PEFA Awards 2026: ਨਾਮੀਂ ਕਲਾਕਾਰਾਂ ਨੇ ਕੀਤੀ ਸ਼ਿਰਕਤ
ਸਮਾਗਮ ਦੌਰਾਨ ਪੰਜਾਬੀ ਗਾਇਕਾਂ ਨੇ ਲਾਈਵ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ
ਤੀਜਾ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਅਤੇ ਐਵਾਰਡ ਸ਼ੋਅ “ਪੀਫਾ ਐਵਾਰਡ 2026” ਸੀ ਜੀ ਸੀ ਕਾਲਜ, ਲਾਂਡਰਾਂ ਵਿਖੇ ਕਰਵਾਇਆ ਗਿਆ। ਨਾਮਵਰ ਪ੍ਰਮੋਟਰ ਤੇ ਫਾਈਵਵੁੱਡ ਮੀਡੀਆ ਦੇ ਮੁਖੀ ਸਪਨ ਮਨਚੰਦਾ, ਨਿਹਾਰਕਾ ਮਸੀਹ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਇਸ ਐਵਾਰਡ ਸ਼ੋਅ ਵਿੱਚ ਸਿਨੇਮਾ ਜਗਤ ਦੀਆਂ ਨਾਮੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਸਪਨ ਮਨਚੰਦਾ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਨ ਦੇ ਨਾਲ-ਨਾਲ ਪੰਜਾਬੀ ਸਿਨੇਮਾ ਤੇ ਸੰਗੀਤ ਦੇ ਉਨ੍ਹਾਂ ਨਾਵਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੈ ਜਿਨ੍ਹਾਂ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ।
ਇਸ ਮੌਕੇ ਪਦਮ ਸ਼੍ਰੀ ਨਿਰਮਲ ਰਿਸ਼ੀ ਅਤੇ ਮਹਾਂਵੀਰ ਭੁੱਲਰ ਨੂੰ ਪ੍ਰਿਥਵੀ ਰਾਜ ਕਪੂਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਨਾਮਵਰ ਗਾਇਕਾ ਜਸਵਿੰਦਰ ਬਰਾੜ ਨੂੰ ਪਰਾਊਡ ਆਫ਼ ਪੰਜਾਬੀ ਮਿਊਜ਼ਿਕ ਐਵਾਰਡ, ਮੈਂਡੀ ਤੱਖਰ ਅਤੇ ਜੈਸਮੀਨ ਭਸੀਨ ਨੂੰ ਦਲਜੀਤ ਕੌਰ ਯਾਦਗਾਰੀ ਐਵਾਰਡ, ਗੁਰਨਾਮ ਭੁੱਲਰ ਨੂੰ ਗਲੋਬਲ ਸਟਾਰ ਐਵਾਰਡ, ਰਾਜ ਕੁੰਦਰਾ ਨੂੰ ਲਾਈਮਲਾਈਟ ਸਟਾਰ ਅਤੇ ਜਗਜੀਤ ਸੰਧੂ ਨੂੰ ਬਲਰਾਜ ਸਾਹਨੀ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ।
ਇਸ ਤੋਂ ਇਲਾਵਾ ਹਾਰਬੀ ਸੰਘਾ ਨੂੰ ਮੇਹਰ ਮਿੱਤਲ ਯਾਦਗਾਰੀ ਐਵਾਰਡ, ਰੁਪਿੰਦਰ ਹਾਂਡਾ ਨੂੰ ਬੀਬੀ ਗੁਰਮੀਤ ਬਾਵਾ ਯਾਦਗਾਰੀ ਐਵਾਰਡ, ਡਾਇਰੈਕਟਰ ਅਮਰਜੀਤ ਸਾਰੋਂ ਨੂੰ ਮਨੋਜ ਪੁੰਜ ਯਾਦਗਾਰੀ ਐਵਾਰਡ, ਦਿਨੇਸ਼ ਔਲਖ ਨੂੰ ਕੇ ਡੀ ਮਹਿਰਾ ਯਾਦਗਾਰੀ ਐਵਾਰਡ, ਮਨਪ੍ਰੀਤ ਸਿੰਘ ਨੂੰ ਗੋਪਾਲ ਦਾਸ ਸਹਿਗਲ ਯਾਦਗਾਰੀ ਐਵਾਰਡ, ਜੈਸਮੀਨ ਅਖ਼ਤਰ ਨੂੰ ਸੁਰਿੰਦਰ ਕੌਰ ਯਾਦਗਾਰੀ ਐਵਾਰਡ, ਅਲੀ ਬ੍ਰਦਰਜ਼ ਨੂੰ ਬਾਬਾ ਬੁੱਲ੍ਹੇ ਸ਼ਾਹ ਯਾਦਗਾਰੀ ਐਵਾਰਡ, ਗਾਇਕ ਬੀਰ ਸਿੰਘ ਨੂੰ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਐਵਾਰਡ, ਸੰਗੀਤਕਾਰ ਜਤਿੰਦਰ ਸ਼ਾਹ ਅਤੇ ਸਚਿਨ ਅਹੂਜਾ ਨੂੰ ਜਸਵੰਤ ਭੰਵਰਾ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ।
ਉੱਥੇ ਹੀ ਬੀਨੂੰ ਢਿੱਲੋਂ ਨੂੰ ਆਈਕਾਨਿਕ ਐਵਾਰਡ ਆਫ਼ ਪੰਜਾਬੀ ਸਿਨੇਮਾ, ਗੁਰਪ੍ਰੀਤ ਘੁੱਗੀ ਨੂੰ ਪਰਾਊਡ ਆਫ਼ ਪੰਜਾਬੀ ਸਿਨੇਮਾ, ਦਕਸ਼ਅਜੀਤ ਸਿੰਘ ਨੂੰ ਗੁਰਕਿਰਤਨ ਯਾਦਗਾਰੀ ਐਵਾਰਡ, ਸਿਦਕ ਗਿੱਲ ਅਤੇ ਸੱਬੇ ਨੂੰ ਪ੍ਰੋਮਿਸਿੰਗ ਐਵਾਰਡ, ਮਾਹੀ ਸ਼ਰਮਾ ਅਤੇ ਗੁਲਾਬ ਸਿੱਧੂ ਨੂੰ ਯੂਥ ਆਈਕਾਨ, ਰੇਣੂਕਾ ਪਵਾਰ ਨੂੰ ਵਾਇਸ ਆਫ਼ ਹਰਿਆਣਾ ਐਵਾਰਡ, ਮਨਦੀਪ ਮਾਵੀ ਨੂੰ ਨੰਦ ਲਾਲ ਨੂਰਪੂਰੀ ਐਵਾਰਡ, ਕਮਲ ਖ਼ਾਨ ਨੂੰ ਸਰਦੂਲ ਸਿਕੰਦਰ ਯਾਦਗਾਰੀ ਐਵਾਰਡ ਅਤੇ ਰਾਜ ਕੁੰਦਰਾ ਤੇ ਗਾਇਕ ਜੀ ਖ਼ਾਨ ਨੂੰ ਲਾਈਮਲਾਈਟ ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਦੇ ਨਾਲ ਹੀ ਸ਼ਿਵਾ ਚੌਧਰੀ ਨੂੰ ਆਈਕਾਨਿਕ ਪਰਫਾਰਮਰ ਐਵਾਰਡ, ਜਦਕਿ ਅਦਾਕਾਰਾ ਸੀਮਾ ਕੌਸ਼ਲ ਅਤੇ ਪ੍ਰਕਾਸ਼ ਗਾਧੂ ਨੂੰ ਯਸ਼ ਸ਼ਰਮਾ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ।
ਇਸ ਮੌਕੇ ਪੰਜਾਬੀ ਗਾਇਕ ਜੀ ਖ਼ਾਨ, ਅਮਰ ਨੂਰੀ, ਅਲਾਪ ਅਤੇ ਸਾਰੰਗ ਸਿਕੰਦਰ, ਅੰਕਿਤਾ ਸ਼ਰਮਾ, ਗੁਰਨਾਮ ਭੁੱਲਰ ਸਮੇਤ ਨਾਮੀ ਗਾਇਕਾਂ ਨੇ ਲਾਈਵ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

