ਪੰਜਾਬੀ ਸਿਨੇਮਾ 2025; ਕਹਾਣੀ, ਕਾਰੋਬਾਰ ਅਤੇ ਕਲਾਤਮਕਤਾ
ਪੰਜਾਬੀ ਸਿਨੇਮਾ-2025 ਦੀ ਗੱਲ ਕਰਦਿਆਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਲ ਕਮਾਈ ਪੱਖੋਂ ਅਤੇ ਮਿਆਰ ਪੱਖੋਂ ਮਾੜਾ ਰਿਹਾ। ਪੰਜਾਬ ਤੇ ਦੇਸ਼ ਵਿੱਚ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਕਰਕੇ ਹੋਰਨਾਂ ਖੇਤਰਾਂ ਦੇ ਨਾਲ ਨਾਲ ਪੰਜਾਬੀ ਸਿਨੇਮਾ ਵੀ ਪ੍ਰਭਾਵਿਤ...
ਪੰਜਾਬੀ ਸਿਨੇਮਾ-2025 ਦੀ ਗੱਲ ਕਰਦਿਆਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਲ ਕਮਾਈ ਪੱਖੋਂ ਅਤੇ ਮਿਆਰ ਪੱਖੋਂ ਮਾੜਾ ਰਿਹਾ। ਪੰਜਾਬ ਤੇ ਦੇਸ਼ ਵਿੱਚ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਕਰਕੇ ਹੋਰਨਾਂ ਖੇਤਰਾਂ ਦੇ ਨਾਲ ਨਾਲ ਪੰਜਾਬੀ ਸਿਨੇਮਾ ਵੀ ਪ੍ਰਭਾਵਿਤ ਰਿਹਾ। ਇਸ ਸਾਲ ਕੁਝ ਵੱਡੀਆਂ ਫਿਲਮਾਂ ਭਾਰਤ-ਪਾਕਿ ਵਿਚਾਲੇ ਤਣਾਓ ਅਤੇ ਪੰਜਾਬ ’ਚ ਆਏ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੋਈਆਂ।
ਇਸ ਸਾਲ ਪਿਛਲੇ ਸਾਲ ਦੇ ਕੁਝ ਸਰਗਰਮ ਨਿਰਮਾਤਾ ਆਪਣੀਆਂ ਫਿਲਮਾਂ ਲੈ ਕੇ ਨਾ ਆਏ। ਜਦਕਿ ਕੁਝ ਨਵੇਂ ਬਣੇ ਨਿਰਮਾਤਾ ਜ਼ਰੂਰ ਆਏ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਸਾਲ ਕੁਲ 57 ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ’ਚੋਂ ਕੁਝ ਕੁ ਨੇ ਹੀ ਚੰਗੀ ਕਮਾਈ ਕੀਤੀ। ਉਹ ਫਿਲਮਾਂ ਜਿਨ੍ਹਾਂ ਦਾ ਮਿਆਰ ਕੁਝ ਚੰਗਾ ਸੀ, ਉਹ ਦਰਸ਼ਕਾਂ ਨੂੰ ਹਜ਼ਮ ਨਾ ਆਈਆਂ ਜਦਕਿ ਮਾੜੇ ਵਿਸ਼ੇ ਦੀਆਂ ਕੁਝ ਫਿਲਮਾਂ ਚੰਗੀ ਕਮਾਈ ਕਰ ਗਈਆਂ।
ਇਸ ਸਾਲ ਕਾਮੇਡੀ ਦੀ ਬਜਾਏ ਐਕਸ਼ਨ ਫਿਲਮਾਂ ਦਾ ਵਧੇਰੇ ਬੋਲਬਾਲਾ ਰਿਹਾ, ਜਿਨ੍ਹਾਂ ’ਚੋਂ ਸਿਰਫ਼ ਦੋ-ਚਾਰ ਫਿਲਮਾਂ ਹੀ ਦਰਸ਼ਕਾਂ ਨੂੰ ਚੰਗੀਆਂ ਲੱਗੀਆਂ। ਇਸ ਸਾਲ ਦੋ ਫਿਲਮਾਂ ‘ਡਾਕੂਆਂ ਦਾ ਮੁੰਡਾ’ ਅਤੇ ‘ਪਿੰਡ ਸਾਰਾ ਜੋਮੀਲੈਂਡ’ ਬਣਿਆ ਇੱਕੋ ਦਿਨ ਰਿਲੀਜ਼ ਹੋਈਆਂ ਜਿਨ੍ਹਾਂ ਵਿੱਚ ਫਸਵਾਂ ਮੁਕਾਬਲਾ ਹੋਇਆ ਅਤੇ ਦੋਵੇਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਤਾਂ ਰਹੀਆਂ, ਪਰ ਕਮਾਈ ਪੱਖੋਂ ਠੀਕ ਠੀਕ ਸਾਬਤ ਹੋਈਆਂ। ‘ਨਿੱਕਾ ਜ਼ੈਲਦਾਰ 4’ ਅਤੇ ‘ਸੌਕਣ-ਸੌਕਣੇ 2’ ਸੀਕੁਏਲ ਫਿਲਮਾਂ ਹੋਣ ਕਰਕੇ ਕਾਮਯਾਬ ਰਹੀਆਂ, ਪ੍ਰੰਤੂ ਬਹੁਤੇ ਦਰਸ਼ਕਾਂ ਨੇ ਇਨ੍ਹਾਂ ਨੂੰ ਦਿਲੋਂ ਪਸੰਦ ਨਹੀਂ ਕੀਤਾ। ‘ਨਿੱਕਾ ਜ਼ੈਲਦਾਰ 4’ ਵਿੱਚ ਔਰਤ ਦੇ ਸ਼ਰਾਬ, ਸਿਗਰਟ ਪੀਣ ਜਿਹੇ ਵਿਸ਼ੇ ਨੇ ਥੂ-ਥੂ ਕਰਵਾਈ।
ਇਸ ਸਾਲ ਦਲਜੀਤ ਦੁਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਨਾਲ ਖ਼ੂਬ ਚਰਚਾ ਵਿੱਚ ਰਿਹਾ। ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਜਿੱਥੇ ਉਸ ਨੇ ਰਿਕਾਰਡ ਤੋੜ ਕਮਾਈ ਕੀਤੀ। ਭਾਰਤ-ਪਾਕਿ ਦਰਮਿਆਨ ਜੰਗ ਦੇ ਹਾਲਾਤ ਅਤੇ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਕਤਲੇਆਮ ਦੇ ਰੋਸ ਵਜੋਂ ਇਸ ’ਚ ਪਾਕਿਸਤਾਨੀ ਨਾਇਕਾਂ ਹੋਣ ਕਰਕੇ ਇਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ। ਇਸ ਦੇ ਬਾਵਜੂਦ ਇਹ ਸੁਪਰ-ਡੁਪਰ ਹਿੱਟ ਸਾਬਤ ਹੋਈ। ਇਸ ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ ‘ਚੱਲ ਮੇਰਾ ਪੁੱਤ 4’ ਵੀ ਭਾਰਤ ਵਿੱਚ ਰਿਲੀਜ਼ ਨਾ ਹੋ ਸਕੀ, ਪਰ ਵਿਦੇਸ਼ਾਂ ਵਿੱਚ ਇਸ ਨੇ ਚੰਗੀ ਕਮਾਈ ਕੀਤੀ। ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਹੋਣ ਕਰਕੇ ਇਹ ਵੀ ਵਿਵਾਦਾਂ ਵਿੱਚ ਰਹੀ।
ਫਿਲਮ ‘ਤੁਣਕਾ ਤੁਣਕਾ’, ‘ਬੈਚ 13’ ਵਰਗੀਆਂ ਸਮਾਜਿਕ ਵਿਸ਼ੇ ਦੀਆਂ ਫਿਲਮਾਂ ਦੇਣ ਵਾਲੇ ਅਦਾਕਾਰ ਨਿਰਮਾਤਾ ਹਰਦੀਪ ਗਰੇਵਾਲ ਇਸ ਸਾਲ ‘ਸਿਕਸ ਈਚ’ ਨਾਂ ਦੀ ਕਰਾਈਮ ਵਿਸ਼ੇ ਦੀ ਫਿਲਮ ਲੈ ਕੇ ਆਏ। ਵਿਦੇਸ਼ ਜਾਣ ਲਈ ਕੀਤੇ ਜਾਂਦੇ ਫਰਜ਼ੀ ਵਿਆਹ ਅਤੇ ਧੋਖਾਧੜੀ ਦੇ ਵਿਸ਼ੇ ’ਤੇ ਆਧਾਰਿਤ ਇਹ ਫਿਲਮ ਸਮਾਜ ਦੇ ਭੱਖਦੇ ਮੁੱਦਿਆਂ ਕਾਰਨ ਚੰਗੀ ਕਮਾਈ ਕਰ ਗਈ।
ਨਿਰਦੇਸ਼ਕ ਬਿਕਰਮ ਗਰੋਵਰ ਦੀ ਫਿਲਮ ‘ਫਰਲੋ’ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਜੋ ਕਿ ਕਮੇਡੀ ਪੱਖੋਂ ਸਫਲ ਮੰਨੀ ਜਾਣ ਵਾਲੀ ਫਿਲਮ ਰਹੀ। ਫਿਲਮ ਦਾ ਵਿਸ਼ਾ ਮਨੋਰੰਜਨ ਭਰਪੂਰ ਸੀ ਜਿਸ ਨੂੰ ਗੁਰਪ੍ਰੀਤ ਘੁੱਗੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਉਸ ਦੀ ਆਪਣੇ ਕਿਰਦਾਰ ’ਤੇ ਇੰਨੀ ਪਕੜ ਸੀ ਕਿ ਉਸ ਨੇ ਦਰਸ਼ਕਾਂ ਨੂੰ ਆਪਣੇ ਨਾਲੋਂ ਅਲੱਗ ਨਹੀਂ ਹੋਣ ਦਿੱਤਾ।
‘ਮਿੱਠੜੇ’ ਰਾਹੀਂ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਆਪਣੇ ਬੇਟੇ ਲੁਬਿਸ ਦੁਲਹੇ ਨੂੰ ਬਤੌਰ ਹੀਰੋ ਪਰਦੇ ’ਤੇ ਲਿਆਇਆ। ਪਿਆਰ ਮੁਹੱਬਤਾਂ ਦੀ ਚਾਸ਼ਨੀ ’ਚ ਡੁੱਬੀ ਇਸ ਲਵ ਸਟੋਰੀ ਨੂੰ ਉਸ ਨੇ ਇੱਕ ਵੱਖਰੇ ਐਂਗਲ ਤੋਂ ਪੇਸ਼ ਕੀਤਾ ਜੋ ਦਰਸ਼ਕਾਂ ਦੀ ਬਹੁਤੀ ਪਸੰਦ ਨਾ ਬਣ ਸਕੀ। ਲੁਬਿਸ ਦੀ ਅਦਾਕਾਰੀ ਕੋਈ ਬਹੁਤਾ ਕਮਾਲ ਨਾ ਕਰ ਸਕੀ।
ਨਾਟਕਕਾਰ ਪਾਲੀ ਭੁਪਿੰਦਰ ਦੀ ਫਿਲਮ ‘ਗੁਰਮੁਖ’ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਇਸ ਸਾਲ ਦੇ ਪਹਿਲੇ ਮਹੀਨੇ ਰਿਲੀਜ਼ ਹੋਈ, ਪਰ ਦਰਸ਼ਕਾਂ ਦਾ ਓਨਾ ਪਿਆਰ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ। ਵਿਸ਼ੇ ’ਤੇ ਤਕਨੀਕ ਪੱਖੋਂ ਇਹ ਚੰਗੀ ਫਿਲਮ ਸੀ। ਹੰਬਲ ਮੋਸ਼ਨ ਪਿਕਚਰਜ਼ ਹਰ ਸਾਲ ਮਨੋਰੰਜਨ ਦੇ ਨਾਲ ਨਾਲ ਇੱਕ ਧਾਰਮਿਕ ਵਿਸ਼ੇ ਦੀ ਫਿਲਮ ਵੀ ਰਿਲੀਜ਼ ਕਰਦਾ ਹੈ। ਇਸ ਸਾਲ ਗਿੱਪੀ ਗਰੇਵਾਲ ਨੇ ਬੌਲੀਵੁੱਡ ਨਿਰਮਾਤਾ ਕਰਨ ਜੌਹਰ ਨਾਲ ਮਿਲ ਕੇ ਫਿਲਮ ‘ਅਕਾਲ’ ਰਿਲੀਜ਼ ਕੀਤੀ ਜੋ ਸਿੱਖ ਕੌਮ ਲਈ ਲੜਨ ਵਾਲੇ ਯੋਧਿਆਂ, ਸੂਰਵੀਰਾਂ ਦੀ ਜ਼ਿੰਦਗੀ ਤੇ ਖਾਲਸੇ ਦੀ ਫੌਜ ਦੇ ਜੌਹਰ ਪੇਸ਼ ਕਰਦੀ ਸੀ। ਇਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੀ। ਵੱਡੇ ਬਜਟ ਦੀ ਲਾਗਤ ਨਾਲ ਬਣੀ ਇਹ ਫਿਲਮ ਕਮਾਈ ਪੱਖੋਂ ਤਾਂ ਔਸਤ ਹੀ ਰਹੀ।
‘ਮਸਤਾਨੇ’ ਫਿਲਮ ਦੀ ਸਫਲਤਾ ਤੋਂ ਬਾਅਦ ਤਰਸੇਮ ਜੱਸੜ ਅਤੇ ਸ਼ਰਨ ਆਰਟ ਵੱਲੋਂ ਬਣਾਈ ਵੱਡੀ ਕਾਸਟ ਵਾਲੀ ਫਿਲਮ ‘ਗੁਰੂ ਨਾਨਕ ਜਹਾਜ਼’ ਗਿਆਨੀ ਗੁਰਦਿੱਤ ਸਿੰਘ ਕੌਮਾਗਾਟਾ ਮਾਰੂ ਦੀ ਸੱਚੀ ਕਹਾਣੀ ’ਤੇ ਆਧਾਰਿਤ ਸੀ ਜੋ ਤਕਨੀਕ ਅਤੇ ਵਿਸ਼ੇ ਪੱਖੋਂ ਬਹੁਤ ਵਧੀਆ ਸੀ। ਇਹ ਇੱਕ ਚੰਗੀ ਫਿਲਮ ਸੀ, ਪਰ ਦੇਸ਼ ਵਿੱਚ ਜੰਗ ਦੇ ਹਾਲਾਤ ਬਣੇ ਹੋਣ ਕਰਕੇ ਇਸ ਨੂੰ ਬਹੁਤੇ ਦਰਸ਼ਕ ਨਹੀਂ ਮਿਲੇ।
‘ਕੁੜੀਆਂ ਜਵਾਨ ਬਾਪੂ ਪਰੇਸ਼ਾਨ 2’ ਨਿਰਮਾਤਾ ਰੰਜੀਵ ਸਿੰਗਲਾ ਅਤੇ ਨਿਰਦੇਸ਼ਕ ਅਵਤਾਰ ਸਿੰਘ ਵੱਲੋਂ ਧੀਆਂ ਪ੍ਰਤੀ ਸੋਚ ਬਦਲਣ ਦਾ ਹੋਕਾ ਦਿੰਦੀ ਇਹ ਫਿਲਮ ਇਸੇ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਦਾ ਰਲਿਆ ਮਿਲਿਆ ਹੁੰਗਾਰਾ ਮਿਲਿਆ। ‘ਮਿਸਟਰ ਐਂਡ ਮਿਸਿਜ਼ 420’ ਲੜੀ ਦੀ ਤੀਸਰੀ ਫਿਲਮ ਇਸੇ ਸਾਲ ਰਿਲੀਜ਼ ਕੀਤੀ ਗਈ। ਇਸ ਫਿਲਮ ਨੂੰ ਪਹਿਲੀ 420 ਵਾਲਾ ਉਹ ਪਿਆਰ ਨਹੀਂ ਮਿਲਿਆ, ਪਰ ਉਹਦੇ ਨਾਂ ’ਤੇ ਇਹ ਦਰਸ਼ਕ ਇਕੱਠੇ ਕਰਨ ਵਿੱਚ ਕਾਮਯਾਬ ਰਹੀ। ਦੇਵ ਖਰੌੜ ਦੇ ਡਬਲ ਰੋਲ ਵਾਲੀ ਫਿਲਮ ‘ਮਝੈਲ’ ਇਸ ਸਾਲ ਦੀ ਪਹਿਲੀ ਐਕਸ਼ਨ ਫਿਲਮ ਸੀ। ਨਸ਼ਿਆਂ ਦੇ ਮਾੜੇ ਰੁਝਾਨ ਅਤੇ ਆਪਣੇ ਬੇਗਾਨਿਆਂ ਪ੍ਰਤੀ ਨਫ਼ਰਤ ਅਤੇ ਬਦਲੇ ਦੀ ਭਾਵਨਾ ’ਤੇ ਆਧਾਰਿਤ ਚੰਗੀ ਕਹਾਣੀ ਸੀ ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ।
ਚਰਚਿਤ ਫਿਲਮਾਂ ‘ਸ਼ਾਇਰ, ‘ਕਲੀ ਜੋਟਾ’ ਅਤੇ ‘ਇਕੋ ਮਿੱਕੇ’ ਨਾਲ ਵੱਖਰੇ ਸਿਨੇਮਾ ਦੀ ਨੀਂਹ ਰੱਖਣ ਵਾਲੇ ਗਾਇਕ ਅਦਾਕਾਰ ਸਤਿੰਦਰ ਸਰਤਾਜ ਦੀ ਇਸ ਸਾਲ ਰਿਲੀਜ਼ ਹੋਈ ਫਿਲਮ ‘ਹੁਸ਼ਿਆਰ ਸਿੰਘ’ ਪਹਿਲੀਆਂ ਫਿਲਮਾਂ ਦੇ ਮੁਕਾਬਲੇ ਫਿੱਕੀ ਰਹੀ। ਅਦਾਕਾਰ ਤੋਂ ਨਿਰਮਾਤਾ ਬਣੇ ਜਗਜੀਤ ਸੰਧੂ ਦੀ ਇਸ ਸਾਲ ਆਈ ‘ਇੱਲਤੀ’ ਵਿਅੰਗਮਈ ਫਿਲਮ ਸੀ ਜਿਸ ਨੂੰ ਦਰਸ਼ਕਾਂ ਦਾ ਕੋਈ ਖਾਸ ਹੁੰਗਾਰਾ ਨਾ ਮਿਲ ਸਕਿਆ। ਐਕਸ਼ਨ ਫਿਲਮ ‘ਗੈਂਗਲੈਂਡ’ ਜ਼ੁਲਮ ਦੇ ਇੱਕ ਸ਼ਹਿਰ ਦੀ ਗਾਥਾ ਪੇਸ਼ ਕਰਦੀ ਹੈ ਜਿਸ ਨੂੰ ਸੈਵੀ ਸੰਧੂ ਨੇ ਲਿਖਿਆ ਅਤੇ ਡਾਇਰੈਕਟ ਕੀਤਾ।
ਗਾਇਕ ਅਦਾਕਾਰ ਬੱਬੂ ਮਾਨ ਦੀ ਫਿਲਮ ‘ਸ਼ੌਂਕੀ ਸਰਦਾਰ’ ਵੀ ਇਸੇ ਸਾਲ ਰਿਲੀਜ਼ ਹੋਈ ਜਿਸ ਨੂੰ ਉਸ ਦੇ ਚਹੇਤਿਆਂ ਨੇ ਖੂਬ ਪਸੰਦ ਕੀਤਾ। ਕਿਸਾਨੀ ਸਮੱਸਿਆਵਾਂ ’ਤੇ ਆਧਾਰਿਤ ਲੋਕਾਂ ਨੂੰ ਜਾਗਰੂਕ ਕਰਦੀ ਫਿਲਮ ‘ਜਾਗੋ ਆਈ ਆ’ ਚੰਗੇ ਵਿਸ਼ੇ ਦੀ ਫਿਲਮ ਹੋਣ ਦੇ ਬਾਵਜੂਦ ‘ਆਈ-ਗਈ’ ਹੋ ਗਈ। ਇਸ ਫਿਲਮ ਦੀ ਕਹਾਣੀ ਉਪਜਾਊ ਜ਼ਮੀਨਾਂ ’ਤੇ ਉਦਯੋਗਿਕ ਇਕਾਈਆਂ ਵਿਕਸਤ ਹੋਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ’ਤੇ ਆਧਾਰਿਤ ਸੀ।
ਐਕਸ਼ਨ ਹੀਰੋ ਦੇਵ ਖਰੌੜ ਇਸ ਸਾਲ ‘ਡਾਕੂਆਂ ਦਾ ਮੁੰਡਾ 3’ ਲੈ ਕੇ ਆਇਆ। ਇਸ ਫਿਲਮ ਦੀ ਕਹਾਣੀ ਇੱਕ ਵੱਖਰੇ ਰੂਪ ਦੀ ਸੀ, ਜਿਸ ਵਿੱਚ ਬਾਕਸਰ ਬਣਨ ਵਾਲੇ ਇੱਕ ਨੌਜਵਾਨ ਨੂੰ ਮਾੜੇ ਸਿਸਟਮ ਦੀ ਭੇਟ ਚੜ੍ਹਦਿਆਂ ਆਪਣੀ ਮੰਜ਼ਿਲ ਤੋਂ ਭਟਕਿਆ ਵਿਖਾਇਆ ਗਿਆ। ‘ਪਿੰਡ ਪਿਆ ਸਾਰਾ ਜੋਮੀਲੈਂਡ ਬਣਿਆ’
ਪਹਿਲੀ ਵਾਰ ਪੰਜਾਬੀ ਸਿਨੇਮਾ ’ਚ ਇੱਕ ਨਵੇਂ ਨਿਰਦੇਸ਼ਕ ਨੇ ਜੋਖਮ ਉਠਾਉਂਦਿਆਂ ਇੱਕ ਨਵੇਂ ਵਿਸ਼ੇ ਦੀ ਫਿਲਮ ਦਾ ਨਿਰਮਾਣ ਕੀਤਾ ਜੋ ਆਮ ਕਾਮੇਡੀ ਫਿਲਮਾਂ ਤੋਂ ਬਹੁਤ ਵੱਖਰੀ ਸੀ। ਨਿਰਦੇਸ਼ਕ ਥਾਪਰ ਨੇ ਇਸ ਫਿਲਮ ਰਾਹੀਂ ਹੌਲੀਵੁੱਡ ਦੇ ਵਿਸ਼ੇ ਨੂੰ ਪੰਜਾਬੀ ਹਾਵ-ਭਾਵ ’ਚ ਢਾਲ ਕੇ ਕਾਮੇਡੀ ਦੀ ਨਵੀਂ ਰੰਗਤ ਦਿੰਦਿਆਂ ਥਰਿੱਲ ਭਰਪੂਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਹ ਫਿਲਮ ਪਹਿਲੀ ਵਾਰ ਪੰਜਾਬੀ ਸਿਨੇਮਾ ’ਚ ਨਿਵੇਕਲੇ ਵਿਸ਼ੇ ਨਾਲ ਬਣੀ ਅਤੇ ਲੋਕਾਂ ਨੂੰ ਜਾਗਰੂਕ ਵੀ ਕਰਦੀ ਹੈ। ਫਿਲਮ ਦਾ ਪ੍ਰੋਡਕਸ਼ਨ ਡਿਜ਼ਾਇਨ ਅਤੇ ਸਿਨੇਮੈਟੋਗਰਾਫੀ ਹੋਰਨਾਂ ਫਿਲਮਾਂ ਨੂੰ ਆਪਣਾ ਪੱਧਰ ਉੱਚਾ ਕਰਨ ਲਈ ਮਜਬੂਰ ਕਰਦੀ ਹੈ।
ਪਹਿਲੀ ਫਿਲਮ ‘ਸੌਕਣ-ਸੌਕਣੇ’ ਦੀ ਸਫਲਤਾ ਤੋਂ ਬਾਅਦ ਲੇਖਕ ਅੰਬਰਦੀਪ ਵੱਲੋਂ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਫਿਲਮ ‘ਸੌਕਣ- ਸੌਕਣੇ 2’ ਰਿਲੀਜ਼ ਕੀਤੀ ਗਈ। ਦੋ ਵਹੁਟੀਆਂ ਦੀ ਲੜਾਈ ਵਿੱਚ ਪਤੀ ਦੀ ਹਾਲਤ ਬਿਆਨਦੀ ਇਸ ਫਿਲਮ ਵਿੱਚ ਤੀਸਰੀ ਵਹੁਟੀ ਨੂੰ ਵੀ ਦਿਖਾਇਆ ਗਿਆ ਜੋ ਇੱਕ ਵੱਖਰੇ ਅੰਦਾਜ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪ੍ਰੰਤੂ ਪਹਿਲੀ ‘ਸੌਕਣ-ਸੌਕਣੇ’ ਵਾਲੀ ਗੱਲ ਨਾ ਬਣ ਸਕੀ।
ਨਵ ਬਾਜਵਾ ਬੜੇ ਚਿਰਾਂ ਤੋਂ ਪੰਜਾਬੀ ਸਿਨੇਮਾ ਨਾਲ ਜੁੜਿਆ ਹੋਇਆ ਸੰਘਰਸ਼ੀ ਕਲਾਕਾਰ ਹੈ ਜਿਸ ਨੇ ਕਿ ਪੰਜਾਬੀ ਸਿਨੇਮਾ ਨੂੰ ਕਈ ਫਿਲਮਾਂ ਦਿੱਤੀਆਂ, ਬੇਸ਼ੱਕ ਉਹ ਉਸ ਦੀ ਪਛਾਣ ਬਣਾਉਣ ਵਿੱਚ ਨਾਕਾਮਯਾਬ ਰਹੀਆਂ, ਪਰ ਉਸ ਨੇ ਹਿੰਮਤ ਨਹੀਂ ਛੱਡੀ। ਉਹ ਇਸ ਸਾਲ ਇੱਕ ਹੋਰ ਫਿਲਮ ‘ਮਧਾਣੀਆਂ’ ਲੈ ਕੇ ਆਇਆ, ਜਿਸ ਵਿੱਚ ਉਹ ਨੀਰੂ ਬਾਜਵਾ ਤੇ ਦੇਵ ਖਰੌੜ ਦੀ ਜੋੜੀ ਨੂੰ ਲੈ ਕੇ ਆਇਆ। ਵੱਡੀ ਕਾਸਟ ਹੋਣ ਦੇ ਬਾਵਜੂਦ ਫਿਲਮ ਦੀ ਕਹਾਣੀ ਦਾ ਫਿਲਮ ਦੇ ਟਾਈਟਲ ਨਾਲ ਕੋਈ ਮੇਲ ਨਹੀਂ ਦਿਸਿਆ ਤੇ ਅਖੀਰ ’ਚ ਇਹੀ ਕਹਾਂਗੇ ਕਿ ਮਧਾਣੀਆਂ ਦੇ ਰਿੜਕੇ ਦਾ ਸਵਾਦ ਲੈਣ ਕੋਈ ਵੀ ਦਰਸ਼ਕ ਨਹੀਂ ਆਇਆ।
ਨਿਰਦੇਸ਼ਕ ਮਨੀਸ਼ ਭੱਟ ਅਤੇ ਜੈ ਰੰਧਾਵਾ ਦੀ ਜੋੜੀ ਦਾ ਵੱਖਰਾ ਦਰਸ਼ਕ ਵਰਗ ਹੈ ਜੋ ਇਸ ਦੀਆਂ ਫਿਲਮਾਂ ਦੀ ਉਡੀਕ ਰੱਖਦਾ ਹੈ। ਇਸ ਸਾਲ ਇਹ ਜੋੜੀ ਬੌਲੀਵੁੱਡ ਦੇ ਵੱਡੇ ਬੈਨਰਾਂ ਹੇਠ ਫਿਲਮ ‘ਬਦਨਾਮ’ ਲੈ ਕੇ ਆਈ। ਇਹ ਐਕਸ਼ਨ ਭਰਪੂਰ ਫਿਲਮ ਸੀ ਅਤੇ ਇਸ ਨੇ ਕਮਾਈ ਵੀ ਕੀਤੀ ।
ਗੀਤਕਾਰੀ ਤੋਂ ਅਦਾਕਾਰੀ ਵੱਲ ਆਇਆ ਬੰਟੀ ਬੈਂਸ ਬਤੌਰ ਹੀਰੋ ਫਿਲਮ ‘ਮੈਂ ਤੇਰੇ ਕੁਰਬਾਨ’ ਵਿੱਚ ਸਾਵਨ ਰੂਪੋਵਾਲੀ ਨਾਲ ਰੁਮਾਂਟਿਕ ਕਿਰਦਾਰ ਵਿੱਚ ਨਜ਼ਰ ਆਇਆ। ਭਾਵੇਂ ਇਸ ਫਿਲਮ ਨੂੰ ਕੋਈ ਬਹੁਤੀ ਸਫਲਤਾ ਨਹੀਂ ਮਿਲੀ, ਪਰ ਅਦਾਕਾਰੀ ਪੱਖੋਂ ਇਹ ਫਿਲਮ ਉਸ ਦੇ ਫਿਲਮੀ ਖੇਤਰ ਨੂੰ ਅੱਗੇ ਤੋਰਨ ਵਿੱਚ ਸਹਾਈ ਹੋਈ।
ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿੱਜ ਦੀ ਚਰਚਿਤ ਫਿਲਮ ‘ਮਾਂ ਜਾਏ’ ਦੋ ਭਰਾਵਾਂ ਦੀ ਕਹਾਣੀ ਹੈ। ਦੋਵੇਂ ਭਰਾ ਇੱਕ ਦੂਜੇ ਦੀਆਂ ਬਾਹਾਂ ਹਨ। ਦਿਲ ਨੂੰ ਛੂਹ ਲੈਣ ਵਾਲੀ ਇਸ ਫਿਲਮ ਦੀ ਕਹਾਣੀ ਵਿੱਚ ਅਨੇਕਾਂ ਮੋੜ ਆਉਂਦੇ ਹਨ ਜੋ 1947, 1984 ਅਤੇ ਅਮਰੀਕਾ ’ਚ ਹੋਏ 9/11 ਦੇ ਹਾਦਸੇ ਦਾ ਪਰਛਾਵਾਂ ਵੀ ਦਰਸਾਉਂਦੇ ਹਨ। ਇਹ ਇੱਕ ਚੰਗੀ ਫਿਲਮ ਸੀ, ਜਿਸ ਨੂੰ ਦਰਸ਼ਕਾਂ ਦਾ ਰਲਿਆ-ਮਿਲਿਆ ਹੁੰਗਾਰਾ ਮਿਲਿਆ।
ਲੇਖਕ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫਿਲਮ ‘ਮਿਹਰ’ ’ਤੇ ਵੀ ਦਰਸ਼ਕਾਂ ਦੇ ਪਿਆਰ ਦੀ ਮਿਹਰ ਨਾ ਹੋ ਸਕੀ। ਹੱਦੋਂ ਵੱਧ ਪ੍ਰਚਾਰ ਦੇ ਬਾਵਜੂਦ ‘ਮਿਹਰ’ ਨੂੰ ਦਰਸ਼ਕ ਨਹੀਂ ਮਿਲ ਸਕੇ। ਅਦਾਕਾਰਾ ਸ਼ਹਿਨਾਜ ਗਿੱਲ ਨੇ ਇਸ ਸਾਲ ਆਪਣੀ ਫਿਲਮ ‘ਇੱਕ ਕੁੜੀ’ ਦਾ ਨਿਰਮਾਣ ਕੀਤਾ ਜੋ ਤਕਨੀਕ ਅਤੇ ਵਿਸ਼ੇ ਪੱਖੋਂ ਕਾਮਯਾਬ ਫਿਲਮ ਸੀ। ਇਹ ਫਿਲਮ ਦੋ ਪੀੜ੍ਹੀਆਂ ਤੋਂ ਪ੍ਰੇਰਿਤ ਇੱਕ ਅਜਿਹੀ ਕੁੜੀ ਦੀ ਕਹਾਣੀ ਸੀ ਜੋ ਵਿਆਹ ਤੋਂ ਪਹਿਲਾਂ ਆਪਣੇ ਹਮਸਫ਼ਰ ਨੂੰ, ਉਸ ਦੇ ਖਾਨਦਾਨ ਨੂੰ, ਉਸ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੀ ਹੈ ਤਾਂ ਕਿ ਉਸ ਨੂੰ ਵਿਆਹ ਤੋਂ ਬਾਅਦ ਜ਼ਿੰਦਗੀ ਭਰ ਪਛਤਾਉਣਾ ਨਾ ਪਵੇ। ਮਨੋਰੰਜਨ ਭਰਪੂਰ ਇਸ ਗਾਥਾ ਨੂੰ ਬਿਆਨਦੀ ਇਸ ਫਿਲਮ ਵਿੱਚ ਸ਼ਹਿਨਾਜ਼ ਗਿੱਲ ਨੇ ਮੁੱਖ ਭੂਮਿਕਾ ਨਿਭਾਈ।
ਨਸ਼ਿਆ ਦੇ ਮਾੜੇ ਰੁਝਾਨ ਦੀ ਪੇਸ਼ਕਾਰੀ ਕਰਦੀ ਫਿਲਮ ‘ਮੁੱਕ ਗਈ ਫੀਮ ਡੱਬੀ ’ਚੋਂ ਯਾਰੋ’ ਦੀ ਕਹਾਣੀ ਬੜੀ ਦਿਲਚਸਪ ਹੈ। ਆਮ ਫਿਲਮਾਂ ਤੋਂ ਬਹੁਤ ਹਟ ਕੇ ਬਣੀ ਫਿਲਮ ਦਾ ਕਾਮੇਡੀ ਪੱਖ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਿੱਚ ਸਫਲ ਹੁੰਦਾ ਹੈ। ਪੰਜਾਬ ਵਿੱਚ ਹੜ੍ਹਾਂ ਦੀ ਮਾਰ ਪੈਣ ਕਰਕੇ ਇਹ ਫਿਲਮ ਦਰਸ਼ਕਾਂ ਦਾ ਬਹੁਤਾ ਧਿਆਨ ਨਾ ਖਿੱਚ ਸਕੀ। ਪ੍ਰਭ ਗਿੱਲ ਅਤੇ ਕਮਲ ਖੂੰਗੜਾ ਦੀ ਜੋੜੀ ਵਾਲੀ ਰੁਮਾਂਟਿਕ ਅਤੇ ਭਾਵਨਾਵਾਂ ਭਰਪੂਰ ਫਿਲਮ ‘ਇੱਕ ਤੇਰੇ ਕਰਕੇ’ ਵੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ, ਇਹੋ ਹਾਲ ਫਿਲਮ ‘ਤੇਰਾ ਬੜਾ ਕਰਾਰਾ ਪੂਦਨਾ’ ਦਾ ਰਿਹਾ। ਜਿਸ ਦਾ ਕਰਾਰਾਪਣ ਚੱਖਣ ਲਈ ਕੋਈ ਵੀ ਦਰਸ਼ਕ ਸਿਨੇਮਾ ਘਰ ’ਚ ਨਹੀਂ ਆਇਆ।
ਕਾਮੇਡੀ ਅਤੇ ਮਨੋਰੰਜਨ ਭਰਪੂਰ ਸਿਨੇਮਾ ਵਿੱਚ ਧਾਰਮਿਕ ਫਿਲਮਾਂ ਪ੍ਰਤੀ ਦਰਸ਼ਕਾਂ ਵਿੱਚ ਕੋਈ ਬਹੁਤੀ ਖਿੱਚ ਨਹੀਂ ਰਹੀ। ਇਸ ਸਾਲ ਦੋ ਧਾਰਮਿਕ ਫਿਲਮਾਂ ‘ਚਲੋ ਬੁਲਾਵਾ ਆਇਆ ਹੈ’ ਅਤੇ ‘ਫੜ ਲੈ ਵਾਹਿਗੁਰੂ ਦਾ ਪੱਲਾ’ ਦੀ ਸਥਿਤੀ ਵੀ ਨਿਰਾਸ਼ਾਜਨਕ ਹੀ ਰਹੀ।
ਕਮੇਡੀ ਕਲਾਕਾਰ ਹਰਬੀ ਸੰਘਾ ਨੂੰ ਹੀਰੋ ਬਣਾ ਕੇ ਪੇਸ਼ ਕਰਦੀ ਫਿਲਮ ‘ਤੈਨੂੰ ਘੋੜੀ ਕੀਹਨੇ ਚੜ੍ਹਾਇਆ’ ਬੇਹੁਦਾ ਫਿਲਮ ਸੀ ਜੋ ਦਰਸ਼ਕਾਂ ਨੂੰ ਹੱਸਣ ਦੀ ਬਜਾਏ ਰੋਣ ਲਈ ਮਜਬੂਰ ਕਰਦੀ ਸੀ। ‘ਪੰਜਾਬੀ ਆ ਗਏ ਓਏ’ ਵੀ ਬੇਹੁਦਾ ਫਿਲਮ ਸੀ। ਇਸ ਨੇ ਵੀ ਦਰਸ਼ਕਾਂ ਨੂੰ ਨਿਰਾਸ਼ ਹੀ ਕੀਤਾ। ਲੇਖਕ ਤੋਂ ਹੀਰੋ ਬਣ ਕੇ ਨਰੇਸ਼ ਕਥੂਰੀਆ ‘ਹੈਪੀ ਖੁਸ਼ ਹੋ ਗਿਆ’ ਰਾਹੀਂ ਆਪ ਤਾਂ ਖੁਸ਼ ਹੋ ਗਿਆ, ਪਰ ਫਿਲਮ ਵੇਖ ਕੇ ਥੀਏਟਰ ਹਾਲ ’ਚੋਂ ਨਿਕਲੇ ਦਰਸ਼ਕ ਖੁਸ਼ ਨਾ ਹੋ ਸਕੇ। ਨਵੇਂ ਕਲਾਕਾਰਾਂ ਦੀ ਖੂਬਸੂਰਤ ਅਦਾਕਾਰੀ ਨਾਲ ਬਣੀ ਫਿਲਮ ‘ਮਿੱਠੀਏ’ ਆਮ ਫਿਲਮਾਂ ਤੋਂ ਹਟ ਕੇ ਪਿਆਰ ਮੁਹੱਬਤ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਸੀ ਜੋ ਦਰਸ਼ਕਾਂ ਨੂੰ ਖਿੱਚ ਨਾ ਸਕੀ।
ਪਹਿਲੀ ਫਿਲਮ ‘ਗੋਡੇ ਗੋਡੇ ਚਾਅ’ ਵਿੱਚ ਔਰਤਾਂ ਆਪਣੇ ਹੱਕਾਂ ਲਈ ਮਰਦਾਂ ਦੀ ਵਿਰੋਧਤਾ ਦਾ ਸ਼ਿਕਾਰ ਹੁੰਦੀਆਂ ਵਿਖਾਈਆਂ ਸਨ, ਜੋ ਵਿਆਹ ਸਮੇਂ ਬਰਾਤ ਜਾਣ ਦੀ ਜਿੱਤ ਪਗਾਉਣ ਲਈ ਅਨੇਕਾਂ ਸਕੀਮਾਂ ਖੇਡਦੀਆਂ ਹਨ। ਜਦਕਿ ‘ਗੋਡੇ ਗੋਡੇ ਚਾਹ 2’ ’ਚ ਪਹਿਲੀ ਰੀਤ ਤੋਂ ਬਿਲਕੁਲ ਉਲਟ ਮਰਦਾਂ ’ਤੇ ਔਰਤਾਂ ਭਾਰੂ ਵਿਖਾਈਆਂ ਗਈਆਂ। ਕਹਾਣੀ ਪਹਿਲੀ ਨਾਲ ਰਲਦੀ ਮਿਲਦੀ ਸੀ, ਪ੍ਰੰਤੂ ਮਨੋਰੰਜਨ ਭਰਪੂਰ ਮਸਾਲਾ ਸੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਵੀ ਕੀਤਾ। ਕੁਲ ਮਿਲਾ ਕੇ, ਇਹ ਚੰਗੀ ਫਿਲਮ ਸੀ ਜੋ ਦਰਸ਼ਕਾਂ ਨੂੰ ਪਹਿਲੀ ਫਿਲਮ ਵਾਂਗ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ।
‘ਨਿੱਕਾ ਜ਼ੈਲਦਾਰ 4’ ਪਹਿਲੀਆਂ ਤਿੰਨ ਫਿਲਮਾਂ ਤੋਂ ਬਹੁਤ ਵੱਖਰੇ ਵਿਸ਼ੇ ਦੀ ਸੀ ਜਿਸ ਵਿੱਚ ਸੋਨਮ ਬਾਜਵਾ ਨੂੰ ਇੱਕ ਸ਼ਰਾਬਣ ਦੇ ਤੌਰ ’ਤੇ ਪੇਸ਼ ਕਰਕੇ ਸਮਾਜ ਵਿਰੋਧੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ। ਇਹ ਫਿਲਮ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਅਜਿਹਾ ਕੁਝ ਵੀ ਪਰੋਸਦੀ ਨਜ਼ਰ ਆਈ ਜਿਸ ਨੂੰ ਸਾਡਾ ਸਮਾਜ ਮਾਨਤਾ ਨਹੀਂ ਦਿੰਦਾ। ਫਿਲਮ ਵੇਖਦਿਆਂ ਇਉਂ ਲੱਗ ਰਿਹਾ ਸੀ ਜਿਵੇਂ ‘ਨਿੱਕਾ ਜ਼ੈਲਦਾਰ’ ਲੜੀ ਨੂੰ ਅੱਗੇ ਤੋਰਨ ਲਈ ਹੁਣ ਇਸ ਟੀਮ ਕੋਲ ਕੋਈ ਵਧੀਆ ਕਹਾਣੀ ਨਹੀਂ ਰਹੀ।
ਪੁਰਾਣੇ ਵਿਆਹ ਸੱਭਿਆਚਾਰ ਦੀ ਪੇਸ਼ਕਾਰੀ ਕਰਦੀ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਦੀ ਜੋੜੀ ਵਾਲੀ ਫਿਲਮ ‘ਸਰਵਾਲਾ ਜੀ’ ਪੁਰਾਤਨ ਰੀਤੀ ਰਿਵਾਜਾਂ ਨਾਲ ਜੁੜੀ ਮਨੋਰੰਜਨ ਭਰਪੂਰ ਫਿਲਮ ਸੀ। ‘ਅੰਗਰੇਜ਼’ ਫਿਲਮ ਵਰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੀ ਇਸ ਫਿਲਮ ਦੀ ਕਹਾਣੀ ਇੰਦਰਜੀਤ ਮੋਗਾ ਨੇ ਲਿਖੀ ਜਿਸ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ। ਇਹ ਫਿਲਮ ਚੰਗਾ ਮਨੋਰੰਜਨ ਕਰਨ ਦੇ ਕਾਬਿਲ ਸੀ।
ਗਾਇਕ ਤੋਂ ਅਦਾਕਾਰ ਬਣੇ ਨਿਰਵੈਰ ਪੰਨੂ ਦੀ ਪਲੇਠੀ ਫਿਲਮ ‘ਸੂਹੇ ਵੇ ਚੀਰੇ ਵਾਲਿਆ’ ਨੂੰ ਬੀਰ ਸਿੰਘ ਨੇ ਲਿਖਿਆ ਅਤੇ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ। ਇਸ ਫਿਲਮ ਦੀ ਕਹਾਣੀ ਸਰਹੱਦੀ ਇਲਾਕੇ ਦੀ ਹੈ ਜਿੱਥੇ ਚੜ੍ਹਦੇ-ਲਹਿੰਦੇ ਪੰਜਾਬ ’ਚ ਧੜਕਦੇ ਦੋ ਜਵਾਨ ਦਿਲ ਰੇਡੀਓ ਦੀਆਂ ਤਰੰਗਾਂ ਰਾਹੀਂ ਇੱਕ ਦੂਜੇ ਦੇ ਹੋ ਜਾਂਦੇ ਹਨ। ਇਹ ਵਧੀਆ ਰੁਮਾਂਟਿਕ ਡਰਾਮਾ ਹੈ। ਵਿਸ਼ੇ ਅਤੇ ਤਕਨੀਕ ਪੱਖੋਂ ਇਹ ਫਿਲਮ ਚੰਗੀ ਰਹੀ ਅਤੇ ਦਰਸ਼ਕਾਂ ਦਾ ਰਲਿਆ ਮਿਲਿਆ ਹੁੰਗਾਰਾ ਮਿਲਿਆ।
ਮਾਂ-ਬਾਪ ਦੇ ਆਪਣੇ ਬੱਚਿਆਂ ਪ੍ਰਤੀ ਪਿਆਰ, ਵਿਸ਼ਵਾਸ ਅਤੇ ਚੰਗੇ ਭਵਿੱਖ ਲਈ ਸੰਘਰਸ਼ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕਰਦੀ ਫਿਲਮ ‘ਰਾਵੀ ਦੇ ਕੰਢੇ’ ਆਮ ਫਿਲਮਾਂ ਤੋਂ ਹਟ ਕੇ, ਦਿਲਾਂ ਨੂੰ ਛੂਹ ਲੈਣ ਵਾਲੀ ਕਹਾਣੀ ਸੀ। ਹੈਰੀ ਭੱਟੀ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਹਿੰਦੀ ਸਿਨੇਮਾ ਦਾ ਅਦਾਕਾਰ ਪੰਕਜ ਕਪੂਰ ਮੁੱਖ ਕਿਰਦਾਰ ’ਚ ਨਜ਼ਰ ਆਇਆ। ਇਹ ਇੱਕ ਚੰਗੀ ਫਿਲਮ ਸੀ, ਪਰ ਬਹੁਤੇ ਦਰਸ਼ਕ ਨਾ ਮਿਲ ਸਕੇ।
ਜੱਸ ਗਰੇਵਾਲ ਦੀ ਲਿਖੀ ਅਤੇ ਡਾਇਰੈਕਟ ਕੀਤੀ ਫਿਲਮ ‘ਰੌਣਕ’ ਪਰਿਵਾਰਕ ਉਲਝਣਾਂ ਵਿੱਚ ਘਿਰੀ ਜ਼ਿੰਦਗੀ ਨਾਲ ਜੂਝਦੇ ਲੋਕਾਂ ਦੀ ਕਹਾਣੀ ਸੀ ਜੋ ਬਹੁਤ ਭਾਵੁਕ ਅਤੇ ਦਿਲਾਂ ਨੂੰ ਛੂਹ ਲੈਣ ਵਾਲੀ ਸੀ। ਇਹ ਪਰਿਵਾਰਕ ਵਿਸ਼ੇ ਦੀ ਚੰਗੀ ਫਿਲਮ ਸੀ, ਪਰ ਇਹ ਚਰਚਾ ਵਿੱਚ ਨਾ ਆ ਸਕੀ।
ਪੰਜਾਬੀ ਜ਼ੁਬਾਨ ਦੇ ਠੇਠ ਪੇਂਡੂ ਸ਼ਬਦ ‘ਫਫੇ ਕੁੱਟਣੀਆਂ’ ਨੂੰ ਟਾਈਟਲ ਬਣਾ ਕੇ ਬਣਾਈ ਗਈ ਇਹ ਫਿਲਮ ਅਜੋਕੇ ਸਮੇਂ ’ਚ ਭੋਲੇ ਭਾਲੇ ਲੋਕਾਂ ਨਾਲ ਹੁੰਦੇ ਧੋਖੇ ਦੀਆਂ ਵੱਖ-ਵੱਖ ਕਹਾਣੀਆਂ ਨੂੰ ਸਾਂਝਾ ਕਰਦੀ ਹੋਈ ਦੋ ਚਲਾਕ ਤੇਜ਼-ਤਰਾਰ ਔਰਤਾਂ ਦੀ ਜੁੰਡਲੀ ਦੀ ਕਹਾਣੀ ਹੈ। ਕਹਾਣੀ ਦਿਲਚਸਪ ਤੇ ਮਨੋਰੰਜਨ ਭਰਪੂਰ ਹੋਣ ਕਰਕੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਦੇ ਸਮਰੱਥ ਹੈ। ਇਸ ਫਿਲਮ ਨੇ ਵੀ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ।
ਦਾਦੀ-ਪੋਤੇ ਦੇ ਪਿਆਰ ਦੀ ਕਹਾਣੀ ਦਰਸਾਉਂਦੀ ‘ਮੇਰੀ ਪਿਆਰੀ ਦਾਦੀ’ ਫਿਲਮ ਪਰਿਵਾਰਕ ਰਿਸ਼ਤਿਆਂ ਦਾ ਪਿਆਰ, ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੀ ਹੈ। ਇਹ ਇੱਕ ਚੰਗੀ ਫਿਲਮ ਸੀ। ਜਿਸ ਨੇ ਵੀ ਇਹ ਵੇਖੀ, ਉਸ ਨੇ ਪਸੰਦ ਕੀਤੀ, ਪ੍ਰੰਤੂ ਦਰਸ਼ਕਾਂ ਦਾ ਵੱਡਾ ਪਿਆਰ ਲੈਣ ’ਚ ਸਫਲ ਨਾ ਹੋ ਸਕੀ। ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਜਹਾਨੋਂ ਤੁਰ ਜਾਣ ਮਗਰੋਂ ਉਸ ਦੀ ਆਖਰੀ ਫਿਲਮ ‘ਯਮਲਾ’ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਵਿਸ਼ੇ ਪੱਖੋਂ ਫਿਲਮ ਠੀਕ ਠਾਕ ਸੀ, ਪਰ ਰਾਜਵੀਰ ਜਵੰਧੇ ਪ੍ਰਤੀ ਸ਼ਰਧਾਂਜਲੀ ਵਜੋਂ ਇਸ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ।
ਸੰਪਰਕ: 98146-07737

