ਦਿਨੇ ਰਾਜ ਫਰੰਗੀ ਦਾ...

ਦਿਨੇ ਰਾਜ ਫਰੰਗੀ ਦਾ...

ਨੂਰ ਮੁਹੰਮਦ ਨੂਰ 

‘ਦਿਨੇ ਰਾਜ ਫਰੰਗੀ ਦਾ ਰਾਤੀਂ ਰਾਜ ਮਲੰਗੀ ਦਾ’ ਇਸ ਅਖਾਣ ਵਿਚ ਅੰਗਰੇਜ਼ ਰਾਜ ਸਮੇਂ ਦੇ ਇਕ ਨਾਬਰ (ਬਾਗ਼ੀ) ਮਲੰਗੀ ਦੇ ਕਾਰਨਾਮਿਆਂ ਦੀ ਦੱਸ ਪਾਈ   ਗਈ ਹੈ।

ਮਲੰਗੀ ਜਾਤ ਦਾ ਫ਼ਕੀਰ ਸੀ ਜਿਹੜਾ ਕਸੂਰ ਦੇ ਨੇੜੇ ਪਿੰਡ ਲੱਖੂ ਦਾ ਰਹਿਣ ਵਾਲਾ ਸੀ। ਅਜੇ ਉਹ ਛੇ ਮਹੀਨਿਆਂ ਦਾ ਹੀ ਹੋਇਆ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ। ਉਸ ਦੇ ਹਿੱਸੇ ਵਿਚ ਅੱਧਾ ਮੁਰੱਬਾ ਭੋਇੰ ਸੀ ਜਿਸ ਉੱਤੇ ਲੱਖੂ ਪਿੰਡ ਦੇ ਚੌਧਰੀ ਨੇ ਕਬਜ਼ਾ ਕਰ ਲਿਆ। ਜ਼ਮੀਨ ਵਾਪਸ ਲੈਣ ਲਈ ਉਸਦੀ ਮਾਂ ਨੇ ਬਹੁਤ ਪਾਪੜ ਵੇਲੇ, ਪਰ ਉਹ ਕਾਮਯਾਬ ਨਾ ਹੋ ਸਕੀ। ਆਖ਼ਿਰ ਭੁੱਖ ਨੰਗ ਦੇ ਹੱਥੋਂ ਤੰਗ ਆ ਕੇ ਉਸ ਨੇ ਕਿਸੇ ਸਿੱਖ ਨਾਲ ਫੇਰੇ ਲੈ ਲਏ ਅਤੇ ਮਲੰਗੀ ਵੀ ਆਪਣੀ ਮਾਂ ਦੇ ਨਾਲ ਨਵੇਂ ਘਰ ਚਲਾ ਗਿਆ। ਉਸਦੀ ਮਾਂ ਦੇ ਦੂਜੇ ਵਿਆਹ ਪਿੱਛੋਂ ਉਸ ਦਾ ਇਕ ਭਰਾ ਸੁਦਾਗਰ ਸਿੰਘ ਪੈਦਾ ਹੋਇਆ। ਵੱਡਾ ਹੁੰਦੇ ਹੁੰਦੇ ਮਲੰਗੀ ਖੁੱਲ੍ਹੇ ਹੱਡਾਂ ਪੈਰਾਂ ਦਾ ਜਵਾਨ ਬਣ ਗਿਆ। ਉਹ ਦਿਲ ਵਾਲਾ ਗੱਭਰੂ ਨਿਕਲਿਆ। ਕਬੱਡੀ ਵਿਚ ਉਸ ਦੇ ਵਰਗਾ ਜਾਫੀ ਦੂਰ ਦੂਰ ਤਕ ਦੇ ਪਿੰਡਾਂ ਵਿਚ ਨਹੀਂ ਸੀ ਮਿਲਦਾ। ਇਲਾਕੇ ਦੇ ਮਹੰਤ ਨਰਾਇਨ ਦਾਸ ਨੇ ਉਸ ਦੀ ਚੁਸਤੀ ਫੁਰਤੀ ਅਤੇ ਨਿਡਰਤਾ ਨੂੰ ਦੇਖਦਿਆਂ ਉਸ ਨੂੰ ਆਪਣੇ ਨੇੜੇ ਲਾ ਲਿਆ। ਪੰਜਾਬ ਵਿਚ ਜਦੋਂ ਮਹੰਤਾਂ ਦੇ ਪੰਜੇ ਵਿਚੋਂ ਗੁਰਦੁਆਰਿਆਂ ਨੂੰ ਮੁਕਤ ਕਰਵਾਉਣ ਲਈ ਅਕਾਲੀ ਲਹਿਰ ਚੱਲੀ ਤਾਂ ਮਹੰਤ ਨਾਰਾਇਨ ਦਾਸ ਨੇ ਉਸਦੇ ਹੱਥ ਵਿਚ ਬੰਦੂਕ ਫੜਾ ਕੇ ਕਈ ਅਕਾਲੀਆਂ ਨੂੰ ਕਤਲ ਕਰਵਾ ਦਿੱਤਾ। ਜਿਸ ਕਰਕੇ ਇਲਾਕੇ ਵਿਚ ਉਸ ਦੀ ਨਿਡਰਤਾ ਦੀਆਂ ਗੱਲਾਂ ਹੋਣ ਲੱਗੀਆਂ।

ਲੋਕ ਤਵਾਰੀਖ਼’ ਦਾ ਲੇਖਕ ਲਿਖਦਾ ਹੈ ਕਿ ਉਸ ਦੇ ਸੁੰਦਰ ਜੁੱਸੇ ’ਤੇ ਮੋਹਿਤ ਹੋ ਕੇ ਕਲਾਲ ਟੱਬਰ ਦੀ ਇਕ ਕੁੜੀ, ਬਿਨਾਂ ਨਿਕਾਹ ਕੀਤਿਆਂ ਹੀ ਉਸ ਨਾਲ ਰਹਿਣ ਲੱਗ ਪਈ। ਮਲੰਗੀ ਨੂੰ ਜਦੋਂ ਘਰ ਦਾ ਖ਼ਰਚ ਚਲਾਉਣ ਲਈ ਪੈਸੇ ਦੀ ਲੋੜ ਪਈ ਤਾਂ ਉਸ ਨੂੰ ਆਪਣੀ ਜ਼ਮੀਨ ਚੇਤੇ ਆ ਗਈ। ਉਸ ਨੇ ਆਪਣੇ ਭਰਾ ਸੁਦਾਗਰ ਸਿੰਘ ਨੂੰ ਨਾਲ ਲਿਆ ਅਤੇ ਜ਼ਮੀਨ ਵਿਚ ਪਹੁੰਚ ਗਿਆ। ਸੁਦਾਗਰ ਸਿੰਘ ਨੇ ਹਲ ਚਲਾਉਣਾ ਸ਼ੁਰੂ ਕੀਤਾ ਅਤੇ ਮਲੰਗੀ ਨੇ ਫੋਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਦੀ ਹਿੰਮਤ ਨਾ ਪਈ ਕਿ ਮਲੰਗੀ ਨੂੰ ਸੁੱਕਾ ਲਲਕਾਰਾ ਹੀ ਮਾਰ ਦੇਵੇ।

ਮਲੰਗੀ ਤੋਂ ਜ਼ਮੀਨ ਵਾਪਸ ਨਾ ਮਿਲਦੀ ਦੇਖ ਕੇ ਚੌਧਰੀਆਂ ਨੇ ਨਵੇਂ ਨਵੇਂ ਹਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ। ਚੌਧਰ ਦੀ ਧੌਂਸ ਦੇ ਕੇ ਉਨ੍ਹਾਂ ਨੇ ਪਿੰਡ ਦੀ ਮਸ਼ਾਣੀ (ਤੰਦੂਰ ਵਾਲੀ) ਨੂੰ ਆਖਿਆ ਕਿ ਮਲੰਗੀ ਨੇ ਬੇਨਿਕਾਹੀ ਤੀਵੀਂ ਘਰ ਰੱਖੀ ਹੋਈ ਹੈ, ਜੇ ਤੂੰ ਉਸ ਦੀਆਂ ਰੋਟੀਆਂ ਲਾਈਆਂ ਤਾਂ ਸਾਡੀਆਂ ਤੀਵੀਆਂ ਤੈਥੋਂ ਰੋਟੀਆਂ ਨਹੀਂ ਲਗਵਾਉਣਗੀਆਂ। ਮਲੰਗੀ ਦੀ ਘਰਵਾਲੀ ਜਦੋਂ ਰੋਟੀਆਂ ਲਵਾਉਣ ਗਈ ਤਾਂ ਮਸ਼ਾਣੀ ਨੇ ਰੋਟੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਬੇਨਿਕਾਹੀ ਹੋਣ ਦੇ ਤਾਅਨੇ ਵੀ ਦਿੱਤੇ। ਜਦੋਂ ਮਲੰਗੀ ਦੀ ਘਰਵਾਲੀ ਨੇ ਸਾਰੀ ਗੱਲ ਘਰ ਜਾ ਕੇ ਦੱਸੀ ਤਾਂ ਮਲੰਗੀ ਨੇ ਮਸ਼ਾਣੀ ਦਾ ਤੰਦੂਰ ਹੀ ਢਾਅ ਦਿੱਤਾ ਤੇ ਨਾਲੇ ਚੌਧਰੀਆਂ ਦੀਆਂ ਜਨਾਨੀਆਂ ਨੂੰ ਗਾਲਾਂ ਕੱਢੀਆਂ। ਚੌਧਰੀ ਤਾਂ ਪਹਿਲਾਂ ਹੀ ਖਿਝੇ ਬੈਠੇ ਸਨ, ਉਨ੍ਹਾਂ ਦੇ ਮੁੰਡੇ ਡਾਂਗਾਂ ਲੈ ਕੇ ਮਲੰਗੀ ਨੂੰ ਆ ਪਏ। ਮਲੰਗੀ ਨੇ ਮੁਕਾਬਲਾ ਕੀਤਾ, ਪਰ ਚੌਧਰੀਆਂ ਦੀ ਸੰਖਿਆ ਜ਼ਿਆਦਾ ਹੋਣ ਕਰਕੇ ਮਲੰਗੀ ਨੂੰ ਸੁੱਟ ਲਿਆ ਅਤੇ ਚੰਗੀਆਂ ਸੱਟਾਂ ਮਾਰੀਆਂ। ਉਨ੍ਹਾਂ ਨੇ ਉਲਟਾ ਪਰਚਾ ਵੀ ਮਲੰਗੀ ’ਤੇ ਹੀ ਦਰਜ ਕਰਵਾ ਦਿੱਤਾ।

ਜਦੋਂ ਮਲੰਗੀ ਦੀ ਮਾਂ ਅਤੇ ਉਸਦਾ ਭਰਾ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਪੁਲੀਸ ਵਾਲਿਆਂ ਨੇ ਉਸ ਨੂੰ ਆਪਣੀ ਨਿਗਰਾਨੀ ਵਿਚ ਲੈ ਲਿਆ। ਉਹ ਹਸਪਤਾਲੋਂ ਭੱਜ ਨਿਕਲਿਆ ਅਤੇ ਆਪਣੇ ਭਰਾ ਸੁਦਾਗਰ ਸਿੰਘ, ਰਾਜਾ ਤੇਲੀ, ਝੰਗ ਦੇ ਜੁੰਮੇ ਅਤੇ ਜਮਸ਼ੇਰ ਦੇ ਉੱਧੂ ਬ੍ਰਾਹਮਣ ਨੂੰ ਨਾਲ ਲੈ ਕੇ ਡਾਕੂਆਂ ਵਰਗਾ ਜੁੱਟ ਬਣਾ ਲਿਆ। ਉਹ ਵੱਡੇ ਜ਼ਿਮੀਂਦਾਰਾਂ ਅਤੇ ਸੂਦਖੋਰ ਸ਼ਾਹੂਕਾਰਾਂ ਦੇ ਘਰ ਡਾਕੇ ਮਾਰਦਾ ਅਤੇ ਗ਼ਰੀਬ ਕੰਮੀਆਂ ਵਿਚ ਵੰਡ ਦਿੰਦਾ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਿਹੜਾ ਥਾਣੇਦਾਰ ਸਾਹਮਣੇ ਆਇਆ, ਉਹ ਬਚ ਕੇ ਨਾ ਜਾ ਸਕਿਆ। ਉਸ ਨੇ ਚੂਨੀਆਂ ਦੇ ਨੇੜੇ ਇਕ ਸੂਦਖੋਰ ਖੱਤਰੀ ਸ਼ਾਹੂਕਾਰ ਦੇ ਸਾਰੇ ਖਾਤੇ ਸਾੜ ਦਿੱਤੇ ਅਤੇ ਉਸ ਨੂੰ ਕਤਲ ਕਰ ਦਿੱਤਾ। ਸ਼ੇਰੋਂਕਾਨੇ ਪਿੰਡ ਦਾ ਬਦਮਾਸ਼ ਜਿਹੜਾ ਲੋਕਾਂ ਤੋਂ ਪਸ਼ੂ ਲੈ ਕੇ ਪੈਸੇ ਨਹੀਂ ਸੀ ਦਿੰਦਾ, ਉਸਨੂੰ ਮਲੰਗੀ ਨੇ ਐਨੇ ਛਿੱਤਰ ਮਾਰੇ ਕਿ ਉਸ ਦਾ ਸਾਰਾ ਸਿਰ ਗੰਜਾ ਹੋ ਗਿਆ। ਫਿਰ ਉਸਨੇ ਲੋਕਾਂ ਨੂੰ ਪੈਸੇ ਵੀ ਮੋੜੇ।

‘ਪੰਜਾਬ ਦੇ ਲੱਜਪਾਲ ਪੁੱਤਰ’ ਵਿਚ ਇਕਬਾਲ ਅਸਦ ਲਿਖਦਾ ਹੈ, ‘ਅੰਗਰੇਜ਼ੀ ਰਾਜ ਸਮੇਂ ਚੂਨੀਆ ਦੇ ਨੇੜੇ ਬੱਗੇ ਨਾਂ ਦੇ ਪਿੰਡ ਵਿਚ ਫ਼ਤਿਹ ਅਰਾਈਂ ਰਹਿੰਦਾ ਸੀ ਜਿਹੜਾ ਘਰੋਂ ਬਹੁਤ ਲਿੱਸਾ ਸੀ, ਪਰ ਉਹ ਅੰਗਰੇਜ਼ਾਂ ਦੇ ਨਾਬਰ ਮਲੰਗੀ ਦਾ ਯਾਰ ਸੀ ਜਿਸ ਕਰਕੇ ਮਲੰਗੀ ਨੇ ਉਸ ਨੂੰ ਕੱਖਪਤੀ ਤੋਂ ਲੱਖਪਤੀ ਬਣਾ ਛੱਡਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਮਲੰਗੀ ਸੋਹਣ ਸਿੰਘ ਕਿਲ੍ਹੇ ਵਾਲੇ ਨੂੰ ਕਤਲ ਕਰਕੇ ਜਮਸ਼ੇਰ ਚਲਿਆ ਗਿਆ ਅਤੇ ਮੱਭੂ ਦੇ ਖੂਹ ’ਤੇ ਅਾਰਾਮ ਕਰਨ ਲਈ ਲੇਟ ਗਿਆ, ਉਸ ਸਮੇਂ ਤਕ ਅੰਗਰੇਜ਼ਾਂ ਨੇ ਮਲੰਗੀ ਅਤੇ ਉਸਦੇ ਸਾਥੀਆਂ ’ਤੇ ਇਨਾਮ ਰੱਖ ਦਿੱਤਾ ਹੋਇਆ ਸੀ। ਮੱਭੂ ਨੇ ਲਾਲਚ ਵਿਚ ਆ ਕੇ ਪੁਲੀਸ ਨੂੰ ਖ਼ਬਰ ਕਰ ਦਿੱਤੀ। ਪੁਲੀਸ ਚੜ੍ਹੀ ਤਾਂ ਅੱਗੋਂ ਮਲੰਗੀ ਦੇ ਸਾਥੀਆਂ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਜਿਸ ’ਤੇ ਪੁਲੀਸ ਵਾਪਸ ਭੱਜ ਗਈ। ਮਲੰਗੀ ਉਦੋਂ ਤਾਂ ਆਪਣੇ ਜੁੱਟ ਨਾਲ ਗਰਜ ਕੇ ਚਲਾ ਗਿਆ, ਪਰ ਕੁਝ ਦਿਨਾਂ ਬਾਅਦ ਉਸ ਨੇ ਮੱਭੂ ਦੀਆਂ ਲੱਤਾਂ ਵੱਢ ਛੱਡੀਆਂ ਅਤੇ ਉਸ ਦੀ ਪਤਨੀ ਨੂੰ ਚੁੱਕ ਕੇ ਫ਼ਤਿਹ ਅਰਾਈਂ ਦੇ ਡੇਰੇ ’ਤੇ ਲੈ ਗਿਆ। ਉੱਤੋਂ ਫ਼ਤਿਹ ਅਰਾਈਂ ਨੇ ਮਲੰਗੀ ਅਤੇ ਉਸ ਦੇ ਜੁੱਟ ਦੀ ਪੂਰੀ ਸੇਵਾ ਕੀਤੀ, ਪਰ ਜਦੋਂ ਉਨ੍ਹਾਂ ਨੂੰ ਚੰਗੀ ਘੂਕੀ ਚੜ੍ਹ ਗਈ ਤਾਂ ਫ਼ਤਿਹ ਅਰਾਈਂ ਨੇ ਪੁਲੀਸ ਨੂੰ ਖ਼ਬਰ ਕਰ ਦਿੱਤੀ। ਪੁਲੀਸ ਚੜ੍ਹੀ ਅਤੇ ਮਲੰਗੀ ਨੂੰ ਜੋਟੀਦਾਰਾਂ ਸਮੇਤ ਫੜ ਕੇ ਲੈ ਗਈ।’’

ਉਹ ਜਿੰਨਾ ਚਿਰ ਜਿਉਂਦਾ ਰਿਹਾ, ਸਰਕਾਰੀ ਏਜੰਟਾਂ ਅਤੇ ਸ਼ਾਹੂਕਾਰਾਂ ਨੂੰ ਵਖ਼ਤ ਪਾਈ ਰੱਖਿਆ। ਉਹ ਰਾਤੀਂ ਵਾਰਦਾਤਾਂ ਕਰਦਾ ਅਤੇ ਦਿਨੇ ਆਪਣੀਆਂ ਛੁਪਣਗਾਹਾਂ ਵਿਚ ਜਾ ਛੁਪਦਾ। ਇਸੇ ਲਈ ਇਲਾਕੇ ਵਿਚ ਕਿਹਾ ਜਾਣ ਲੱਗਿਆ, ‘ਦਿਨੇ ਰਾਜ ਫ਼ਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।’

ਸੰਪਰਕ: 98555-51359

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All