ਸੰਗੀਤ ਦੇ ਦੁਰਲੱਭ ਖ਼ਜ਼ਾਨੇ ਦਾ ਮਾਲਕ
ਨਾਈਵਾਲਾ ਉਰਫ਼ ਸ਼ੇਰ ਸਿੰਘ ਵਾਲਾ ਦਾ ਸਰਪੰਚ ਗੁਰਮੁਖ ਸਿੰਘ ਲਾਲੀ ਚੁੱਪ-ਚੁਪੀਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਕੋਲ ਭੁੱਲੇ-ਵਿਸਰੇ ਦੁਰਲੱਭ ਗੀਤਾਂ ਦੀ ਅਤੇ ਇਨ੍ਹਾਂ ਗੀਤਾਂ ਨੂੰ ਵਜਾਉਣ ਵਾਲੇ ਸਾਧਨਾਂ ਦੀ ਦੇਸ਼ ਵਿੱਚ ਸਭ ਤੋਂ ਵੱਡੀ ਸੰਗੀਤਕ ਲਾਇਬ੍ਰੇਰੀ ਹੈ। ਲਾਇਬ੍ਰੇਰੀ...
ਨਾਈਵਾਲਾ ਉਰਫ਼ ਸ਼ੇਰ ਸਿੰਘ ਵਾਲਾ ਦਾ ਸਰਪੰਚ ਗੁਰਮੁਖ ਸਿੰਘ ਲਾਲੀ ਚੁੱਪ-ਚੁਪੀਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਕੋਲ ਭੁੱਲੇ-ਵਿਸਰੇ ਦੁਰਲੱਭ ਗੀਤਾਂ ਦੀ ਅਤੇ ਇਨ੍ਹਾਂ ਗੀਤਾਂ ਨੂੰ ਵਜਾਉਣ ਵਾਲੇ ਸਾਧਨਾਂ ਦੀ ਦੇਸ਼ ਵਿੱਚ ਸਭ ਤੋਂ ਵੱਡੀ ਸੰਗੀਤਕ ਲਾਇਬ੍ਰੇਰੀ ਹੈ। ਲਾਇਬ੍ਰੇਰੀ ਨਾਲੋਂ ਇਸ ਨੂੰ ਮਿਊਜ਼ੀਅਮ ਕਹਿਣਾ ਵਧੇਰੇ ਠੀਕ ਸ਼ਬਦ ਹੈ। ਮੈਨੂੰ ਇਸ ਦੁਰਲੱਭ ਭੰਡਾਰ ਨੂੰ ਵੇਖਣ ਦਾ ਮੌਕਾ ਮਿਲਿਆ ਹੈ।
ਘਰ ਦੀ ਉੱਪਰਲੀ ਪੂਰੀ ਮੰਜ਼ਿਲ ਸੰਗੀਤਕ ਮਿਊਜ਼ੀਅਮ ਨੂੰ ਸਮਰਪਿਤ ਹੈ। ਕਮਰਿਆਂ ਵਿੱਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈ। ਇੰਨਾ ਵਿਸ਼ਾਲ ਭੰਡਾਰ, ਪੁਰਾਣੇ ਤੋਂ ਪੁਰਾਣੇ ਰਿਕਾਰਡ, ਗ੍ਰਾਮਾਫੋਨ, ਡੈੱਕ, ਸਪੀਕਰ, ਟੇਪ ਰਿਕਾਰਡਰ, ਰੇਡੀਓ, ਤਬਲੇ, ਢੋਲਕੀਆਂ, ਹਾਰਮੋਨੀਅਮ, ਬੈਂਜੋ, ਬਾਂਸਰੀਆਂ ਆਦਿ। ਉਸ ਕੋਲ ਅਜਿਹੇ ਸਾਜ਼ ਹਨ ਜਿਹੜੇ ਮੈਂ ਇੱਥੇ ਪਹਿਲੀ ਵਾਰ ਵੇਖੇ।
ਗੁਰਮੁਖ ਸਿੰਘ ਲਾਲੀ ਦਾ ਪਿਤਾ ਜਥੇਦਾਰ ਪ੍ਰਗਟ ਸਿੰਘ, ਸ਼ੇਰ ਸਿੰਘ ਵਾਲਾ ਦਾ ਸਰਪੰਚ ਰਿਹਾ ਹੈ। ਲਾਲੀ ਨੇ ਆਪਣੇ ਪਿਤਾ ਦੇ ਨਾਮ ’ਤੇ ਹੀ ‘ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੱਭਿਆਚਾਰਕ ਹੈਰੀਟੇਜ਼ ਸੰਗੀਤਕ ਲਾਇਬ੍ਰੇਰੀ’ ਸਥਾਪਿਤ ਕੀਤੀ ਹੈ। ਉਹ ਖ਼ੁਦ ਗ੍ਰੈਜੂਏਟ ਸੀ ਤੇ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਮੈਨੇਜਰ ਵਜੋਂ ਸੇਵਾਮੁਕਤ ਹੋਇਆ ਸੀ। ਉਹ ‘ਪੰਜਾਬ ਸਾਹਿਤ ਕਲਾ ਸੰਗਮ ਦਿੱਲੀ’ ਅਤੇ ‘ਗੁਰੂ ਕਾਸ਼ੀ ਸੱਭਿਆਚਾਰਕ ਇਤਿਹਾਸਕ ਵਿਚਾਰ ਕੇਂਦਰ’ ਦਾ ਮੈਂਬਰ ਵੀ ਸੀ। ਲਾਲੀ ‘ਪੰਜਾਬ ਰਾਜ ਸਹਿਕਾਰੀ ਬੈਂਕ ਮੁਲਾਜ਼ਮ ਜਥੇਬੰਦੀ ਵਿੱਚ ਸਟੇਟ ਪੱਧਰ ਦੀ ਕਾਰਜਕਾਰਨੀ ਦਾ ਮੈਂਬਰ ਵੀ ਸੀ ਤੇ ‘ਅਲਾਪ ਸੁਸਾਇਟੀ ਬਠਿੰਡਾ’ ਦਾ ਵੀ ਸਰਗਰਮ ਮੈਂਬਰ ਸੀ।
ਜਦੋਂ ਉਹ ਆਪਣੀ ਵਿਲੱਖਣ ਅਤੇ ਬਹੁਮੁੱਲੀ ਲਾਇਬ੍ਰੇਰੀ ਵਿੱਚ ਆ ਕੇ ਕੁਰਸੀ ਜੋਗਾ ਥਾਂ ਬਣਾ ਕੇ ਬੈਠਦਾ ਸੀ ਤਾਂ ਇਸ ਤਰ੍ਹਾਂ ਮਾਣ ਨਾਲ ਭਰਿਆ ਹੁੰਦਾ ਸੀ ਜਿਵੇਂ ਕੋਈ ਸ਼ਹਿਨਸ਼ਾਹ ਆਪਣੇ ਦਰਬਾਰ ਵਿੱਚ ਬੈਠਾ ਹੋਵੇ। ਉਸ ਨੇ ਆਖਣਾ; ‘ਦੱਸੋ ਕਿਹੜਾ ਗੀਤ ਸੁਣਨਾ ਹੈ, ਜਿਹੜਾ ਸੰਸਾਰ ਵਿੱਚ ਕਿਧਰੇ ਨਹੀਂ ਮਿਲਦਾ, ਉਹ ਮੇਰੇ ਕੋਲ ਹੈ।’
ਲਾਲੀ ਦੇ ਇਸ ਸ਼ਾਹੀ ਖ਼ਜ਼ਾਨੇ ਵਿੱਚ ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਜੱਸੋਵਾਲ, ਮਲਕੀਤ ਸਿੰਘ ਕੀਤੂ, ਬਲਬੀਰ ਸਿੰਘ ਘੁੰਨਸ, ਹੰਸ ਰਾਜ ਹੰਸ ਆਦਿ ਬੜੀ ਲੰਮੀ ਸੂਚੀ ਹੈ, ਜੋ ਆ ਚੁੱਕੇ ਹਨ। ਇਸ ਸੰਗੀਤਕ ਲਾਇਬ੍ਰੇਰੀ ਵਿੱਚ ਅਜਿਹੇ ਰਿਕਾਰਡ ਹਨ ਜਿਹੜੇ ਪੰਜ ਪੰਜ ਲੱਖ ਨੂੰ ਵੀ ਨਹੀਂ ਮਿਲਦੇ। ਵਿਸ਼ਵ ਦੇ ਵੱਡੇ ਨੇਤਾਵਾਂ ਦੇ ਦੁਰਲੱਭ ਭਾਸ਼ਣਾਂ ਦੇ ਰਿਕਾਰਡ ਵੀ ਹਨ। ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਸੰਤ ਰਾਮ ਉਦਾਸੀ ਹੋਰਾਂ ਦੀਆਂ ਆਵਾਜ਼ਾਂ, ਜਵਾਹਰ ਲਾਲ ਨਹਿਰੂ ਦਾ ਭਾਸ਼ਣ, ਅਮਰੀਕਾ ਦੇ ਰਾਸ਼ਟਰਪਤੀ ਦਾ ਭਾਸ਼ਣ ਇਸ ਲਾਇਬ੍ਰੇਰੀ ਵਿੱਚ ਮੌਜੂਦ ਹਨ। ਲਾਲੀ ਨੇ ਦੱਸਿਆ ਸੀ :
ਗੁਰੂ ਅਰਜਨ ਦੇਵ ਜੀ ਬਾਰੇ ਅਤੇ ਖਾਲਸਾ ਪੰਥ ਦੇ ਸਥਾਪਨਾ ਦਿਵਸ ’ਤੇ ਬਣਾਈ ਗਈ ਧਾਰਮਿਕ ਦਸਤਾਵੇਜ਼ੀ ਫਿਲਮ ਲਈ ਧਾਰਮਿਕ ਸੰਗੀਤ ਦੀ ਘਾਟ ਇਸੇ ਲਾਇਬ੍ਰੇਰੀ ਨੇ ਪੂਰੀ ਕੀਤੀ ਸੀ, ਜਦੋਂ ਉਸ ਨੇ ਦੱਸਿਆ; ਮੇਰੇ ਕੋਲ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਸੁਭਾਸ਼ ਚੰਦਰ ਬੋਸ, ਰਜਿੰਦਰ ਪ੍ਰਸਾਦ, ਡਾ. ਰਾਧਾ ਕ੍ਰਿਸ਼ਨਨ, ਡਾ. ਜ਼ਾਕਿਰ ਹੁਸੈਨ, ਇਬਰਾਹਿਮ ਲਿੰਕਨ ਅਤੇ ਕੈਨੇਡੀ ਜਿਹੀਆਂ ਹਸਤੀਆਂ ਦੇ ਭਾਸ਼ਣਾਂ ਦੇ ਵੀ ਰਿਕਾਰਡ ਹਨ।’ ਤਾਂ ਕੋਈ ਵੀ ਸੁਣਨ ਵਾਲਾ ਹੈਰਾਨ ਰਹਿ ਜਾਂਦਾ ਹੈ। ਗੁਰਮੁਖ ਸਿੰਘ ਲਾਲੀ ਦਾ ਨਾਮ ਲਿਮਕਾ ਬੁੱਕ ਵਿੱਚ ਦਰਜ ਹੈ। ਇੰਡੀਆ ਬੁੱਕ ਰਿਕਾਰਡ ਵਿੱਚ ਵੀ ਉਸ ਦਾ ਨਾਮ ਸ਼ਾਮਲ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ (ਮਰਹੂਮ) ਸੁਸ਼ਮਾ ਸਵਰਾਜ ਵੱਲੋਂ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ। ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਸੀ।
ਗੁਰਮੁਖ ਸਿੰਘ ਲਾਲੀ ਦਾ ਜਨਮ 20 ਅਗਸਤ 1956 ਨੂੰ ਹੋਇਆ ਸੀ। ਉਸ ਦੀ ਰਹਿਣੀ ਬਹਿਣੀ ਬੜੀ ਸਾਧਾਰਨ ਸੀ। ਇੰਨੇ ਵੱਡੇ ਸੰਗੀਤਕ ਭੰਡਾਰ ਦਾ ਮਾਲਕ ਹੋਣ ਕਾਰਨ ਉਸ ਨੂੰ ਕੋਈ ਗੁਮਾਨ ਨਹੀਂ ਸੀ। ਸੁਭਾਅ ਪੱਖੋਂ ਉਹ ਹਰ ਇੱਕ ਨੂੰ ਖਿੜੇ ਮੱਥੇ ਮਿਲਦਾ ਸੀ। ਲਾਲੀ ਨੇ ਇਕੱਲਿਆਂ ਸੰਗੀਤ ਦਾ ਇੰਨਾ ਵੱਡਾ ਅਨਮੋਲ ਖ਼ਜ਼ਾਨਾ ਸਥਾਪਿਤ ਕੀਤਾ ਜੋ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵੀ ਨਹੀਂ ਕਰ ਸਕਦੀਆਂ। ਸਰਕਾਰ ਜਾਂ ਸਰਕਾਰੀ ਅਦਾਰਿਆਂ ਨੂੰ ਚਾਹੀਦਾ ਹੈ ਕਿ ਲਾਲੀ ਦੇ ਇਸ ਅਨਮੋਲ ਸੱਭਿਆਚਾਰਕ ਖ਼ਜ਼ਾਨੇ ਨੂੰ ਮਾਨਤਾ ਦੇ ਕੇ ਇਸ ਭੰਡਾਰ ਦਾ ਡਿਜੀਟਲ ਰਿਕਾਰਡ ਤਿਆਰ ਕਰੇ ਤੇ ਇਸ ਮਿਊਜ਼ੀਅਮ ਦੀ ਬਕਾਇਦਾ ਦੇਖਭਾਲ ਕਰੇ। ਇਹੀ ਗੁਰਮੁਖ ਸਿੰਘ ਲਾਲੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ। ਅੱਠ ਮਾਰਚ ਨੂੰ ਇਸ ਸੰਗੀਤਕ ਪ੍ਰੇਮੀ ਦੀ ਅੰਤਿਮ ਅਰਦਾਸ ਹੈ।
ਸੰਪਰਕ: 98147-83069

