DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁੱਤਾਂ ਵਾਂਗੂੰ ਪਾਲੀ ਹਾੜੀ ਗਈ ਪੱਕ ਬੇਲੀਓ...

ਕਣਕ‌ ਹਾੜੀ ਦੀ ਮੁੱਖ ਫ਼ਸਲ ਅਤੇ ਸਾਡੇ ਭੋਜਨ ਦਾ ਮੁੱਖ ਆਧਾਰ ਹੋਣ ਕਰਕੇ ਇਸ ਨੂੰ ‘ਫ਼ਸਲਾਂ ਦੀ ਰਾਣੀ’ ਵਜੋਂ ਵੀ ਜਾਣਿਆ ਜਾਂਦਾ ਹੈ। ਜਦ ਇਸ ਫ਼ਸਲ ਦੇ ਹਰੇ ਭਰੇ ਕਚੂਰ ਪੌਦੇ ’ਤੇ ਸਿੱਟੇ (ਬੱਲੀਆਂ) ਸੋਨ ਰੰਗੀ ਭਾਅ ਮਾਰਨ ਲੱਗ ਜਾਂਦੇ...

  • fb
  • twitter
  • whatsapp
  • whatsapp
Advertisement

ਕਣਕ‌ ਹਾੜੀ ਦੀ ਮੁੱਖ ਫ਼ਸਲ ਅਤੇ ਸਾਡੇ ਭੋਜਨ ਦਾ ਮੁੱਖ ਆਧਾਰ ਹੋਣ ਕਰਕੇ ਇਸ ਨੂੰ ‘ਫ਼ਸਲਾਂ ਦੀ ਰਾਣੀ’ ਵਜੋਂ ਵੀ ਜਾਣਿਆ ਜਾਂਦਾ ਹੈ। ਜਦ ਇਸ ਫ਼ਸਲ ਦੇ ਹਰੇ ਭਰੇ ਕਚੂਰ ਪੌਦੇ ’ਤੇ ਸਿੱਟੇ (ਬੱਲੀਆਂ) ਸੋਨ ਰੰਗੀ ਭਾਅ ਮਾਰਨ ਲੱਗ ਜਾਂਦੇ ਹਨ, ਤਾਂ ਇਹ ਫ਼ਸਲ ਦੇ ਪੱਕਣ ਵੱਲ ਵਧਣ ਦਾ ਸੰਕੇਤ ਹੁੰਦਾ ਹੈ। ਵਿਸਾਖੀ ਦੇ ਤਿਉਹਾਰ ਦੀ ਆਮਦ ਵੀ ਕਣਕ ਦੇ ਨਾਲ ਨਾਲ ਹੋਰ ਵੀ ਹਾੜੀ ਦੀਆਂ ਫ਼ਸਲਾਂ ਦੇ ਪੱਕਣ ਦੀ ਪ੍ਰੋੜਤਾ ਦੀ ਮੋਹਰ ਇੰਜ ਲਾ ਦਿੰਦੀ ਹੈ;

ਆਈ ਐ ਵਿਸਾਖੀ ਕੋਈ ਰਿਹਾ ਨਾ ਸ਼ੱਕ ਬੇਲੀਓ

Advertisement

ਪੁੱਤਾਂ ਵਾਂਗੂੰ ਪਾਲੀ ਹਾੜੀ ਗਈ ਪੱਕ ਬੇਲੀਓ।

Advertisement

ਕੰਬਾਈਨ/ਮਸ਼ੀਨਰੀ ਯੁੱਗ ਤੋਂ ਪਹਿਲਾਂ ਕਣਕ ਦੀ ਸਾਂਭ ਸੰਭਾਲ ਲਈ ਵਾਢੀ/ਕਟਾਈ ਤੋਂ ਪਹਿਲਾਂ ਹੀ ਅਗਾਊਂ ਪ੍ਰਬੰਧ ਕਰਨੇ ਪੈਂਦੇ ਸਨ। ਜਿਨ੍ਹਾਂ ਵਿੱਚ ਬੇੜਾਂ ਦੀ ਵੱਟ ਵਟਾਈ ਅਤੇ ਲੋੜੀਂਦੇ ਸੰਦਾਂ (ਦਾਤਰੀਆਂ, ਸਲੰਗ, ਤੰਗਲੀ ਤੇ ਫਲੇ) ਆਦਿ ਦੀ ਮੁਰੰਮਤ ਕਰਨੀ/ ਕਰਵਾਉਣੀ ਜਾਂ ਨਵਿਆਂ ਦੀ ਖ਼ਰੀਦੋ ਫਰੋਖਤ ਕੀਤੀ ਜਾਂਦੀ ਰਹੀ ਹੈ।

ਕਣਕ ਦੀ ਵਾਢੀ ਦੇ ਨਾਲੋਂ ਨਾਲ ਭਰੀਆਂ/ਪੰਡਾਂ ਬੰਨ੍ਹਣ ਲਈ ਵਾਢੀ ਤੋਂ ਦਸ ਪੰਦਰਾਂ ਦਿਨਾਂ ਪਹਿਲਾਂ ਬੇੜਾਂ ਦੀ ਵੱਟ ਵਟਾਈ ਕਰ ਲਈ ਜਾਂਦੀ ਸੀ। ਇਹ ਬੇੜ ਦੱਭ, ਕਾਹੀ, ਨਾੜ ਜਾਂ ਪਰਾਲੀ ਆਦਿ ਦੇ ਵੱਟੇ ਜਾਂਦੇ ਸਨ। ਬੇੜਾਂ ਦੀ ਵੱਟ ਵਟਾਈ ਵਿੱਚ ਬਾਸਮਤੀ ਦੀ ਲੰਮੀ ਪਰਾਲੀ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਰਹੀ ਹੈ। ਬੇੜ ਵੱਟਣ ਤੋਂ ਪਹਿਲਾਂ ਪਰਾਲੀ ਆਦਿ ਨੂੰ ਕੁਝ ਸਮੇਂ ਲਈ ਭਿਉਂ ਲਿਆ ਜਾਂਦਾ ਤਾਂ ਕਿ ਉਹ ਕੂਲੀ/ਨਰਮ ਹੋ ਜਾਵੇ। ਫਿਰ ਦੋ ਵਿਅਕਤੀ ਇੱਕ ਜਣਾ ਵਾਟੂ (ਵੱਟ ਚਾੜ੍ਹਨ ਵਾਲ) ਤੇ ਦੂਜਾ ਦਾਥੂ (ਦੱਥੇ ਦੇਣ ਵਾਲਾ) ਬੇੜ ਵੱਟਣ ਦਾ ਕਾਰਜ ਸ਼ੁਰੂ ਹੁੰਦਾ ਹੈ। ਲੋੜ ਅਨੁਸਾਰ ਬੇੜ ਵੱਟ ਤੇ ਸੁਕਾ ਕੇ ਜਮ੍ਹਾਂ ਕਰ ਲਾਏ ਜਾਂਦੇ। ਵੱਟ ਚਾੜ੍ਹਨ ਵਾਲੇ ਸੋਟੀ ਨੁਮਾ ਛੋਟੇ ਡੰਡੇ ਨੂੰ ‘ਵੱਟਣਾ’ ਅਤੇ ਇਸ ਉੱਪਰ ਵਲੇਵੇਂ ਦਾਰ ਲਪੇਟੇ ਤੇ ਇਸ ਨੂੰ ਲੋੜ ਅਨੁਸਾਰ ਲੰਮਾ ਕਰਨ ਲਈ ਵੱਟ ਚਾੜ੍ਹਨ ਦੀ ਪ੍ਰਕਿਰਿਆ ਵਿੱਚ ਹੋਰ ਤੀਲ੍ਹੀਆਂ ਜੋੜਨ ਨੂੰ ‘ਦੱਥਾ’ ਕਿਹਾ ਜਾਂਦਾ ਹੈ।

ਛੱਪੜਾਂ ਨਹਿਰਾਂ, ਸੂਇਆਂ, ਖਾਲਾਂ, ਆਡਾਂ ਆਦਿ ਕਿਨਾਰਿਆਂ ’ਤੇ ਲੱਗੇ ਰੁੱਖਾਂ ਦੀ ਠੰਢੀ ਮਿੱਠੀ ਛਾਂ ਹੇਠ ਬੇੜ ਵੱਟਦੀਆਂ ਜੋੜੀਆਂ ਆਮ ਹੀ ਦਿਖਾਈ ਦੇ ਜਾਂਦੀਆਂ ਸਨ। ਜਿੱਥੇ ਬੇੜ ਵੱਟਣ ਦੀ ਭਾਵਪੂਰਤ ਪ੍ਰਕਿਰਿਆ ਦਾ ਇੱਕ ਖੂਬਸੂਰਤ ਦ੍ਰਿਸ਼ ਰੂਪਮਾਨ ਹੋ ਜਾਂਦਾ ਸੀ। ਕਿਤੇ ਕਿਤੇ ਇਹ ਬੋਲ ਵੀ ਸੁਣਨ ਨੂੰ ਮਿਲਦੇ;

ਚਾੜ੍ਹ ਦਿਓ ਬੇੜਾਂ ਨੂੰ ਦੁਬਲ ਵੱਟ ਬੇਲੀਓ

ਸਾਂਭਣੀ ਐਂ ਕਣਕ ਜੋ ਚੱਲੀ ਏ ਪੱਕ ਬੇਲੀਓ।

ਕਣਕ ਦੀ ਵਾਢੀ ਦੇ ਰੁਝੇਵੇਂ ਵਿੱਚ ਕਿਸਾਨ ਦਾ ਪੂਰਾ ਪੂਰਾ ਪਰਿਵਾਰ ਹੀ ਕਿਸੇ ਨਾ ਕਿਸੇ ਰੂਪ ਵਿੱਚ ਸ਼ਰੀਕ ਜ਼ਰੂਰ ਹੁੰਦਾ ਸੀ। ਇੱਥੋਂ ਤੀਕ ਕਿ ਔਰਤਾਂ ਵੀ ਬੜੀ ਤਨਦੇਹੀ ਨਾਲ ਇਸ ਵਾਢੀ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਸਨ। ਜਿੱਥੇ ਉਹ ਰੋਟੀ ਟੁੱਕ ਦਾ ਆਹਰ ਪਾਹਰ ਕਰਕੇ ਭੱਤਾ ਲੈ ਕੇ ਸਮੇਂ ਸਮੇਂ ਖੇਤਾਂ ਵਿੱਚ ਪਹੁੰਚਦੀਆਂ, ਉੱਥੇ ਦੋ ਚਾਰ ਪਰਾਤਾਂ ਲਵਾ (ਕੁਝ ਵਾਢੀ ਕਰਵਾ) ਹੀ ਆਉਂਦੀਆਂ। ਕਣਕ ਦੀ ਵਾਢੀ ਸਮੇਂ ਸੰਭਾਵੀ ਮਦਦ ਦੇ ਮੱਦੇਨਜ਼ਰ ਉਹ ਮਨ ਦੇ ਵਲਵਲਿਆਂ ਨੂੰ ਇੰਜ ਪ੍ਰਗਟਾਉਂਦੀਆਂ;

ਦਾਤੀ ਨੂੰ ਲਵਾ ਦੇ ਘੁੰਗਰੂ

ਵਾਢੀ ਕਰੂੰਗੀ ਬਰਾਬਰ ਤੇਰੇ।

ਵਾਢੀ ਦਾ ਕੰਮ ਜ਼ਿਆਦਾ ਹੋਣ ਕਰਕੇ ਮਜ਼ਦੂਰ ਵੀ ਲਾਏ ਜਾਂਦੇ ਜਿਨ੍ਹਾਂ ਨੂੰ ‘ਲਾਵੇ’ ਕਿਹਾ ਜਾਂਦਾ ਹੈ। ਇਨ੍ਹਾਂ ‘ਲਾਵਿਆਂ’ ਨੂੰ ਪ੍ਰਤੀ ਦਿਨ ਇੱਕ ਭਰੀ (ਪੰਡ) ਮਜ਼ਦੂਰੀ ਵਜੋਂ ਦਿੱਤੀ ਜਾਂਦੀ। ਕਈ ਵਾਰ ਸਾਂਝ ਭਿਆਲੀ ਵਜੋਂ ਰਲ ਮਿਲ ਕੇ ਇੱਕ-ਦੂਜੇ ਦੀ ਕਣਕ ਦੀ ਵਾਢੀ ਵਿੱਚ ਮਦਦ ਕਰ ਦਿੱਤੀ ਜਾਂਦੀ ਸੀ, ਜਿਸ ਨੂੰ ‘ਮੰਗ’ ਪਾਉਣੀ/ਖਾਣੀ ਦਾ ਨਾਮ ਦੇ ਕੇ ਮਾਂਗੀਆਂ (ਕਣਕ ਵਾਢੀ ਵਿੱਚ ਮਦਦ ਕਰਨ ਵਾਲਿਆਂ) ਦੀ ਖ਼ੂਬ ਟਹਿਲ ਸੇਵਾ ਪਾਣੀ ਕੀਤਾ ਜਾਂਦਾ।

ਸਵੇਰ ਵੇਲੇ ਤਰੇਲ ਨਾਲ ਕਣਕ ਦੇ ਸਿੱਲੇ ਨਾੜ ਦੀ ਵਾਢੀ ਕੁਝ ਔਖੀ ਜ਼ਰੂਰ ਹੁੰਦੀ, ਪਰ ਜਿਉਂ ਜਿਉਂ ਧੁਪ ਚੜ੍ਹਦੀ/ਚਮਕਦੀ ਜਾਂਦੀ, ਤਿਉਂ ਤਿਉਂ ਹੀ ਨਾੜ ਸੁੱਕ ਕੇ ਖੜ੍ਹਕਦਾ/ ਮੜ੍ਹਕਦਾ ਜਾਂਦਾ। ਫਿਰ ਜ਼ਿੱਦੋ ਜ਼ਿੱਦੀ ਦਾਤਰੀਆਂ ਤੇਜ਼ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਵਾਢੀ ਦੇ ਮੁਕਾਬਲੇ ਵਿੱਚ ਹਰ ਕੋਈ ਆਪਣੀ ਪਰਾਤ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਿਆਂ ਆਪਣੇ ਪਿੱਛੇ ਮੁੜ ਕੇ/ਸੱਥਰ (ਦੋ ਮੂੰਹੇ ਢੇਰ) ਲਾਈ ਜਾਂਦਾ। ਦਿਨ ਦੀ ਸਾਰੀ ਵਾਢੀ ਦੀਆਂ ਭਰੀਆਂ ਬੰਨ੍ਹ ਕੇ ਖਲਵਾੜਾ (ਭਰੀਆਂ ਇੱਕ ਥਾਂ ਇਕੱਤਰ ਕਰਕੇ) ਸਾਹ ਲਿਆ ਜਾਂਦਾ। ਕਈ ਵਾਰ ਇਸ ਕਾਰਜ ਵਿੱਚ ਅੱਧੀ ਰਾਤ ਵੀ ਲੱਗ ਜਾਂਦੀ।

ਪਿੰਡ ਦੇ ਸੇਪੀ, ਲੁਹਾਰ- ਦਾਤਰੀਆਂ ਦੇ ਦੰਦੇ ਕੱਢਣ, ਝਿਊਰ ਪਾਣੀ ਪਿਲਾਉਣ, ਨਾਈ ਨਹੁੰ, ਭੋਰੀਆਂ ਕੱਟਣ ਛਿੱਲਤਾਂ/ ਚੁੱਭੇ ਬੁੱਠੇ/ਕੰਡੇ ਕੱਢਣ ਆਦਿ ਲਈ ਖੇਤਾਂ ਵਿੱਚ ਸਮੇਂ ਸਮੇਂ ਗੇੜੇ ਮਾਰਦੇ ਰਹਿੰਦੇ, ਜਿਸ ਬਦਲੇ ਉਨ੍ਹਾਂ ਨੂੰ ਪ੍ਰਤੀ ਗੇੜਾ ਇੱਕ ‘ਮੱਕੜਾ’ ਦਿੱਤਾ ਜਾਂਦਾ।

ਕਣਕ ਦੀ ਵਾਢੀ ਪੂਰਨ ਹੋਣ ’ਤੇ ਕਿਸਾਨ ਖੇਤ ਦੀ ਇੱਕ ਨੁੱਕਰੇ ‘ਛੀਓੜੰਬਾ’ ਛੱਡ (ਸਰਦੀ ਬਣਦੀ ਕਣਕ ਖੜ੍ਹੀ ਰਹਿਣ) ਦਿੰਦਾ ਤਾਂ ਕਿ ਕੋਈ ਲੋੜਵੰਦ ਇਸ ਨੂੰ ਵੱਢ ਕੇ ਲੈ ਜਾ ਸਕੇ। ਇਹ ਛੀਓੜੰਬਾ ਛੱਡਣ ਸਮੇਂ ਕਿਸਾਨ ਆਪਣੇ ਹੱਥੀਂ ਵੱਢਿਆ ਇੱਕ ਰੁੱਗ ਧਰ ਕੇ ਮੱਥਾ ਟੇਕਦਾ ਇੰਝ ਆਖਦਾ;

ਸੁੱਖ ਸਖੇਂਦੀਏ ਵਾਢੀਏ ਤੂੰ ਫਿਰ ਆਈਂ

ਰਿਜ਼ਕ ਦੇ ਭਰੇ ਗੱਡੇ ਲਿਆ ਕੇ ਭਲਾ ਸਭ ਦਾ ਮਨਾਈਂ।

ਕਣਕ ਦੀ ਵਾਢੀ ਸੰਪੂਰਨ ਹੋਣ ’ਤੇ ਦਾਤਰੀਆਂ ਦੀ ਨੁਹਾਈ/ ਧੁਆਈ ਕਰਵਾ ਕੇ ਵਿਸ਼ੇਸ਼ ਪਕਵਾਨ ਕੜਾਹ, ਪੂਰੀਆਂ, ਪਕੋੜੇ, ਗੁਲਗਲੇ, ਮਿੱਠੇ ਸ਼ਰਬਤ ਆਦਿ ਖਾਧੇ ਪੀਤੇ ਜਾਂਦੇ। ਇਸ ਸਭ ਕੁਝ ਨੂੰ ‘ਦਾਤੀਆਂ ਦਾ ਵਿਆਹ’ ਰਚਾਉਣ ਦਾ ਜਸ਼ਨ ਆਖਿਆ ਜਾਂਦਾ। ਹੁਣ ਕੰਬਾਈਨ ਕਲਚਰ ਨੇ ਉਕਤ ਸਭ ਤਰ੍ਹਾਂ ਦੀ ਮੁਸ਼ੱਕਤ ਤੇ ਮਿਹਨਤ ਭਰੇ ਵਿਰਸੇ ਨੂੰ ਸਾਡੇ ਤੋਂ ਖੋਹ ਲਿਆ ਹੈ।

ਸੰਪਰਕ: 98764-74858

Advertisement
×