ਤੂੰਬੇ-ਅਲਗੋਜ਼ੇ ਦੇ ਸੁਰਾਂ ਦਾ ਜਾਦੂਗਰ ਪ੍ਰੀਤੂ ਮੋਰੋਂ
ਤੂੰਬੇ-ਅਲਗੋਜ਼ੇ ਦੀ ਗਾਇਕੀ ਦੇ ਇਤਿਹਾਸ ਦਾ ਇੱਕ ਹੋਰ ਜ਼ਿਕਰਯੋਗ ਪੰਨਾ ਹੈ ਪ੍ਰੀਤੂ ਮੋਰੋਂ। ਮੋਰੋਂ ਉਸ ਦਾ ਪਿੰਡ ਹੈ। ਦੁਆਬੇ ਦੇ ਜੋੜੀ ਵਾਦਕਾਂ ਵਿੱਚ ਉਹ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਸਮੇਂ ਸਮੇਂ ’ਤੇ ਉਸ ਨੇ ਨਾਮੀ ਰਾਗੀਆਂ ਨਾਲ ਜੋੜੀ ’ਤੇ...
ਤੂੰਬੇ-ਅਲਗੋਜ਼ੇ ਦੀ ਗਾਇਕੀ ਦੇ ਇਤਿਹਾਸ ਦਾ ਇੱਕ ਹੋਰ ਜ਼ਿਕਰਯੋਗ ਪੰਨਾ ਹੈ ਪ੍ਰੀਤੂ ਮੋਰੋਂ। ਮੋਰੋਂ ਉਸ ਦਾ ਪਿੰਡ ਹੈ। ਦੁਆਬੇ ਦੇ ਜੋੜੀ ਵਾਦਕਾਂ ਵਿੱਚ ਉਹ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਸਮੇਂ ਸਮੇਂ ’ਤੇ ਉਸ ਨੇ ਨਾਮੀ ਰਾਗੀਆਂ ਨਾਲ ਜੋੜੀ ’ਤੇ ਸਾਥ ਨਿਭਾਇਆ।
ਪ੍ਰੀਤੂ ਦਾ ਪੂਰਾ ਨਾਂ ਪ੍ਰੀਤਮ ਰਾਮ ਸੀ। ਉਸ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਮੋਰੋਂ ਵਿਖੇ ਪਿਤਾ ਗੁਰਦਾਸ ਰਾਮ ਅਤੇ ਮਾਤਾ ਵੰਤੀ ਦੇ ਘਰ ਹੋਇਆ। ਕਦੋਂ ਹੋਇਆ? ਇਸ ਬਾਰੇ ਉਹ ਦੱਸਦਾ ਹੁੰਦਾ ਸੀ ਕਿ ਹੱਲਿਆਂ ਵਾਲੇ ਸਾਲ ਉਹ ਸੱਤ-ਅੱਠ ਸਾਲ ਦਾ ਸੀ। ਉਂਝ ਪਾਸਪੋਰਟ ਉੱਤੇ ਉਸ ਦੀ ਜਨਮ ਤਰੀਕ 8 ਜੁਲਾਈ 1935 ਲਿਖੀ ਹੋਈ ਹੈ। ਮਾਪਿਆਂ ਦੀਆਂ ਸੱਤ ਔਲਾਦਾਂ, ਪੰਜ ਪੁੱਤਰ ਅਤੇ ਦੋ ਧੀਆਂ ਵਿੱਚੋਂ ਉਸ ਦਾ ਤੀਸਰਾ ਸਥਾਨ ਸੀ। ਉਸ ਦਾ ਬਚਪਨ ਨਿਮਨ ਵਰਗ ਦੇ ਆਮ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਵਾਂਗ ਤੰਗੀਆਂ ਤੁਰਸ਼ੀਆਂ ਵਿੱਚ ਹੀ ਬੀਤਿਆ। ਸਕੂਲੀ ਪੜ੍ਹਾਈ ਪੱਖੋਂ ਉਹ ਬਿਲਕੁਲ ਕੋਰਾ ਸੀ।
ਪਿਤਾ ਗੁਰਦਾਸ ਰਾਮ ਮੋਰੋਂ ਪਿੰਡ ਦੇ ਸਰਦਾਰਾਂ ਦੀ ਪਿੰਡ ਪੁਆਰੀ ਵਿਖੇ ਜ਼ਮੀਨ ਅੱਧ ਵਟਾਈ ’ਤੇ ਲੈ ਕੇ ਵਾਹੁੰਦੇ ਸਨ। ਸੁਰਤ ਸੰਭਾਲਦਿਆਂ ਹੀ ਪ੍ਰੀਤੂ ਘਰ ਦੇ ਪਸ਼ੂ ਚਾਰਨ ਲੱਗ ਪਿਆ। ਪਿੰਡ ਵਿੱਚ ਮੁਸਲਮਾਨਾਂ ਦੇ ਬਾਰਾਂ ਘਰ ਸਨ। ਉਨ੍ਹਾਂ ਵਿੱਚੋਂ ਇੱਕ ਅਲਗੋਜ਼ੇ ਵਜਾਉਂਦਾ ਹੁੰਦਾ ਸੀ। ਛੋਟੀ ਉਮਰ ਵਿੱਚ ਉਸ ਨੂੰ ਸੁਣ ਸੁਣ ਕੇ ਅਲਗੋਜ਼ਿਆਂ ਨਾਲ ਲਗਾਅ ਹੋ ਗਿਆ। ਦੇਸ਼ ਵੰਡ ਸਮੇਂ ਮੁਸਲਮਾਨ ਤਾਂ ਪਾਕਿਸਤਾਨ ਚਲੇ ਗਏ, ਪ੍ਰੰਤੂ ਪ੍ਰੀਤੂ ਨੂੰ ਅਲਗੋਜ਼ਿਆਂ ਦੀ ਚੇਟਕ ਲਾ ਗਏ। ਪਸ਼ੂ ਚਾਰਦੇ ਹੋਏ ਉਹ ਵੱਢਾਂ ਵਿੱਚੋਂ ਕਣਕ ਦੇ ਨਾੜ ਦੀਆਂ ਨਾਲੀਆਂ ਵਿੱਚ ਫੂਕ ਮਾਰਕੇ ਬੁਲਬੁਲੇ ਉਠਾ ਕੇ ਸਾਹ ਪਲਟਾਉਣ ਲੱਗ ਪਿਆ। ਫਿਰ ਘਰਦਿਆਂ ਨੂੰ ਕਿਹਾ ਕਿ ਮੈਂ ਤਾਂ ਅਲਗੋਜ਼ੇ ਵਜਾਉਣੇ ਸਿੱਖਣੇ ਨੇ। ਪਹਿਲਾਂ ਤਾਂ ਘਰਦਿਆਂ ਨੇ ਟਾਲਿਆ, ਪਰ ਫਿਰ ਉਸ ਦੀ ਜ਼ਿੱਦ ਅੱਗੇ ਝੁਕ ਗਏ।
ਗੁਆਂਢੀ ਪਿੰਡ ਚੀਮਿਆਂ ਦਾ ਭਗਤ ਸਿੰਘ ਵਧੀਆ ਜੋੜੀ ਵਾਦਕ ਸੀ। ਉਹ ਰਾਵਾਂ ਖੇਲਾ ਵਾਲੇ ਪ੍ਰਸਿੱਧ ਰਾਗੀ ਦਰਸ਼ਨ ਸਿੰਘ ਦਾ ਪੱਗਵੱਟ ਭਰਾ ਬਣਿਆ ਹੋਇਆ ਸੀ ਅਤੇ ਇਲਾਕੇ ਵਿੱਚ ‘ਭਗਤਾ ਚੀਮਿਆਂ ਵਾਲਾ’ ਕਰਕੇ ਪ੍ਰਸਿੱਧ ਸੀ। ਪਿਤਾ ਗੁਰਦਾਸ ਰਾਮ ਪ੍ਰੀਤੂ ਨੂੰ ਉਸ ਕੋਲ ਛੱਡ ਆਇਆ, ਉਸਤਾਦ ਨੇ ਪਹਿਲਾਂ ਪਹਿਲ ਉਸ ਤੋਂ ਆਪਣੇ ਘਰੇਲੂ ਕੰਮ ਧੰਦੇ ਕਰਵਾਉਣੇ ਸ਼ੁਰੂ ਕਰ ਦਿੱਤੇ ਕਿ ਸ਼ਾਇਦ ਡਰ ਕੇ ਭੱਜ ਜਾਵੇ, ਪ੍ਰੰਤੂ ਪ੍ਰੀਤੂ ਆਪਣੇ ਹੱਠ ’ਤੇ ਪੱਕਾ ਰਿਹਾ। ਜਦੋਂ ਉਸਤਾਦ ਨੂੰ ਪੱਕਾ ਯਕੀਨ ਹੋ ਗਿਆ ਕਿ ਇਸ ਨੂੰ ਸੱਚਮੁੱਚ ਇਸ ਕਲਾ ਨਾਲ ਲਗਾਓ ਹੈ, ਫਿਰ ਉਸ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਪੂਰੇ ਛੇ ਸਾਲ ਪ੍ਰੀਤੂ ਉਸਤਾਦ ਦੀ ਛਤਰ ਛਾਇਆ ਹੇਠ ਰਿਹਾ। ਉਸਤਾਦ ਨੇ ਪੁੱਤਾਂ ਵਾਂਗ ਰੱਖਿਆ। ਆਪਣੀ ਮਿਹਨਤ ਅਤੇ ਉਸਤਾਦ ਦੇ ਆਸ਼ੀਰਵਾਦ ਨਾਲ ਉਹ ਇੱਕ ਚੰਗਾ ਜੋੜੀਵਾਦਕ ਬਣ ਗਿਆ।
ਸ਼ੁਰੂ ਸ਼ੁਰੂ ਵਿੱਚ ਪ੍ਰੀਤੂ ਪ੍ਰੌਢ ਰਾਗੀ ਅਬਾਦ ਅਲੀ ਢੱਕ ਮਜਾਰੇ ਵਾਲੇ ਅਤੇ ਪ੍ਰੀਤੂ ਰਾਗੀ ਬੁੰਡਾਲੇ ਵਾਲੇ ਦੇ ਜੁੱਟ ਵਿੱਚ ਸ਼ਾਮਲ ਹੋ ਗਿਆ। ਅਬਾਦ ਅਤੇ ਪ੍ਰੀਤੂ ਦੋਵਾਂ ਨੇ ਪ੍ਰੀਤੂ ਮੋਰੋਂ ਦਾ ਇਸ ਰਾਗ ਦੀਆਂ ਵੱਖ-ਵੱਖ ਤਰਜ਼ਾਂ ’ਤੇ ਲਗਾਤਾਰ ਅਭਿਆਸ ਕਰਵਾਇਆ। ਅਖਾੜੇ ਵਿੱਚ ਖੜ੍ਹਨ-ਬੈਠਣ, ਤੁਰਨ-ਫਿਰਨ ਦੇ ਗੁਰ ਦੱਸੇ। ਇਨ੍ਹਾਂ ਨਾਲ ਉਸ ਨੇ ਇਲਾਕੇ ਦੇ ਸਥਾਨਕ ਮੇਲਿਆਂ ਜਿਵੇਂ ਰੂਪੋਵਾਲ ਦੀ ਛਿੰਝ, ਸ਼ੰਕਰ ਦੀ ਛਿੰਝ, ਸ਼ਰੀਂਹ ਦੀ ਛਿੰਝ, ਨੂਰ ਮਹਿਲ ਦੀ ਛਿੰਝ, ਮੰਢਾਲੀ ਸ਼ਰੀਫ ਦਾ ਮੇਲਾ ਅਤੇ ਪੀਰਾਂ ਫ਼ਕੀਰਾਂ ਦੀਆਂ ਦਰਗਾਹਾਂ ’ਤੇ ਲੱਗਦੇ ਮੇਲਿਆਂ ’ਤੇ ਅਖਾੜੇ ਲਾਏ। ਲੰਬਾ ਸਮਾਂ ਇਹ ਜੁੱਟ ਦਰਸ਼ਕਾਂ/ਸਰੋਤਿਆਂ ਦਾ ਮਨ ਪ੍ਰਚਾਵਾ ਕਰਦਾ ਰਿਹਾ। ਇਨ੍ਹਾਂ ਤੋਂ ਬਾਅਦ ਉਹ ਦਰਸ਼ਨ ਰਾਵਾਂ ਖੇਲਾ ਦੇ ਜੁੱਟ ਵਿੱਚ ਸ਼ਾਮਲ ਹੋ ਗਿਆ। ਨਾਲ ਪਾਛੂ ਸੀ ਗੁਰਮੀਤ ਕਾਲਾ ਬਾਜੜੇ ਵਾਲਾ। ਲਗਾਤਾਰ ਕਈ ਸਾਲ ਇਹ ਇਕੱਠੇ ਰਹੇ।
ਦਰਸ਼ਨ ਦੀ ਮੌਤ ਤੋਂ ਬਾਅਦ ਜੁੱਟ ਦੀ ਅਗਵਾਈ ਕਾਲਾ ਬਾਜੜੇ ਵਾਲਾ ਕਰਨ ਲੱਗ ਪਿਆ। ਪਾਛੂ ਤੁੰਬਾ ਵਾਦਕ ਸੀ ਖੁਸ਼ੀਆ ਪਰੋਜਪੁਰ ਪਿੰਡ ਵਾਲਾ। ਕਈ ਸਾਲ ਪ੍ਰੀਤੂ ਇਨ੍ਹਾਂ ਨਾਲ ਜੋੜੀ ਵਜਾਉਂਦਾ ਰਿਹਾ। ਅਚਾਨਕ ਕਾਲੇ ਨੂੰ ਕਿਸੇ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ। ਥੋੜ੍ਹੇ ਦਿਨਾਂ ਵਿੱਚ ਹੀ ਉਹ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਬਾਅਦ ਵਿੱਚ ਪ੍ਰੀਤੂ ਨੂੰ ਮੱਦੋਕਿਆਂ ਵਾਲੇ ਸੁਖਦੇਵ ਉਰਫ਼ ਸੇਵ ਨੇ ਆਪਣੇ ਜੁੱਟ ਵਿੱਚ ਸ਼ਾਮਲ ਕਰ ਲਿਆ। ਨਾਲ ਤੂੰਬਾ ਵਾਦਕ ਪਾਛੂ ਸੀ ਅਬਾਦ ਅਲੀ ਦਾ ਮੁੰਡਾ ਬੂਟਾ ਗੁੱਜਰ। ਇਸ ਜੁੱਟ ਦਾ ਪ੍ਰੀਤੂ ਆਖ਼ਰੀ ਦਮ ਤੱਕ ਸਾਥ ਨਿਭਾਉਂਦਾ ਰਿਹਾ। ਇਸ ਜੁੱਟ ਨਾਲ ਉਸ ਨੇ ਛਿੰਝਾਂ, ਮੇਲਿਆਂ, ਸੰਤ ਮਹਾਤਮਾ ਦੇ ਸਥਾਨਾਂ ਅਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ’ਤੇ ਲਗਾਤਾਰ ਪ੍ਰੋਗਰਾਮ ਕੀਤੇ। ਕਈ ਸਥਾਨਾਂ ਦੇ ਪ੍ਰੋਗਰਾਮਾਂ ’ਤੇ ਤਾਂ ਇਹ ਹਰ ਸਾਲ ਨੇਮਬੱਧ ਹਾਜ਼ਰੀ ਭਰਦੇ ਸਨ।
ਸਾਲ 2010 ਵਿੱਚ ਪ੍ਰੀਤੂ ਸਿਹਤ ਪੱਖੋਂ ਕੁਝ ਢਿੱਲਾ ਰਹਿਣ ਲੱਗ ਪਿਆ। ਪੁੱਤਰਾਂ ਨੇ ਉਸ ਨੂੰ ਪ੍ਰੋਗਰਾਮਾਂ ’ਤੇ ਜਾਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਜਦੋਂ ਉਸ ਦੇ ਸਾਥੀਆਂ ਦਾ ਸੁਨੇਹਾ ਆਉਂਦਾ ਤਾਂ ਉਹ ਉਨ੍ਹਾਂ ਨਾਲ ਪ੍ਰੋਗਰਾਮਾਂ ’ਤੇ ਚਲਾ ਜਾਂਦਾ। ਉਹ ਕਹਿੰਦਾ ਕਿ ਪ੍ਰੋਗਰਾਮ ’ਤੇ ਜਾਣ ਨਾਲ ਮੇਰੀ ਸਿਹਤ ਠੀਕ ਹੋ ਜਾਂਦੀ ਹੈ। ਇਸ ਤਰ੍ਹਾਂ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਵੀ ਉਹ ਪ੍ਰੋਗਰਾਮ ’ਤੇ ਗਿਆ। 6 ਅਗਸਤ 2012 ਨੂੰ ਉਸ ਦਾ ਭੌਰ ਵਜੂਦ ਵਿੱਚੋਂ ਉਡਾਰੀ ਮਾਰ ਗਿਆ।
ਭਾਵੇਂ ਪ੍ਰੀਤੂ ਸਰੀਰਕ ਤੌਰ ’ਤੇ ਅੱਜ ਦੁਨੀਆ ਵਿੱਚ ਨਹੀਂ ਰਿਹਾ, ਪ੍ਰੰਤੂ ਉਸ ਦੇ ਅਲਗੋਜ਼ਿਆਂ ਦੇ ਸੁਰ ਅੱਜ ਵੀ ਸੁਣੇ ਜਾ ਸਕਦੇ ਹਨ। ਵੱਖ-ਵੱਖ ਰਾਗੀਆਂ ਨਾਲ ਉਸ ਦੀ ਕੁਝ ਰਿਕਾਰਡਿੰਗ ਯੂ-ਟਿਊਬ ਚੈਨਲਾਂ ’ਤੇ ਮਿਲਦੀ ਹੈ। ਇਹ ਰਿਕਾਰਡਿੰਗ ਕਿਸੇ ਪ੍ਰੋਫੈਸ਼ਨਲ ਰਿਕਾਰਡਿੰਗ ਕੰਪਨੀ ਵੱਲੋਂ ਨਹੀਂ ਕੀਤੀ ਗਈ, ਸਗੋਂ ਸਥਾਨਕ ਪੱਧਰ ’ਤੇ ਨਿੱਜੀ ਰੂਪ ਵਿੱਚ ਹੀ ਕੀਤੀ ਹੋਈ ਹੈ। ਉਸਤਾਦ ਰਾਗੀ ਦਰਸ਼ਨ ਰਾਵਾਂ ਖੇਲਾ ਨਾਲ ਲਗਭਗ ਦੋ ਘੰਟੇ ਦੀ ਰਿਕਾਰਡਿੰਗ ਪੀ.ਐੱਸ. ਕੰਗ ਵੱਲੋਂ ਪਿੰਡ ਲੱਲੀਆਂ ਕਲਾਂ ਵਿਖੇ ਕੀਤੀ ਗਈ ਜੋ ਪੂਰਨ ਭਗਤ ਦੀ ਦੋ ਹਿੱਸਿਆਂ ਵਿੱਚ ਗਾਥਾ ਹੈ। ਇਸ ਤੋਂ ਇਲਾਵਾ ਮਿਰਜ਼ਾ ਅਤੇ ਕੌਲਾਂ ਦੀ ਲਗਭਗ 36 ਮਿੰਟ ਦੀ ਰਿਕਾਰਡਿੰਗ ਦਰਸ਼ਨ ਰਾਵਾਂ ਖੇਲਾ ਤੇ ਸੁਖਦੇਵ ਮੱਦੋਕੇ ਨਾਲ ਹੈ ਅਤੇ ਪਾਛੂ ਕਾਲਾ ਬਾਜੜਾ ਹੈ। ਇਸੇ ਤਰ੍ਹਾਂ ਪੂਰਨ ਦੀ ਗਾਥਾ ਬੂਟਾ ਰਾਗੀ ਤੇ ਰਣਜੀਤ ਰਾਣਾ ਰਾਗੀ ਨਾਲ ਹੈ। ਇਸ ਤੋਂ ਇਲਾਵਾ 1997 ਵਿੱਚ ਕੀਮਾ ਮਲਕੀ ਅਤੇ ਸੱਸੀ ਦੀ ਗਾਥਾ ਦੀ ਰਿਕਾਰਡਿੰਗ ਕਾਲੇ ਬਾਜੜੇ ਅਤੇ ਚਮਨ ਲਾਲ ਨਾਲ ਹੋਈ ਮਿਲਦੀ ਹੈ ਜੋ ਚੈਨਲ ਲੋਕ ਰੰਗ ਪੰਜਾਬ ਦਾ ’ਤੇ ਵੇਖੀ-ਸੁਣੀ ਜਾ ਸਕਦੀ ਹੈ।
ਸਤਾਰਾਂ ਅਠਾਰਾਂ ਸਾਲ ਦੀ ਉਮਰ ਵਿੱਚ ਪ੍ਰੀਤੂ ਰਾਮ ਦਾ ਵਿਆਹ ਪਿੰਡ ਬਟਾਪੁਰ ਨਿਵਾਸੀ ਧੰਨਾ ਰਾਮ ਦੀ ਧੀ ਅਮਰੋ ਨਾਲ ਹੋਇਆ। ਇਨ੍ਹਾਂ ਦੇ ਘਰ ਪੰਜ ਧੀਆਂ ਅਤੇ ਦੋ ਪੁੱਤਰਾਂ ਨੇ ਜਨਮ ਲਿਆ। ਵੱਡਾ ਪੁੱਤਰ ਜੀਵਨ ਮਕੈਨੀਕਲ ਲਾਈਨ ਵਿੱਚ ਹੈ। ਛੋਟੇ ਪੁੱਤਰ ਜੋਗਾ ਦੀ ਭਾਵੇਂ ਪਿਉ ਦੇ ਜਿਉਂਦੇ ਜੀਅ ਅਲਗੋਜ਼ੇ ਵਜਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ, ਪਰ ਪਿਉ ਦੇ ਇਸ ਦੁਨੀਆ ਤੋਂ ਚਲੇ ਜਾਣ ਬਾਅਦ ਉਸ ਨੂੰ ਇਸ ਕਲਾ ਦੇ ਮਾਣ ਦਾ ਅਹਿਸਾਸ ਹੋਇਆ। ਇੱਕ ਵਾਰ ਬਿਮਾਰ ਹੋਣ ਕਾਰਨ ਡਾਕਟਰ ਨੇ ਉਸ ਨੂੰ ਗੁਲੂਕੋਜ਼ ਲਾਇਆ। ਡਾਕਟਰ ਤੋਂ ਉਹ ਗੁਲੂਕੋਜ਼ ਵਾਲੀ ਪਾਈਪ ਲੈ ਆਇਆ। ਪਾਈਪ ਨੂੰ ਕੱਟ ਕੇ ਉਸ ਨੇ ਉਸ ਨਾਲ ਪਾਣੀ ਵਿੱਚ ਫੂਕ ਮਾਰ ਕੇ ਬੁਲਬੁਲੇ ਉਠਾਉਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਲਗਾਤਾਰ ਅਭਿਆਸ ਕਰਕੇ ਜੋਗੇ ਨੇ ਸਾਹ ਪਲਟਾਉਣਾ ਸਿੱਖ ਲਿਆ। ਜੋਗੇ ਨੇ ਫ਼ਕੀਰ ਮੁਹੰਮਦ ਉਰਫ਼ ਫਕੀਰੀਆ ਜੋ ਵਧੀਆ ਜੋੜੀਵਾਦਕ ਸੀ, ਕੋਲ ਰਹਿ ਕੇ ਜੋੜੀ ਵਜਾਉਣੀ ਸਿੱਖੀ। ਜੋੜੀ ਵਜਾਉਣੀ ਤਾਂ ਭਾਵੇਂ ਉਸ ਨੇ ਫਕੀਰੀਏ ਤੋਂ ਸਿੱਖੀ, ਪਰ ਰਸਮੀ ਤੌਰ ’ਤੇ ਉਸਤਾਦ ਧਾਰਿਆ ਗਿਆਨ ਫਰਵਾਲੇ ਵਾਲੇ ਨੂੰ। ਅੱਜਕੱਲ੍ਹ ਜੋਗਾ ਮੱਖਣ ਮਹਿਰਮਪੁਰੀਏ ਨਾਲ ਜੋੜੀ ਵਜਾ ਰਿਹਾ ਹੈ ਅਤੇ ਆਪਣੇ ਪਿਉ ਪ੍ਰੀਤੂ ਮੋਰੋਂ ਦੀ ਵਿਰਾਸਤ ਨੂੰ ਅੱਗੇ ਚਲਾ ਰਿਹਾ ਹੈ।
ਸੰਪਰਕ: 84271-00341

