DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਮਨਪਿਆਰੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ

ਕੁਝ ਚਿਹਰੇ ਸਿਨੇਮਾ ਸਕਰੀਨ ’ਤੇ ਜਿਸ ਤਰ੍ਹਾਂ ਪ੍ਰਦਰਸ਼ਿਤ ਹੁੰਦੇ ਹਨ, ਉਨ੍ਹਾਂ ਦਾ ਅਸਲੀ ਜ਼ਿੰਦਗੀ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਪਰਦੇ ’ਤੇ ਕੁਰੱਖਤ ਅਤੇ ਸਖ਼ਤ ਸੁਭਾਅ ਦਾ ਅਹਿਸਾਸ ਕਰਾਉਂਦੇ ਅਦਾਕਾਰ ਅਸਲ ਜ਼ਿੰਦਗੀ ਵਿੱਚ ਦਿਆਲੂ, ਸਮਾਜਿਕ, ਨੇਕ ਦਿਲ ਅਤੇ ਮਨੁੱਖਤਾ...

  • fb
  • twitter
  • whatsapp
  • whatsapp
Advertisement

ਕੁਝ ਚਿਹਰੇ ਸਿਨੇਮਾ ਸਕਰੀਨ ’ਤੇ ਜਿਸ ਤਰ੍ਹਾਂ ਪ੍ਰਦਰਸ਼ਿਤ ਹੁੰਦੇ ਹਨ, ਉਨ੍ਹਾਂ ਦਾ ਅਸਲੀ ਜ਼ਿੰਦਗੀ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਪਰਦੇ ’ਤੇ ਕੁਰੱਖਤ ਅਤੇ ਸਖ਼ਤ ਸੁਭਾਅ ਦਾ ਅਹਿਸਾਸ ਕਰਾਉਂਦੇ ਅਦਾਕਾਰ ਅਸਲ ਜ਼ਿੰਦਗੀ ਵਿੱਚ ਦਿਆਲੂ, ਸਮਾਜਿਕ, ਨੇਕ ਦਿਲ ਅਤੇ ਮਨੁੱਖਤਾ ਦੇ ਕਦਰਦਾਨ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਖੂਬਸੂਰਤ ਸੁਭਾਅ ਪੰਜਾਬੀ ਅਤੇ ਹਿੰਦੀ ਸਿਨੇਮਾ ਦੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ ਦਾ ਹੈ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿਖੇ 13 ਮਈ 1959 ਨੂੰ ਸੁਰਜੀਤ ਕੌਰ ਅਤੇ ਸੁਖਦੇਵ ਸਿੰਘ ਦੇ ਘਰ ਪੈਦਾ ਹੋਈ ਗੁਰਪ੍ਰੀਤ ਕੌਰ ਭੰਗੂ ਨੇ ਬਠਿੰਡਾ ਦੇ ਰਾਜਿੰਦਰਾ ਕਾਲਜ ਤੋਂ ਪੜ੍ਹਾਈ ਕੀਤੀ। ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਹ ਅਕਸਰ ਸਕੂਲ ਦੀਆਂ ਸਭਾਵਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਅਤੇ ਅਧਿਆਪਕ ਉਸ ਦੀ ਪੇਸ਼ਕਾਰੀ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਸਨ। ਕਾਲਜ ਦੀ ਪੜ੍ਹਾਈ ਸਮੇਂ ਉਹ ਸ਼ੌਕ ਨਾਟਕੀ ਸਟੇਜਾਂ ਵੱਲ ਖਿੱਚ ਲਿਆਇਆ। ਮਸ਼ਹੂਰ ਨਾਟਕਕਾਰ ਗੁਰਸ਼ਰਨ ਭਾਅ ਜੀ ਉਰਫ਼ ਭਾਈ ਮੰਨਾ ਸਿੰਘ ਦੇ ਨਾਟਕਾਂ ’ਚ ਅਦਾਕਾਰੀ ਦਾ ਜਲਵਾ ਦਿਖਾਉਂਦਿਆਂ ਉਸ ਨੇ ਆਪਣੀ ਕਲਾ ਨੂੰ ਖੂਬ ਨਿਖਾਰਿਆ ਅਤੇ ਪੇਸ਼ਕਾਰੀ ਦੀਆਂ ਬਾਰੀਕੀਆਂ ਨੂੰ ਸਮਝਿਆ। ਉਸ ਨੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਨਾਟਕਾਂ ਰਾਹੀਂ ਵੀ ਆਪਣੀ ਕਲਾ ਦੇ ਜੌਹਰ ਵਿਖਾਏ ਅਤੇ ਪਰਿਪੱਕ ਸਫ਼ਰ ਵੱਲ ਕਦਮ ਵਧਾਇਆ। ਉਹ ਕਾਫ਼ੀ ਸਮਾਂ ਅਧਿਆਪਨ ਕਿੱਤੇ ਨਾਲ ਵੀ ਜੁੜੀ ਰਹੀ ਅਤੇ ਸਾਹਿਤਕ ਮੋਹ ਵੀ ਨੂੰ ਜਾਰੀ ਰੱਖਿਆ।

Advertisement

ਸਵਰਨ ਸਿੰਘ ਭੰਗੂ ਦੀ ਜੀਵਨ ਸਾਥਣ ਬਣਨ ਤੋਂ ਬਾਅਦ ਵੀ ਉਸ ਦੀ ਪ੍ਰਗਤੀਵਾਦੀ ਅਤੇ ਸਾਹਿਤਕ ਸੋਚ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਿਆ। ਭੰਗੂ ਦੀ ਦਰਿਆਦਿਲੀ ਨੇ ਗੁਰਪ੍ਰੀਤ ਕੌਰ ਭੰਗੂ ਦੇ ਇਸ ਜਨੂੰਨ ਨੂੰ ਸਮਝਿਆ ਅਤੇ ਅਦਾਕਾਰੀ ਦੇ ਖੰਭਾਂ ਨਾਲ ਅਸਮਾਨੀ ਉੱਚਾ ਉੱਡਣ ਲਈ ਉਤਸ਼ਾਹਿਤ ਕੀਤਾ। ਚਮਕੌਰ ਸਾਹਿਬ ਵਿਖੇ ਉਨ੍ਹਾਂ ਨੇ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਨਾਂ ਦੀ ਸੰਸਥਾ ਬਣਾ ਕੇ ਨੇੜਲੇ ਪਿੰਡਾਂ ਵਿੱਚ ਸਮਾਜਿਕ ਕੁਰੀਤੀਆਂ ਅਤੇ ਅਲਾਮਤਾਂ, ਜ਼ਬਰ ਜ਼ੁਲਮ ਵਿਰੁੱਧ, ਰੁੱਖ ਅਤੇ ਕੁੱਖ ਬਚਾਉਣ, ਆਰਥਿਕ ਮੰਦਹਾਲੀ, ਸੱਭਿਆਚਾਰਕ ਕਦਰਾਂ ਕੀਮਤਾਂ, ਕੁਦਰਤ ਅਤੇ ਵਾਤਾਵਰਨ ਸੰਭਾਲ ਵਰਗੇ ਵਿਸ਼ਿਆਂ ’ਤੇ ਆਧਾਰਿਤ ਨਾਟਕਾਂ ਦੀ ਪੇਸ਼ਕਾਰੀ ਕੀਤੀ। ਰੋਪੜ ਜ਼ਿਲ੍ਹੇ ਤੋਂ ਇਲਾਵਾ ਉਨ੍ਹਾਂ ਦੀ ਟੀਮ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਪੂਰੇ ਦੇਸ਼ ਵਿੱਚ ਨਾਟਕਾਂ ਰਾਹੀਂ ਆਪਣੀ ਖੂਬਸੂਰਤ ਕਲਾ ਦਾ ਪ੍ਰਦਰਸ਼ਨ ਕੀਤਾ ਹੈ।

Advertisement

ਗੁਰਪ੍ਰੀਤ ਭੰਗੂ ਅਜਿਹੀ ਅਦਾਕਾਰਾ ਹੈ ਜਿਸ ਨੇ ਵਿਆਹੁਤਾ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਹਿੰਮਤ, ਹੌਸਲੇ ਅਤੇ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਦੀਆਂ ਪੌੜੀਆਂ ਸਰ ਕੀਤੀਆਂ ਹਨ। ਨਾਟਕਾਂ ਤੋਂ ਸ਼ੁਰੂ ਹੋਇਆ ਉਸ ਦਾ ਅਦਾਕਾਰੀ ਦਾ ਸਫ਼ਰ ਫਿਰ ਪੰਜਾਬੀ ਗੀਤਾਂ, ਵੈੱਬ ਸੀਰੀਜ਼, ਟੀਵੀ ਚੈਨਲਾਂ, ਪੰਜਾਬੀ ਤੇ ਹਿੰਦੀ ਫ਼ਿਲਮਾਂ ਤੱਕ ਅਦਾਕਾਰੀ ਦੇ ਜੌਹਰ ਵਿਖਾ ਰਿਹਾ ਹੈ।

ਠੇਠ ਪੰਜਾਬੀ ਭਾਸ਼ਾ ਦੀ ਮਾਹਰ ਗੁਰਪ੍ਰੀਤ ਕੌਰ ਭੰਗੂ ਨੇ 2013 ਵਿੱਚ ਪੰਜਾਬੀ ਫਿਲਮ ‘ਸਿੰਘ ਵਰਸਿਜ਼ ਕੌਰ’ ਜ਼ਰੀਏ ਫਿਲਮ ਇੰਡਸਟਰੀ ਵਿੱਚ ਪੈਰ ਰੱਖਿਆ ਸੀ। ਉਸ ਦੇ ਦਮਦਾਰ ਕਿਰਦਾਰ ਨੇ ਫਿਲਮੀ ਪਿੜ ਵਿੱਚ ਉਸ ਨੂੰ ਮਜ਼ਬੂਤ ਪੈਰੀਂ ਖੜ੍ਹਨ ਦਾ ਅਹਿਸਾਸ ਕਰਵਾਇਆ। ‘ਨਿਹਾਲੇ ਦੀ ਤਾਈ’ ਕਿਰਦਾਰ ਲੋਕ ਦਿਲਾਂ ’ਤੇ ਅਮਿੱਟ ਛਾਪ ਛੱਡ ਗਿਆ। ਇਸ ਤੋਂ ਬਾਅਦ ਚੱਲ ਸੋ ਚੱਲ। ਉਸ ਨੇ ਦਰਸ਼ਕਾਂ ’ਤੇ ਆਪਣੇ ਹਰ ਕਿਰਦਾਰ ਦੀ ਅਮਿੱਟ ਛਾਪ ਛੱਡੀ ਹੈ।

ਗੁਰਪ੍ਰੀਤ ਕੌਰ ਭੰਗੂ ਫਿਲਮੀ ਦੁਨੀਆ ਦੇ ਕਿਰਦਾਰਾਂ ਤੋਂ ਬਿਲਕੁਲ ਉਲਟ ਸੁਭਾਅ ਦੀ ਮਾਲਕ ਹੈ। ਸਤਿਕਾਰ, ਮਿਲਵਰਤਣ, ਨਿਮਰਤਾ, ਸਾਦਾਪਣ ਆਦਿ ਉਸ ਦੀ ਸ਼ਖ਼ਸੀਅਤ ਦੇ ਅਟੁੱਟ ਅੰਗ ਹਨ। ਫਿਲਮੀ ਦੁਨੀਆ ਵਿੱਚ ਹੁੰਦੇ ਹੋਏ ਉਹ ਪੂਰੀ ਤਰ੍ਹਾਂ ਸਮਾਜਿਕ ਕਾਰਜਾਂ ਨੂੰ ਵੀ ਸਮਰਪਿਤ ਹੈ। ਉਸ ਨੇ ਆਪਣੀ ਸੰਪਤੀ ਦਾ ਕੁਝ ਹਿੱਸਾ ਮਾਨਵਤਾ ਲਈ ਦਾਨ ਕਰਕੇ ਅਸਲ ਮਾਨਵਤਾਵਾਦੀ ਅਤੇ ਆਦਰਸ਼ਵਾਦੀ ਹੋਣ ਦਾ ਸਬੂਤ ਦਿੱਤਾ ਹੈ। ਆਪਣਾ ਘਰ ਦਾਨ ਦੇ ਕੇ ਆਦਰਸ਼ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਹੈ, ਜਿਸ ਅਧੀਨ ਉਨ੍ਹਾਂ ਦੀਆਂ ਦੋ ਵਿੱਦਿਅਕ ਸੰਸਥਾਵਾਂ ਚੱਲ ਰਹੀਆਂ ਹਨ, ਜਿਸ ਦੇ ਡਾਇਰੈਕਟਰ ਵਜੋਂ ਉਸ ਦੇ ਪਤੀ ਸਵਰਨ ਸਿੰਘ ਭੰਗੂ ਮੁਫ਼ਤ ਸੇਵਾਵਾਂ ਨਿਭਾ ਰਹੇ ਹਨ। ਰੂਰਲ ਇੰਸਟੀਚਿਊਟ ਆਫ ਕਰੀਅਰ ਕੋਰਸ (ਆਰਆਈਸੀਸੀ), ਚਮਕੌਰ ਸਾਹਿਬ ਅਤੇ ਡਰੀਮਲੈਂਡ ਪਬਲਿਕ ਸਕੂਲ ਇਸ ਟਰੱਸਟ ਅਧੀਨ ਵਿੱਦਿਆ ਦਾ ਚਾਨਣ ਵੰਡ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿੱਚ 550 ਤੋਂ ਵੱਧ ਵਿਦਿਆਰਥੀਆਂ ਸਿੱਖਿਆ ਹਾਸਲ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋੜਵੰਦ ਬੱਚੇ ਗੁਰਪ੍ਰੀਤ ਕੌਰ ਭੰਗੂ ਦੀ ਪ੍ਰੇਰਨਾ ਸਦਕਾ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਪੜ੍ਹਾਈ ਲਈ ਗੋਦ ਲਏ ਹੋਏ ਹਨ।

ਬੇਸ਼ੱਕ ਉਸ ਨੂੰ ਆਪਣੀ ਸੰਜੀਦਾ ਅਦਾਕਾਰੀ ਲਈ ਕਈ ਮਾਨ-ਸਨਮਾਨ ਮਿਲੇ ਹਨ, ਪਰ ਦਰਸ਼ਕਾਂ ਦੀ ਹਰਮਨਪਿਆਰੀ ਇਹ ਅਦਾਕਾਰਾ ਉਨ੍ਹਾਂ ਵੱਲੋਂ ਮਿਲ ਰਹੇ ਪਿਆਰ ਨੂੰ ਹੀ ਸਭ ਤੋਂ ਵੱਡਾ ਸਨਮਾਨ ਮੰਨਦੀ ਹੈ।

ਸੰਪਰਕ: 97797-08257

Advertisement
×