Padma Vibhushan: Dharmendra ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਸਨਮਾਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ Harmanpreet kaur ਨੂੰ ਪਦਮ ਸ੍ਰੀ; ਵਾਇਲਨ ਵਾਦਕ ਐਨ ਰਾਜਮ ਨੂੰ ਪਦਮ ਵਿਭੂਸ਼ਣ ਅਤੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਤੇ ਉਦੈ ਕੋਟਕ ਨੂੰ ਪਦਮ ਭੂਸ਼ਣ ਸਨਮਾਨ
ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਭਾਰਤੀ ਸਿਨੇਮਾ ਦੇ ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਪਦਮ ਵਿਭੂਸ਼ਣ' ਨਾਲ ਨਿਵਾਜਿਆ ਗਿਆ ਹੈ। ਇਹ ਵੱਕਾਰੀ ਪੁਰਸਕਾਰ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਰਾਸ਼ਟਰਪਤੀ ਭਵਨ ਵਿਚ ਕਰਵਾਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਾਪਤ ਕੀਤਾ। ਫਿਲਮੀ ਜਗਤ ਵਿੱਚ ਧਰਮਿੰਦਰ ਦੇ ਬੇਮਿਸਾਲ ਯੋਗਦਾਨ ਅਤੇ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇ ਸਫ਼ਰ ਨੂੰ ਸਨਮਾਨ ਦੇਣ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਉੱਚ ਪੱਧਰੀ ਪੁਰਸਕਾਰ ਲਈ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ।
ਰਾਸ਼ਟਰਪਤੀ ਨੇ ਸੰਗੀਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਉੱਘੇ ਵਾਇਲਨ ਵਾਦਕ ਐਨ ਰਾਜਮ ਨੂੰ ਵੀ 'ਪਦਮ ਵਿਭੂਸ਼ਣ' ਸਨਮਾਨ ਨਾਲ ਸਨਮਾਨਿਤ ਕੀਤਾ। ਕਲਾ ਅਤੇ ਸੰਗੀਤ ਦੀ ਦੁਨੀਆ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਦੇਸ਼ ਭਰ ਵਿੱਚ ਸ਼ਲਾਘਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਖੇਤਰਾਂ ਦੀਆਂ ਮਾਣਯੋਗ ਸ਼ਖਸੀਅਤਾਂ ਨੂੰ 'ਪਦਮ ਭੂਸ਼ਣ' ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਉਨ੍ਹਾਂ ਦੀਆਂ ਜਨਤਕ ਅਤੇ ਰਾਜਨੀਤਕ ਸੇਵਾਵਾਂ ਲਈ ਅਤੇ ਦੇਸ਼ ਦੇ ਦਿੱਗਜ਼ ਬੈਂਕਰ ਉਦੈ ਕੋਟਕ ਨੂੰ ਆਰਥਿਕ ਤੇ ਬੈਂਕਿੰਗ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਹ ਵੱਕਾਰੀ ਸਨਮਾਨ ਭੇਂਟ ਕੀਤਾ ਗਿਆ।
ਰਾਸ਼ਟਰਪਤੀ ਮੁਰਮੂ ਨੇ ਭਾਰਤ ਦੀ ਚੁਣੌਤੀਪੂਰਨ ਕਲਾਸੀਕਲ ਕਲਾ 'ਅਵਧਾਨ' ਨੂੰ ਦੁਬਾਰਾ ਜਿਉਂਦਾ ਕਰਨ ਵਾਲੇ ਪ੍ਰਸਿੱਧ ਅਤੇ ਬਹੁਮੁਖੀ ਵਿਦਵਾਨ ਸ਼ਤਾਵਧਾਨੀ ਆਰ ਗਣੇਸ਼ ਅਤੇ ਪੇਟ ਦੇ ਰੋਗਾਂ ਦੇ ਮਾਹਿਰ (ਗੈਸਟਰੋਐਂਟਰੋਲੋਜਿਸਟ) ਕਾਲੀਪੱਟੀ ਰਾਮਾਸਾਮੀ ਪਲਾਨੀਸਵਾਮੀ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ। ਰਾਸ਼ਟਰਪਤੀ ਨੇ ਮਸ਼ਹੂਰ ਵਿਗਿਆਪਨ ਗੁਰੂ ਪੀਯੂਸ਼ ਪਾਂਡੇ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਕੁਮਾਰ ਮਲਹੋਤਰਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਨਿਵਾਜਿਆ। ਪਾਂਡੇ ਦੀ ਜਗ੍ਹਾ ਉਨ੍ਹਾਂ ਦੀ ਪਤਨੀ ਅਤੇ ਮਲਹੋਤਰਾ ਦੀ ਜਗ੍ਹਾ ਉਨ੍ਹਾਂ ਦੇ ਸਪੁੱਤਰ ਨੇ ਇਹ ਪੁਰਸਕਾਰ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਮਸ਼ਹੂਰ ਅਦਾਕਾਰ ਪ੍ਰੋਸੇਨਜੀਤ ਚੈਟਰਜੀ, ਪੈਰਾ ਐਥਲੀਟ ਪਰਵੀਨ ਕੁਮਾਰ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੇ ਸਾਬਕਾ ਡਾਇਰੈਕਟਰ ਜਨਰਲ ਕੇ ਵਿਜੇ ਕੁਮਾਰ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਸ਼ਾਨਦਾਰ ਸਮਾਰੋਹ ਰਾਸ਼ਟਰਪਤੀ ਭਵਨ ਦੇ 'ਗਣਤੰਤਰ ਮੰਡਪ' ਵਿੱਚ ਕਰਵਾਇਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਸਾਲ 2026 ਲਈ, ਰਾਸ਼ਟਰਪਤੀ ਨੇ ਕੁੱਲ 131 ਪਦਮ ਪੁਰਸਕਾਰ ਦੇਣ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ। ਇਹ ਪੁਰਸਕਾਰ ਦੋ ਵੱਖ-ਵੱਖ ਨਾਗਰਿਕ ਸਨਮਾਨ ਸਮਾਰੋਹਾਂ ਦੌਰਾਨ ਦਿੱਤੇ ਜਾਣਗੇ। ਦੱਸ ਦੇਈਏ ਕਿ ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਖ਼ਾਸ ਮੌਕੇ 'ਤੇ ਕੀਤਾ ਜਾਂਦਾ ਹੈ।

