Pakistan Noor Jehan: ਨੂਰ ਜਹਾਂ ਦੀ 100ਵੀਂ ਜਨਮ ਵਰ੍ਹੇਗੰਢ ਮਨਾਉਣਾ ਭੁੱਲੀ ਪਾਕਿਸਤਾਨ ਸਰਕਾਰ
‘ਜਿਸ ਦੇ ਗੀਤ ਅੱਜ ਵੀ ਲੋਕ ਸੁਣਦੇ ਹਨ, ਉਸ ਨੂੰ ਸਰਕਾਰ ਨੇ ਯਾਦ ਤੱਕ ਨਹੀਂ ਕੀਤਾ’: ਮੁਹੰਮਦ ਹਨੀਫ; ਪਾਕਿਸਤਾਨੀ ਲੇਖਕ ਨੇ ਕਿਹਾ- ਨੂਰ ਜਹਾਂ ਸਿਰਫ਼ ਗਾਇਕਾ ਨਹੀਂ, ਦੇਸ਼ ਦੀ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਸੀ
Pakistan Noor Jehan: ਪਾਕਿਸਤਾਨ ਦੀ ਉੱਘੀ ਗਾਇਕਾ ਨੂਰ ਜਹਾਂ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਸਰਕਾਰੀ ਪੱਧਰ ’ਤੇ ਵਿਸ਼ੇਸ਼ ਸਮਾਗਮ ਨਾ ਕਰਵਾਏ ਜਾਣ ਦਾ ਮਾਮਲਾ ਚਰਚਾ ਵਿੱਚ ਹੈ। ਇਸ ਮੁੱਦੇ ’ਤੇ ਪਾਕਿਸਤਾਨੀ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ ਦੀ ਟਿੱਪਣੀ ਨੇ ਵੀ ਧਿਆਨ ਖਿੱਚਿਆ ਹੈ। ਉਨ੍ਹਾਂ ਸਵਾਲ ਪੁੱਛਿਆ ਕਿ ਪਾਕਿਸਤਾਨ ਸਰਕਾਰ ਨੇ ਆਪਣੀ ਸਭ ਤੋਂ ਉੱਘੀ ਗਾਇਕਾਵਾਂ ਵਿੱਚੋਂ ਇੱਕ ਦੀ ਸ਼ਤਾਬਦੀ ਮੌਕੇ ਕੋਈ ਵੱਡਾ ਸਰਕਾਰੀ ਜਸ਼ਨ ਕਿਉਂ ਨਹੀਂ ਕੀਤਾ।
ਨੂਰ ਜਹਾਂ ਦਾ ਜਨਮ 21 ਸਤੰਬਰ 1926 ਨੂੰ ਕਸੂਰ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਅੱਲ੍ਹਾ ਵਸਾਈ ਸੀ। ਬਚਪਨ ਤੋਂ ਹੀ ਗਾਇਕੀ ਅਤੇ ਅਦਾਕਾਰੀ ਨਾਲ ਜੁੜੀ ਨੂਰ ਜਹਾਂ ਨੇ ਅੱਗੇ ਚੱਲ ਕੇ ਦੱਖਣੀ ਏਸ਼ੀਆ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਗਾਇਕਾਵਾਂ ਵਿੱਚ ਆਪਣੀ ਥਾਂ ਬਣਾਈ। ਛੇ ਦਹਾਕਿਆਂ ਤੋਂ ਵੱਧ ਲੰਮੇ ਕਰੀਅਰ ਦੌਰਾਨ ਉਨ੍ਹਾਂ ਨੇ ਉਰਦੂ, ਪੰਜਾਬੀ ਅਤੇ ਸਿੰਧੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਲਗਪਗ 10 ਹਜ਼ਾਰ ਗੀਤ ਗਾਏ। ਪਾਕਿਸਤਾਨ ਵਿੱਚ ਉਨ੍ਹਾਂ ਨੂੰ ‘ਮਲਿਕਾ-ਏ-ਤਰੰਨੁਮ’ ਅਤੇ ‘ਕੁਈਨ ਆਫ਼ ਮੈਲੋਡੀ’ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਮਹੱਤਤਾ ਸਿਰਫ਼ ਫਿਲਮੀ ਗੀਤਾਂ ਤੱਕ ਸੀਮਤ ਨਹੀਂ ਰਹੀ। 1960 ਦੇ ਦਹਾਕੇ ਵਿੱਚ ਪਾਕਿਸਤਾਨ-ਭਾਰਤ ਜੰਗ ਦੇ ਦੌਰਾਨ ਨੂਰ ਜਹਾਂ ਵੱਲੋਂ ਗਾਏ ਦੇਸ਼ਭਗਤੀ ਦੇ ਗੀਤ ਪਾਕਿਸਤਾਨ ਦੀ ਰਾਸ਼ਟਰੀ ਯਾਦ ਦਾ ਹਿੱਸਾ ਬਣ ਗਏ। ਉਨ੍ਹਾਂ ਦੀ ਆਵਾਜ਼ ਵਿੱਚ ਗਾਏ ਕਈ ਕੌਮੀ ਗੀਤ ਅੱਜ ਵੀ ਪਾਕਿਸਤਾਨ ਵਿੱਚ ਸੁਣੇ ਜਾਂਦੇ ਹਨ।
ਇਸੇ ਕਾਰਨ ਨੂਰ ਜਹਾਂ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਲੈ ਕੇ ਸਰਕਾਰੀ ਪੱਧਰ ਦੀ ਕਥਿਤ ਖਾਮੋਸ਼ੀ ’ਤੇ ਸਵਾਲ ਉੱਠੇ ਹਨ। ਪਾਕਿਸਤਾਨੀ ਅਦਾਕਾਰ ਅਤੇ ਨੂਰ ਜਹਾਂ ਦੇ ਦੋਹਤੇ ਅਹਿਮਦ ਅਲੀ ਬੱਟ ਨੇ ਵੀ ਇਸ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਦਾਦੀ ਦੀ ਯਾਦ ਵਿੱਚ ਨਾ ਵਿਸ਼ੇਸ਼ ਟੀਵੀ ਪ੍ਰੋਗਰਾਮ ਹੋਏ, ਨਾ ਸਰਕਾਰ ਵੱਲੋਂ ਕੋਈ ਅਧਿਕਾਰਤ ਸ਼ਰਧਾਂਜਲੀ ਅਤੇ ਨਾ ਹੀ ਲਾਹੌਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਕੋਈ ਪੋਸਟਰ ਨਜ਼ਰ ਆਇਆ। ਉਨ੍ਹਾਂ ਨੇ ਕਿਹਾ ਕਿ ਜੇ ਨੂਰ ਜਹਾਂ ਦੇ ਗੀਤ ਅੱਜ ਵੀ ਲੋਕ ਨਾ ਸੁਣਦੇ ਹੁੰਦੇ ਤਾਂ ਸ਼ਾਇਦ ਰਾਜ ਉਨ੍ਹਾਂ ਨੂੰ ਪੂਰੀ ਤਰ੍ਹਾਂ ਭੁੱਲ ਚੁੱਕਾ ਹੁੰਦਾ।
‘ਆਪਣੀ ਸੱਭਿਆਚਾਰਕ ਪਛਾਣ ਨੂੰ ਭੁੱਲਣ ਦਾ ਸਵਾਲ’
ਮੁਹੰਮਦ ਹਨੀਫ ਦੀ ਟਿੱਪਣੀ ਨੂੰ ਵੀ ਇਸੇ ਵੱਡੇ ਸੱਭਿਆਚਾਰਕ ਸਵਾਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨੂਰ ਜਹਾਂ ਵਰਗੀ ਕਲਾਕਾਰ ਦੀ ਸ਼ਤਾਬਦੀ ਸਿਰਫ਼ ਇੱਕ ਗਾਇਕਾ ਦਾ ਜਨਮ ਦਿਨ ਨਹੀਂ, ਸਗੋਂ ਪਾਕਿਸਤਾਨ ਦੇ ਸੰਗੀਤਕ ਅਤੇ ਫਿਲਮੀ ਇਤਿਹਾਸ ਨਾਲ ਜੁੜੀ ਇੱਕ ਵੱਡੀ ਯਾਦ ਹੈ। ਇਸ ਲਈ ਸਵਾਲ ਇਹ ਹੈ ਕਿ ਜਿਸ ਕਲਾਕਾਰ ਦੀ ਆਵਾਜ਼ ਨੇ ਦਹਾਕਿਆਂ ਤੱਕ ਪਾਕਿਸਤਾਨ ਦੀ ਸੱਭਿਆਚਾਰਕ ਪਛਾਣ ਨੂੰ ਪ੍ਰਭਾਵਿਤ ਕੀਤਾ, ਉਸ ਦੀ 100ਵੀਂ ਜਨਮ ਵਰ੍ਹੇਗੰਢ ਸਰਕਾਰੀ ਪੱਧਰ ’ਤੇ ਕਿੰਨੀ ਵੱਡੀ ਤਰਜੀਹ ਹਾਸਲ ਕਰਦੀ ਹੈ।
ਨੂਰ ਜਹਾਂ ਦੀ ਜ਼ਿੰਦਗੀ ਅਤੇ ਕਰੀਅਰ ਇਸ ਗੱਲ ਦੀ ਵੀ ਮਿਸਾਲ ਹੈ ਕਿ ਕਿਵੇਂ ਇੱਕ ਕਲਾਕਾਰ ਦੀ ਪਛਾਣ ਸਰਹੱਦਾਂ ਤੋਂ ਪਾਰ ਹੋ ਕੇ ਪੂਰੇ ਦੱਖਣੀ ਏਸ਼ੀਆ ਨਾਲ ਜੁੜ ਸਕਦੀ ਹੈ। ਉਨ੍ਹਾਂ ਨੇ ਭਾਰਤ ਵਿੱਚ ਵੀ ਫਿਲਮਾਂ ਅਤੇ ਗੀਤਾਂ ਰਾਹੀਂ ਆਪਣੀ ਪਛਾਣ ਬਣਾਈ ਅਤੇ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੀ ਗਈ। ਉੱਥੇ ਉਨ੍ਹਾਂ ਨੇ ਫਿਲਮਾਂ ਵਿੱਚ ਅਦਾਕਾਰੀ ਕਰਨ ਤੋਂ ਬਾਅਦ ਆਪਣਾ ਪੂਰਾ ਧਿਆਨ ਗਾਇਕੀ ਵੱਲ ਕਰ ਦਿੱਤਾ।
ਪਾਕਿਸਤਾਨੀ ਮੀਡੀਆ ਵਿੱਚ ਛਪੀ ਰਿਪੋਰਟਾਂ ਮੁਤਾਬਕ ਨੂਰ ਜਹਾਂ ਦੀ 100ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਦੇ ਗੀਤਾਂ, ਜੀਵਨ ਅਤੇ ਵਿਰਾਸਤ ਨੂੰ ਯਾਦ ਕਰਨ ਲਈ ਕੁਝ ਸੱਭਿਆਚਾਰਕ ਸਰਗਰਮੀਆਂ ਜ਼ਰੂਰ ਹੋਈਆਂ, ਪਰ ਸਰਕਾਰੀ ਪੱਧਰ ’ਤੇ ਵੱਡੇ ਪੱਧਰ ਦੀ ਵਰ੍ਹੇਗੰਢ ਨਾ ਮਨਾਏ ਜਾਣ ਕਾਰਨ ਸਵਾਲ ਖੜ੍ਹੇ ਹੋਏ। ਨੂਰ ਜਹਾਂ ਦੀ ਵਿਰਾਸਤ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਦੇਸ਼ ਨੂੰ ਆਪਣੇ ਕਲਾਕਾਰਾਂ ਦੇ ਕੰਮ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਹੋਰ ਕੁਝ ਕਰਨ ਦੀ ਲੋੜ ਹੈ।
ਨੂਰ ਜਹਾਂ ਦਾ ਦੇਹਾਂਤ 23 ਦਸੰਬਰ 2000 ਨੂੰ ਹੋਇਆ ਸੀ ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਪਾਕਿਸਤਾਨ ਅਤੇ ਪੂਰੇ ਦੱਖਣੀ ਏਸ਼ੀਆ ਵਿੱਚ ਸੁਣੀ ਜਾਂਦੀ ਹੈ। ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ਨੇ ਇੱਕ ਵਾਰ ਫਿਰ ਇਹ ਚਰਚਾ ਛੇੜ ਦਿੱਤੀ ਹੈ ਕਿ ਕਿਸੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਸਰਕਾਰ ਅਤੇ ਸੰਸਥਾਵਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ।
ਨੂਰ ਜਹਾਂ ਦੇ ਮਕਬੂਲ ਗੀਤ
“ਚਾਂਦਨੀ ਰਾਤੇਂ” — ਬਹੁਤ ਮਸ਼ਹੂਰ ਰੋਮਾਂਟਿਕ ਗੀਤ।
“ਸਾਨੂੰ ਨਹਿਰ ਵਾਲੇ ਪੁਲ ’ਤੇ ਬੁਲਾ ਕੇ” — ਪੰਜਾਬੀ ਦਾ ਬੇਹੱਦ ਲੋਕਪ੍ਰਿਯ ਗੀਤ।
“ਆਵਾਜ਼ ਦੇ ਕਹਾਂ ਹੈਂ” — ਉਨ੍ਹਾਂ ਦੇ ਸਭ ਤੋਂ ਯਾਦਗਾਰ ਗੀਤਾਂ ਵਿੱਚੋਂ ਇੱਕ।
“ਜਵਾਂ ਹੈਂ ਮੁਹੱਬਤ” — ਫਿਲਮੀ ਗੀਤਾਂ ਵਿੱਚ ਖਾਸ ਮਕਬੂਲ“
“ਮੁਝ ਸੇ ਪਹਿਲੀ ਸੀ ਮੁਹੱਬਤ” — ਫੈਜ਼ ਅਹਿਮਦ ਫੈਜ਼ ਦੀ ਮਸ਼ਹੂਰ ਨਜ਼ਮ, ਜਿਸ ਨੂੰ ਨੂਰ ਜਹਾਂ ਨੇ ਆਪਣੀ ਆਵਾਜ਼ ਦਿੱਤੀ।
ਮੁਹੰਮਦ ਹਨੀਫ ਨੇ ਨੂਰ ਜਹਾਂ ਦੀ ਲੋਕਪ੍ਰਿਯਤਾ ਦਾ ਦਿੱਤਾ ਹਵਾਲਾ
ਪਾਕਿਸਤਾਨੀ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ ਨੇ ਨੂਰ ਜਹਾਂ ਦੀ 100ਵੀਂ ਜਨਮ ਵਰ੍ਹੇਗੰਢ ਮੌਕੇ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਵੱਡਾ ਸਮਾਗਮ ਨਾ ਕਰਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਅੱਜ ਵੀ ਲੋਕਪ੍ਰਿਯਤਾ ਕਾਇਮ ਹੈ। ਹਨੀਫ ਨੇ ਕਿਹਾ ਕਿ ਨੂਰ ਜਹਾਂ ਦੇ ਗੀਤ ਅੱਜ ਵੀ ਲੋਕ ਬੜੇ ਚਾਅ ਨਾਲ ਸੁਣਦੇ ਹਨ।
ਉਨ੍ਹਾਂ ਕਿਹਾ ਕਿ ਨੂਰ ਜਹਾਂ ਦੀ ਆਵਾਜ਼ ਸਿਰਫ਼ ਪੁਰਾਣੇ ਗੀਤਾਂ ਜਾਂ ਪੁਰਾਣੀਆਂ ਫਿਲਮਾਂ ਤੱਕ ਸੀਮਤ ਨਹੀਂ ਹੋਈ। ਅੱਜ ਵੀ ਲੋਕ ਰਿਕਸ਼ਿਆਂ ’ਤੇ ਬੈਠੇ ਅਤੇ ਟਰੈਕਟਰ-ਟਰਾਲੀਆਂ ’ਤੇ ਜਾਂਦੇ ਹੋਏ ਨੂਰ ਜਹਾਂ ਦੇ ਗੀਤ ਸੁਣਦੇ ਹਨ। ਹਨੀਫ ਦੀ ਇਹ ਗੱਲ ਇਸ ਪੱਖ ਵੱਲ ਧਿਆਨ ਦਿਵਾਉਂਦੀ ਹੈ ਕਿ ਨੂਰ ਜਹਾਂ ਦੇ ਗੀਤਾਂ ਦੀ ਪਹੁੰਚ ਪਾਕਿਸਤਾਨ ਦੀਆਂ ਆਮ ਗਲੀਆਂ ਅਤੇ ਪਿੰਡਾਂ ਤੱਕ ਅੱਜ ਵੀ ਬਣੀ ਹੋਈ ਹੈ।
ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਲੈ ਕੇ ਸਰਕਾਰੀ ਪੱਧਰ ’ਤੇ ਵੱਡਾ ਜਸ਼ਨ ਨਾ ਮਨਾਏ ਜਾਣ ਦੇ ਸੰਦਰਭ ਵਿੱਚ ਹਨੀਫ ਦੀ ਟਿੱਪਣੀ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਜਦੋਂ ਇੱਕ ਕਲਾਕਾਰ ਦੀ ਆਵਾਜ਼ ਨੂੰ ਲੋਕ ਦਹਾਕਿਆਂ ਬਾਅਦ ਵੀ ਯਾਦ ਰੱਖ ਰਹੇ ਹਨ ਤਾਂ ਉਸ ਦੀ ਵਿਰਾਸਤ ਨੂੰ ਸਰਕਾਰੀ ਤੌਰ ’ਤੇ ਕਿੰਨੀ ਅਹਿਮੀਅਤ ਦਿੱਤੀ ਜਾ ਰਹੀ ਹੈ।

