ਮੁੰਬਈ: ਸਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਦੀ ਆਉਣ ਵਾਲੀ ਰੋਮਾਂਟਿਕ-ਡਰਾਮਾ ਫਿਲਮ ‘ਦੋਨੋ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਰਾਜਸ੍ਰੀ ਪ੍ਰੋਡਕਸ਼ਨਜ਼ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਟਰੇਲਰ ਸਾਂਝਾ ਕਰਦਿਆਂ ਕਿਹਾ, ‘‘ਆਖਰਕਾਰ ਉਡੀਕ ਖ਼ਤਮ ਹੋਈ। ਦੋਨੋ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ।’’ ਇਹ ਸਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਦੀ ਪਹਿਲੀ ਫਿਲਮ ਹੈ। ਅਵਿਨਾਸ਼ ਬੜਜਾਤੀਆ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਅਦਾਕਾਰਾ ਪੂਨਮ ਢਿੱਲੋਂ ਦੀ ਧੀ ਪਾਲੋਮਾ ਵੀ ਨਜ਼ਰ ਆਵੇਗੀ। ਨਿਰਮਾਤਾਵਾਂ ਨੇ ਅੱਜ ਮੁੰਬਈ ਵਿੱਚ ਫਿਲਮ ਦਾ ਟਰੇਲਰ ਜਾਰੀ ਕੀਤਾ। ਟਰੇਲਰ ਰਿਲੀਜ਼ ਸਮਾਗਮ ਵਿੱਚ ਸਨੀ ਦਿਓਲ, ਸੂਰਜ ਬੜਜਾਤੀਆ, ਕਰਨ ਦਿਓਲ ਅਤੇ ਪੂਨਮ ਢਿੱਲੋਂ ਵੀ ਮੌਜੂਦ ਸਨ। ਟਰੇਲਰ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਨੇ ਅਦਾਕਾਰਾਂ ਅਤੇ ਫਿਲਮ ਦੀ ਬਾਕੀ ਟੀਮ ਨੂੰ ਸ਼ੁੱਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। -ਏਐੱਨਆਈ