ਮੁੰਬਈ: ਅਦਾਕਾਰ ਪ੍ਰਤੀਕ ਗਾਂਧੀ ਦੀ ਲਘੂ ਫਿਲਮ ‘ਸ਼ਿਮੀ’ ਐਮਾਜ਼ੋਨ ਮਿਨੀ ਟੀਵੀ ’ਤੇ 17 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਐਮਾਜ਼ੋਨ ਮਿਨੀ ਟੀਵੀ ਅਤੇ ਗੁਨੀਤ ਮੋਂਗਾ ਦੇ ਸਿੱਖਿਆ ਐਂਟਰਟੇਨਮੈਂਟ ਵਿਚਾਲੇ ਸਮਝੌਤੇ ਤਹਿਤ ਪਹਿਲੀ ਫਿਲਮ ਹੋਵੇਗੀ। ‘ਸ਼ਿਮੀ’ ਦੀ ਕਹਾਣੀ ਇੱਕ ਜਵਾਨ ਲੜਕੀ (ਚਾਹਤ ਤਿਵਾਨੀ) ਅਤੇ ਉਸ ਦੇ ਪਿਤਾ (ਪ੍ਰਤੀਕ ਗਾਂਧੀ) ਦੇ ਔਖੇ ਦਿਨਾਂ ’ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਤੰਗ ਕਰ ਰਹੀ ਹੈ। ਨਯੋਨਿਕਾ ਰਿੰਦਾਨੀ ਦੀ ਲਿਖੀ ਅਤੇ ਉਸੇ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਭਾਮਿਨੀ ਓਜ਼ਾ ਗਾਂਧੀ ਨੇ ਵੀ ਅਹਿਮ ਕਿਰਦਾਰ ਅਦਾ ਕੀਤਾ ਹੈ। ਸਿੱਖਿਆ ਐਂਟਰਟੇਨਮੈਂਟ ਦੇ ਸੀਈਓ ਗੁਨੀਤ ਮੋਂਗਾ ਨੇ ਕਿਹਾ, ‘‘ਨਵੇਂ ਕਲਾਕਾਰਾਂ ਨਾਲ ਕੰਮ ਕਰਨ ਲਈ ਲਘੂ ਫਿਲਮਾਂ ਸਭ ਤੋਂ ਦਿਲਚਸਪ ਮਾਧਿਅਮਾਂ ’ਚੋਂ ਇੱਕ ਹਨ। ‘ਸਿੱਖਿਆ’ ਵਿੱਚ ਅਸੀਂ ਨੌਜਵਾਨ ਫਿਲਮ ਨਿਰਮਾਤਾਵਾਂ ਅਤੇ ਟੈਕਨੀਸ਼ੀਅਨਾਂ ਨੂੰ ਖੋਜਣ ਅਤੇ ਉਨ੍ਹਾਂ ਨੂੰ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।’’ ਐਮਾਜ਼ੋਨ ਦੇ ਵਿਜੈ ਸੁਬਰਾਮਨੀਅਮ ਨੇ ਕਿਹਾ, ‘‘ਐਮਾਜ਼ੋਨ ਵਿੱਚ ਸਾਡਾ ਪਹਿਲਾ ਨਿਯਮ ਈਕੋਸਿਸਟਮ ਨਾਲ ਸਾਂਝੇਦਾਰੀ ਕਰਨਾ ਅਤੇ ਸਦੀਵੀ ਸੰਗਠਨਾਂ ਦਾ ਨਿਰਮਾਣ ਕਰਨਾ ਹੈ, ਜੋ ਸਾਡੇ ਦਰਸ਼ਕਾਂ ਲਈ ਫਿਲਮਾਂ ਦੇਖਣ ਦਾ ਤਜਰਬਾ ਹੋਰ ਵਧੀਆ ਕਰ ਸਕਦਾ ਹੈ।’’ ‘ਸ਼ਿਮੀ’ ਐਮਾਜ਼ੋਨ ਮਿਨੀ ਟੀਵੀ ’ਤੇ 17 ਸਤੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ