’47 ਦੀ ਵੰਡ ਤੋਂ ਬਾਅਦ ਦਾ ਪੰਜਾਬੀ ਸਿਨੇਮਾ
ਵੰਡ ਤੋਂ ਪਹਿਲਾਂ ਦੇ ਪੰਜਾਬੀ ਸਿਨੇਮਾ ਦੀ ਜੇਕਰ ਤਾਰੀਖ਼ ਪੜ੍ਹੀ ਜਾਵੇ ਤਾਂ ਪੰਜਾਬੀ ਸਿਨੇਮਾ ਵਿੱਚ ਜਿੰਨੀਆਂ ਵੀ ਬਿਹਤਰੀਨ ਫਿਲਮਾਂ ਬਣੀਆਂ ਜ਼ਿਆਦਾਤਰ ਉਹ ਲਾਹੌਰ ਫਿਲਮ ਇੰਡਸਟਰੀ ਦੀ ਹੀ ਦੇਣ ਸਨ। ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ, ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਇੱਕ...
ਵੰਡ ਤੋਂ ਪਹਿਲਾਂ ਦੇ ਪੰਜਾਬੀ ਸਿਨੇਮਾ ਦੀ ਜੇਕਰ ਤਾਰੀਖ਼ ਪੜ੍ਹੀ ਜਾਵੇ ਤਾਂ ਪੰਜਾਬੀ ਸਿਨੇਮਾ ਵਿੱਚ ਜਿੰਨੀਆਂ ਵੀ ਬਿਹਤਰੀਨ ਫਿਲਮਾਂ ਬਣੀਆਂ ਜ਼ਿਆਦਾਤਰ ਉਹ ਲਾਹੌਰ ਫਿਲਮ ਇੰਡਸਟਰੀ ਦੀ ਹੀ ਦੇਣ ਸਨ। ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ, ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਇੱਕ ਅਜਿਹਾ ਖੂਬਸੂਰਤ ਸ਼ਹਿਰ ਸੀ ਜੋ ’47 ਤੋਂ ਪਹਿਲਾਂ ਕਲਾ ਅਤੇ ਸਾਹਿਤਕ ਸਰਗਰਮੀਆਂ ਦਾ ਵੱਡਾ ਕੇਂਦਰ ਹੋਇਆ ਕਰਦਾ ਸੀ। ਇਸ ਦਾ ਅਸਰ ਉਸ ਵੇਲੇ ਦੇ ਪੰਜਾਬੀ ਸਿਨੇਮਾ ’ਤੇ ਵੀ ਦਿਖਾਈ ਦਿੰਦਾ ਸੀ, ਪਰ ਪੰਜਾਬੀ ਫਿਲਮ ਇੰਡਸਟਰੀ ਦਾ ਇਹ ਸਭ ਤੋਂ ਵੱਡਾ ਕੇਂਦਰ ਲਾਹੌਰ ਵੰਡ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ ਆ ਗਿਆ।
’47 ਦੀ ਵੰਡ ਵੇਲੇ ਹੋਈ ਫਿਰਕੂ ਹਿੰਸਾ ਵਿੱਚ ਇੱਥੋਂ ਦੇ ਲਗਭਗ ਸਾਰੇ ਫਿਲਮ ਸਟੂਡੀਓ ਅੱਗ ਦੀ ਭੇਂਟ ਚੜ੍ਹ ਗਏ। ਸਾਰੇ ਹਿੰਦੂ ਤੇ ਸਿੱਖ ਫਿਲਮੀ ਕਲਾਕਾਰਾਂ ਅਤੇ ਸਟੂਡੀਓ ਮਾਲਕਾਂ ਨੂੰ ਲਾਹੌਰ ਛੱਡ ਕੇ ਆਪਣੀਆਂ ਜਾਨਾਂ ਬਚਾਅ ਕੇ ਮਜਬੂਰੀ ਵਿੱਚ ਭਾਰਤ ਆਉਣਾ ਪਿਆ। ਇਸ ਨਾਲ ਲਾਹੌਰ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਉੱਜੜ ਗਈ। ’47 ਦੀ ਵੰਡ ਕਰਕੇ ਪੰਜਾਬੀਆਂ ਵਾਂਗ ਲਾਹੌਰ ਦੀ ਪੰਜਾਬੀ ਫਿਲਮ ਇੰਡਸਟਰੀ ਵੀ ਘਰੋਂ ਬੇਘਰ ਹੋ ਗਈ ਤੇ ਮੁੜ ਕੇ ਉਸ ਨੂੰ ਕਦੇ ਲਾਹੌਰ ਵਰਗਾ ਆਪਣਾ ਸਾਂਝਾ ਘਰ ਨਸੀਬ ਨਾ ਹੋਇਆ।
ਪਾਕਿਸਤਾਨ ਬਣਨ ਤੋਂ ਬਾਅਦ ਲਾਹੌਰ ਤੋਂ ਹਿਜ਼ਰਤ ਕਰ ਕੇ ਜੋ ਫਿਲਮੀ ਲੋਕ ਭਾਰਤ ਆਏ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੀ ਫਿਲਮਾਂ ਵਿੱਚ ਕਾਮਯਾਬ ਹੋਣ ਲਈ ਸੰਘਰਸ਼ ਕਰਨ ਲੱਗੇ ਤੇ ਕੁਝ ਕਾਮਯਾਬ ਵੀ ਹੋ ਗਏ, ਪਰ ਉਨ੍ਹਾਂ ਨੇ ਮੁੜ ਕੇ ਪੰਜਾਬੀ ਫਿਲਮ ਇੰਡਸਟਰੀ ਦੀ ਬਾਂਹ ਨਾ ਫੜੀ। ਗਿਣਤੀ ਦੇ ਕੁਝ ਬਹੁਤ ਥੋੜ੍ਹੇ ਪੰਜਾਬੀ ਕਲਾਕਾਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕੇ ਪੰਜਾਬੀ ਫਿਲਮ ਇੰਡਸਟਰੀ ਫਿਰ ਤੋਂ ਹੌਲੀ ਹੌਲੀ ਆਪਣੇ ਪੈਰਾਂ ਸਿਰ ਖੜ੍ਹੀ ਹੋਣ ਲੱਗੀ। ਚੜ੍ਹਦੇ ਪੰਜਾਬ ਤੋਂ ਹਜ਼ਾਰਾ ਮੀਲ ਦੂਰ ਮੁੰਬਈ ਫਿਲਮ ਇੰਡਸਟਰੀ ਵਿੱਚ ਹਿੰਦੀ ਫਿਲਮਾਂ ਦੇ ਨਾਲ ਨਾਲ ਪਹਿਲਾਂ ਵਾਂਗ ਪੰਜਾਬੀ ਫਿਲਮਾਂ ਦਾ ਵੀ ਨਿਰਮਾਣ ਹੋਣ ਲੱਗਾ, ਕਲਕੱਤਾ ਫਿਲਮ ਇੰਡਸਟਰੀ ਬੰਦ ਹੋਣ ਕਰਕੇ ਉੱਥੋਂ ਦੇ ਫਿਲਮੀ ਕਲਾਕਾਰ ਵੀ ਮੁੰਬਈ ਹੀ ਆ ਗਏ ਸਨ, ਸੋ ਉੱਥੇ ਜੋ ਪਹਿਲਾਂ ਪੰਜਾਬੀ ਫਿਲਮਾਂ ਬਣਦੀਆਂ ਸਨ, ਉਹ ਵੀ ਬੰਦ ਹੋ ਗਈਆਂ।
ਚੜ੍ਹਦੇ ਪੰਜਾਬ ਦੇ ਪੰਜਾਬੀ ਸਿਨੇਮਾ ਦਾ 6 ਅਗਸਤ, 1948 ਵਿੱਚ ਰਿਲੀਜ਼ ਹੋਈ ਪਹਿਲੀ ਪੰਜਾਬੀ ਫਿਲਮ ‘ਚਮਨ’ ਨਾਲ ਮੁੜ ਤੋਂ ਮੁੱਢ ਬੱਝਾ। ਬੰਬਈ ਵਿੱਚ ਬਣੀ ਜੈਮਿਨੀ ਦੀਵਾਨ ਪ੍ਰੋਡਕਸ਼ਨ ਦੀ ਫਿਲਮ ‘ਚਮਨ’ ਜਿਸ ਦੇ ਗੀਤ ਉਸ ਜ਼ਮਾਨੇ ਵਿੱਚ ਬੇਹੱਦ ਮਕਬੂਲ ਹੋਏ ਦੇ ਨਿਰਦੇਸ਼ਕ ਸਨ ਪੰਜਾਬੀ ਸਿਨੇਮਾ ਦੀ ਮਹਾਨ ਹਸਤੀ ਰੂਪ ਕੇ. ਸ਼ੋਰੀ। ‘ਚਮਨ’ ਦੇ ਪ੍ਰਦਰਸ਼ਨ ਤੋਂ ਬਾਅਦ 1949 ਵਿੱਚ ਕੁਲਦੀਪ ਪਿਕਚਰਜ਼ ਲਿਮਟਿਡ ਬੰਬਈ ਦੇ ਬੈਨਰ ਹੇਠ ਰਜਿੰਦਰ ਸ਼ਰਮਾ ਦੀ ਡਾਇਰੈਕਟ ਕੀਤੀ ਫਿਲਮ ‘ਲੱਛੀ’ ਪ੍ਰਦਰਸ਼ਿਤ ਹੋਈ ਜਿਸ ਦੇ ਗੀਤਾਂ ਨੇ ਚਾਰੇ ਪਾਸੇ ਧੁੰਮਾਂ ਪਾ ਦਿੱਤੀਆਂ ਤੇ ਇਹ ਫਿਲਮ ਚੜ੍ਹਦੇ ਪੰਜਾਬ ਦੇ ਪੰਜਾਬੀ ਸਿਨੇਮਾ ਦੀ ਪਹਿਲੀ ਸੁਪਰਹਿੱਟ ਫਿਲਮ ਸਾਬਤ ਹੋਈ। ਇਸ ਤੋਂ ਬਾਅਦ 1951 ਵਿੱਚ ਇੱਕ ਹੋਰ ਫਿਲਮ ਸੁਪਰਹਿੱਟ ਹੋਈ ‘ਪੋਸਤੀ’, ਜਿਸ ਦੇ ਗੀਤ ਵੀ ਬੇਹੱਦ ਮਕਬੂਲ ਹੋਏ। ਪੰਜਾਹਵੇਂ ਅਤੇ ਸੱਠਵੇਂ ਦਹਾਕੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਨੇ ਕਈ ਪੰਜਾਬੀ ਫਿਲਮਾਂ ਜਿਨ੍ਹਾਂ ਦੀਆਂ ਖੂਬਸੂਰਤ ਕਹਾਣੀਆਂ ਅਤੇ ਮਧੁਰ ਗੀਤਾਂ ਨੂੰ ਉਸ ਜ਼ਮਾਨੇ ਵਿੱਚ ਬੇਹੱਦ ਪਸੰਦ ਕੀਤਾ ਗਿਆ, ਪੰਜਾਬੀ ਸਿਨੇਮਾ ਦੀ ਝੋਲੀ ਪਾਈਆਂ। ਪੰਜਾਬੀ ਲੋਕ ਦਾਸਤਾਨਾ, ਕਿੱਸੇ ਕਹਾਣੀਆਂ ਨੂੰ ਫਿਲਮੀ ਪਰਦੇ ’ਤੇ ਲਿਆਉਣ ਦੇ ਨਾਲ ਨਾਲ ਪੰਜਾਬ ਦੀ ਵੰਡ ਦੇ ਦੁਖਾਂਤ ’ਤੇ ਵੀ ਉਸ ਵੇਲੇ ਪੰਜਾਬੀ ਫਿਲਮਾਂ ਬਣਾਈਆਂ ਜਾਣ ਲੱਗੀਆਂ।
ਵੰਡ ਦੇ ਦਰਦ ਨੂੰ ਬਿਆਨ ਕਰਦੀ ਕਲਾਸਿਕ ਪੰਜਾਬੀ ਫਿਲਮ ‘ਚੌਧਰੀ ਕਰਨੈਲ ਸਿੰਘ’ (1962) ਪੰਜਾਬੀ ਸਿਨੇਮਾ ਦੀ ਪਹਿਲੀ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ਫਿਲਮ ਬਣੀ। ਸਾਲ 1948 ਤੋਂ 1980 ਤੱਕ ਚੜ੍ਹਦੇ ਪੰਜਾਬ ਵਿੱਚ ਕੁੱਲ 170 ਦੇ ਕਰੀਬ ਫਿਲਮਾਂ ਹੀ ਬਣੀਆਂ ਜੋ ਕਿ ਗਿਣਤੀ ਪੱਖੋਂ ਬਹੁਤ ਘੱਟ ਸਨ। ਇਸ ਤੋਂ ਬਾਅਦ ਪੰਜਾਬੀ ਸਿਨੇਮਾ ਨੇ ਕਈ ਦੌਰ ਵੇਖੇ, ਚੰਗੇ ਵੀ ਤੇ ਮਾੜੇ ਵੀ, ਪਰ 6 ਦਸੰਬਰ 1988 ਵਿੱਚ ਅਦਾਕਾਰ ਵਰਿੰਦਰ ਦੀ ਹੱਤਿਆ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਸ ਦੇ ਜਾਣ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਕਮੀ ਦੇ ਨਾਲ ਫਿਲਮਾਂ ਦੇ ਮਿਆਰ ਵਿੱਚ ਵੀ ਗਿਰਾਵਟ ਆਉਣ ਲੱਗੀ।
ਸਾਲ 2000 ਤੱਕ ਪੰਜਾਬੀ ਸਿਨੇਮਾ ਦੀ ਹਾਲਤ ਡਾਂਵਾਡੋਲ ਹੀ ਰਹੀ। ਇਸੇ ਸਮੇਂ ਦੌਰਾਨ 1999 ਵਿੱਚ ਰਿਲੀਜ਼ ਹੋਈਆਂ ‘ਮਾਹੌਲ ਠੀਕ ਹੈ’, ‘ਸ਼ਹੀਦੇ ਮੁਹੱਬਤ’ ਵਰਗੀਆਂ ਖੂਬਸੂਰਤ ਫਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਨਵੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਫਿਰ 2002 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਜੀ ਆਇਆ ਨੂੰ’ ਦੀ ਅਪਾਰ ਸਫਲਤਾ ਤੋਂ ਬਾਅਦ ਨਵੇਂ ਪੰਜਾਬੀ ਸਿਨੇਮਾ ਦਾ ਆਗਾਜ਼ ਹੋਇਆ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਫਿਲਮ ਨਿਰਮਾਣ ਵਿੱਚ ਤੇਜ਼ੀ ਆਈ ਅਤੇ ਤਕਨੀਕੀ ਤੌਰ ’ਤੇ ਵੀ ਮਿਆਰੀ ਫਿਲਮਾਂ ਬਣਨ ਲੱਗੀਆਂ। ਫਿਲਮਾਂ ਦੀ ਸਫਲਤਾ ਨਾਲ ਬਹੁਤ ਸਾਰੇ ਫਿਲਮ ਨਿਰਮਾਤਾ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਦਿਲਚਸਪੀ ਲੈਣ ਲੱਗੇ। ਦੇਖਦੇ ਹੀ ਦੇਖਦੇ ਪੰਜਾਬੀ ਸਿਨੇਮਾ ਆਪਣੇ ਸੁਨਹਿਰੀ ਦੌਰ ਵਿੱਚ ਦਾਖਲ ਹੋ ਗਿਆ। ਅੱਜ ਔਸਤਨ ਸਾਲ ਦੀਆਂ 50 ਤੋਂ 60 ਦੇ ਕਰੀਬ ਪੰਜਾਬੀ ਫਿਲਮਾਂ ਬਣ ਰਹੀਆਂ ਹਨ। ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਐਮੀ ਵਿਰਕ, ਨੀਰੂ ਬਾਜਵਾ, ਸੋਨਮ ਬਾਜਵਾ, ਸਰਗੁਣ ਮਹਿਤਾ, ਨਿਮਰਤ ਖਹਿਰਾ ਅੱਜ ਦੇ ਪੰਜਾਬੀ ਸਿਨੇਮਾ ਦੇ ਨਾਮੀ ਚਿਹਰੇ ਹਨ ਜੋ ਪੂਰੀ ਦੁਨੀਆ ਵਿੱਚ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਵਜੋਂ ਪਛਾਣੇ ਜਾਂਦੇ ਹਨ।
ਸਾਲ 1947 ਦੀ ਵੰਡ ਤੋਂ ਬਾਅਦ ਨਵੇਂ ਬਣੇ ਦੇਸ਼ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਾਕਿਸਤਨ ਦੀ ਫਿਲਮ ਇੰਡਸਟਰੀ ਦੇ ਤੌਰ ’ਤੇ ਵੇਖਿਆ ਜਾਣ ਲੱਗਾ, ਪਰ ਤਬਾਹ ਹੋਏ ਫਿਲਮ ਸਟੂਡੀਓ, ਫਿਲਮ ਬਣਾਉਣ ਦੇ ਸਾਜ਼ੋ ਸਾਮਾਨ ਦੀ ਘਾਟ, ਫੰਡਾਂ ਦੀ ਘਾਟ ਕਰਕੇ ਫਿਲਮ ਉਦਯੋਗ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਇਸ ਸਭ ਦੇ ਬਾਵਜੂਦ ਨਵੀਂ ਫਿਲਮ ਇੰਡਸਟਰੀ ਨੇ 7 ਅਗਸਤ 1948 ਨੂੰ ਲਾਹੌਰ ਦੇ ਪ੍ਰਭਾਤ ਸਿਨੇਮਾ ਵਿੱਚ ਆਪਣੀ ਪਹਿਲੀ ਫਿਲਮ ‘ਤੇਰੀ ਯਾਦ’ ਦਾ ਪ੍ਰੀਮੀਅਰ ਕੀਤਾ। ਇਸ ਫਿਲਮ ਤੋਂ ਬਾਅਦ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪੰਜਾਬੀ ਸਿਨੇਮਾ ਦੀ ਪਹਿਲੀ ਪੰਜਾਬੀ ਫਿਲਮ ‘ਫੇਰੇ’ ਰਿਲੀਜ਼ ਹੋਈ। 28 ਜੁਲਾਈ 1949 ਨੂੰ ਈਦ ਉਲ ਫਿਤਰ ਦੇ ਦਿਹਾੜੇ ’ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਬੇਹੱਦ ਕਾਮਯਾਬੀ ਹਾਸਲ ਹੋਈ। ਇਸ ਫਿਲਮ ਦੀ ਸਫਲਤਾ ਨੇ ਲਾਹੌਰ ਫਿਲਮ ਇੰਡਸਟਰੀ ਨੂੰ ਨਵਾਂ ਜੀਵਨ ਦਿੱਤਾ। ਅਦਾਕਾਰਾ ਸਵਰਨ ਲਤਾ, ਅਦਾਕਾਰ ਨਜ਼ੀਰ, ਅਲਾਓਦੀਨ, ਐੱਮ. ਇਸਮਾਇਲ ਅਤੇ ਨਜ਼ਰ ਦੀਆਂ ਮੁੱਖ ਭੂਮਿਕਾਵਾਂ ਨਾਲ ਸਜੀ ਇਸ ਫਿਲਮ ਦਾ ਨਿਰਦੇਸ਼ਨ ਮਜੀਦ ਨੇ ਦਿੱਤਾ ਸੀ ਤੇ ਸੁਪਰਵਾਇਜ਼ਰ ਵਜੋਂ ਅਦਾਕਾਰ ਨਿਰਦੇਸ਼ਕ ਨਜ਼ੀਰ ਨੇ ਇਸ ਫਿਲਮ ਦੀ ਪੂਰੀ ਰੂਪਰੇਖਾ ਉਲੀਕੀ ਸੀ। ਇਸ ਫਿਲਮ ਤੋਂ ਬਾਅਦ ਲਹਿੰਦੇ ਪੰਜਾਬ ਦੀ ਪੰਜਾਬੀ ਫਿਲਮ ਇੰਡਸਟਰੀ ਜਿਸ ਨੂੰ ਲੌਲੀਵੁੱਡ ਦਾ ਨਾਂ ਦਿੱਤਾ ਗਿਆ (ਲਾਹੌਰ ਦੇ ਨਾਮ ਅਤੇ ਹੌਲੀਵੁੱਡ ਦੇ ਨਾਮ ਨੂੰ ਮਿਲਾ ਕੇ) ਨੇ ਇੱਕ ਤੋਂ ਬਾਅਦ ਇੱਕ ਕਈ ਖੂਬਸੂਰਤ ਗੀਤਾਂ ਤੇ ਕਹਾਣੀਆਂ ਨਾਲ ਸਜੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ।
ਕਲਾਸਿਕ ਫਿਲਮ ਦਾ ਦਰਜਾ ਹਾਸਲ ਕਰਨ ਵਾਲੀ ਇਸ ਸੁਪਰਹਿੱਟ ਫਿਲਮ ਵਿੱਚ ’47 ਤੋਂ ਪਹਿਲਾਂ ਦੇ ਪੰਜਾਬ ਦੇ ਹਾਲਾਤ ਨੂੰ ਅਤੇ ’47 ਦੇ ਦੌਰਾਨ ਵੰਡ ਵੇਲੇ ਦੇ ਪੰਜਾਬ ਦੇ ਖੂਨੀ ਹਾਲਾਤ ਨੂੰ ਬੇਹੱਦ ਸੂਖਮਤਾ ਨਾਲ ਪੇਸ਼ ਕੀਤਾ ਗਿਆ ਸੀ। ਹਿੰਦੂ, ਸਿੱਖ ਅਤੇ ਮੁਸਲਮਾਨ ਕੌਮਾਂ ਦੇ ਆਪਸੀ ਪਿਆਰ, ਭਾਈਚਾਰਕ ਸਾਂਝ ਨੂੰ ਬੇਹੱਦ ਕਲਾਤਮਕ ਅਤੇ ਭਾਵਨਾਤਮਕ ਤਰੀਕੇ ਨਾਲ ਪੇਸ਼ ਕਰਦੀ ਇਸ ਖੂਬਸੂਰਤ ਫਿਲਮ ਨੂੰ ਬਣਾਉਣ ਵਾਲਾ ਸ਼ਖ਼ਸ ਅੰਮ੍ਰਿਤਸਰ ਸ਼ਹਿਰ ਦਾ ਜੰਮਪਲ ਸੈਫ਼ ਊ ਦੀਨ ਸੈਫ਼ ਸੀ ਜੋ ਕਿ ਇੱਕ ਬਿਹਤਰੀਨ ਸ਼ਾਇਰ, ਗੀਤਕਾਰ, ਅਤੇ ਕਹਾਣੀਕਾਰ ਵਜੋ ਜਾਣਿਆ ਜਾਂਦਾ ਸੀ। 18 ਜੂਨ 1959 ਨੂੰ ਈਦ- ਉਲ- ਅਜ਼ਾ ਵਾਲੇ ਦਿਨ ਪ੍ਰਦਰਸ਼ਿਤ ਹੋਈ ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਵੀ ਸੈਫ਼ ਊ ਦੀਨ ਸੈਫ਼ ਈ ਸਨ। ਸੰਗੀਤਕਾਰ ਸਲੀਮ ਇਕਬਾਲ ਦੀਆਂ ਖੂਬਸੂਰਤ ਧੁਨਾਂ ਨਾਲ ਸਜੀ ਇਸ ਫਿਲਮ ਵਿੱਚ ਕੁੱਲ ਅੱਠ ਗੀਤ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਨੂੰ ਲਿਖਿਆ ਸੀ ਸੈਫ਼ਊਦੀਨ ਸੈਫ਼, ਵਾਰਿਸ ਲੁਧਿਆਣਵੀ, ਇਸਮਾਇਲ ਮਟਵਾਲਾ ਅਤੇ ਅੰਮ੍ਰਿਤਾ ਪ੍ਰੀਤਮ ਨੇ। ਫਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ ਸਨ ਅਦਾਕਾਰ ਸੁਧੀਰ, ਮੁਸੱਰਤ ਨਜ਼ੀਰ, ਬਹਾਰ, ਲੈਲਾ, ਜ਼ਰੀਫ਼, ਅਲਾਓਦੀਨ ਅਤੇ ਇਨਾਇਤ ਹੁਸੈਨ ਭੱਟੀ। ਫਿਲਮ ਵਿੱਚ ਕਰਤਾਰ ਸਿੰਘ ਦਾ ਕਿਰਦਾਰ ਅਦਾ ਕੀਤਾ ਸੀ ਮਸ਼ਹੂਰ ਅਦਾਕਾਰ ਅਲਾਓਦੀਨ ਨੇ।
ਸੰਨ 1948 ਤੋਂ 1980 ਤੱਕ ਲਾਹੌਰ ਫਿਲਮ ਇੰਡਸਟਰੀ ਵਿੱਚ ਪੰਜਾਬੀ ਫਿਲਮਾਂ ਬਣਨ ਦੀ ਗਿਣਤੀ ਉਰਦੂ ਫਿਲਮਾਂ ਨਾਲੋਂ ਕਿਤੇ ਜ਼ਿਆਦਾ ਸੀ। ਉਹ ਦੌਰ ਪਾਕਿਸਤਾਨੀ ਪੰਜਾਬੀ ਫਿਲਮਾਂ ਦਾ ਸੁਨਹਿਰੀ ਦੌਰ ਸੀ। ਕੁਝ ਪੰਜਾਬੀ ਸੁਪਰਹਿੱਟ ਫਿਲਮਾਂ ‘ਯੱਕੇਵਾਲੀ’, ‘ਦੁੱਲਾ ਭੱਟੀ’, ‘ਚੰਨ ਵੇ’, ‘ਜ਼ਬਰੂ’, ‘ਦਿਲਾਂ ਦੇ ਸੌਦੇ’, ‘ਮੁੱਖੜਾ ਚੰਨ ਵਰਗਾ’, ‘ਮਿਰਜ਼ਾ ਜੱਟ’, ‘ਪਾਟੇ ਖਾਨ’, ‘ਨਾਜ਼ੀ’, ‘ਕਰਤਾਰ ਸਿੰਘ’, ‘ਮਲੰਗੀ’, ‘ਹੀਰ ਰਾਂਝਾ’, ‘ਬਸ਼ੀਰਾ’, ‘ਦੋ ਰੰਗੀਲੇ’, ‘ਜਿੱਦੀ’, ‘ਨੌਕਰ ਵਹੁਟੀ ਦਾ’, ‘ਸ਼ਰੀਫ਼ ਬਦਮਾਸ਼’, ‘ਮੌਲਾ ਜੱਟ’, ‘ਦੁਬਈ ਚੱਲੋ’, ‘ਸਾਲਾ ਸਾਹਿਬ’, ‘ਸ਼ੇਰ ਖਾਨ’, ‘ਨੌਕਰ ਤੇ ਮਾਲਕ’, ‘ਇਸ਼ਕ ਨਚਾਵੇ ਗਲੀ ਗਲੀ’, ‘ਧੀ ਰਾਣੀ’ ਅਤੇ ‘ਮਜ਼ਾਜਣ’ ਆਦਿ।
ਚੜ੍ਹਦੇ ਪੰਜਾਬ ਦੀ ਫਿਲਮ ਇੰਡਸਟਰੀ ਨਾਲੋਂ ਪਾਕਿਸਤਾਨ ਦੀ ਪੰਜਾਬੀ ਫਿਲਮ ਇੰਡਸਟਰੀ ਬਹੁਤ ਵੱਡੀ ਸੀ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਪੰਜਾਬੀ ਫਿਲਮਾਂ ਦੇ ਅਦਾਕਾਰ ਉਰਦੂ ਫਿਲਮਾਂ ਦੇ ਅਦਾਕਾਰਾਂ ਦੇ ਬਰਾਬਰ ਸੁਪਰ ਸਟਾਰ ਦੀ ਹੈਸੀਅਤ ਰੱਖਦੇ ਸਨ। ਸਾਲ 1948 ਤੋਂ 1980 ਤੱਕ 666 ਤੇ ਹੁਣ ਤੱਕ ਪਾਕਿਸਤਾਨ ਵਿੱਚ ਕੁੱਲ 1639 ਦੇ ਕਰੀਬ ਪੰਜਾਬੀ ਫਿਲਮਾਂ ਬਣ ਚੁੱਕੀਆਂ ਹਨ।
ਵੰਡ ਤੋਂ ਬਾਅਦ ਦੋਵੇ ਪੰਜਾਬਾਂ ਦੇ ਪੰਜਾਬੀ ਸਿਨੇਮਾ ਨੂੰ ਪੰਜਾਬੀ ਕਲਾਕਾਰ ਨੇ ਆਪਣੀ ਹਿੰਮਤ ਸਦਕਾ ਜਿੰਦਾ ਰੱਖਿਆ। ਪੰਜਾਬੀ ਸਿਨੇਮਾ ਨੇ ਆਜ਼ਾਦੀ ਤੋਂ ਬਾਅਦ ਸੁਨਹਿਰੀ ਦੌਰ ਵੀ ਵੇਖਿਆ ਤੇ ਬੁਰਾ ਦੌਰ ਵੀ ਆਪਣੇ ਪਿੰਡੇ ’ਤੇ ਹੰਢਾਇਆ। ਅੱਜ ਜਿੱਥੇ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਅੰਤਰਰਾਸ਼ਟਰੀ ਪੱਧਰ ’ਤੇ ਚੰਗਾ ਨਾਮਣਾ ਖੱਟ ਰਹੀਆਂ ਹਨ, ਉੱਥੇ ਅਦਾਕਾਰ ਸੁਲਤਾਨ ਰਾਹੀ ਦੀ ਮੌਤ ਤੋਂ ਬਾਅਦ ਲਾਹੌਰ ਦੇ ਪੰਜਾਬੀ ਸਿਨੇਮਾ ਦੇ ਹਾਲਤ ਬੇਹੱਦ ਖ਼ਰਾਬ ਹੋ ਗਈ। ਅੱਜ ਲਾਹੌਰ ਦੀ ਸਾਰੀ ਫਿਲਮ ਇੰਡਸਟਰੀ ਕਰਾਚੀ ਸ਼ਿਫਟ ਹੋ ਚੁੱਕੀ ਹੈ। ਲਾਹੌਰ ਦੇ ਫਿਲਮ ਸਟੂਡੀਓ ਵੀਰਾਨ ਹੋ ਗਏ ਹਨ ਤੇ ਅੱਜ ਹਾਲਾਤ ਅਜਿਹੇ ਹਨ ਕਿ ਉੱਥੇ ਪੰਜਾਬੀ ਫਿਲਮਾਂ ਬਣਨੀਆਂ ਬਿਲਕੁਲ ਬੰਦ ਹੋ ਚੁੱਕੀਆਂ ਹਨ। ਪਿਛਲੇ ਸਾਲਾਂ ’ਚ ਸਿਰਫ਼ ਇੱਕ ਪੰਜਾਬੀ ਫਿਲਮ ‘ਦਿ ਲੈਂਜੇਂਡ ਆਫ ਮੌਲਾ ਜੱਟ’ ਹੀ ਰਿਲੀਜ਼ ਹੋ ਪਾਈ ਜਿਸ ਦੀ ਬੇਮਿਸਾਲ ਕਾਮਯਾਬੀ ਦੇ ਬਾਵਜੂਦ ਲਾਹੌਰ ਫਿਲਮ ਇੰਡਸਟਰੀ ਮੁੜ ਤੋਂ ਆਪਣੇ ਪੈਰਾਂ ਸਿਰ ਖੜ੍ਹੀ ਨਹੀਂ ਹੋ ਪਾਈ। ਅੱਜ ਜਦੋਂ ਦੋਵਾਂ ਪੰਜਾਬਾਂ ਦੇ ਪੰਜਾਬੀ ਸਿਨੇਮਾ ਦੇ ਕਲਾਕਾਰ ਜੇਕਰ ਇਕੱਠੇ ਰਲ ਕੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਦੋਵਾਂ ਮੁਲਕਾਂ ਦੇ ਹਾਲਾਤ ਤੇ ਹੁਕਮਰਾਨਾਂ ਵੱਲੋਂ ਖੜ੍ਹੀਆਂ ਕੀਤੀਆਂ ਨਫ਼ਰਤਾਂ ਤੇ ਬੰਦਿਸ਼ਾਂ ’47 ਦੀ ਵੰਡ ਵੇਲੇ ਪੰਜਾਬ ਦੇ ਸੀਨੇ ’ਤੇ ਉੱਕਰੀ ਲਕੀਰ ਨੂੰ ਹੋਰ ਡੂੰਘਾ ਕਰ ਦਿੰਦੇ ਹਨ।
ਸੰਪਰਕ: 94646-28857

