DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੁਲਕਾਰੀ ਸਾਡੀ ਰੇਸ਼ਮੀ ਉੱਤੇ ਚਮਕਣ ਮੋਰ...

ਫੁਲਕਾਰੀ ਸ਼ਬਦ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ਸਦੀਆਂ ਤੋਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਰ ਖੁਸ਼ੀ ਦੇ ਮੌਕੇ ਫੁਲਕਾਰੀ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਬੱਚੇ-ਬੁੱਢੇ, ਜਵਾਨ ਅਤੇ ਖਾਸ ਕਰਕੇ ਮੁਟਿਆਰਾਂ ਦੇ...

  • fb
  • twitter
  • whatsapp
  • whatsapp
Advertisement

ਫੁਲਕਾਰੀ ਸ਼ਬਦ ਪੰਜਾਬੀ ਸੱਭਿਆਚਾਰ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ਸਦੀਆਂ ਤੋਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਹਰ ਖੁਸ਼ੀ ਦੇ ਮੌਕੇ ਫੁਲਕਾਰੀ ਦੀ ਸਰਦਾਰੀ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਹਰ ਬੱਚੇ-ਬੁੱਢੇ, ਜਵਾਨ ਅਤੇ ਖਾਸ ਕਰਕੇ ਮੁਟਿਆਰਾਂ ਦੇ ਮੂੰਹ ’ਚੋਂ ਇਹ ਸ਼ਬਦ ਸਦਾ ਹੀ ਗੂੰਜਦਾ ਰਹਿੰਦਾ ਹੈ। ਜਿੰਨੀ ਸੋਹਣੀ ਫੁਲਕਾਰੀ ਦੀ ਦਿੱਖ ਹੁੰਦੀ ਹੈ ਉਸ ਤੋਂ ਕਿਤੇ ਵੱਧ ਇਸ ਦੇ ਨਾਂ ਵਿੱਚ ਹੀ ਮਿਠਾਸ ਭਰੀ ਪਈ ਹੈ। ਇੰਝ ਲੱਗਦਾ ਹੈ ਕਿ ਫੁਲਕਾਰੀ ਸ਼ਬਦ ਹੀ ਚਾਵਾਂ, ਰੀਝਾਂ ਅਤੇ ਖੁਸ਼ੀਆਂ ਦੀ ਬੁਣਤੀ ਵਿੱਚ ਅਜਿਹਾ ਬੁਣਿਆ ਗਿਆ ਹੈ ਕਿ ਇਹ ਹਰ ਇੱਕ ਨੂੰ ਖੁਸ਼ੀਆਂ ਵੰਡਦਾ ਹੈ, ਮਨ ਹੀ ਮਨ ਝੂਮਣ ਲਾ ਦਿੰਦਾ ਹੈ।

ਜੇ ਅਸੀਂ ਫੁਲਕਾਰੀ ਦੇ ਸ਼ਬਦੀ ਅਰਥ ਜਾਣਨੇ ਹੋਣ ਤਾਂ ਕਿਹਾ ਜਾਂਦਾ ਹੈ ਕਿ ਫੁਲਕਾਰੀ ਦਾ ਸਾਧਾਰਨ ਜਿਹਾ ਅਰਥ ਕਿਸੇ ਕੱਪੜੇ ’ਤੇ ਫੁੱਲ ਕੱਢਣਾ ਹੁੰਦਾ ਹੈ। ਫੁੱਲ ਆਪਣੇ ਆਪ ਵਿੱਚ ਹੀ ਖੁਸ਼ੀਆਂ ਦਾ ਗੁਲਦਸਤਾ ਹੁੰਦਾ ਹੈ, ਪਰ ਜੇ ਕੁਦਰਤੀ ਰੰਗਾਂ ਵਾਲੇ ਫੁੱਲਾਂ ਨੂੰ ਕੱਪੜੇ ’ਤੇ ਕਢਾਈ ਕਰਕੇ ਕੁਝ ਨਵੇਂ-ਨਵੇਂ ਡਿਜ਼ਾਇਨ ਬਣਾ ਕੇ ਉਤਾਰਿਆ ਜਾਵੇ ਤਾਂ ਗੱਲ ਕੁਝ ਹੋਰ ਹੀ ਬਣ ਜਾਂਦੀ ਹੈ। ਜੇ ਇਸ ਤੋਂ ਅੱਗੇ ਇਹ ਬਣਤਰ ਕਿਸੇ ਸੋਹਣੀ ਮੁਟਿਆਰਾਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਅਤੇ ਆਪਣੇ ਮਨ ਦੇ ਖੁਸ਼ੀਆਂ ਦੇ ਵਲਵਲਿਆਂ ਨੂੰ ਰੀਝਾਂ ਅਤੇ ਚਾਵਾਂ ਨਾਲ ਬਣਾਇਆ ਗਿਆ ਹੋਵੇ ਤਾਂ ਕੁਦਰਤ ਵੀ ਮਾਤ ਖਾ ਜਾਂਦੀ ਹੈ।

Advertisement

ਕਿਹਾ ਜਾਂਦਾ ਹੈ ਕਿ ਫੁਲਕਾਰੀ ਸ਼ਬਦ ਪੁਰਾਣੇ ਸਮੇਂ ਤੋਂ ਹੀ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਪੁਰਾਣੇ ਪੰਜਾਬ ਦੇ ਪੂਰੇ ਖੇਤਰ ਵਿੱਚ ਆਮ ਵਰਤਿਆ ਜਾਂਦਾ ਸੀ। ਇਸ ਦੇ ਨਾਲ ਹੀ ਫੁਲਕਾਰੀ ਕੱਢਣ ਦੀ ਕਲਾ ਪੰਜਾਬ ਭਰ ਦੀਆਂ ਜੋਬਨ ਮੱਤੀਆਂ ਮੁਟਿਆਰਾਂ ਦੀ ਰੂਹ ਦਾ ਹਿੱਸਾ ਹੁੰਦੀ ਸੀ। ਇੱਥੇ ਹੀ ਬਸ ਨਹੀਂ, ਇਹ ਸ਼ਬਦ ਬਹੁਤ ਹੀ ਪਿਆਰਿਆਂ ਅਤੇ ਸਤਿਕਾਰਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਵੀ ਆਪਣੇ ਇੱਕ ਸ਼ਬਦ ਵਿੱਚ ਇਸ ਬਾਰੇ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ;

Advertisement

ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ ਜਾਣਹੁ ਨਾਰੀ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤ੍ਰੀਮਤਾਂ ਵਿੱਚ ਕਸੀਦਾ ਕੱਢਣ ਦਾ ਗੁਣ ਕੁਦਰਤੀ ਤੌਰ ’ਤੇ ਵਿਆਪਕ ਹੁੰਦਾ ਹੈ। ਫੁਲਕਾਰੀ ਨੂੰ ਕੇਵਲ ਸਜਾਵਟੀ ਵਸਤੂ ਕਰਕੇ ਹੀ ਨਹੀਂ ਸਗੋਂ ਪ੍ਰੇਮ-ਪਿਆਰ ਦੀ ਇੱਕ ਵਿਆਪਕ ਲੜੀ ਵਜੋਂ ਵੀ ਜਾਣਿਆ ਜਾਂਦਾ ਸੀ। ਪੰਜਾਬੀ ਮੁਟਿਆਰਾਂ ਇਸ ਕਲਾਂ ਦਾ ਲਾਭ ਆਪਣੇ ਪ੍ਰੇਮੀਆਂ ਨੂੰ ਜਾ ਪ੍ਰਦੇਸੀ ਢੋਲ ਨੂੰ ਖੁਸ਼ ਕਰਨ ਲਈ ਵੀ ਵਰਤਦੀਆਂ ਸਨ ਅਤੇ ਇਸੇ ਕਰਕੇ ਪੰਜਾਬੀ ਸੱਭਿਆਚਾਰ ਦੀ ਉਦਾਹਰਣ ਦਿੰਦੀਆਂ ਹੋਈਆਂ ਉਹ ਕਹਿੰਦੀਆਂ ਸਨ;

ਮੈਂਡੇ ਸਿਰ ਫੁਲਕਾਰੀ ਆ

ਤੁਸੀਂ ਪਰਦੇਸ ਗਏ

ਜੋਬਨ ਕਿਸ ਕਾਰੀ ਆ।

ਇਸੇ ਤਰ੍ਹਾਂ ਬੜੇ ਲੰਬੇ ਸਮੇਂ ਤੋਂ ਵਿੱਛੜੇ ਆਪਣੇ ਢੋਲ ਨੂੰ ਬੇਨਤੀ ਕਰਦੀ ਹੋਈ ਕੋਈ ਜੋਬਨ ਮੱਤੀ ਮੁਟਿਆਰ ਫੁਲਕਾਰੀ ਦਾ ਵਾਸਤਾ ਪਾ ਕੇ ਕਹਿ ਦਿੰਦੀ ਸੀ;

ਕੌਲ ਫੁੱਲ ਮੈਂ ਕੱਢ ਕੇ

ਕਰਦੀ ਹਾਂ ਅਰਦਾਸ।

ਛੇਤੀ ਆ ਮਿਲ ਸੱਜਣਾ

ਭੁੱਲ, ਚੁੱਕ ਕਰਦੇ ਮੁਆਫ਼।

ਇਹ ਫੁਲਕਾਰੀ ਕੇਵਲ ਪ੍ਰੇਮੀ ਨੂੰ ਰੁਝਾਉਣ ਲਈ ਹੀ ਨਹੀਂ ਸੀ ਸਗੋਂ ਖੁਸ਼ੀਆਂ ਦੇ ਹਰ ਮੌਕਿਆਂ ’ਤੇ ਮੁਟਿਆਰਾਂ ਵੱਲੋਂ ਫੁਲਕਾਰੀ ਪਹਿਨੀ ਜਾਂਦੀ ਸੀ ਅਤੇ ਖਾਸ ਕਰਕੇ ਜਦੋਂ ਸਾਵਣ ਦੇ ਮਹੀਨੇ ਕਿਸੇ ਦਿਨ ਤਿਉਹਾਰ ਲਈ ਮੁਟਿਆਰਾਂ ਇਕੱਠੀਆਂ ਹੁੰਦੀਆਂ ਸਨ ਤਾਂ ਵੀ ਉਹ ਫੁਲਕਾਰੀ ਪਹਿਨ ਕੇ ਆਪਣੇ ਮਨਾਂ ਦੀ ਰੀਝ ਨੂੰ ਪੂਰੀ ਕਰਦੀਆਂ ਸਨ ਜਿਵੇਂ ਕਿਹਾ ਜਾਂਦਾ ਹੈ;

ਆਇਆ ਸਾਵਣ ਦਿਲ ਪ੍ਰਚਾਵਣ

ਝੜੀ ਲੱਗ ਗਈ ਭਾਰੀ।

ਝੂਟੇ ਲੈਂਦੀ ਰਾਣੋ ਭਿੱਜ ਗਈ

ਭਿੱਜਗੀ ਜੀਤੋ ਦੀ ਫੁਲਕਾਰੀ।

ਪੀਂਘ ਝੂਟਦੀ ਨਣਦ ਡਿੱਗ ਪਈ

ਨਾਲੇ ਨੂਰੀ ਨਾਭੇ ਵਾਲੀ।

ਬੱਦਲਾਂ ਨਾ ਵਰ੍ਹ ਵੇ

ਹੀਰ ਭਿੱਜਗੀ ਸਿਆਲਾਂ ਵਾਲੀ।

ਇਸੇ ਤਰ੍ਹਾਂ ਕਈ ਵਾਰ ਘਰ ਪਰਿਵਾਰਾਂ ਵਿੱਚ ਥੋੜ੍ਹੀ ਪਤੀ-ਪਤਨੀ ਵਿੱਚ ਨੋਕ-ਝੋਕ ਹੁੰਦੀ ਹੀ ਰਹਿੰਦੀ ਹੈ, ਪਰ ਕਈ ਵਾਰ ਤਾਂ ਇਹ ਨੋਕ-ਝੋਕ ਕੇਵਲ ਪੰਜਾਬੀ ਵਿਰਸੇ ਜਾਂ ਪੰਜਾਬੀ ਸੱਭਿਆਚਾਰ ਕਾਰਨ ਹੀ ਵਧ ਜਾਂਦੀ ਹੈ ਕਿਉਂਕਿ ਹਰ ਪਤੀ ਚਾਹੁੰਦਾ ਹੈ ਕਿ ਉਸ ਦੀ ਘਰਵਾਲੀ ਵਿੱਚ ਕਸੀਦਾ ਕੱਢਣ ਦੇ ਵਧੀਆ ਗੁਣ ਹੋਣੇ ਚਾਹੀਦੇ ਹਨ ਤਾਂ ਹੀ ਕਈ ਵਾਰ ਇੰਝ ਵੀ ਹੋ ਜਾਂਦਾ ਹੈ;

ਮੈਨੂੰ ਕਹਿੰਦਾ ਕੱਢਣਾ ਨੀਂ ਆਉਂਦਾ

ਮੈਂ ਕੱਢ ਲਈ ਫੁਲਕਾਰੀ

ਜਦ ਮੈਂ ਉਤੇ ਲਈ, ਤੈਂ ਹੂੰਗਰ ਕਿਉਂ ਮਾਰੀ।

ਅਜੋਕਾ ਪੰਜਾਬੀ ਸੱਭਿਆਚਾਰ ਆਪਣੇ ਪੁਰਾਣੇ ਰੰਗਾਂ ਤੋਂ ਕਾਫ਼ੀ ਦੂਰ ਜਾ ਰਿਹਾ ਹੈ। ਗੱਭਰੂ ਅਤੇ ਮੁਟਿਆਰ ਆਪਣੇ ਪੁਰਾਣੇ ਵਿਰਸੇ ਤੋਂ ਨੱਕ ਵੱਟ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਸੱਭਿਆਚਾਰਕ ਵਿਰਸੇ ਦੀਆਂ ਉਹ ਪੁਰਾਣੀਆਂ ਯਾਦਾਂ ਤਾਂ ਆਉਂਦੀਆਂ ਹਨ, ਪਰ ਉਹ ਦ੍ਰਿਸ਼ ਦੇਖਣ ਨੂੰ ਘੱਟ ਹੀ ਮਿਲਦੇ ਹਨ ਤਾਂ ਹੀ ਅੱਜਕੱਲ੍ਹ ਕਿਹਾ ਜਾਂਦਾ ਹੈ;

ਪਿਛਲਾ ਜੱਗ ਤਾਂ ਭੁੱਲ ਜਾਓ ਲੋਕੋ

ਹੁਣ ਫੈਸ਼ਨ ਨੇ ਮੱਤ ਮਾਰੀ

ਸੁੱਭਰੂ ਸਾਲੂ ਵਾਲੀ ਕੋਈ

ਦਿਸਦੀ ਨਹੀਂ ਹੁਣ ਨਾਰੀ

ਸੱਗੀ ਫੁੱਲ, ਡੰਡੀਆਂ ਕੋਕਰੂ

ਸਭ ਉੱਡਗੇ, ਮਾਰ ਉਡਾਰੀ

ਉੱਡਗੇ ਦੁਨੀਆ ਤੋਂ ਘੁੰਡ ਘੱਗਰੇ ਫੁਲਕਾਰੀ।

ਇਸ ਤਰ੍ਹਾਂ ਫੁਲਕਾਰੀ ਕਿਤੇ ਕਿਤੇ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਕਿ ਪਹਿਲਾ ਫੁਲਕਾਰੀ ਕੱਢਣ ਲਈ ਕੁੜੀਆਂ ਤਿੰਝਣਾਂ ਜਾਂ ਸੱਥਾਂ ਦੇ ਰੂਪ ਵਿੱਚ ਇਕੱਠੀਆਂ ਹੁੰਦੀਆਂ ਸਨ। ਇਕੱਠੀਆਂ ਬੈਠ ਉਹ ਕੱਪੜਿਆਂ ’ਤੇ ਬੂਟੀਆਂ ਪਾਉਂਦੀਆਂ, ਫੁਲਕਾਰੀ ਕੱਢਦੀਆਂ ਅਤੇ ਇੱਥੋਂ ਤੱਕ ਕਿ ਆਪਣੇ ਦਾਜ ਵਿੱਚ ਰੱਖਣ ਲਈ ਵੱਧ ਤੋਂ ਵੱਧ ਆਪਣੀ ਕਲਾਂ ਦੇ ਜੌਹਰ ਦਿਖਾਉਂਦੀਆਂ। ਪੁਰਾਣੇ ਸਮਿਆਂ ਵਿੱਚ ਪੂਜਾ ਪਾਠ ਕਰਨ ਲਈ ਫੁਲਕਾਰੀ ਲੈਣ ਨੂੰ ਸ਼ਗਨ ਮੰਨਿਆ ਜਾਂਦਾ ਸੀ। ਜਦੋਂ ਵੀ ਘਰ-ਪਰਿਵਾਰਾਂ ਵਿੱਚ ਕੋਈ ਪੂਜਾ-ਪਾਠ ਕਰਵਾਇਆ ਜਾਂਦਾ ਤਾਂ ਫੁਲਕਾਰੀ ਦਾ ਮਹੱਤਵ ਵਧ ਜਾਂਦਾ ਸੀ। ਇਸੇ ਤਰ੍ਹਾਂ ਹੀ ਇੱਕ ਪੰਜਾਬੀ ਬੋਲੀ ਵਿੱਚ ਦੱਸਿਆ ਗਿਆ ਹੈ; ਸੱਸ ਮੇਰੀ ਦੇ ਮਾਤਾ ਨਿਕਲੀ ਮੋਟਾ ਮੋਟਾ ਦਾਣਾ

ਬਈ ਸਹੁਰਾ ਮੇਰਾ ਪੂਜਣ ਚੱਲਿਆ

ਲੈ ਕੇ ਲਾਲ ਫੁਲਕਾਰੀ

ਜੋਤ-ਜਗਾਉਂਦੇ ਨੇ, ਦਾੜ੍ਹੀ ਫੂਕ ਲਈ ਸਾਰੀ

ਉਂਜ ਵੀ ਪੰਜਾਬੀ ਬੋਲੀਆਂ ਵਿੱਚ ਤਾਂ ਫੁਲਕਾਰੀ ਆਮ ਹੀ ਵਰਤੀ ਜਾਂਦੀ ਸੀ। ਕੋਈ ਵੀ ਸਮਾਗਮ ਹੋਵੇ ਜਾਂ ਭੈਣ-ਭਰਾ ਦਾ ਪਿਆਰ ਜਾਂ ਮੁਟਿਆਰਾਂ ਲਈ ਪੇਕਿਆਂ ਤੋਂ ਆਇਆ ਕੋਈ ਸਾਮਾਨ ਹੋਵੇ ਤਾਂ ਫੁਲਕਾਰੀ ਆਪਣਾ ਰੰਗ ਦਿਖਾਉਂਦੀ ਸੀ ਜਿਵੇਂ ਇੱਕ ਪੰਜਾਬੀ ਬੋਲੀ ਵਿੱਚ ਇਹ ਸੁਣਨ ਨੂੰ ਮਿਲਦਾ ਹੈ;

ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ

ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।

ਆਮ ਕਰਕੇ ਫੁਲਕਾਰੀ ਨੂੰ ਸੂਤੀ ਜਾਂ ਰੇਸ਼ਮੀ ਕੱਪੜੇ ’ਤੇ ਹੀ ਕੱਢਿਆ ਜਾਂਦਾ ਸੀ, ਪਰ ਰੇਸ਼ਮੀ ਫੁਲਕਾਰੀ ਤੇ ਰੰਗਾਂ ਦਾ ਮੇਲ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਸੀ। ਇਸੇ ਲਈ ਕੋਈ ਫੁਲਕਾਰੀ ਦੀ ਸ਼ੌਕੀਨ ਮੁਟਿਆਰ ਕਹਿੰਦੀ ਹੈ;

ਫੁਲਕਾਰੀ ਮੇਰੀ ਰੇਸ਼ਮੀ

ਰੰਗ ਨਾ ਆਇਆ ਠੀਕ

ਛੇਤੀ ਦਰਸ਼ਨ ਦੇਵਣੇ

ਮੈਂ ਰਸਤਾ ਰਹੀਂ ਉਡੀਕ।

ਇਸੇ ਤਰ੍ਹਾਂ ਹੀ ਰੇਸ਼ਮੀ ਫੁਲਕਾਰੀ ਦੀ ਸਿਫ਼ਤ ਕਰਦੀ ਕੋਈ ਅੱਲ੍ਹੜ ਮੁਟਿਆਰ ਕਹਿੰਦੀ ਹੈ ਕਿ ਨਿਰੀਆਂ ਮਿੱਠੀਆਂ ਗੱਲਾਂ ਕਰਨ ਨਾਲ ਹੀ ਕਿਸੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਮਨੁੱਖ ਦਾ ਮਨ ਅੰਦਰੋਂ ਤੇ ਬਾਹਰੋਂ ਬਿਲਕੁਲ ਪਵਿੱਤਰ ਅਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਧੋਖਾ ਨਾ ਮਿਲੇ;

ਫੁਲਕਾਰੀ ਸਾਡੀ ਰੇਸ਼ਮੀ

ਉੱਤੇ ਚਮਕਣ ਮੋਰ

ਗੱਲਾਂ ਤੁਹਾਡੀਆਂ ਮਿੱਠੀਆਂ

ਅੰਦਰੋਂ ਦਿਲ ਦੇ ਹੋਰ।

ਹਾਂ, ਅਸੀਂ ਇਹ ਜਾਣਦੇ ਹਾਂ ਕਿ ਬਹੁਤ ਸਮਾਂ ਪਹਿਲਾ ਪਿੰਡਾਂ ਵਿੱਚ ਗ਼ਰੀਬੀ ਵੀ ਬੜੀ ਹੁੰਦੀ ਸੀ, ਪਰ ਫੁਲਕਾਰੀ ਕੱਢਣਾ ਕੋਈ ਸਸਤਾ ਕੰਮ ਨਹੀਂ ਸੀ ਹੁੰਦਾ, ਇਸ ਲਈ ਰੇਸ਼ਮੀ ਕੱਪੜਾ, ਰੰਗੀਨ ਧਾਗੇ ਅਤੇ ਰੰਗਦਾਰ ਲੋਗੜੀ ਦੀ ਲੋੜ ਪੈਂਦੀ ਸੀ ਅਤੇ ਇਸ ਦੇ ਨਾਲ ਹੀ ਹੋਰ ਸਜਾਵਟੀ ਸਾਮਾਨ ਵੀ ਚਾਹੀਦਾ ਹੁੰਦਾ ਸੀ ਤਾਂ ਹੀ ਕੋਈ ਮੁਟਿਆਰ ਆਪਣੇ ਢੋਲ ਨੂੰ ਕੁਝ ਪੈਸੇ ਖ਼ਰਚ ਕੇ ਸਾਰਾ ਸਾਮਾਨ ਲਿਆਉਣ ਲਈ ਮਨਾਉਂਦੀ;

ਮੈਂ ਕੱਢਣਾ ‘ਦਿੱਲੀ ਦਰਵਾਜ਼ਾ’

ਪੱਚੀਆਂ ਦੀ ਲਿਆ ਦੇ ਲੋਗੜੀ।

ਇਸ ਤਰ੍ਹਾਂ ਸੱਚ ਵਿੱਚ ਹੀ ਮੁਟਿਆਰਾਂ ਆਪਣੀ ਕਲਾ ਅਨੁਸਾਰ ਵੱਡੀਆਂ-ਵੱਡੀਆਂ ਮੋਰਨੀਆਂ, ਮੋਰ ਅਤੇ ਫੁੱਲਾਂ ਦੇ ਬਾਗ਼ ਜਾਂ ਕੋਈ ਜਾਣੀਆਂ ਪਛਾਣੀਆਂ ਇਮਾਰਤਾਂ ਦੀਆਂ ਤਸਵੀਰਾਂ ਇਨ੍ਹਾਂ ਫੁਲਕਾਰੀਆਂ ’ਤੇ ਪਾ ਦਿੰਦੀਆਂ ਸਨ, ਪਰ ਇਹ ਫੁਲਕਾਰੀ ਕਿਸੇ ਵੀ ਮੁਟਿਆਰ ਦੀ ਕਲਾ, ਸਮਝ, ਹੁਸਨ ਅਤੇ ਪ੍ਰੇਮ ਭਾਵਨਾ ਦੀ ਪ੍ਰਤੀਕ ਹੁੰਦੀ ਸੀ।

ਸੰਪਰਕ: 98764-52223

Advertisement
×