ਪਿੰਕੂ ਦਾ ਪੈੱਨ
ਬਾਲ ਕਹਾਣੀ ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ। ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉਤਰਿਆ ਹੋਇਆ ਸੀ। ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ। ‘ਸਕੂਲ ਵਿੱਚ ਜ਼ਰੂਰ ਕੁਝ ਅਣਕਿਆਸਿਆ ਵਾਪਰਿਆ ਹੋਏਗਾ।’ ਮਨ ਹੀ...
ਬਾਲ ਕਹਾਣੀ
ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ। ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉਤਰਿਆ ਹੋਇਆ ਸੀ। ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ।
‘ਸਕੂਲ ਵਿੱਚ ਜ਼ਰੂਰ ਕੁਝ ਅਣਕਿਆਸਿਆ ਵਾਪਰਿਆ ਹੋਏਗਾ।’ ਮਨ ਹੀ ਮਨ ਮਹਿਸੂਸ ਕਰਦਿਆਂ ਅੰਮੀ ਨੇ ਪੁੱਛਿਆ, ‘‘ਪਿੰਕੂ ਬੇਟੇ! ਅੱਜ ਕਿਸੇ ਗ਼ਲਤੀ ਕਾਰਨ ਸਕੂਲੋਂ ਝਿੜਕਾਂ ਤਾਂ ਨਹੀਂ ਪਈਆਂ?’’
‘‘ਨਹੀਂ ਅੰਮੀ, ਨਹੀਂ ! ਮੇਰੀ ਕਾਪੀ ਵੇਖ ਲਵੋ... ਅੱਜ ਤਾਂ ਮੈਂ ਆਪਣੇ ਪੂੂਰੇ ਹੋਮ ਵਰਕ ਲਈ ‘ਵੈਰੀ ਗੁੱਡ’ ਵੀ ਲੈ ਕੇ ਆਇਆ ਹਾਂ।’’
ਪਿੰਕੂ ਦੇ ਜੁਆਬ ਨਾਲ ਅੰਮੀ ਦੀ ਤਸੱਲੀ ਨਹੀਂ ਸੀ ਹੋਈ। ਰਸੋਈ ਵਿੱਚ ਖਾਣਾ ਬਣਾਉਂਦੀ ਵੀ ਉਹ ਪਿੰਕੂ ਦੇ ਵਰਤੋਂ, ਵਿਹਾਰ ਬਾਰੇ ਸੋਚਾਂ ਸੋਚਦੀ ਰਹੀ। ਦੁਪਹਿਰ ਦਾ ਖਾਣਾ ਪਰੋਸ ਕੇ ਉਸ ਨੇ ਪਿੰਕੂ ਤੇ ਦਫ਼ਤਰੋਂ ਆਏ ਉਸ ਦੇ ਪਾਪਾ ਨੂੰ ਡਾਈਨਿੰਗ ਟੇਬਲ ’ਤੇ ਆਉਣ ਦਾ ਸੱਦਾ ਦੇ ਦਿੱਤਾ। ਪਾਪਾ ਤੇ ਅੰਮੀ ਨਾਲ ਬੈਠ ਪਿੰਕੂ ਨੇ ਅੱਧ, ਪਚੱਧਾ ਖਾਣਾ ਖਾਧਾ ਤੇ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਕਮਰੇ ’ਚ ਚਲਾ ਗਿਆ। ਪਿੰਕੂ ਦੇ ਪਿਤਾ ਵੀ ਦੀਵਾਰ ਘੜੀ ਵੇਖਦੇ ਦਫ਼ਤਰ ਚਲੇ ਗਏ।
ਪਿੰਕੂ ਸੀ ਤਾਂ ਆਪਣੇ ਕਮਰੇ ’ਚ ਸੁੱਤਾ ਪਿਆ, ਪਰ ਇੱਧਰ ਉਸ ਦੀ ਜਾਗਦੀ ਅੰਮੀ ਨੂੰ ਫਿਕਰ ਲੱਗਾ ਹੋਇਆ ਸੀ।
ਉਸ ਨੇ ਕੀ ਕੀਤਾ, ਉਹ ਦੱਬੇ ਪੈਰੀਂ ਪਿੰਕੂ ਦੇ ਕਮਰੇ ’ਚ ਚਲੀ ਗਈ ਤੇ ਉਸ ਦੇ ਬਸਤੇ ’ਚੋਂ ਹੋਮਵਰਕ ਵਾਲੀ ਡਾਇਰੀ ਕੱਢ ਕੇ ਵੇਖਣ ਲੱਗ ਪਈ। ਡਾਇਰੀ ’ਤੇ ਕੋਈ ਸ਼ਿਕਾਇਤ ਨਹੀਂ ਸੀ ਲਿਖੀ ਹੋਈ ਜਿਸ ਦੇ ਡਰੋਂ ਪਿੰਕੂ ਦਾ ਰੰਗ ਉੱਡਿਆ, ਉੱਡਿਆ ਨਜ਼ਰ ਆ ਰਿਹਾ ਹੋਵੇ। ਅੰਮੀ ਨੇ ਫਿਰ ਪਿੰਕੂ ਦਾ ਟਿਫਨ ਚੈੱਕ ਕੀਤਾ। ਟਿਫਨ ਵੀ ਖਾਲੀ ਪਿਆ ਸੀ ਜਿਸ ਵਿਚਲੇ ਬਟਰ-ਬਰੈੱਡ ਵਾਲੇ ਦੋਵੇਂ ਸੈਂਡਵਿਚ ਵੀ ਉਸ ਨੇ ਖਾ ਮੁੁਕਾਏ ਸਨ। ਜੇ ਸਕੂਲ ਵਿੱਚ ਉਸ ਦੀ ਤਬੀਅਤ ਖ਼ਰਾਬ ਹੋਈ ਹੁੰਦੀ ਤਾਂ ਉਸ ਨੇ ਆਪਣਾ ਲੰਚ ਬਾਕਸ ਖਾਲੀ ਨਹੀਂ ਸੀ ਕਰਨਾ।
ਸਕੂਲ ਬੈਗ ਵੇਖਦਿਆਂ, ਵੇਖਦਿਆਂ ਅੰਮੀ ਦੇ ਹੱਥ ਇੱਕ ਪੈੱਨ ਲੱਗ ਗਿਆ। ਪੈੱਨ, ਜਿਹੜਾ ਨਵਾਂ ਤਾਂ ਸੀ, ਪਰ ਉਹ ਓਪਰਾ, ਓਪਰਾ ਲੱਗ ਰਿਹਾ ਸੀ। ਨਾ ਕਦੀ ਉਹ ਪੈੱਨ ਉਸ ਦੇ ਪਾਪਾ ਨੇ ਖ਼ਰੀਦਿਆ ਸੀ ਤੇ ਨਾ ਕਦੀ ਉਸ ਨੇ ਖ਼ਰੀਦਿਆ ਸੀ। ਹੋਵੇ ਨਾ ਹੋਵੇ ਸਾਰਾ ਕਲੇਸ਼ ਇਸੇ ਪੈੱਨ ਦਾ ਪਾਇਆ ਹੋਵੇ। ਬੇਗਾਨੇ ਪੈੱਨ ਨੂੰ ਹੱਥ ਵਿੱਚ ਘੁੰਮਾਉਂਦੀ ਪਿੰਕੂ ਦੀ ਅੰਮੀ ਸੋਚਣ ਲੱਗੀ।
ਪੈੱਨ ਨਹੀਂ, ਜਿਵੇਂ ਕੋਈ ਗੁਪਤ ਤਜੋਰੀ ਅੰਮੀ ਦੇ ਹੱਥ ਵਿੱਚ ਆ ਗਈ...ਤਜੋਰੀ, ਜਿਸ ਵਿੱਚੋਂ ਔਖੀ, ਭਾਰੀ ਬੁਝਾਰਤ ਦਾ ਬੜਾ ਸੌਖਾ ਹੱਲ ਕੱਢਿਆ ਜਾ ਸਕਦਾ ਸੀ। ਹੁਣ ਅੰਮੀ ਦੀ ਸਾਰੀ ਚਿੰਤਾ ਵੀ ਖ਼ਤਮ ਹੋ ਗਈ। ਉਹ ਸੁੱਤੇ ਪਏ ਰਿੰਕੂ ਦੇ ਸਿਰਹਾਣੇ ਜਾ ਖਲੋਤੀ ਤੇ ਲੱਗੀ ਉਸ ਦੇ ਸਾਹਾਂ ਦੀ ਨਿਰਖ, ਪਰਖ ਕਰਨ। ਉਸ ਨੂੰ ਮਹਿਸੂਸ ਹੋਇਆ ਕਿ ਪਿੰਕੂ ਖ਼ੁਦ ਵੀ ਓਪਰਾ ਪੈੱਨ ਘਰੇ ਲਿਆ ਕੇ ਸੌਖਾ ਨਹੀਂ ਮਹਿਸੂਸ ਕਰ ਰਿਹਾ।
ਕਰਦਿਆਂ, ਕਰਾਉਂਦਿਆਂ ਸ਼ਾਮਾਂ ਪੈ ਗਈਆਂ। ਅੰਮੀ ਨੇ ਪਿੰਕੂ ਨੂੰ ਬੜੇ ਪਿਆਰ ਨਾਲ ਉਠਾਇਆ। ਚਾਹ, ਪਕੌੜੇ ਖੁਆਏ ਤੇ ਹੋਮ ਵਰਕ ਕਰਨ ਲਈ ਆਪਣੇ ਕੋਲ ਬਿਠਾ ਲਿਆ। ਅੰਮੀ ਨੇ ਬਹਾਨੇ ਸਿਰ ਉਸ ਦੇ ਬਸਤੇ ਵਿੱਚੋਂ ਕਾਪੀ ਕੱਢਣ ਦੇ ਬਹਾਨੇ ਪਰਾਇਆ ਪੈੱਨ ਵੀ ਨਾਲ ਲੈ ਆਂਦਾ। ਪਿੰਕੂ ਨੂੰ ਪੈੱਨ ਵਿਖਾਉਂਦਿਆਂ ਉਸ ਨੇ ਪੁੱਛਿਆ, ‘‘ਬੜਾ ਸੋਹਣਾ ਪੈੱਨ ਏ ... ਬੱਚੇ! ਇਨਾਮ ’ਚ ਮਿਲਿਆ ਸੀ?’’
‘‘ਮੰਮੀ! ਮੰਮੀ! ਪਾਪਾ ਨੇ ਲੈ ਕੇ ਦਿੱਤਾ ਸੀ।’’
ਪਿੰਕੂ ਦੇ ਪਾਪਾ ਦਫ਼ਤਰੋਂ ਆਉਣ ਵਾਲੇ ਸਨ। ਜੇ ਘਰ ਹੁੰਦੇ ਤਾਂ ਪੁੱਛ-ਗਿੱਛ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਸੋ ਮਸਲੇ ਦਾ ਨਿਪਟਾਰਾ ਪਾਪਾ ਦੇ ਘਰ ਆਉਣ ’ਤੇ ਜਾ ਪਿਆ।
ਪਿੰਕੂ ਸਾਹਮਣੇ ਪਾਰਕ ਵਿੱਚ ਖੇਡਣ ਗਿਆ ਹੋਇਆ ਸੀ। ਮਗਰੋਂ ਉਸ ਦੇ ਪਾਪਾ ਵੀ ਘਰ ਆ ਗਏ। ਕੱਪੜੇ ਬਦਲ ਕੇ ਬੈਠਿਆਂ ਨੂੰ ਪਿੰਕੂ ਦੀ ਅੰਮੀ ਨੇ ਚਾਹ, ਬਿਸਕੁਟ ਪਰੋਸ ਦਿੱਤੇ। ਜਦੋਂ ਉਹ ਚਾਹ ਪਾਣੀ ਤੋਂ ਵਿਹਲੇ ਹੋਏ ਤਾਂ ਪਿੰਕੂ ਦੀ ਅੰਮੀ ਉਸ ਦੇ ਪਾਪਾ ਨੂੰ ਓਪਰਾ ਜਿਹਾ ਪੈੱਨ ਵਿਖਾਉਂਦਿਆਂ ਪੁੱਛਣ ਲੱਗੀ, ‘‘ਆਹ ਪੈੱਨ ਤੁਸੀਂ ਲੈ ਕੇ ਦਿੱਤਾ ਸੀ ਪਿੰਕੂ ਨੂੰ ?’’
‘‘ਨਹੀਂ ਤਾਂ... ਪਰ ਇੰਨਾ ਮਹਿੰਗਾ ਪੈੱਨ ਪਿੰਕੂ ਕੋਲ ਕਿੱਥੋਂ ਆਇਆ?’’ ਕੁਝ ਦੱਸਣ ਦੀ ਥਾਂ ਪਿੰਕੂ ਦੇ ਪਾਪਾ ਉਲਟਾ ਪ੍ਰਸ਼ਨ ਪੁੱਛਣ ਲੱਗੇ।
‘‘ਬਸ ਫਿਰ... ਸਕੂਲੋਂ ਹੀ ਚੋਰੀ ਕਰ ਕੇ ਲਿਆਇਆ ਹੋਏਗਾ, ਪਰ ਪਹਿਲਾਂ ਤਾਂ ਕਦੀ ਚੋਰੀ ਚਕਾਰੀ ਨਹੀਂ ਕੀਤੀ ਸਾਡੇ ਪਿੰਕੂ ਨੇ।’’ ਚਿੰਤਾ ’ਚ ਪਈ ਪਿੰਕੂ ਦੀ ਅੰਮੀ ਬੁਦਬੁਦਾਈ।
ਬਾਹਰੋਂ ਪਿੰਕੂ ਨੂੰ ਆਉਂਦਾ ਵੇਖ ਕੇ ਪਿੰਕੂ ਦੀ ਅੰਮੀ ਤੇ ਪਾਪਾ ਚੁੱਪ ਕਰ ਗਏ।
‘‘ਪਿੰਕੂ ਰਾਜੇ! ਚਲੋ ਬੂਟ, ਜੁਰਾਬਾਂ ਪਾਉ, ਬਾਜ਼ਾਰ ਚੱਲੀਏ।’’ ਅੰਮੀ ਨੇ ਪਿੰਕੂ ਨੂੰ ਕਿਹਾ।
ਇੱਧਰ ਅੰਮੀ ਨੇ ਹੁਕਮ ਸੁਣਾਇਆ, ਉੱਧਰ ਪਿੰਕੂ ਬਾਦਸ਼ਾਹ ਝੱਟ ਕੱਪੜੇ ਪਾ ਕੇ ਬਾਬੂ ਬਣ ਗਿਆ। ਪਾਪਾ ਨੇ ਕਾਰ ਸਟਾਰਟ ਕੀਤੀ ਤੇ ਸਾਰੇ ਜਣੇ ਬਾਜ਼ਾਰ ਚਲੇ ਗਏ। ਇੱਧਰ, ਉੱਧਰ ਜਾਣ ਦੀ ਥਾਂ ਪਿੰਕੂ ਦੇ ਅੰਮੀ ਸਾਰਿਆਂ ਨੂੰ ਸਟੇਸ਼ਨਰੀ ਵਾਲੀ ਦੁਕਾਨ ’ਤੇ ਲੈ ਗਏ। ਉਨ੍ਹਾਂ ਦੁਕਾਨਦਾਰ ਨੂੰ ਵਧੀਆ ਤੋਂ ਵਧੀਆ ਪੈੱਨ ਵਿਖਾਉਣ ਲਈ ਕਿਹਾ ਤੇ ਨਾਲ ਹੀ ਪਿੰਕੂ ਨੂੰ ਵੀ ਮਨਮਰਜ਼ੀ ਦਾ ਪੈੱਨ ਖ਼ਰੀਦਣ ਲਈ ਹੱਲਾਸ਼ੇਰੀ ਦਿੱਤੀ।
ਵੇਖਦਿਆਂ, ਵੇਖਦਿਆਂ ਪਿੰਕੂ ਨੇ ਦੋ ਪੈੱਨ ਪਸੰਦ ਕਰ ਲਏ ਜਿਨ੍ਹਾਂ ਵਿੱਚ ਇੱਕ ਪੈੱਨ ਤਾਂ ਬਿਲਕੁਲ ਉਸ ਦੇ ਬਸਤੇ ’ਚੋਂ ਨਿਕਲੇ ਪੈੱਨ ਵਰਗਾ ਹੀ ਸੀ। ਪੈੱਨ ਖ਼ਰੀਦ ਕੇ ਉਹ ਰੈਸਟੋਰੈਂਟ ਚਲੇ ਗਏ। ਰਾਤ ਦਾ ਖਾਣਾ ਖਾਧਾ ਤੇ ਹੱਸਦੇ, ਗਾਉਂਦੇ ਘਰ ਮੁੜ ਆਏ।
ਸੌਣ ਤੋਂ ਪਹਿਲਾਂ ਅੰਮੀ ਨੇ ਪਿੰਕੂ ਨੂੰ ਉਸ ਦੇ ਬੈਗ ’ਚੋਂ ਕੱਢਿਆ ਹੋਇਆ ਪੈੱਨ ਵਿਖਾਉਂਦਿਆਂ ਪੁੱਛਿਆ, ‘‘ਬੇਟਾ! ਵੇਖ! ਇੱਕ ਤਾਂ ਆਹ ਵਾਲਾ ਪੈੱਨ ਵੀ ਤੇਰੇ ਕੋਲ ਸੀ ਤੇ ਆਪਾਂ ਭਲਾ ਹੋਰ ਨਵਾਂ ਪੈੱਨ ਕਿਉਂ ਖ਼ਰੀਦਿਆ?’’
‘‘ਅੰਮੀ! ਅੰਮੀ! ਦੁਪਹਿਰੇ ਮੈਂ ਝੂਠ ਬੋਲਿਆ ਸੀ। ਪਲੀਜ਼ ਮੈਨੂੰ ਮੁਆਫ਼ ਕਰ ਦਿਉ। ਇਹ ਪੈੱਨ ਮੈਂ ਆਪਣੀ ਅਧਿਆਪਕ ਦੇ ਟੇਬਲ ਤੋਂ ਚੁੱਕਿਆ ਸੀ।’’ ਪਿੰਕੂ ਨੇ ਕਿਹਾ ਤੇ ਡਡਿਆ ਕੇ ਰੋਣ ਲੱਗ ਪਿਆ।
‘‘ਵੈਰੀ ਗੁੱਡ! ਰਾਜਾ ਬੇਟਾ... ਤੇਰੇ ਸੱਚ ਬੋਲਣ ’ਤੇ ਅਸੀਂ ਬੜੇ ਖੁਸ਼ ਹਾਂ। ਹੁਣ ਤੈਨੂੰ ਕਿਸੇ ਕੋਲੋਂ ਡਰਨ ਦੀ ਲੋੜ ਵੀ ਨਹੀਂ। ਆਪਾਂ ਤੇਰੇ ਨਾਲ ਹਾਂ, ਜੇ ਤੂੰ ਚਾਹੇ ਤਾਂ ਕੱਲ੍ਹ ਨੂੰ ਮੈਂ ਜਾਂ ਤੇਰੇ ਪਾਪਾ ਸਕੂਲ ਜਾਵਾਂਗੇ ਤੇ ਤੇਰੀ ਅਧਿਆਪਕ ਨੂੰ ਇਹ ਪੈੱਨ ਵਾਪਸ ਮੋੜ ਆਵਾਂਗੇ। ਹੁਣ ਸਾਡੇ ਪਿਆਰੇ ਬੱਚੇ ਨੂੰ ਬੇਫ਼ਿਕਰ ਹੋ ਕੇ ਆਰਾਮ ਨਾਲ ਸੌਣਾ ਚਾਹੀਦਾ ਹੈ।’’ ਪਿੰਕੂ ਦੀਆਂ ਅੱਖਾਂ ’ਚੋਂ ਗਲੇਡੂ ਪੂੰਝਦਿਆਂ ਉਸ ਦੀ ਅੰਮੀ ਨੇ ਪਿਆਰ ਨਾਲ ਕਿਹਾ।
‘‘ਨਾ ਅੰਮੀ! ਜੇ ਤੁਸੀਂ ਸਕੂਲ ਜਾ ਕੇ ਇੰਝ ਕਰੋਗੇ ਤਾਂ ਸਾਡੀ ਅਧਿਆਪਕ ਸਮੇਤ ਜਮਾਤ ਦੇ ਸਾਰੇ ਵਿਦਿਆਰਥੀ ਮੈਨੂੰ ਚੋਰ ਸਮਝਣਗੇ।’’
‘‘ਨਹੀਂ ਬੇਟਾ! ਅਸੀਂ ਬੜੇ ਧਿਆਨ ਤੇ ਸਿਆਣਪ ਨਾਲ ਤੇਰੀ ਅਧਿਆਪਕ ਕੋਲ ਗੱਲ ਕਰਾਂਗੇ। ਅਸੀਂ ਕਹਾਂਗੇ ਕਿ ਹੋਮਵਰਕ ਚੈੱਕ ਕਰਦਿਆਂ ਪਿੰਕੂ ਦੀ ਕਾਪੀ ਵਿੱਚ ਪਿਆ ਉਨ੍ਹਾਂ ਦਾ ਪੈੱਨ ਵੀ ਸਾਡੇ ਘਰ ਆ ਗਿਆ ਸੀ।’’
‘‘ਅੰਮੀ! ਅੰਮੀ! ਇੰਝ ਕਰਿਉ... ਸਾਡੀ ਅਧਿਆਪਕ ਨੂੰ ਤੁਸੀਂ ਬਾਜ਼ਾਰੋਂ ਖ਼ਰੀਦਿਆ ਨਵਾਂ ਪੈੱਨ ਮੋੜਿਉ। ਉਨ੍ਹਾਂ ਵਾਲਾ ਅਸਲੀ ਪੈੱਨ ਦੂਜੇ ਬੱਚਿਆਂ ਨੂੰ ‘ਵੈਰੀ ਗੁੱਡ’ ਬੜੇ ਦਿੰਦਾ ਜੇ... ਹੁਣ ਵੇਖਿਉ, ਮੈਂ ਵੀ ਉਸ ਪੈੱਨ ਨਾਲ ਹੋਮ ਵਰਕ ਕਰਿਆ ਕਰਾਂਗਾ... ਰੋਜ਼, ਰੋਜ਼ ਵੈਰੀ ਗੁੱਡ ਤੇ ਸਟਾਰ ਲੈ, ਲੈ ਆਪਣੀਆਂ ਕਾਪੀਆਂ ਭਰ ਲਵਾਂਗਾ।’’ ਮੁਸਕਰਾਉਂਦੇ ਹੋਏ ਪਿੰਕੂ ਨੇ ਕਿਹਾ।
ਅਗਲੇ ਪਲ, ਉਸ ਦੇ ਸਿਰੋਂ ਸਾਰੇ ਦਿਨ ਵਾਲਾ ਮਣਾ ਮੂੰਹੀਂ ਭਰ ਲਹਿ ਗਿਆ। ਵੇਖਦਿਆਂ, ਵੇਖਦਿਆਂ ਉਸ ਨੇ ਉਬਾਸੀ ਲਈ ਤੇ ਪਾਸਾ ਮੋੜ ਕੇ ਘੂਕ ਸੌਂ ਗਿਆ। ਲਾਗੇ ਬੈਠੀ ਅੰਮੀ ਨੇ ਕੀ ਕੀਤਾ, ਸੁੱਤੇ ਪਏ ਆਪਣੇ ਪਿੰਕੂ ਦਾ ਸਿਰ ਪਲੋਸਿਆ ਤੇ ਉਸ ’ਤੇ ਚਾਦਰ ਤਾਣ ਦਿੱਤੀ। ਫਿਰ ਮਨ ਹੀ ਮਨ ਰੱਬ ਜੀ ਦਾ ਸ਼ੁੱਕਰ ਮਨਾਉਂਦੀ ਉਹ ਵੀ ਦੱਬੇ ਪੈਰੀਂ ਆਪਣੇ ਬੈੱਡਰੂਮ ਵੱਲ ਚਲੀ ਗਈ।
ਸੰਪਰਕ: 70098-57708
