ਮੁੰਬਈ: ਫਿਲਮ ‘ਸੁਖੀ’ ਵਿੱਚ ਤਨਵੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਪਵਲੀਨ ਗੁਜਰਾਲ ਦਾ ਕਹਿਣਾ ਹੈ ਕਿ ਉਹ ਸ਼ੁਰੂ ਵਿਚ ਹੀ ਫਿਲਮ ਦੇ ਵਿਸ਼ੇ ਨੂੰ ਲੈ ਕੇ ਖਾਸੀ ਪ੍ਰਭਾਵਿਤ ਹੋਈ। ਉਸ ਨੇ ਦੱਸਿਆ ਕਿ ਫਿਲਮ ਵਿਚ ਉਸ ਦਾ ਕਿਰਦਾਰ ਕਮਾਲ ਦਾ ਹੈ। ਪਵਲੀਨ ਨੇ ਕਿਹਾ, ‘ਮੁਕੇਸ਼ ਛਾਬੜਾ ਦੀ ਕਾਸਟਿੰਗ ਕੰਪਨੀ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਦੋ ਸਾਲ ਪਹਿਲਾਂ ਤਨਵੀ ਦੇ ਰੋਲ ਲਈ ਮੇਰੇ ਨਾਲ ਸੰਪਰਕ ਕੀਤਾ। ਮੈਨੂੰ ਸ਼ੁਰੂ ਵਿਚ ਹੀ ਫਿਲਮ ਲਈ ਚੁਣਿਆ ਗਿਆ ਸੀ। ਉਹ ਕੁੜੀਆਂ ਦੇ ਮਸਤੀ ਕਰਨ ਅਤੇ ਗੂੜ੍ਹੇ ਰਿਸ਼ਤੇ ਬਣਾਉਣ ਬਾਰੇ ਇੱਕ ਫਿਲਮ ਬਣਾਉਣਾ ਚਾਹੁੰਦੇ ਸਨ। ਮੈਂ ਪਹਿਲਾਂ ਐਂਗਰੀ ਇੰਡੀਅਨ ਗੋਡੈਸਿਸ’ ਨਾਮ ਦੀ ਇੱਕ ਫਿਲਮ ਵਿੱਚ ਕੰਮ ਕੀਤਾ ਸੀ ਜੋ ਮੇਰੀ ਪਹਿਲੀ ਫਿਲਮ ਸੀ ਅਤੇ ਇਸ ਫਿਲਮ ਨੇ ਕਈ ਪੁਰਸਕਾਰ ਜਿੱਤੇ ਸਨ। ਉਸ ਫਿਲਮ ਤੇ ਇਸ ਫਿਲਮ ਦਾ ਵਿਸ਼ਾ ਇਕੋ ਜਿਹਾ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਨ ਲਈ ਕਿਹਾ।’ ਉਸ ਨੇ ਅੱਗੇ ਕਿਹਾ ਕਿ ਤਨਵੀ ਦੇ ਕਿਰਦਾਰ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਤਨਵੀ ਦੋਹਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਕ ਪਾਸੇ ਉਹ ਪੂਰੀ ਤਰ੍ਹਾਂ ਰਵਾਇਤੀ ਬਣ ਕੇ ਰਹਿੰਦੀ ਹੈ ਤੇ ਪਰਿਵਾਰ ਦੇ ਨਿਯਮਾਂ ਦਾ ਪਾਲਣ ਕਰਦੀ ਹੈ ਅਤੇ ਦੂਜੇ ਪਾਸੇ ਜਦੋਂ ਉਹ ਆਪਣੇ ਦੋਸਤਾਂ ਨਾਲ ਹੁੰਦੀ ਹੈ ਤਾਂ ਉਹ ਬਿਲਕੁੱਲ ਵੱਖਰੀ ਤਰ੍ਹਾਂ ਦੀ ਹੋ ਜਾਂਦੀ ਹੈ। ਉਹ ਦੋਵੇਂ ਭਾਗਾਂ ਨੂੰ ਖੂਬਸੂਰਤੀ ਨਾਲ ਨਿਭਾਉਂਦੀ ਹੈ। ਉਸ ਨੇ ਕਿਹਾ, ‘ਇਸ ਫਿਲਮ ਵਿੱਚ ਮੈਂ ਜੋ ਕਿਰਦਾਰ ਨਿਭਾ ਰਹੀ ਹਾਂ ਉਹ ਇੱਕ ਅਜਿਹੀ ਔਰਤ ਦਾ ਹੈ ਜਿਸ ਦਾ ਵਿਆਹ ਇੱਕ ਸ਼ਾਹੀ ਪਰਿਵਾਰ ਵਿੱਚ ਹੁੰਦਾ ਹੈ ਅਤੇ ਉਸ ਦੀ ਜ਼ਿੰਦਗੀ ਮੋਤੀਆਂ ਅਤੇ ਸਾੜੀਆਂ ਪਹਿਨਣ ਦੀਆਂ ਸ਼ਾਹੀ ਪਰੰਪਰਾਵਾਂ ਦੀਆਂ ਪੇਚੀਦਗੀਆਂ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਭੂਮਿਕਾ ਦੀ ਤਿਆਰੀ ਲਈ ਮੈਂ ਮਹਾਰਾਣੀ ਗਾਇਤਰੀ ਦੇਵੀ ਅਤੇ ਪਟਿਆਲਾ ਦੀ ਰਾਜਕੁਮਾਰੀ ਵਰਗੀਆਂ ਸ਼ਖਸੀਅਤਾਂ ਤੇ ਉਨ੍ਹਾਂ ਦੀ ਜੀਵਨ ਸ਼ੈਲੀ, ਪਹਿਰਾਵੇ ਅਤੇ ਵਿਹਾਰ ਨੂੰ ਸਮਝਣ ਲਈ ਖੋਜ ਕੀਤੀ ਕਿਉਂਕਿ ਮੈਂ ਇਸ ਕਿਰਦਾਰ ਨਾਲ ਨਿਆਂ ਕਰਨਾ ਚਾਹੁੰਦੀ ਸੀ। -ਆਈਏਐੱਨਐੱਸ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd