਅਤੇ ਉਸਤਾਦ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਉਹ ਚੌਧਰੀ ਅਸ਼ਫਾਕ ਗੁੱਜਰ ਰਾਗੀ ਚਿਸ਼ਤੀਆਂ ਵਾਲੇ ਦੇ ਜੁੱਟ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਇਲਾਵਾ ਰਾਣਾ ਉਸਾਮਾ ਲਹਿੰਦੇ ਪੰਜਾਬ ਦੇ ਚੋਟੀ ਦੇ ਰਾਗੀਆਂ ਦੀ ਵੀ ਸੰਗਤ ਕਰ ਚੁੱਕਾ ਹੈ। ਜਿਨ੍ਹਾਂ ਵਿੱਚ ਉਸਤਾਦ ਰਾਗੀ ਮੁਹੰਮਦ ਸ਼ਰੀਫ਼ ਸ਼ੇਰ-ਏ-ਪੰਜਾਬ, ਬਾਬਾ ਰਹਿਮਾ ਜਹਾਂਗੀਰ ਵਾਲਾ, ਰਾਗੀ ਵਲਾਇਤ ਅਲੀ, ਰਾਗੀ ਅਬਦੁਲ ਗਫ਼ਾਰ, ਰਾਗੀ ਮੰਨਾ ਜੱਟ, ਰਾਗੀ ਲਾਲ ਦੀਨ, ਮੁਹੰਮਦ ਅਨਵਰ ਉਰਫ਼ ਵਲੀ ਰਾਗੀ ਆਦਿ ਸ਼ਾਮਲ ਹਨ। ਛੋਟੀ ਉਮਰ ਵਿੱਚ ਹੀ ਉਹ ਲਹਿੰਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਾ ਹੈ।

ਉਸਾਮੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਅਹਿਮਦ ਰਜ਼ਾ ਅਤੇ ਨਾਸਰ ਢਿੱਲੋਂ ਦੀ ਅਗਵਾਈ ਅਧੀਨ ਲਾਹੌਰ ਵਿਖੇ 5 ਤੋਂ 7 ਦਸੰਬਰ 2025 ਨੂੰ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਇੱਥੇ ਉਹ ਲੋਕ ਰਾਗੀ ਅਬਦੁਲ ਗਫ਼ਾਰ ਦੇ ਜੁੱਟ ਵਿੱਚ ਸ਼ਾਮਲ ਸੀ। ਇਸ ਜੁੱਟ ਨੇ ਕਾਨਫਰੰਸ ਦੌਰਾਨ ਸਰੋਤਿਆਂ, ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਉਸਾਮੇ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਜੋੜੀ ਵਜਾਉਣ ਦੇ ਨਾਲ ਨਾਲ ਉਸ ਨੂੰ ਬਹੁਤ ਸਾਰਾ ਰਾਗ ਵੀ ਕੰਠ ਹੈ। ਇਸ ਤੋਂ ਵੀ ਵੱਡੀ ਗੱਲ, ਏਨੀ ਛੋਟੀ ਉਮਰ ਵਿੱਚ ਉਸ ਨੂੰ ਇਸ ਰਾਗ ਦੇ ਪਿਛੋਕੜ, ਮੁੱਢਲੇ ਰਾਗੀਆਂ ਅਤੇ ਇਸ ਰਾਗ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਚੰਗੀ ਚੋਖੀ ਜਾਣਕਾਰੀ ਹੈ। ਉਸ ਕੋਲ ਪੁਰਾਣੇ ਰਾਗੀਆਂ ਦੀ ਰਿਕਾਰਡਿੰਗ ਅਤੇ ਉਨ੍ਹਾਂ ਦੀਆਂ ਬੇਸ਼ਕੀਮਤੀ ਤਸਵੀਰਾਂ ਵੀ ਸਾਂਭੀਆਂ ਹੋਈਆਂ ਹਨ। ਇਸ ਰਾਗ ਨੂੰ ਪ੍ਰਫੁੱਲਤ ਕਰਨ ਲਈ 2020 ਤੋਂ ਉਸ ਨੇ ਵਿਸ਼ੇਸ਼ ਤੌਰ ’ਤੇ ਆਪਣਾ ਇੱਕ ਯੂ-ਟਿਊਬ ਚੈਨਲ ਬਣਾਇਆ ਹੋਇਆ ਹੈ, ਜਿਸ ਦਾ ਨਾਂ ‘ਲੋਕ ਰੰਗ ਪੰਜਾਬ ਦਾ’ ਹੈ। ਜਿਸ ’ਤੇ ਉਹ ਪੁਰਾਣੇ ਅਤੇ ਨਵੇਂ ਰਾਗੀਆਂ ਦੀ ਆਡੀਓ-ਵੀਡੀਓ ਰਿਕਾਰਡਿੰਗ ਅਤੇ ਉਨ੍ਹਾਂ ਦੀਆਂ ਜੀਵਨੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਦਾ ਹੈ। ਹੁਣ ਤੱਕ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਰਿਕਾਰਡਿੰਗਾਂ ਇਸ ਚੈਨਲ ’ਤੇ ਅਪਲੋਡ ਕਰ ਚੁੱਕਾ ਹੈ ਅਤੇ ਵੀਹ ਦੇ ਲਗਭਗ ਰਾਗੀਆਂ ਨਾਲ ਇੰਟਰਵਿਊ ਕਰ ਚੁੱਕਾ ਹੈ। ਉਸ ਦੇ ਇਹ ਯਤਨ ਲਗਾਤਾਰ ਜਾਰੀ ਹਨ। ਵਰਤਮਾਨ ਸਮੇਂ ਲਹਿੰਦੇ ਪੰਜਾਬ ਦਾ ਉਹ ਸਭ ਤੋਂ ਛੋਟੀ ਉਮਰ ਦਾ ਜੋੜੀਵਾਦਕ ਹੈ। ‘ਤੂੰਬੇ ਜੋੜੀ’ ਦੀ ਗਾਇਕੀ ਦੇ ਪ੍ਰਸ਼ੰਸਕਾਂ ਨੂੰ ਉਸ ਤੋਂ ਬਹੁਤ ਆਸਾਂ ਹਨ।

ਸੰਪਰਕ: 84271-00341

Advertisement
×