ਪਿੱਪਲ ਦਿਆ ਪੱਤਿਆ ਵੇ ...

ਪਿੱਪਲ ਦਿਆ ਪੱਤਿਆ ਵੇ ...

ਪ੍ਰੋ. ਬਲਵੀਰ ਕੌਰ ਰੀਹਲ

ਪਿੰਡਾਂ ਦੀ ਪਛਾਣ ਦਰੱਖਤਾਂ ਦੇ ਝੁੰਡਾਂ ਤੋਂ ਹੁੰਦੀ ਸੀ। ਇਨ੍ਹਾਂ ਵਿਚ ਪਿੱਪਲ ਖ਼ਾਸ ਹੁੰਦਾ ਸੀ, ਪਿੱਪਲ ਤੋਂ ਭਾਵ ਪੀਪਲ, ਬ੍ਰਿਖ ਤੋਂ ਹੈ। ਪਿੰਡਾਂ ਵਿਚ ਵੱਡੇ-ਵੱਡੇ ਪਿੱਪਲ ਤੇ ਬੋਹੜ ਸਿਰਫ਼ ਇਕ ਦਰੱਖਤ ਹੀ ਨਹੀਂ ਸਨ, ਇਨ੍ਹਾਂ ਹੇਠ ਇਕ ਜਿਊਂਦਾ ਜਾਗਦਾ ਦਿਲ ਧੜਕਦਾ ਸੀ। ਲੋਕ ਲੰਬੇ ਸਫ਼ਰ ਸਮੇਂ ਇਨ੍ਹਾਂ ਹੇਠ ਵਿਸ਼ਰਾਮ ਕਰਕੇ ਘੜੇ ਵਿਚੋਂ ਪਾਣੀ ਪੀ ਕੇ ਅੱਗੇ ਤੁਰ ਪੈਂਦੇ ਸਨ। ਸੱਥਾਂ ਜੁੜਦੀਆਂ ਸਨ ਤੇ ਇਨ੍ਹਾਂ ਹੇਠ ਤੀਆਂ ਦੇ ਮੇਲੇ ਲੱਗਦੇ, ਕੁੜੀਆਂ ਗਿੱਧੇ ਪਾਉਂਦੀਆਂ ਤੇ ਪੀਘਾਂ ਝੂਟਦੀਆਂ ਸਨ:

ਧੰਨ ਭਾਗ ਮੇਰੇ ਪਿੱਪਲ ਆਖੇ

ਕੁੜੀਆਂ ਨੇ ਪੀਘਾਂ ਪਾਈਆਂ

ਸਾਉਣ ਵਿਚ ਕੁੜੀਆਂ ਨੇ

ਪੀਘਾਂ ਅਸਮਾਨ ਚੜ੍ਹਾਈਆਂ।

-ਕਾਹਨੂੰ ਵੇ ਪਿੱਪਲਾ ਖੜ ਖੜ ਲਾਈ ਆ

ਵੇਖ ਛਰਾਟੇ ਸਾਉਣ ਦੇ...

ਅਜੇ ਜਵਾਨੀ ਓਦਰੀ ਓਦਰੀ

ਸੱਜਣਾਂ ਨੂੂੰ ਘਰ ਆਉਣ ਦੇ।

ਮਨੁੱਖ ਨੂੰ ਬੁਢਾਪੇ ਬਾਰੇ ਵੀ ਪਿੱਪਲ ਦੇ ਪੀਲੇ ਹੋ ਕੇ ਡਿੱਗਦੇ ਪੱਤਿਆਂ ਦੀ ਨਸੀਹਤ ਦੇ ਕੇ ਸਮਝਾਇਆ       ਜਾਂਦਾ ਹੈ:

ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ

ਪੱਤ ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ।

ਪਿੱਪਲ ਦੀ ਪੱਤੀ ਨੂੰ ਗੁਰਬਾਣੀ ਵਿਚ ਕੋਮਲ ਮਨੁੱਖੀ ਮਨ ਨਾਲ ਤੁਲਨਾ ਦਿੱਤੀ ਗਈ ਹੈ ਕਿਉਂਕਿ ਮਨ ਚੰਚਲ ਹੈ ਤੇ ਪੱਤਾ ਵੀ ਚੰਚਲ। ਭੋਰਾ ਹਵਾ ਵੀ ਨਾ ਹੋਵੇ ਤਾਂ ਵੀ ਇਹ ਹਿੱਲਦਾ ਹੀ ਰਹਿੰਦਾ ਹੈ। ਪਿੱਪਲ ਦੀ ਦਾੜ੍ਹੀ ਬਹੁਤ ਘੱਟ ਹੁੰਦੀ ਹੈ। ਜੇ ਉਹ ਮਿਲ ਜਾਵੇ ਤਾਂ  ਉਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਬਹੁਤ ਮਹਿੰਗੀ ਤੋਲਿਆਂ ਦੇ ਭਾਅ ਵਿਕਦੀ ਹੈ। ਸਿਹਤ ਲਈ ਪਿੱਪਲ ਬਹੁਤ ਗੁਣਕਾਰੀ ਹੈ। ਪੀਲੀਆ, ਰਤੌਂਧੀ, ਮਲੇਰੀਆ, ਖੰਘ, ਦਮੇ, ਸਰਦੀ ਅਤੇ ਸਿਰ ਦਰਦ ਦੇ ਇਲਾਜ ਲਈ ਪਿੱਪਲ ਦੀਆਂ ਟਾਹਣੀਆਂ, ਲੱਕੜੀ, ਪੱਤੀਆਂ, ਕਰੂੰਬਲਾਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਿੱਪਲ ’ਤੇ ਦੇਵੀ-ਦੇਵਤਿਆਂ ਦੇ ਨਿਵਾਸ ਦੀ ਮਿੱਥ ਹੈ, ਪਰ ਅਸਲ ਗੱਲ ਤਾਂ ਇਹ ਹੈ ਕਿ ਪਿੱਪਲ ਦਿਨ ਰਾਤ ਆਕਸੀਜਨ ਛੱਡਦਾ ਹੈ। ਜੇ ਕੋਈ ਬੰਦਾ ਕੁਝ ਗੇੜੇ ਪਿੱਪਲ ਦੇ ਕੱਢ ਲਏ ਤਾਂ ਉਸਨੂੰ ਤਰੋਤਾਜ਼ਾ ਹਵਾ ਮਿਲ ਜਾਂਦੀ ਹੈ। ਹੁਸ਼ਿਆਰਪੁਰ ਵੜਦਿਆਂ ਪਿੱਪਲਾਂਵਾਲੀ ਨਾਂ ਦਾ ਪਿੰਡ ਹੈ। ਮੈਂ ਹੁਣ ਵੀ ਗਿਣਤੀ ਕਰਕੇ ਵੇਖੀ ਤਾਂ ਬਾਕੀ ਇਲਾਕਿਆਂ ਨਾਲੋਂ ਉੱਥੇ ਅਜੇ ਵੀ ਪਿੱਪਲਾਂ ਦੀ ਗਿਣਤੀ ਵੱਧ ਹੈ, ਪਰ ਆਉਣ ਵਾਲੇ ਸਮੇਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। 

ਪਿੱਪਲ ਦੀ ਛਾਂ ਬੋਹੜ ਨਾਲੋਂ ਘੱਟ ਹੁੰਦੀ ਹੈ। ਪਿੱਪਲ ਨੂੰ ਅੰਗਰੇਜ਼ੀ ਵਿਚ ਸੇਕਰਡ ਫਿਗ ਅਤੇ ਸੰਸਕ੍ਰਿਤ ਵਿਚ ਅਸ਼ਵੱਥ ਕਿਹਾ ਜਾਂਦਾ ਹੈ। ਪਿੱਪਲ ਦਾ ਦਰੱਖਤ ਭਾਰਤ, ਨੇਪਾਲ, ਸ਼੍ਰੀ ਲੰਕਾ ਅਤੇ ਇੰਡੋਨੇਸ਼ੀਆ ਵਿਚ ਮਿਲਦਾ ਹੈ। ਪਿੱਪਲ ਬੋਹੜ  ਗੂਲਰ ਜਾਤੀ ਦਾ ਇਕ ਵਿਸ਼ਾਲ ਅਾਕਾਰ ਦਾ ਰੁੱਖ ਹੈ। ਇਸ ਦੀ ਭਾਰਤ ਵਿਚ ਅਨੇਕਾਂ ਵਾਰ ਪੂਜਾ ਕੀਤੀ ਜਾਂਦੀ ਹੈ। ਬੋਹੜ ਅਤੇ ਗੂਲਰ ਵਾਂਗ ਇਸ ਦੇ ਫੁੱਲ ਵੀ ਗੁਪਤ ਰਹਿੰਦੇ ਹਨ। ਇਸ ਲਈ ਇਸ ਨੂੰ ਗੁਹਿਅਪੁਸ਼ਪਕ ਵੀ ਕਿਹਾ ਜਾਂਦਾ ਹੈ। ਹੋਰ ਕਸ਼ੀਰੀ (ਦੁੱਧ ਵਾਲੇ) ਰੁੱਖਾਂ ਦੀ ਤਰ੍ਹਾਂ ਪਿੱਪਲ ਵੀ ਲੰਬੀ ਉਮਰ ਵਾਲਾ ਦਰੱਖਤ ਹੈ। ਪਿੱਪਲ ਦੇ ਫ਼ਲ ਬੋਹੜ-ਗੂਲਰ ਦੀ ਤਰ੍ਹਾਂ ਬੀਜਾਂ ਨਾਲ ਭਰੇ ਹੁੰਦੇ ਹਨ ਅਤੇ ਸਰੂਪ ਪੱਖੋਂ ਮੂੰਗਫਲੀ ਦੇ ਦਾਣਿਆਂ ਵਾਂਗ ਹੁੰਦੇ ਹਨ। ਪਿੱਪਲ ਦੇ ਪੱਤੇ ਚੰਚਲ, ਕੋਮਲ ਅਤੇ  ਸੁੰਦਰ ਹੁੰਦੇ ਹਨ।

ਭਾਰਤੀ ਸੰਸਕ੍ਰਿਤੀ ਵਿਚ ਪਿੱਪਲ ਦੇ ਦਰੱਖਤ ਨੂੰ ਮਹੱਤਵਪੂਰਨ ਸਥਾਨ ਹਾਸਲ ਹੈ ਤੇ ਇਸ ਦੀ ਅਨੇਕ ਸਮਿਆਂ ’ਤੇ ਪੂਜਾ ਕੀਤੀ ਜਾਂਦੀ ਹੈ। ਪਿੱਪਲ ਦੇ ਬੀਜ ਰਾਈ ਦੇ ਦਾਣਿਆਂ ਤੋਂ ਵੀ ਅੱਧੇ ਅਾਕਾਰ ਦੇ ਹੁੰਦੇ ਹਨ। ਬਰਸਾਤ ਦੇ ਮੌਸਮ ਵਿਚ ਇਸਨੂੰ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ। ਪਿੱਪਲ ਦੇ ਪੱਤੇ ਬੋਹੜ ਦੇ ਪੱਤਿਆਂ ਨਾਲੋਂ ਮੁਲਾਇਮ ਹੁੰਦੇ ਹਨ। ਪਿੱਪਲ ਦੇ ਪੱਤੇ ਹਾਥੀਆਂ ਦੀ ਖੁਰਾਕ ਵਜੋਂ ਵੀ ਵਰਤੇ ਜਾਂਦੇ ਹਨ। ਬੱਕਰੀਆਂ ਵੀ ਬਹੁਤ ਖ਼ੁੁਸ਼ ਹੋ ਕੇ ਖਾਂਦੀਆਂ ਹਨ। ਇਸਦੀ ਲੱਕੜ ਨੂੰ ਜਲਾਉਣ ਸਮੇਂ ਇਸ ਵਿਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਇਸੇ ਕਰਕੇ ਪਿੱਪਲ ਨੂੰ ਜਲਾਉਣਾ ਪਾਪ ਮੰਨਿਆ ਜਾਂਦਾ ਹੈ। ਇਹ ਗੈਸ ਮਨੁੱਖ ਨੂੰ ਅੰਨ੍ਹਾ ਵੀ ਕਰ ਸਕਦੀ ਹੈ। ਪਿੱਪਲ ਦੇ ਪੱਤੇ, ਟਾਹਣੀਆਂ , ਲੱਕੜੀ, ਕਰੂੰਬਲਾਂ ਆਦਿ ਨੂੰ ਕਈ ਬਿਮਾਰੀਆਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਭਾਰਤੀ ਪਰੰਪਰਾ ਵਿਚ ਇਸਨੂੰ ਪੁਰਾਣਾ ਦਰੱਖਤ ਹੋਣ ਕਰਕੇ ਬਹੁਤ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਪਿੱਪਲ ਦੇ ਫ਼ਲਾਂ ਨੂੰ ਪਪੀਸੀਆਂ/ਗੋਲਾਂ ਆਖਿਆ ਜਾਂਦਾ ਹੈ। ਇਨ੍ਹਾਂ ਫ਼ਲਾਂ ਨੂੰ ਪੰਛੀ ਬਹੁਤ ਹੀ ਚਾਅ ਨਾਲ ਖਾਂਦੇ ਹਨ। ਇਨ੍ਹਾਂ ਪੰਛੀਆਂ ਜ਼ਰੀਏ ਹੀ ਨਵੇਂ ਦਰੱਖਤ ਤਿਆਰ ਕਰਨ ਵਿਚ ਮਦਦ ਮਿਲਦੀ ਹੈ।

ਪਿੱਪਲ ਦੀ ਪੂਜਾ ਕਰਨ ਪਿੱਛੇ ਇਕ ਵਿਗਿਆਨਕ ਤੱਤ ਵੀ ਕੰਮ ਕਰਦਾ ਹੈ। ਇਹ ਦਿਨ ਰਾਤ ਭਾਵ 24 ਘੰਟੇ ਆਕਸੀਜਨ ਪ੍ਰਦਾਨ ਕਰਦਾ ਹੈ ਜਿਹੜੀ ਜੀਵਨ ਲਈ ਬਹੁਤ ਮਹੱਤਵਪੂਰਨ ਕਾਰਗਰ ਹੁੰਦੀ ਹੈ, ਅਧਿਆਤਮਕ ਲੋਕ ਪਿੱਪਲਾਂ ਹੇਠ ਡੇਰੇ ਲਾਉਂਦੇ ਸਨ। ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਪਿੱਪਲ ਇਕੱਲਾ ਅਜਿਹਾ ਰੁੱਖ ਹੈ ਜਿਹੜਾ ਦਿਨ ਅਤੇ ਰਾਤ ਆਕਸੀਜਨ ਛੱਡਦਾ ਹੈ। ਮਿੱਥ ਮੁਤਾਬਿਕ ਇਸ ਨੂੰ ਬ੍ਰਹਮਾ ਵੀ ਕਿਹਾ ਜਾਂਦਾ ਹੈ। ਬ੍ਰਹਮਾ ਨੂੰ ਜੀਵਨ ਦਾ ਦੇਵਤਾ ਮੰਨਿਆ ਜਾਂਦਾ ਹੈ।  ਪਿੱਪਲ ਦੇ ਪੱਤਿਆਂ ਦੇ ਅਾਕਾਰ ਨੂੰ ਸਿਰ, ਮੱਥੇ, ਕੰਨਾਂ ਅਤੇ ਗਲੇ ਦੇ ਗਹਿਣਿਆਂ ਲਈ ਵਰਤਿਆਂ ਜਾਂਦਾ ਹੈ। ਬਹੁਤ ਸਾਰੀਆਂ ਔਰਤਾਂ ਦੇ ਪੈਰਾਂ ਵਿਚ ਪਾਉਣ ਵਾਲੀਆਂ ਪਾਜ਼ੇਬਾਂ ਵਿਚ ਬੋਰਾਂ ਦੀ ਥਾਂ ਪਿੱਪਲ ਪੱਤੀਆਂ ਦਾ ਡਿਜ਼ਾਇਨ ਲਟਕਦਾ ਮਿਲਦਾ ਹੈ।

ਪੁਰਾਣੇ ਸਮਿਆਂ ਵਿਚ ਰਾਹਗੀਰ ਪੈਦਲ ਸਫ਼ਰ ਕਰਦੇ ਸਨ ਤੇ ਉਹ ਇਨ੍ਹਾਂ ਪਿੱਪਲਾਂ ਹੇਠ ਹੀ ਵਿਸ਼ਰਾਮ ਕਰਦੇ। ਇਸੇ ਤਰ੍ਹਾਂ ਇਹ ਦਰੱਖਤ ਪੰਛੀਆਂ ਦਾ ਵੀ ਰੈਣ ਬਸੇਰਾ ਬਣਦਾ ਹੈ। ਪਿੱਪਲ ਦਾ ਦਰੱਖਤ ਹਿੰਦੂ ਮੱਤ ਦੇ ਨਾਲ-ਨਾਲ ਬੁੱਧ ਧਰਮ ਵਿਚ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਨੂੰ ਪਿੱਪਲ ਦੇ ਦਰੱਖਤ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ। ਇਸ ਦਰੱਖਤ ਦੀ ਉਮਰ ਇਕ ਹਜ਼ਾਰ ਸਾਲ ਮੰਨੀ ਗਈ ਹੈ। ਲੋਕ ਪਿੱਪਲਾਂ ਹੇਠ ਮਜਲਿਸਾਂ ਲਾਇਆ ਕਰਦੇ ਸਨ ਤੇ ਮਨ ਪ੍ਰਚਾਵੇ ਲਈ ਇਸ ਨੂੰ ਪਿੜ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਸੀ। ਪਿੱਪਲ ਹਰ ਇਕ ਲਈ ਮਿਲਣ ਦਾ ਸਬੱਬ ਬਣਦਾ ਸੀ, ਪਿੱਪਲ ਦਾ ਬੂਟਾ ਤਾਂ ਕੰਧਾਂ ਵਿਚ ਵੀ ਉੱਗ ਪੈਂਦਾ ਹੈ। ਇਹ ਬਹੁਤ ਫਾਇਦੇਮੰਦ ਦਰੱਖਤ ਹੈ। ਇਸਦੇ ਬਾਵਜੂਦ ਲੋਕ ਇਸਨੂੰ ਧੜਾਧੜ ਵੱਢ ਰਹੇ ਹਨ। ਆਓ, ਵੱਧ ਤੋਂ ਵੱਧ ਨਵੇਂ ਪਿੱਪਲ ਦੇ ਬੂਟੇ ਲਾਈਏ।

ਸੰਪਰਕ: 94643-30803

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All