ਖਿਡਾਰੀ ਤੇ ਖੇਡ ਪ੍ਰਬੰਧਕ ਰਾਜਾ ਰਣਧੀਰ ਸਿੰਘ
ਰਾਜਾ ਰਣਧੀਰ ਸਿੰਘ ਭਾਰਤ ਦਾ ਪਹਿਲਾ ਸ਼ੂਟਰ ਹੈ ਜਿਸ ਨੇ ਏਸ਼ਿਆਈ ਖੇਡਾਂ ’ਚੋਂ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਇਹ ਮਾਅਰਕਾ ਉਸ ਨੇ ਬੈਂਕਾਕ-1978 ਦੀਆਂ ਏਸ਼ਿਆਈ ਖੇਡਾਂ ਵਿੱਚ ਮਾਰਿਆ। ਉਸ ਤੋਂ ਪਹਿਲਾਂ ਡਾ. ਕਰਨੀ ਸਿੰਘ ਨੇ ਤਹਿਰਾਨ-1974 ਦੀਆਂ ਏਸ਼ਿਆਈ ਖੇਡਾਂ ਵਿੱਚੋਂ ਭਾਰਤ ਲਈ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਦੋਵੇਂ ਸ਼ੂਟਰ ਭਾਰਤ ਵਿੱਚ ਸ਼ੂਟਿੰਗ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ। ਰਣਧੀਰ ਸਿੰਘ ਨੇ ਨੈਸ਼ਨਲ, ਇੰਟਰਨੈਸ਼ਨਲ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਓਲੰਪਿਕ ਖੇਡਾਂ ਵਿੱਚ ਅਨੇਕ ਵਾਰ ਹਿੱਸਾ ਲਿਆ ਤੇ ਸ਼ੂਟਿੰਗ ਮੁਕਾਬਲਿਆਂ ਵਿੱਚੋਂ ਨੈਸ਼ਨਲ ਤੇ ਏਸ਼ੀਆ ਪੱਧਰ ’ਤੇ ਅਨੇਕ ਮੈਡਲ ਜਿੱਤੇ। 1964 ਤੋਂ 1984 ਤੱਕ ਉਹ ਲਗਾਤਾਰ ਵੀਹ ਵਰ੍ਹੇ ਓਲੰਪਿਕ ਖੇਡਾਂ ਵਿੱਚ ਭਾਗ ਲੈਂਦਾ ਰਿਹਾ, ਪਰ ਉਸ ਨੂੰ ਓਲੰਪਿਕ ਖੇਡਾਂ ਦੇ ਜਿੱਤ ਮੰਚ ’ਤੇ ਚੜ੍ਹਨਾ ਨਸੀਬ ਨਾ ਹੋਇਆ। ਉਹ ਮੌਕਾ ਅੱਗੇ ਜਾ ਕੇ ਪੰਜਾਬ ਦੇ ਸ਼ੂਟਰ ਅਭਿਨਵ ਬਿੰਦਰਾ ਨੂੰ ਮਿਲਿਆ। ਬਿੰਦਰਾ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੇ ਕਿਸੇ ਵਿਅਕਤੀਗਤ ਈਵੈਂਟ ਵਿੱਚੋਂ ਪਹਿਲਾ ਗੋਲਡ ਮੈਡਲ ਜਿੱਤਿਆ ਹੈ।
ਖੇਡਾਂ ਦੀ ਸਰਬਉੱਚ ਕਮੇਟੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਉਹਦੀਆਂ ਅੰਤਰਰਾਸ਼ਟਰੀ ਖੇਡ ਸੇਵਾਵਾਂ ਸਦਕਾ ਸਿਲਵਰ ਓਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ। 1979 ਵਿੱਚ ਭਾਰਤ ਸਰਕਾਰ ਵੱਲੋਂ ਉਸ ਨੂੰ ਖੇਡਾਂ ਦਾ ਸਰਬਉੱਚ ਸਨਮਾਨ ਅਰਜਨ ਐਵਾਰਡ ਦਿੱਤਾ ਗਿਆ। ਉਸੇ ਸਾਲ ਉਸ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਬਲਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦਾ ਤੋਰਾ ਹੀ ਰਣਧੀਰ ਸਿੰਘ ਨੂੰ ਐਵਾਰਡ ਦੇਣ ਤੋਂ ਤੁਰਿਆ।
ਸਾਲ 1979 ਦੀਆਂ ਪੰਜਾਬ ਰਾਜ ਖੇਡਾਂ, ਤਤਕਾਲੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸ਼ਹਿਰ ਸੰਗਰੂਰ ਵਿੱਚ ਹੋਈਆਂ ਸਨ। ਰਣਧੀਰ ਸਿੰਘ ਦਾ ਸਨਮਾਨ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਕੀਤਾ ਗਿਆ। ਉੱਥੇ ਮੈਨੂੰ ਉਸ ਨਾਲ ਪਹਿਲੀ ਵਾਰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਉਸ ਮੌਕੇ ਉਸ ਦੇ ਕੇਸਰੀ ਪੱਗ ਬੰਨ੍ਹੀ ਹੋਈ ਸੀ। ਅਸਮਾਨੀ ਕੋਟ ਨਾਲ ਸਫ਼ੈਦ ਪਤਲੂਨ ਪਾਈ ਹੋਈ ਸੀ। ਉਹਦੀ ਤੋਰ ਵਿੱਚ ਦਿਲਖਿੱਚਵੀਂ ਲਚਕ ਸੀ। ਉਹ ਆਪਣੇ ਸ਼ੂਟਰ ਸਾਥੀਆਂ ਗੁਰਬੀਰ ਸਿੰਘ ਸੰਧੂ ਤੇ ਰਾਣਾ ਗੁਰਮੀਤ ਸਿੰਘ ਨਾਲ ਖੇਡ ਮੈਦਾਨ ’ਚ ਮੇਹਲਦਾ ਮਿਲਿਆ ਸੀ। ਉੱਥੋਂ ਅਸੀਂ ਵਾਲੀਬਾਲ ਦਾ ਮੈਚ ਵੇਖਣ ਚਲੇ ਗਏ ਸਾਂ। ਉਹ ਦਰਸ਼ਕਾਂ ਦੀ ਭੀੜ ’ਚ ਖੜ੍ਹ ਕੇ ਮੈਚ ਵੇਖਦਾ ਰਿਹਾ ਸੀ। ਮੈਨੂੰ ਲੱਗਾ ਸੀ ਕਿ ਰਾਜੇ ਦਾ ਪੁੱਤ ਅਤੇ ਏਸ਼ੀਆ ਦਾ ਚੈਂਪੀਅਨ ਹੋਣ ਦਾ ਉਹਦੇ ਮਨ ’ਚ ਭੋਰਾ ਭਰ ਵੀ ਗ਼ੁਮਾਨ ਨਹੀਂ।
ਫਿਰ ਅਸੀਂ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ ਜੋ ਮੈਂ ਡਾਇਰੀ ਵਿੱਚ ਨੋਟ ਕਰਦਾ ਰਿਹਾ। ਉਦੋਂ ਉਹ ਤੇਤੀ ਕੁ ਸਾਲਾਂ ਦਾ ਦਰਸ਼ਨੀ ਜੁਆਨ ਸੀ। ਉਹਦੀ ਦਾੜ੍ਹੀ ਬੱਧੀ ਹੋਈ ਸੀ ਤੇ ਅੱਖਾਂ ’ਚ ਮਸਤਾਂ ਵਾਲੀ ਮਸਤੀ ਸੀ। ਅਸੀਂ ਬੇਸ਼ੱਕ ਦਿੱਲੀ ਯੂਨੀਵਰਸਿਟੀ ਵਿੱਚ ਕੋਲ ਹੀ ਪੜ੍ਹਦੇ ਰਹੇ ਸਾਂ, ਪਰ ਉੱਥੇ ਸਾਡਾ ਮੇਲ ਨਹੀਂ ਸੀ ਹੋਇਆ। ਕਾਰਨ ਇਹੋ ਸੀ ਕਿ ਮੈਂ ਅਥਲੈਟਿਕਸ ਕਰਦਾ ਸਾਂ ਤੇ ਉਹ ਸ਼ੂਟਿੰਗ ਕਰਦਾ ਸੀ। ਅਥਲੈਟਿਕਸ ਸਸਤੀ ਖੇਡ ਹੈ ਜੋ ਕੋਈ ਵੀ ਕਰ ਸਕਦਾ ਸੀ ਜਦੋਂ ਕਿ ਸ਼ੂਟਿੰਗ ਖਰਚੀਲੀ ਖੇਡ ਹੈ ਜੋ ਰੱਜੇ ਪੁੱਜੇ ਘਰਾਂ ਦੇ ਧੀਆਂ-ਪੁੱਤਰ ਹੀ ਕਰ ਸਕਦੇ ਸਨ। ਇੰਟਰਵਿਊ ਦੌਰਾਨ ਦਿੱਲੀ ਵਿਖੇ ਪੜ੍ਹਨ ਦੀਆਂ ਗੱਲਾਂ ਨਾਲ ਮੈਂ ਪੁੱਛਿਆ ਸੀ ਕਿ ਆਪਣੇ ਬਚਪਨ, ਚੜ੍ਹਦੀ ਜੁਆਨੀ ਤੇ ਖਿਡਾਰੀ ਬਣਨ ਬਾਰੇ ਕੁਝ ਵਿਸਥਾਰ ਨਾਲ ਦੱਸੋ। ਸਮਾਂ ਖੁੱਲ੍ਹਾ ਸੀ, ਜਿਸ ਕਰਕੇ ਗੱਲਾਂ ਵੀ ਖੁੱਲ੍ਹੀਆਂ ਹੋਈਆਂ। ਉਹਦੀਆਂ ਗੱਲਾਂ ਬਾਤਾਂ ਤੇ ਤੌਰ ਤਰੀਕਆਂ ਤੋਂ ਉਹਦੀ ਵਧੀਆ ਤਾਲੀਮ ਤੇ ਸਿਸ਼ਟਾਚਾਰ ਦਾ ਅਸਰ ਪ੍ਰਤੱਖ ਸੀ। ਉਹ ਪੁੱਛੇ ਗਏ ਸਵਾਲਾਂ ਦਾ ਬੜੀ ਹਲੀਮੀ ਨਾਲ ਉੱਤਰ ਦੇ ਰਿਹਾ ਸੀ। ਇੱਥੋਂ ਕਿ ਜੋ ਸਵਾਲ ਮੈਂ ਪੁੱਛ ਨਹੀਂ ਸੀ ਸਕਿਆ ਉਸ ਨੇ ਉਨ੍ਹਾਂ ਦੇ ਜਵਾਬ ਵੀ ਮੇਰੀ ਡਾਇਰੀ ਵਿੱਚ ਲਿਖ ਦਿੱਤੇ ਸਨ ਜੋ ਮੇਰੇ ਲਈ ਉਸ ਦੀ ਯਾਦਗਾਰੀ ਨਿਸ਼ਾਨੀ ਹੈ।
ਫਿਰ ਉਹਦੇ ਬਾਰੇ ਮੇਰਾ ਲੇਖ ‘ਪਟਿਆਲੇ ਦਾ ਨਿਸ਼ਾਨਚੀ’ ਮੈਗਜ਼ੀਨ ‘ਸਚਿੱਤਰ ਕੌਮੀ ਏਕਤਾ’ ਵਿੱਚ ਛਪਿਆ ਸੀ। ਉਦੋਂ ਕਿਸੇ ਦੇ ਖ਼ਾਬ ਖ਼ਿਆਲ ’ਚ ਵੀ ਨਹੀਂ ਸੀ ਕਿ 2024 ਵਿੱਚ ਉਹ ਏਸ਼ੀਆ ਦੇ 45 ਮੁਲਕਾਂ ਦੀਆਂ ਖੇਡਾਂ ਦੀ ਸੁਪਰੀਮ ਕੌਂਸਲ, ‘ਓਲੰਪਿਕ ਕੌਂਸਲ ਆਫ ਏਸ਼ੀਆ’ ਦਾ ਪ੍ਰਧਾਨ ਬਣੇਗਾ। ਨਾਮਵਰ ਖਿਡਾਰੀ ਬਣਨ ਦੇ ਨਾਲ ਵਿਸ਼ਵ ਪੱਧਰ ਦਾ ਖੇਡ ਪ੍ਰਮੋਟਰ ਵੀ ਬਣੇਗਾ। ਹੁਣ ਉਹ ਵਿਸ਼ਵ ਭਰ ਦੇ ਖੇਡ ਪ੍ਰਬੰਧ ’ਚ ਭਾਰਤ ਦਾ ਪਹਿਲਾ ਸਪੋਰਟਸਮੈਨ ਹੈ ਜੋ ਓਲੰਪਿਕ ਅਤੇ ਏਸ਼ਿਆਈ ਖੇਡਾਂ ਦੇ ਉੱਚ ਅਹੁਦਿਆਂ ਉਤੇ ਬਿਰਾਜਮਾਨ ਹੈ। ਉਹ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਜਿੱਥੇ ਉਹ ਓਲੰਪੀਅਨ ਖਿਡਾਰੀ ਰਿਹਾ, ਉੱਥੇ ਬਤੌਰ ਖੇਡ ਪ੍ਰਬੰਧਕ ਇੰਡੀਅਨ ਓਲੰਪਿਕ ਐਸੋਸੀਏਸ਼ਨ ਦਾ ਅਹੁਦੇਦਾਰ ਵੀ ਰਿਹਾ। ਉਹ ਓਲੰਪਿਕ ਕੌਂਸਲ ਆਫ ਏਸ਼ੀਆ ਦਾ ਕੁਝ ਸਾਲ ਪਹਿਲਾਂ ਸਕੱਤਰ ਜਨਰਲ, ਫਿਰ ਕਾਰਜਕਾਰੀ ਪ੍ਰਧਾਨ ਤੇ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਿਆ। ਇਹ ਪਹਿਲਾ ਮੌਕਾ ਹੈ ਕਿ ਏਸ਼ੀਆ ਦੇ 45 ਦੇਸ਼ਾਂ ਦੀ ਸੁਪਰੀਮ ਖੇਡ ਜਥੇਬੰਦੀ ਦਾ ਪ੍ਰਧਾਨ ਇੱਕ ਭਾਰਤੀ ਨੂੰ ਬਣਾਇਆ ਗਿਆ ਹੈ। ਉਸ ਤੋਂ ਪਹਿਲਾਂ ਇਹ ਅਹੁਦਾ ਸ਼ੇਖ਼ ਅਹਿਮਦ ਅਲ-ਫਾਹਦ ਅਲ-ਅਹਿਮਦ ਅਲ-ਸਬਾਹ ਪਾਸ ਸੀ।
ਸ਼ੇਖ਼ ਅਹਿਮਦ ’ਤੇ ਕੋਈ ਕੇਸ ਬਣ ਗਿਆ ਸੀ ਜਿਸ ਕਰਕੇ ਉਸ ਨੂੰ ਅਹੁਦੇ ਤੋਂ ਵੱਖ ਹੋਣਾ ਪਿਆ ਸੀ ਤੇ ਸਤੰਬਰ 2021 ਵਿੱਚ ਰਣਧੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਮਈ 2022 ਦੀਆਂ ਏਸ਼ਿਆਈ ਖੇਡਾਂ ਕੋਵਿਡ ਕਾਰਨ 2023 ’ਚ ਕਰਾਉਣ ਦਾ ਫ਼ੈਸਲਾ ਰਣਧੀਰ ਸਿੰਘ ਦੀ ਪ੍ਰਧਾਨਗੀ ਵਿੱਚ ਹੀ ਕੀਤਾ ਗਿਆ ਸੀ, ਪਰ 8 ਜੁਲਾਈ 2023 ਨੂੰ ਰਣਧੀਰ ਸਿੰਘ ਦੀ ਥਾਂ ਅਹਿਮਦ ਅਲ-ਫਾਹਦ ਦੇ ਭਰਾ ਸ਼ੇਖ ਤਲਾਲ ਫਾਹਦ ਅਲ ਅਹਿਮਦ ਅਲ-ਸਬਾਹ ਨੂੰ ਓਸੀਏ ਦੀ ਪ੍ਰਧਾਨਗੀ ਸੌਂਪ ਦਿੱਤੀ ਗਈ ਸੀ। ਉਸ ਦੀ ਚੋਣ 42ਵੀਂ ਓਸੀਏ ਜਨਰਲ ਅਸੈਂਬਲੀ ਸੈਸ਼ਨ ਵਿੱਚ ਬੈਂਕਾਕ ਵਿਖੇ ਕੀਤੀ ਗਈ ਸੀ, ਪਰ 30 ਜੁਲਾਈ 2023 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਪੱਤਰ ਲਿਖਿਆ ਕਿ ਉਹੀ ਕਾਰਜਕਾਰੀ ਪ੍ਰਧਾਨ ਵਜੋਂ ਆਪਣਾ ਕਾਰਜ ਜਾਰੀ ਰੱਖੇ। ਇੰਜ ਰਣਧੀਰ ਸਿੰਘ ਨੇ ਕਾਰਜਕਾਰੀ ਪ੍ਰਧਾਨ ਵਜੋਂ ਕਈ ਵੱਡੇ ਕਾਰਜ ਕਰਨੇ ਜਾਰੀ ਰੱਖੇ। ਮਈ 2024 ਵਿੱਚ ਬੈਂਕਾਕ ਵਿਖੇ ਓਲੰਪਿਕ ਕੌਂਸਲ ਆਫ ਏਸ਼ੀਆ ਦੀ 43ਵੀਂ ਜਨਰਲ ਅਸੈਂਬਲੀ ਦੀ ਪ੍ਰਧਾਨਗੀ ਰਣਧੀਰ ਸਿੰਘ ਨੇ ਹੀ ਕੀਤੀ। 8 ਸਤੰਬਰ 2020 ਨੂੰ ਉਸ ਨੂੰ ਸਰਬਸੰਮਤੀ ਨਾਲ ਅਗਲੇ ਪੰਜ ਸਾਲਾਂ ਲਈ ਓਸੀਏ ਦਾ ਪ੍ਰਧਾਨ ਚੁਣ ਲਿਆ ਗਿਆ।
ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਬ੍ਰਿਟਿਸ਼ ਇੰਡੀਆ ਦੀ ਰਿਆਸਤ ਪਟਿਆਲਾ ’ਚ ਰਾਜਾ ਭਲਿੰਦਰ ਸਿੰਘ ਦੇ ਘਰ ਹੋਇਆ ਸੀ। ਰਾਜਾ ਭਲਿੰਦਰ ਸਿੰਘ ਰਿਆਸਤ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਪੁੱਤਰ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਛੋਟਾ ਭਰਾ ਸੀ। ਇਹ ਵਰਣਨਯੋਗ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਤੇ ਉਸ ਦੀ ਔਲਾਦ ਦਾ ਖੇਡਾਂ ਦੀ ਪ੍ਰਮੋਸ਼ਨ ਵਿੱਚ ਯਾਦਗਾਰੀ ਯੋਗਦਾਨ ਹੈ। ਉਨ੍ਹਾਂ ਨੇ ਆਪਣਾ ਵਿਸ਼ਾਲ ਮਹੱਲ, ਨੈਸ਼ਨਲ ਇੰਸਟਚਿਊਟ ਆਫ ਸਪੋਰਟਸ ਨੂੰ ਸੌਂਪਿਆ ਹੋਇਐ। ਰਾਜਾ ਭਲਿੰਦਰ ਸਿੰਘ 1947 ਤੋਂ 1992 ਤੱਕ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਅਤੇ 1960 ਤੋਂ 1975 ਤੇ 1980 ਤੋਂ 1984 ਤੱਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਮਹਾਰਾਜਾ ਯਾਦਵਿੰਦਰ ਸਿੰਘ ਨੇ 1951 ’ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵੇਲੇ ਏਸ਼ੀਆ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਯਾਦਗਾਰੀ ਭੂਮਿਕਾ ਨਿਭਾਈ ਸੀ। ਮਹਾਰਾਜਾ ਭੂਪਿੰਦਰ ਸਿੰਘ ਨੇ ਇੰਡੀਆ ਨੂੰ ਓਲੰਪਿਕ ਲਹਿਰ ਨਾਲ ਜੋੜਨ ਵਿੱਚ ਪਹਿਲ ਕੀਤੀ ਸੀ।
ਰਣਧੀਰ ਸਿੰਘ ਦਾ ਬਚਪਨ ਰਾਜ ਮਹਿਲਾਂ ਵਿੱਚ ਬੀਤਿਆ। ਉਸ ਦੀ ਪੜ੍ਹਾਈ ਪਟਿਆਲੇ ਦੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਹੋਈ ਜਿੱਥੇ ਉਸ ਨੂੰ ਪਹਿਲਾਂ ਤੈਰਨ, ਸੁਕੈਸ਼ ਤੇ ਕ੍ਰਿਕਟ ਖੇਡਣ ਦੀ ਚੇਟਕ ਲੱਗੀ। ਉਸ ਨੇ ਸੀਨੀਅਰ ਕੈਂਬਰਿਜ ਦਾ ਇਮਤਿਹਾਨ ਪਾਸ ਕੀਤਾ। ਉਸ ਦੇ ਘਰ ਤੇ ਸਕੂਲ ਵਿੱਚ ਦੋਹੀਂ ਥਾਈਂ ਖੇਡਾਂ ਖੇਡਣ ਦਾ ਮਾਹੌਲ ਸੀ। ਉਹ ਨਾਨਕੇ-ਦਾਦਕੇ ਹਰ ਜਗ੍ਹਾ ਸ਼ਿਕਾਰ ਖੇਡਣ ਨਿਕਲ ਜਾਂਦਾ। ਫਿਰ ਉਸ ਨੇ ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਬੀਏ ਆਨਰਜ਼ ਕੀਤੀ। ਕਾਲਜ ਵਿੱਚ ਕ੍ਰਿਕਟ ਹੀ ਉਸ ਦੀ ਮੁੱਖ ਖੇਡ ਸੀ। ਕਾਲਜ ਦੀ ਟੀਮ ਵਿੱਚ ਉਹ ਕ੍ਰਿਕਟ ਹੀ ਖੇਡਿਆ ਤੇ ਨਾਲ ਦੀ ਨਾਲ ਮਹਿੰਗੀ ਖੇਡ ਸ਼ੂਟਿੰਗ ਦਾ ਸ਼ੌਕ ਵੀ ਪਾਲਦਾ ਰਿਹਾ। ਇਹ ਸ਼ੌਕ ਉਸ ਨੂੰ ਮਹਾਰਾਜਾ ਕਰਨੀ ਸਿੰਘ ਦੀ ਰੀਸ ਕਰਦਿਆਂ ਲੱਗਾ ਸੀ। ਕਰਨੀ ਸਿੰਘ ਨੂੰ ਉਹ ਆਪਣਾ ਗੁਰੂ ਸਮਝਦਾ ਸੀ।
ਉਹ ਕਾਲਜ ਵਿੱਚ ਇਤਿਹਾਸ ਦੀ ਪੜ੍ਹਾਈ ਕਰਦਾ ਸੀ ਕਿ 1963 ਦੀਆਂ ਪ੍ਰੀ ਓਲੰਪਿਕ ਖੇਡਾਂ ਲਈ ਭਾਰਤੀ ਸ਼ੂਟਿੰਗ ਟੀਮ ਦਾ ਮੈਂਬਰ ਚੁਣਿਆ ਗਿਆ। 17 ਸਾਲ ਦੀ ਉਮਰ ਵਿੱਚ ਹੀ ਉਸ ਨੇ ਟੋਕੀਓ ਦੀਆਂ ਪ੍ਰੀ ਓਲੰਪਿਕ ਖੇਡਾਂ ਵਿੱਚੋਂ ਸਿਲਵਰ ਬੈਜ ਜਿੱਤ ਲਿਆ। 1964 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਰਿਜ਼ਰਵ ਖਿਡਾਰੀ ਦੇ ਤੌਰ ’ਤੇ ਟੋਕੀਓ ਗਿਆ। ਬੇਸ਼ੱਕ ਉਹ ਮੁਕਾਬਲੇ ਵਿੱਚ ਤਾਂ ਸ਼ਰੀਕ ਨਾ ਹੋ ਸਕਿਆ, ਪਰ ਓਲੰਪਿਕ ਖੇਡਾਂ ਦਾ ਅਨੁਭਵ ਜ਼ਰੂਰ ਹਾਸਲ ਕਰ ਆਇਆ। 1968 ਦੀਆਂ ਓਲੰਪਿਕ ਖੇਡਾਂ ਮੈਕਸਿਕੋ ਵਿੱਚ ਹੋਈਆਂ। ਉੱਥੇ ਉਹ 200 ਵਿੱਚੋਂ 192 ਨਿਸ਼ਾਨੇ ਸਹੀ ਲਾ ਕੇ 14ਵੇਂ ਸਥਾਨ ’ਤੇ ਰਿਹਾ। 1969 ਵਿੱਚ ਸਿੰਗਾਪੁਰ ਦੇ ਸ਼ੂਟਿੰਗ ਮੁਕਾਬਲਿਆਂ ’ਚੋਂ ਉਸ ਨੇ 4 ਗੋਲਡ ਮੈਡਲ ਜਿੱਤੇ। ਫਿਰ 1972 ’ਚ ਮਿਊਨਿਖ, 1976 ’ਚ ਮੌਂਟਰੀਅਲ, 1980 ਵਿੱਚ ਮਾਸਕੋ ਤੇ 1984 ਵਿੱਚ ਲਾਏਂਜਲਸ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ। 1978 ਵਿੱਚ ਬਾਵੇਰੀਅਨ ਦੀ ਅੰਤਰਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਉਸੇ ਸਾਲ ਐਡਮਿੰਟਨ ਦੀਆਂ ਕਾਮਨਵੈਲਥ ਖੇਡਾਂ ’ਚੋਂ ਬ੍ਰੌਂਜ਼ ਬੈਜ ਹਾਸਲ ਕੀਤਾ।
ਦਸੰਬਰ 1978 ਵਿੱਚ ਉਹ ਬੈਂਕਾਕ ਦੀਆਂ ਏਸ਼ਿਆਈ ਖੇਡਾਂ ’ਚ ਭਾਗ ਲੈਣ ਗਿਆ ਤਾਂ ਮੁਕਾਬਲੇ ਤੋਂ ਪਹਿਲਾਂ ਉਸ ਨੇ ਜਪਾਨੀ ਸ਼ੂਟਰਾਂ ਨਾਲ 75-75 ਨਿਸ਼ਾਨੇ ਲਾਉਣ ਦਾ ਅਭਿਆਸ ਕੀਤਾ। ਅਭਿਆਸ ’ਚ ਉਸ ਦੇ ਸਾਰੇ ਨਿਸ਼ਾਨੇ ਸਹੀ ਲੱਗ ਗਏ ਜਿਨ੍ਹਾਂ ਨਾਲ ਜਪਾਨੀਆਂ ਦੀ ਨੀਂਦ ਉਚਾਟ ਹੋ ਗਈ ਤੇ ਉਹ ਫਾਈਨਲ ਮੁਕਾਬਲੇ ਵਿੱਚ ਹਾਰ ਗਏ।
ਨਿਸ਼ਾਨੇਬਾਜ਼ੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਅੱਡ ਅੱਡ ਕਿਸਮਾਂ ਲਈ ਭਾਰਤ ਦੇ 21 ਨਿਸ਼ਾਨਚੀ ਬੈਂਕਾਕ ਗਏ ਸਨ, ਪਰ ਮੈਡਲ ਸਿਰਫ਼ ਰਣਧੀਰ ਸਿੰਘ ਹੀ ਜਿੱਤ ਸਕਿਆ ਸੀ। ਉਹ ਟਰੈਪ ਸ਼ੂਟਿੰਗ ਕਰਦਾ ਸੀ। ਟਰੈਪ ਸ਼ੂਟਿੰਗ ਵਿੱਚ ਤਸ਼ਤਰੀਆਂ ਹਵਾ ’ਚ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਸ਼ੂਟਰ ਬਾਰਾਂ ਬੋਰ ਦੀ ਬੰਦੂਕ ਦੇ ਫਾਇਰਾਂ ਨਾਲ ਫੁੰਡਦਾ ਹੈ। 90 ਮੀਲ ਦੀ ਰਫ਼ਤਾਰ ਨਾਲ ਤਿੰਨ ਵੱਖ ਵੱਖ ਕੋਣਾਂ ’ਤੇ ਉੱਪਰ ਨੂੰ ਉਡਾਈਆਂ ਤਸ਼ਤਰੀਆਂ (ਕਲੇਅ ਪਿਜ਼ਨ) ਵੱਖ ਵੱਖ ਟਿਕਾਣਿਆਂ ਤੋਂ ਕੀਤੇ ਫਾਇਰਾਂ ਨਾਲ ਤੋੜੀਆਂ ਜਾਂਦੀਆਂ ਹਨ। ਸ਼ੂਟਰ ਨੂੰ ਬਹੁਤ ਚੁਸਤ ਰਹਿ ਕੇ ਆਪਣੀਆਂ ਨਰਵਜ਼ ’ਤੇ ਕਾਬੂ ਰੱਖਣਾ ਪੈਂਦਾ ਹੈ। ਇੱਕ ਸਕਿੰਟ ਦੇ ਦਸਵੇਂ ਵੀਹਵੇਂ ਹਿੱਸੇ ਦੀ ਅਗੇਤ ਪਿਛੇਤ ਨਿਸ਼ਾਨਾ ਖੁੰਝਾਅ ਸਕਦੀ ਹੈ, ਨਿਸ਼ਾਨੇਬਾਜ਼ੀ ਵਿੱਚ ਜੇਕਰ ਸ਼ੂਟਰ ਦੇ ਕੰਨ, ਅੱਖਾਂ, ਬੰਦੂਕ ਦੀ ਸੇਧ ਤੇ ਘੋੜਾ ਦੱਬਣ ਵਾਲੀ ਉਂਗਲ ਮਸ਼ੀਨੀ ਢੰਗ ਨਾਲ ਚੱਲਣ ਤਦ ਹੀ ਸ਼ੂਟਰ ਦਾ ਨਿਸ਼ਾਨਾ ਸਫਲ ਹੋ ਸਕਦਾ ਹੈ। ਜਿੰਨੀ ਇਕਾਗਰਤਾ ਇੱਕ ਸ਼ੂਟਰ ਵਿੱਚ ਹੋਣੀ ਚਾਹੀਦੀ ਹੈ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਏਨੀ ਇਕਾਗਰਤਾ ਦੀ ਲੋੜ ਪੈਂਦੀ ਹੋਵੇ।
ਇਸ ਪਿਛੋਕੜ ਵਿੱਚ ਰਣਧੀਰ ਸਿੰਘ ਦਾ ਪਹਿਲਾਂ ਖਿਡਾਰੀ ਤੇ ਫਿਰ ਖੇਡ ਪ੍ਰਬੰਧਕ ਬਣਨਾ ਸੁਭਾਵਿਕ ਸੀ। ਉਸ ਨੇ ਖੇਡ ਪ੍ਰਬੰਧ ਦੀ ਪਹਿਲੀ ਜ਼ਿੰਮੇਵਾਰੀ 1984 ’ਚ ਸੰਭਾਲੀ। ਉਹ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਗਵਰਨਿੰਗ ਬੋਰਡ ਦਾ 1987 ਤੋਂ 2010 ਤੱਕ ਮੈਂਬਰ ਰਿਹਾ। ਉਹ 2001 ਤੋਂ 2014 ਤੱਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਵੀ ਮੈਂਬਰ ਰਿਹਾ। ਉਸ ਪਿੱਛੋਂ ਉਹ ਆਈਓਸੀ ਦਾ ਆਨਰੇਰੀ ਮੈਂਬਰ ਬਣਿਆ ਆ ਰਿਹੈ। ਸਤੰਬਰ 2021 ਵਿੱਚ ਉਸ ਨੂੰ ਓਲੰਪਿਕ ਕੌਂਸਲ ਆਫ ਏਸ਼ੀਆ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਜੋ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਸ਼ੂਟਿੰਗ ਦੀ ਚਾਟ ਉਸ ਨੂੰ ਉਹਦੀ ਆਂਟੀ ਨੇ ਲਾਈ ਸੀ ਜੋ ਨੈਸ਼ਨਲ ਪੱਧਰ ਦੀ ਸ਼ੂਟਰ ਸੀ। ਉਹ 17 ਸਾਲਾਂ ਦਾ ਸੀ ਜਦੋਂ ਨੈਸ਼ਨਲ ਪੱਧਰ ’ਤੇ ਜੂਨੀਅਰ ਸ਼ੂਟਿੰਗ ਮੁਕਾਬਲਿਆਂ ’ਚ ਭਾਗ ਲੈਣ ਲੱਗਾ। ਉਸ ਨੇ ਕਲੇਅ ਪਿਜ਼ਨ ਮੁਕਾਬਲੇ ਵਿੱਚ 25 ’ਚੋਂ 25 ਨਿਸ਼ਾਨੇ ਹੀ ਸਹੀ ਮਾਰੇ। ਅਗਲੇ ਸਾਲ ਉਹ ਸੀਨੀਅਰਾਂ ਦੇ ਟਰੈਪ ਸ਼ੂਟਿੰਗ ਕੌਮੀ ਮੁਕਾਬਲਿਆਂ ’ਚ ਸ਼ਾਮਲ ਹੋਇਆ ਤਾਂ ਉਨ੍ਹਾਂ ਦੀ ਟੀਮ ਜੇਤੂ ਰਹੀ। 1965 ਵਿੱਚ ਉਸ ਦੀ ਟੀਮ ਨੇ ਕੌਮੀ ਪੱਧਰ ’ਤੇ ਪਹਿਲਾ ਗੋਲਡ ਮੈਟਡ ਜਿੱਤਿਆ। 1967 ’ਚ ਸਕੀਟ ਸ਼ੂਟਿੰਗ ਵਿੱਚੋਂ ਵੀ ਵਿਅਕਤੀਗਤ ਤੌਰ ’ਤੇ ਆਪਣਾ ਪਹਿਲਾ ਗੋਲਡ ਮੈਡਲ ਜਿੱਤ ਗਿਆ। ਉਸ ਪਿੱਛੋਂ ਉਸ ਨੇ ਟਰੈਪ ਤੇ ਸਕੀਟ ਸ਼ੂਟਿੰਗ ਮੁਕਾਬਲਿਆਂ ਵਿੱਚ ਹੀ ਭਾਗ ਲੈਣਾ ਸ਼ੁਰੂ ਕਰ ਲਿਆ ਤੇ ਕੌਮੀ ਪੱਧਰ ’ਤੇ ਮੈਡਲ ਜਿੱਤਣੇ ਸ਼ੁਰੂ ਕਰ ਲਏ।
ਉਹ ਪਹਿਲੀ ਵਾਰ ਮਾਸਕੋ ਵਿਖੇ ਆਈਓਸੀ ਦੇ 112ਵੇਂ ਸੈਸ਼ਨ ’ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। ਉੱਥੇ ਉਸ ਨੂੰ 101 ਵੋਟਾਂ ਪਈਆਂ ਸਨ ਜੋ ਸਭ ਤੋਂ ਵੱਧ ਸਨ। 2003 ਤੋਂ 2005 ਤੱਕ ਉਹ ਵਿਸ਼ਵ ਐਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਤੇ ਐਸੋਸੀਏਸ਼ਨ ਆਫ ਨੈਸ਼ਨਲ ਓਲੰਪਿਕ ਕਮੇਟੀਆਂ ਦੀ ਕਾਰਜਕਾਰੀ ਦਾ ਵੀ ਮੈਂਬਰ ਰਿਹਾ। 1998 ਤੋਂ 2007 ਤੱਕ ਐਫਰੋ-ਏਸ਼ੀਅਨ ਗੇਮਜ਼ ਕੌਂਸਲ ਦਾ ਬਾਨੀ ਸੈਕਟਰੀ ਜਨਰਲ ਰਿਹਾ ਤੇ 2003 ਵਿੱਚ ਹੈਦਰਾਬਾਦ ਵਿਖੇ ਪਹਿਲੀ ਵਾਰ ਐਫਰੋ-ਏਸ਼ੀਅਨ ਖੇਡਾਂ ਕਰਵਾਈਆਂ।
ਸਾਲ 2003-05 ਤੱਕ ਉਹ ਵਿਸ਼ਵ ਐਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਰਿਹਾ। 2002-03 ਵਿੱਚ ਓਲੰਪਿਕ ਗੇਮਜ਼ ਸਟੱਡੀ ਕਮਿਸ਼ਨ, 2004-13 ਤੱਕ ਸਪੋਰਟਸ ਫਾਰ ਆਲ ਕਮਿਸ਼ਨ ਅਤੇ 2006-13 ਤੱਕ ਔਰਤਾਂ ਤੇ ਖੇਡਾਂ ਕਮਿਸ਼ਨ ਦਾ ਮੈਂਬਰ ਰਿਹਾ। 2008-11 ਤੱਕ ਕੁਆਰਡੀਨੇਟਰ ਫਸਟ ਯੂਥ ਓਲੰਪਿਕ ਗੇਮਜ਼ ਸਿੰਘਾਪੁਰ-2010 ਤੇ 2007-14 ਤੱਕ ਓਲੰਪਿਕ ਟਰੂਸ ਫਾਊਂਡੇਸ਼ਨ ਦਾ ਥੰਮ੍ਹ ਰਿਹਾ। ਉਹ 2010 ਵਿੱਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਦੀ ਸੰਚਾਲਨ ਕਮੇਟੀ ਦਾ ਵਾਈਸ ਪ੍ਰੈਜੀਡੈਂਟ ਸੀ। ਉਸ ਨੂੰ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਭਾਰਤ ਸਰਕਾਰ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਰਣਧੀਰ ਸਿੰਘ ਦਾ ਵਿਆਹ ਉਮਾ ਕੁਮਾਰੀ ਨਾਲ ਹੋਇਆ ਜਿਸ ਦੀ ਕੁੱਖੋਂ ਦੋ ਧੀਆਂ ਮਹਿਮਾ ਤੇ ਸੁਨੈਨਾ ਪੈਦਾ ਹੋਈਆਂ। ਸੁਨੈਨਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਰਹੀ। ਉਸ ਦਾ ਦੂਜਾ ਵਿਆਹ ਵਪਾਰੀ ਵਿਪਨ ਖੰਨਾ ਦੀ ਪੁੱਤਰੀ ਵਿਨੀਤਾ ਸਿੰਘ ਨਾਲ ਹੋਇਆ ਜਿਸ ਦੀ ਕੁੱਖੋਂ ਧੀ ਰਾਜੇਸ਼ਵਰੀ ਨੇ ਜਨਮ ਲਿਆ। ਰਾਜੇਸ਼ਵਰੀ ਓਲੰਪਿਕ ਪੱਧਰ ਦੀ ਸ਼ੂਟਰ ਹੈ। ਭਾਰਤਵਾਸੀਆਂ ਨੂੰ ਰਾਜਾ ਰਣਧੀਰ ਸਿੰਘ ਤੋਂ ਬੜੀਆਂ ਆਸਾਂ ਹਨ।
ਈ-ਮੇਲ: principalsarwansingh@gmail.com
