Parvinder Jhota Murder: ਪਰਵਿੰਦਰ ਝੋਟੇ ਦੇ ਕਤਲ ਦੇ ਰੋਸ ਵਿਚਾਲੇ ਨੀਰੂ ਬਾਜਵਾ ਨੇ ਫ਼ਿਲਮ 'ਥਾਪੀ' ਦੀ ਸਕ੍ਰੀਨਿੰਗ ਰੋਕੀ
'ਦਿ ਗ੍ਰੇਟ ਖਲੀ' ਨੇ ਵੀ ਪ੍ਰਗਟਾਇਆ ਦੁੱਖ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਚੱਲ ਰਹੇ ਰੋਸ ਦੇ ਮੱਦੇਨਜ਼ਰ ਆਪਣੀ ਫ਼ਿਲਮ 'ਥਾਪੀ' ਦੀ ਸਕ੍ਰੀਨਿੰਗ (ਦਿਖਾਉਣ) ਰੋਕ ਰਹੇ ਹਨ।
ਫੇਸਬੁੱਕ 'ਤੇ ਪੰਜਾਬੀ ਵਿੱਚ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ 16 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਇਹ ਫ਼ਿਲਮ ਸੋਮਵਾਰ ਤੋਂ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ।
ਉਨ੍ਹਾਂ ਲਿਖਿਆ, "ਅੱਜ ਅਸੀਂ ਜੋ ਕੁਝ ਵੀ ਹਾਂ, ਉਹ ਪੰਜਾਬ ਅਤੇ ਪੰਜਾਬੀਅਤ ਦੀ ਬਦੌਲਤ ਹਾਂ। 'ਥਾਪੀ' ਬਣਾਉਣ ਦਾ ਮਕਸਦ ਵੀ ਪੰਜਾਬ ਦੇ ਖੇਤਾਂ ਵਿੱਚ ਮੁੜ ਜਾਨ ਪਾਉਣਾ ਸੀ। ਸਿਨੇਮਾ ਲੋਕਾਂ ਲਈ ਹੈ ਅਤੇ ਕਦੇ ਵੀ ਉਨ੍ਹਾਂ ਤੋਂ ਵੱਡਾ ਨਹੀਂ ਹੋ ਸਕਦਾ।"
ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਨੀਰੂ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ ਤੋਂ ਵੱਧ ਕੇ ਕੁਝ ਵੀ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਕਿਹਾ, "ਅਸੀਂ ਆਪਣੀ ਫ਼ਿਲਮ 'ਥਾਪੀ' ਨੂੰ ਰੋਕ ਰਹੇ ਹਾਂ। ਕੱਲ੍ਹ ਤੋਂ ਇਹ ਕਿਸੇ ਵੀ ਸਿਨੇਮਾਘਰ ਵਿੱਚ ਨਹੀਂ ਦਿਖਾਈ ਜਾਵੇਗੀ। ਹਾਲਾਤ ਸੁਧਰਨ ਤੱਕ ਅਸੀਂ ਹਰ ਤਰ੍ਹਾਂ ਨਾਲ ਪੰਜਾਬ ਦੇ ਨਾਲ ਖੜ੍ਹੇ ਹਾਂ। ਅਸੀਂ ਪੰਜਾਬ ਦੇ ਨਾਲ ਖੜ੍ਹੇ ਰਹੇ ਹਾਂ ਅਤੇ ਅੱਗੇ ਵੀ ਖੜ੍ਹੇ ਰਹਾਂਗੇ।"
ਇਸ ਦੌਰਾਨ, ਰੈਸਲਰ ਤੋਂ ਅਦਾਕਾਰ ਬਣੇ ਦਲੀਪ ਸਿੰਘ ਰਾਣਾ, ਜੋ 'ਦਿ ਗ੍ਰੇਟ ਖਲੀ' ਵਜੋਂ ਮਸ਼ਹੂਰ ਹਨ, ਨੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਝੋਟੇ ਦੇ ਕਤਲ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੂਰੇ ਪੰਜਾਬ ਅਤੇ ਭਾਰਤ ਨੂੰ ਦੁੱਖ ਪਹੁੰਚਾਇਆ ਹੈ, ਕਿਉਂਕਿ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ।
ਖਲੀ ਨੇ ਕਿਹਾ ਕਿ ਉਹ ਹਮੇਸ਼ਾ ਨਸ਼ਿਆਂ ਦੇ ਖ਼ਿਲਾਫ਼ ਖੜ੍ਹੇ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਬਣਾਈ ਰੱਖਣ ਅਤੇ ਤੈਸ਼ ਵਿੱਚ ਆ ਕੇ ਆਪਣਾ ਆਪਾ ਨਾ ਗੁਆਉਣ। ਉਨ੍ਹਾਂ ਕਿਹਾ ਕਿ ਝੋਟੇ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ, ਇਸ ਲਈ ਲੋਕਾਂ ਨੂੰ ਸਬਰ ਤੋਂ ਕੰਮ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਗਾਇਕ ਕਨ੍ਹੱਈਆ ਮਿੱਤਲ ਨੇ ਵੀ ਕਤਲ ਨੂੰ ਲੈ ਕੇ ਲੋਕਾਂ ਦੇ ਰੋਸ ਦਰਮਿਆਨ ਆਪਣੀ ਇਕਜੁੱਟਤਾ ਪ੍ਰਗਟਾਈ ਸੀ।

