DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੱਗੇ ਰਹਿਣਾ ਵੀ ਜਿੱਤ ਹੈ

ਜ਼ਿੰਦਗੀ ਵਿੱਚ ਕਦੇ-ਕਦੇ ਇਸ ਤਰ੍ਹਾਂ ਦਾ ਦੌਰ ਵੀ ਆਉਂਦਾ ਹੈ ਜਦੋਂ ਸਾਡੀਆਂ ਅਣਥੱਕ ਕੋਸ਼ਿਸ਼ਾਂ ਦੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਉਂਦੇ। ਇਸ ਦੇ ਬਾਵਜੂਦ ਅਸੀਂ ਕੁਝ ਨਾ ਕੁਝ ਆਹਰ ਕਰਨ ਵਿੱਚ ਲੱਗੇ ਹੀ ਰਹਿੰਦੇ ਹਾਂ। ਜੇ ਕੋਈ ਇੱਕ ਚੀਜ਼ ਮਿੱਥੇ...

  • fb
  • twitter
  • whatsapp
  • whatsapp
Advertisement

ਜ਼ਿੰਦਗੀ ਵਿੱਚ ਕਦੇ-ਕਦੇ ਇਸ ਤਰ੍ਹਾਂ ਦਾ ਦੌਰ ਵੀ ਆਉਂਦਾ ਹੈ ਜਦੋਂ ਸਾਡੀਆਂ ਅਣਥੱਕ ਕੋਸ਼ਿਸ਼ਾਂ ਦੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਉਂਦੇ। ਇਸ ਦੇ ਬਾਵਜੂਦ ਅਸੀਂ ਕੁਝ ਨਾ ਕੁਝ ਆਹਰ ਕਰਨ ਵਿੱਚ ਲੱਗੇ ਹੀ ਰਹਿੰਦੇ ਹਾਂ। ਜੇ ਕੋਈ ਇੱਕ ਚੀਜ਼ ਮਿੱਥੇ ਮੁਕਾਮ ’ਤੇ ਨਹੀਂ ਪਹੁੰਚ ਪਾਉਂਦੀ ਤਾਂ ਅਸੀਂ ਕੋਈ ਹੋਰ ਤਰੀਕਾ ਅਪਣਾਉਂਦੇ ਹਾਂ ਜਾਂ ਉਸ ਵਿੱਚ ਕੋਈ ਬਦਲਾਅ ਕਰਦੇ ਹਾਂ। ਉਸ ਵਿੱਚ ਸੁਧਾਰ ਦੀ ਉਮੀਦ ਤੋਂ ਕੁਝ ਨਵਾਂ ਸਿੱਖਦੇ ਹਾਂ। ਉਸ ਵਿੱਚ ਕੁਝ ਨਵਾਂਪਣ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਰੁਕਦੇ ਨਹੀਂ, ਸਗੋਂ ਯਤਨਸ਼ੀਲ ਰਹਿੰਦੇ ਹਾਂ।

ਇਹ ਸਭ ਅਸੀਂ ਇਸ ਆਸ ਵਿੱਚ ਕਰਦੇ ਹਾਂ ਕਿ ਕਦੇ ਤਾਂ ਸਾਡੀਆਂ ਉਮੀਦਾਂ ਤੇ ਕੋਸ਼ਿਸ਼ਾਂ ਨੂੰ ਬੂਰ ਪਵੇਗਾ। ਉਹ ਪੈਂਦਾ ਵੀ ਜ਼ਰੂਰ ਹੈ, ਪਰ ਸਮਾਂ ਲੱਗ ਸਕਦਾ ਹੈ। ਜਿਵੇਂ ਅੰਬ ਦੇ ਬੂਟੇ ਨੂੰ ਫਲ ਤਾਂ ਆਪਣੀ ਰੁੱਤ ਤੇ ਸਮੇਂ ਅਨੁਸਾਰ ਹੀ ਲੱਗਣਾ ਹੈ, ਪਰ ਬੂਟਾ ਸਾਰਾ ਸਾਲ ਆਪਣੇ ਯਤਨ ਵਿੱਚ ਲੱਗਾ ਰਹਿੰਦਾ ਹੈ। ਇਹੀ ਬਿਰਖ ਜਿਹੀ ਨਿਰੰਤਰ ਕਰਮਸ਼ੀਲ ਰਹਿਣ ਦੀ ਪ੍ਰਵਿਰਤੀ ਮਨੁੱਖ ਅੰਦਰ ਵੀ ਹੁੰਦੀ ਹੈ। ਇਹੀ ਅੱਕ ਕੇ ਹਾਰ ਨਾ ਮੰਨਣ ਦੀ ਕਲਾ ਹੈ। ਇੱਕ ਜ਼ਿੱਦ ਹੈ। ਇਹੀ ਜ਼ਿੱਦ ਅਕਸਰ ਸਾਡੀ ਜਿੱਤ ਦਾ ਮੂਲ ਆਧਾਰ ਬਣਦੀ ਹੈ।

Advertisement

ਸਾਡੀਆਂ ਕੋਸ਼ਿਸ਼ਾਂ ਸਿਰਫ਼ ਸਾਡੀ ਸਫਲਤਾ ਨੂੰ ਨਹੀਂ ਦਰਸਾਉਂਦੀਆਂ, ਸਗੋਂ ਸਾਡੇ ਅੰਦਰ ਦੀ ਪ੍ਰਪੱਕਤਾ ਨੂੰ ਵੀ ਦਰਸਾਉਂਦੀਆਂ ਹਨ। ਅਸੀਂ ਅੰਦਰੋਂ ਕਿੰਨੇ ਦ੍ਰਿੜ੍ਹ ਜਾਂ ਪ੍ਰਪੱਕ ਹਾਂ, ਇਸ ਦਾ ਅੰਦਾਜ਼ਾ ਸਾਡੇ ਇਸ ਸੁਭਾਅ ਤੋਂ ਲਗਾਇਆ ਜਾ ਸਕਦਾ ਹੈ। ਸਾਡਾ ਅੱਕਣਾ, ਰੁਕਣਾ, ਹੰਭ-ਹਾਰ ਕੇ ਬਹਿ ਜਾਣਾ ਜਾਂ ਮੁੜ ਉੱਠ ਕੇ ਆਪਣੀ ਧੁੰਨ ਵਿੱਚ ਲੱਗ ਜਾਣਾ ਸਾਡੇ ਅੰਦਰ ਦੀ ਮਜ਼ਬੂਤੀ ਨੂੰ ਤੈਅ ਕਰਦਾ ਹੈ।

Advertisement

ਇੱਕ ਆਮ-ਇਨਸਾਨੀ ਫਿਤਰਤ ਹੁੰਦੀ ਹੈ ਕਿ ਹਰ ਕੀਤੇ ਸਿਰੜ ਦੇ ਨਤੀਜੇ ਦੀ ਆਸ ਰੱਖਣਾ, ਪਰ ਇਛੁੱਕ ਨਤੀਜੇ ਨਾ ਮਿਲਣ ’ਤੇ ਵੀ ਢੇਰੀ-ਢਾਹ ਕੇ ਬਹਿ ਜਾਣਾ ਜਾਂ ਮੁੜ ਮਿਹਨਤ ਕਰਨ ਲੱਗ ਜਾਣ ਦਾ ਗੁਣ ਹੀ ਸਾਨੂੰ ਆਮ ਤੋਂ ਖਾਸ ਬਣਾਉਂਦਾ ਹੈ। ਅਕਸਰ ਅਸੀਂ ਕੋਸ਼ਿਸ਼ਾਂ ਦਾ ਮੁੱਲ ਸਿਰਫ਼ ਨਤੀਜਿਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਾਂ, ਪਰ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਮੋੜ ਵੀ ਆਉਂਦੇ ਹਨ ਜਦੋਂ ਅਣਥੱਕ ਮਿਹਨਤ ਦਾ ਮੁੱਲ ਨਹੀਂ ਮਿਲਦਾ। ਅਸੀਂ ਮਹਿਸੂਸ ਕਰਨ ਲੱਗ ਜਾਂਦੇ ਹਾਂ ਕਿ ਸ਼ਾਇਦ ਸਾਡੀ ਮਿਹਨਤ ਵਿਅਰਥ ਹੋ ਗਈ, ਪਰ ਅਸਲ ਵਿੱਚ ਇਹ ਸਮਾਂ ਮਨੁੱਖ ਅੰਦਰ ਸਹਿਣਸ਼ੀਲਤਾ, ਧੀਰਜ ਤੇ ਅੰਦਰੂਨੀ ਮਜ਼ਬੂਤੀ ਨੂੰ ਜਨਮ ਦੇ ਰਿਹਾ ਹੁੰਦਾ ਹੈ। ਜਿਵੇਂ ਇੱਕ ਕਿਸਾਨ ਫਸਲ ਦਾ ਬੀਅ ਬੀਜ ਕੇ ਤੁਰੰਤ ਨਤੀਜਿਆਂ ਦੀ ਆਸ ਨਹੀਂ ਕਰਦਾ ਸਗੋਂ ਤੈਅ ਸਮੇਂ ਦੀ ਉਡੀਕ ਕਰਦਾ ਹੈ। ਸਾਡਾ ਹੌਸਲਾ ਤੇ ਆਸ ਉਸ ਕਿਸਾਨ ਵਰਗੀ ਹੋਣੀ ਚਾਹੀਦੀ ਹੈ।

ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਜਿਸ ਵੀ ਮਨੁੱਖ ਨੇ ਹੁਣ ਤੱਕ ਕੋਈ ਮਹਾਨ ਸਿਰਜਣਾ ਜਾਂ ਪ੍ਰਾਪਤੀ ਕੀਤੀ ਹੈ। ਉਸ ਨੇ ਆਪਣੀਆਂ ਕੋਸ਼ਿਸ਼ਾਂ ਵਿੱਚ ਨਿਰੰਤਰਤਾ ਨੂੰ ਕਾਇਮ ਰੱਖਿਆ ਹੈ। ਸਮਾਜ ਲਈ ਇਹੋ-ਜਿਹੇ ਇਨਸਾਨ ਹੀ ਮਿਸਾਲ ਬਣੇ ਹਨ। ਜੋ ਬੇਸ਼ੱਕ ਥੱਕੇ ਹੋਣਗੇ, ਕਦੇ ਰੁਕੇ ਵੀ ਹੋਣਗੇ, ਪਰ ਮੁੜ ਨਿਰੰਤਰ ਯਤਨਾਂ ਵਿੱਚ ਲੱਗ ਗਏ ਹੋਣਗੇ। ਕੁਦਰਤ ਨੇ ਉਨ੍ਹਾਂ ਦੀ ਹਿੰਮਤ ਦੀ ਅਜਮਾਇਸ਼ ਕੀਤੀ ਹੋਵੇਗੀ, ਪਰ ਖਾਲੀ ਹੱਥ ਪਰਤਣ ਨਹੀਂ ਦਿੱਤਾ। ਸਗੋਂ ਉਨ੍ਹਾਂ ਦੀ ਲਾਸਾਨੀ ਮਿਹਨਤ ਨੂੰ ਰੰਗ-ਭਾਗ ਜ਼ਰੂਰ ਲਾਏ ਨੇ। ਅਜਿਹੇ ਸ਼ਖ਼ਸ ਮਹਾਨ ਬਣਨ ਦੀ ਹੋੜ ਵਿੱਚ ਨਹੀਂ ਰਹੇ ਹੋਣੇ, ਸਗੋਂ ਸਬਰ ਦਾ ਪੱਲਾ ਫੜ ਕੇ ਨਿਰੰਤਰਤਾ ਵਿੱਚ ਲੱਗੇ ਰਹੇ। ਉਨ੍ਹਾਂ ਦਾ ਇਹ ਸਿਰੜ ਉਨ੍ਹਾਂ ਨੂੰ ਮਹਾਨ ਬਣਾ ਗਿਆ।

ਹਰੇਕ ਇਨਸਾਨ ਦੀ ਜ਼ਿੰਦਗੀ ਅਸਾਨ ਨਹੀਂ ਹੁੰਦੀ। ਕੁਝ ਉਤਰਾਅ-ਚੜ੍ਹਾਅ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਹੁੰਦੇ ਹਨ, ਪਰ ਇਨ੍ਹਾਂ ਹਾਲਤਾਂ ਪ੍ਰਤੀ ਸਾਡੀ ਪ੍ਰਤੀਕਿਰਿਆ ਆਮ ਤੇ ਖਾਸ ਇਨਸਾਨ ਵਿੱਚ ਵਖਰੇਵਾਂ ਤੈਅ ਕਰਦੀ ਹੈ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਸਾਡੇ ਜੀਵਨ ਦਾ ਇੱਕ ਮਕਸਦ ਹੁੰਦਾ ਹੈ, ਪਰ ਸਾਡਾ ਹਾਲਾਤ ਪ੍ਰਤੀ ਵਤੀਰਾ ਤੈਅ ਕਰਦਾ ਹੈ ਕਿ ਅਸੀਂ ਕਿਸ ਹੱਦ ਤੱਕ ਉਸ ਮਕਸਦ ਦੀ ਪ੍ਰਾਪਤੀ ਕਰਦੇ ਹਾਂ।

ਇੱਕ ਵਾਰ ਮੈਂ ਕਿਸੇ ਦੇ ਮੂੰਹੋਂ ਸੁਣਿਆ ਸੀ, ‘ਵਾਅਦੇ ਅਕਸਰ ਟੁੱਟ ਜਾਂਦੇ ਹਨ ਤੇ ਕੋਸ਼ਿਸ਼ਾਂ ਕਾਮਯਾਬ ਹੋ ਜਾਂਦੀਆਂ ਹਨ।’ ਇਸ ਦਾ ਕਾਰਨ ਸ਼ਾਇਦ ਇਹ ਹੋ ਸਕਦਾ ਹੈ ਕਿ ਵਾਅਦਿਆਂ ਵਿੱਚ ਜੜਤਾ ਆ ਜਾਂਦੀ ਹੈ, ਪਰ ਕੋਸ਼ਿਸ਼ਾਂ ਵਿੱਚ ਨਿਰੰਤਰਤਾ ਕਾਇਮ ਰੱਖਣੀ ਹੁੰਦੀ ਹੈ। ਇਹੀ ਨਿਰੰਤਰਤਾ ਕਾਮਯਾਬੀ ਦਾ ਮੂਲ ਆਧਾਰ ਬਣ ਜਾਂਦੀ ਹੈ।

ਯਤਨਾਂ ਵਿੱਚ ਲਗਾਤਾਰਤਾ ਜਿੱਤ ਵੱਲ ਵਧਣ ਦਾ ਇੱਕ ਕਦਮ ਹੈ। ਇਹੀ ਕਦਮ-ਦਰ-ਕਦਮ ਉਸ ਮੁਕਾਮ ਵੱਲ ਲੈ ਜਾਂਦਾ ਹੈ, ਜਿੱਥੋਂ ਤੱਕ ਆਮ ਇਨਸਾਨ ਪਹੁੰਚ ਨਹੀਂ ਪਾਉਂਦੇ। ਇਹੀ ਪ੍ਰਾਪਤੀ ਹੁੰਦੀ ਹੈ ਲਗਾਤਾਰ ਰੁੱਝੇ ਰਹਿਣ ਦੀ। ਤੁਸੀਂ ਰੁਕਣ ਜਾਂ ਥੱਕ ਜਾਣ ਨੂੰ ਅੰਤਿਮ ਨਹੀਂ ਮੰਨਦੇ, ਸਗੋਂ ਅੰਤਿਮ ਪੜਾਅ ਹੁੰਦਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕੁਝ ਸਾਰਥਿਕ ਸਮਾਜ ਦੀ ਝੋਲੀ ਪਾਇਆ ਜਾ ਸਕੇ।

ਜਿੱਤ ਜਾਂ ਸਫਲਤਾ ਦਾ ਮਤਲਬ ਸਿਰਫ਼ ਮੰਜ਼ਿਲ ਤੱਕ ਪਹੁੰਚ ਜਾਣਾ ਹੀ ਨਹੀਂ ਹੁੰਦਾ, ਸਗੋਂ ਜਿੱਤ ਉਹ ਹੁੰਦੀ ਹੈ ਜੋ ਔਖੇ ਸਮੇਂ ਵਿੱਚ ਵੀ ਮਨੁੱਖ ਨੂੰ ਹਾਰ ਮੰਨਣ ਨਹੀਂ ਦਿੰਦੀ। ਕਦੇ-ਕਦੇ ਜਿੱਤ ਗੁਣਾਤਮਕ ਵੀ ਹੁੰਦੀ ਹੈ ਜਿਸ ਦੀ ਸਾਰਥਿਕਤਾ ਪਰਖੀ ਜਾਂਦੀ ਹੈ ਨਾ ਕਿ ਕੁਝ ਮਾਪਿਆ ਤੋਲਿਆ ਜਾਂਦਾ ਹੈ। ਯਤਨਾਂ ਦੀ ਲਗਾਤਾਰਤਾ ਸਾਡੇ ਅੰਦਰ ਕੁਝ ਗੁਣਾਤਮਕ ਤਬਦੀਲੀਆਂ ਜਿਵੇਂ ਕਿ ਸਿਰੜ, ਸਬਰ, ਹੌਸਲਾ, ਸ਼ੁਕਰਾਨਾ ਆਦਿ ਲੈ ਕੇ ਆਉਂਦੀਆਂ ਹਨ ਜੋ ਕਿ ਸਾਡੀ ਸਫਲਤਾ ਦੀ ਨੀਂਹ ਰੱਖਦੀਆਂ ਹਨ। ਇਹੀ ਗੁਣ ਸਾਨੂੰ ਇੱਕ ਵਿਲੱਖਣ ਸ਼ਖ਼ਸੀਅਤ ਦੇ ਰੂਪ ਵਿੱਚ ਨਿਖਾਰਦੇ ਹਨ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਡੀ ਹਾਰ ਕੋਸ਼ਿਸ਼ ਛੱਡ ਦੇਣਾ ਹੁੰਦਾ ਹੈ ਨਾ ਕਿ ਕਾਮਯਾਬੀ ਦਾ ਦੇਰ ਨਾਲ ਮਿਲਣਾ।

ਈਮੇਲ: polsci.sathiala<\@>gmail.com

Advertisement
×