DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

ਸਾਡੇ ਰਿਸ਼ਤਿਆਂ, ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜ੍ਹੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਨ੍ਹਾਂ ਦੇ ਫਿੱਕੇ ਪੈਣ ਦਾ ਕਾਰਨ...

  • fb
  • twitter
  • whatsapp
  • whatsapp
featured-img featured-img
Punjabi sikh family celebrating,meeting and greeting on lohri or baisakhi festival at home, People of punjab, Culture of india. Togetherness and bonding.
Advertisement

ਸਾਡੇ ਰਿਸ਼ਤਿਆਂ, ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜ੍ਹੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਨ੍ਹਾਂ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜ਼ਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਨ੍ਹਾਂ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ। ਬਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸ਼ਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ।

ਉਦਾਹਰਨ ਵਜੋਂ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ, ਧਰਮਾਂ ਦੀ ਰਜ਼ਾਮੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਾਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ। ਸਮਾਜ ਵਿੱਚ ਆਪਣੀਆਂ ਜ਼ਿੱਦਾਂ, ਅਖੌਤੀ ਇੱਜ਼ਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ ਮਾਪੇ ਆਪਣੇ ਸਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ। ਸਭ ਤੋਂ ਨੇੜਲੇ ਅਤੇ ਪਿਆਰੇ ਰਿਸ਼ਤੇ ਦੇ ਪੁੱਤ-ਧੀ ਕਤਲ ਕਰਕੇ ਲਾਸ਼ਾਂ ਬਣਾ ਦਿੱਤੇ ਜਾਂਦੇ ਹਨ ਅਤੇ ਮਾਂ-ਪਿਉ ਕਾਤਲ ਬਣ ਜਾਂਦੇ ਹਨ। ਜਿਸ ਸਮਾਜ ਵਿੱਚ ਆਪਣੇ ਆਪ ਨੂੰ ਸਹੀ ਰੱਖਣ ਲਈ ਇਹ ਕਦਮ ਚੁੱਕਿਆ ਜਾਂਦਾ ਹੈ, ਉਹ ਸਮਾਜ ਤੁਰੰਤ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਅੱਧੇ ਕਹਿਣਗੇ ਬੇਇੱਜ਼ਤੀ ਨਾਲੋਂ ਤਾਂ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣਾ ਹੀ ਚੰਗਾ ਹੈ, ਅੱਧੇ ਕਹਿਣਗੇ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣ ਨਾਲੋਂ ਤਾਂ ਬੱਚਿਆਂ ਨਾਲ ਸਹਿਮਤ ਹੋਣਾ ਚੰਗਾ ਸੀ। ਸਮਾਜ ਦੋ ਹਿੱਸਿਆਂ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਜੇ ਕਤਲ ਕਾਰਨ ਵਾਲੇ ਸਮਾਜ ਦਾ ਹਿੱਸਾ ਸਨ ਤਾਂ ਕਤਲ ਹੋਣ ਵਾਲੇ ਵੀ ਸਾਡੇ ਸਮਾਜ ਵਿੱਚੋਂ ਹੀ ਸਨ, ਸੋਚੋ ਅਜਿਹਾ ਕਰਕੇ ਕੀ ਮਿਲਿਆ? ਰਿਸ਼ਤੇ ਵੀ ਗਏ, ਪਿਆਰ ਵੀ ਗਿਆ, ਬੱਚੇ ਵੀ ਗਵਾ ਲਏ, ਆਪਣੀ ਜ਼ਿੰਦਗੀ ਵੀ ਨਰਕ ਬਣਾ ਲਈ ਅਤੇ ਸਮਾਜ ਵੀ ਨਹੀਂ ਰਿਹਾ।

Advertisement

ਇਹ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਿ ਵੱਡੇ (ਮਾਪੇ) ਹੀ ਛੋਟਿਆਂ (ਬੱਚਿਆਂ) ਉੱਤੇ ਆਪਣੀ ਸੋਚ ਥੋਪਦੇ ਹਨ, ਨਹੀਂ। ਸਮੇਂ ਅਨੁਸਾਰ ਛੋਟੇ (ਬੱਚੇ) ਵੀ ਵੱਡਿਆਂ (ਮਾਪਿਆਂ) ਉੱਤੇ ਆਪਣੀ ਸੋਚ ਉਵੇਂ ਹੀ ਥੋਪਦੇ ਹਨ, ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣੀ ਹੋਈ ਹੁੰਦੀ ਹੈ ਜਿਸ ਵਿੱਚ ਆਜ਼ਾਦੀ ਦੀ ਥਾਂ ਗੁਲਾਮੀ ਵਾਲੀ ਸੋਚ ਭਾਰੂ ਹੁੰਦੀ ਹੈ। ਇਸ ਕਾਰਨ ਅਸੀਂ ਇੱਕ-ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਨ੍ਹਾਂ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੇ ਹੁੰਦੇ ਹਾਂ। ਉਦਾਹਰਨ ਵਜੋਂ ਕਿਸੇ ਪਤੀ-ਪਤਨੀ ਵਿੱਚੋਂ ਪਤੀ ਜਾਂ ਪਤਨੀ ਮਰ ਜਾਵੇ ਤਾਂ ਸਾਡਾ ਸਮਾਜ ਉਨ੍ਹਾਂ ਵਿੱਚੋਂ ਬਚੇ ਹੋਏ ਇੱਕ ਵੱਲੋਂ ਦੁਬਾਰਾ ਵਿਆਹ ਕਰਵਾਉਣ ਨੂੰ ਠੀਕ ਨਹੀਂ ਸਮਝਦਾ, ਜਿਵੇਂ ਕਿ ਜੇ ਪਤੀ ਦੀ ਮੌਤ ਤੋਂ ਬਾਅਦ ਪਤਨੀ ਵਿਆਹ ਕਰਵਾਉਣਾ ਚਾਹੇ ਤਾਂ ਪਤਨੀ ਨੂੰ ਸਮਾਜ ਕਹੇਗਾ ਬਸ ਤੇਰੇ ਕਰਮਾਂ ਵਿੱਚ ਪਤੀ ਦਾ ਇੰਨਾ ਹੀ ਸੁੱਖ ਸੀ, ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖ਼ਬਰੈ ਅੱਗੇ ਕਿਹੋ ਜਿਹਾ ਮਾੜਾ ਬੰਦਾ ਟੱਕਰੇਗਾ, ਰੱਬ ਨੇ ਤੈਨੂੰ ਪੁੱਤ-ਧੀ ਦੇ ਦਿੱਤਾ ਹੈ, ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦੀ ਚੰਗੀ ਨਹੀਂ ਲੱਗਦੀ। ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲੇਂਗੀ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ, ਹੁਣ ਤੂੰ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾਂਏਗੀ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ।

Advertisement

ਇਹ ਹੈ ਸਾਡਾ ਪਿਆਰ, ਰਿਸ਼ਤੇ ਅਤੇ ਸਮਾਜ। ਅਜਿਹੇ ਸਮਾਜ ਨੂੰ ਸਵਾਲ ਤਾਂ ਕਰਨਾ ਬਣਦਾ ਹੀ ਹੈ ਕਿ ਕੀ ਮਾਪਿਆਂ ਦੀ ਸੋਚ ਅਨੁਸਾਰ ਹੀ ਬੱਚਿਆਂ ਦਾ ਵਿਆਹ ਕਰਵਾਉਣਾ ਜਾਂ ਕੀ ਬੱਚਿਆਂ ਦੀ ਸੋਚ ਅਨੁਸਾਰ ਹੀ ਮਾਪਿਆਂ ਦਾ ਵਿਆਹ ਨਾ ਕਰਵਾਉਣਾ ਚੰਗਾ ਹੈ? ਕੀ ਇਨਸਾਨ ਦੀ ਆਪਣੀ ਕੋਈ ਜ਼ਿੰਦਗੀ ਨਹੀਂ ਹੈ, ਜੋ ਉਹ ਆਪਣੀ ਸੋਚ ਅਨੁਸਾਰ ਜਿਉਂ ਸਕੇ? ਕੀ ਜ਼ਿੰਦਗੀ ਦਾ ਮਨੋਰਥ ਬੱਚੇ ਪੈਦਾ ਕਰਕੇ ਪਾਲਣ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦਾ? ਅਸੀਂ ਆਪਣੇ ਲਈ ਕਦੋਂ ਜਿਉਣਾ ਸਿੱਖਾਂਗੇ ਜਾਂ ਜਿਉਣ ਲੱਗਾਂਗੇ। ਪਹਿਲਾਂ ਬੱਚੇ ਮਾਪਿਆਂ ਅਨੁਸਾਰ ਜਿਉਣ, ਫਿਰ ਮਾਪੇ ਬੱਚਿਆਂ ਅਨੁਸਾਰ ਜਿਉਣ, ਜਿੰਨਾ ਜਵਾਨ ਬੱਚਿਆਂ ਨੂੰ ਮਾਪਿਆਂ ਵੱਲੋਂ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ ਜਾਂ ਆਪਣੀ ਪਸੰਦ ਦਾ ਵਿਆਹ ਨਾ ਕਰਵਾਉਣ ਦੇਣਾ ਗ਼ਲਤ ਹੈ, ਓਨਾ ਹੀ ਜਵਾਨ ਬੱਚਿਆਂ ਵੱਲੋਂ ਮਾਪਿਆਂ ਨੂੰ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ, ਕੋਈ ਅਣਹੋਣੀ ਹੋਣ ’ਤੇ ਆਪਣੀ ਲੋੜ ਮੁਤਾਬਿਕ ਵਿਆਹ ਨਾ ਕਰਵਾਉਣ ਦੇਣਾ ਜਾਂ ਉਨ੍ਹਾਂ ਦੀਆਂ ਵੰਡੀਆਂ ਪਾਉਣਾ ਵੀ ਗ਼ਲਤ ਹੈ। ਕਿਧਰੇ ਮਾਪੇ ਬੱਚਿਆਂ ਦੇ ਭੋਲੇਪਣ ਜਾਂ ਨਿਆਣੇਪਣ ਅਤੇ ਆਪਣੇ ਵਡੱਪਣ ਦਾ ਲਾਭ ਉਠਾਉਂਦਿਆਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜਾਤੀ ਜਾਂ ਧਾਰਮਿਕ ਰੰਗਾਂ ਵਿੱਚ ਰੰਗ ਰਹੇ ਹਨ।

ਮੈਂ ਅਜਿਹੇ ਮਾਪਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਸਮਝਦਾਰ ਬੱਚੇ ਵੀ ਰੋਂਦੇ ਵੇਖੇ ਹਨ। ਕਿਤੇ ਜਵਾਨ ਹੋਏ ਬੱਚੇ ਆਪਣੀ ਤਾਕਤ ਅਤੇ ਮਾਪਿਆਂ ਦੀ ਬੇਵਸੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਆਪਣੀ ਸੋਚ ਅਨੁਸਾਰ ਮਾਪਿਆਂ ਦੀ ਸੋਚ ਦੇ ਰੰਗਾਂ ਨੂੰ ਉਤਾਰ ਰਹੇ ਹਨ, ਅਜਿਹੇ ਬੱਚਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਾਪੇ ਆਪਣੇ ਹੰਝੂ ਛੁਪਾ ਕੇ ਰੋਂਦੇ ਵੀ ਵੇਖੇ ਹਨ। ਕਈ ਬੱਚੇ ਅੱਡ ਹੋਣ ਸਮੇਂ ਮਾਂ-ਪਿਓ ਨੂੰ ਇਕੱਠਿਆਂ ਰੋਟੀ ਦੇਣ ਦੀ ਥਾਂ ਜਾਇਦਾਦ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਅੱਧੋ ਅੱਧ ਵੰਡ ਕੇ ਵੱਖ ਵੱਖ ਕਰਦਿਆਂ ਇਕੱਲੇ ਇਕੱਲੇ ਨੂੰ ਤੜਫ਼ ਕੇ ਰੋਣ ਲਈ ਮਜਬੂਰ ਕਰ ਦਿੰਦੇ ਹਨ, ਜਿੱਥੇ ਉਨ੍ਹਾਂ ਦੇ ਕੋਈ ਹੰਝੂ ਪੂੰਝਣ ਵਾਲਾ ਵੀ ਨਹੀਂ ਹੁੰਦਾ, ਅਜਿਹੇ ਮਾਪੇ ਆਪਣੇ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਜਾਂਦੇ ਹਨ।

ਮਾਪੇ ਬੱਚਿਆਂ ਦੀ ਖ਼ੁਸ਼ੀ ਲਈ ਹਰ ਸੰਭਵ ਤੇ ਅਸੰਭਵ ਯਤਨ ਕਰਦੇ ਹਨ। ਮਾਪੇ ਆਪਣਾ ਸੁੱਖ ਆਰਾਮ ਤਿਆਗ ਕੇ ਬੱਚਿਆਂ ਦੇ ਵੇਖਣ, ਸੁਣਨ, ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਦੀ ਹਰ ਵਸਤੂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਪਿਆਂ ਨੂੰ ਆਪਣੇ ਮਨਪਸੰਦ ਦਾ ਵੇਖਣਾ, ਸੁਣਨਾ, ਖਾਣਾ-ਪੀਣਾ, ਪਹਿਨਣਾ ਅਤੇ ਰਹਿਣਾ ਸਹਿਣਾ ਚੰਗਾ ਨਹੀਂ ਲੱਗਦਾ। ਅਜਿਹਾ ਕੁਝ ਚੰਗਾ ਉਨ੍ਹਾਂ ਨੂੰ ਵੀ ਬੱਚਿਆਂ ਵਾਂਗ ਹੀ ਲੱਗਦਾ ਹੁੰਦਾ ਹੈ, ਪਰ ਉਹ ਬੱਚਿਆਂ ਦੀਆਂ ਖ਼ੁਸ਼ੀਆਂ ਲਈ ਆਪਣੀਆਂ ਖ਼ੁਸ਼ੀਆਂ ਅਤੇ ਪਸੰਦਾਂ ਉੱਤੇ ਕਾਬੂ ਪਾ ਕੇ ਰੱਖਦੇ ਹਨ ਕਿ ਆਪਣਾ ਕੀ ਹੈ, ਪਰ ਇਹ ਚੀਜ਼ਾਂ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨੂੰ ਹਰ ਸ਼ੈਅ ਮੁਹੱਈਆ ਕਰਵਾਉਣ ਵਾਲੇ ਮਾਪੇ ਅਖੀਰ ਹਰ ਸ਼ੈਅ ਤੋਂ ਵਾਂਝੇ ਹੋ ਕੇ ਆਪਣੀ ਜ਼ਿੰਦਗੀ ਨੂੰ ਖ਼ੁਦ ਲਈ ਨਾ ਜਿਉਣ ਦੇ ਪਛਤਾਵੇ ਵਿੱਚ ਬੈਠੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ।

ਜਿਹੜੇ ਘਰਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਗੂੜ੍ਹੇ ਹਨ, ਜੋ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝਦੇ ਹਨ, ਉਨ੍ਹਾਂ ਘਰਾਂ ਵਿੱਚ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸ਼ੀਆਂ ਜਿਹੀਆਂ ਸਮਾਜਿਕ ਬੁਰਾਈਆਂ ਜਨਮ ਨਹੀਂ ਲੈਂਦੀਆਂ, ਪਰ ਜਿਹੜੇ ਘਰਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਘਾਟ, ਆਪਸੀ ਤਾਲਮੇਲ, ਇੱਕ-ਦੂਜੇ ਦੀਆਂ ਸੋਚਾਂ ਅਤੇ ਲੋੜਾਂ ਨੂੰ ਸਮਝਣ, ਸਮਝਾਉਣ ਦੀ ਕਮੀ ਹੁੰਦੀ ਹੈ, ਉੱਥੇ ਹੀ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸ਼ੀਆਂ ਵਰਗੀਆਂ ਭੈੜੀਆਂ ਘਟਨਾਵਾਂ ਵਾਪਰਦੀਆਂ ਹਨ। ਅਫ਼ਸੋਸ ਹੈ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੀਆਂ ਕਮੀਆਂ ਨੂੰ ਸਮਝਣ ਦੀ ਥਾਂ ਸਾਰੇ ਦੋਸ਼ ਦੂਜਿਆਂ ਸਿਰ ਮੜ੍ਹ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਜਿਸ ਕਾਰਨ ਇਹ ਵਰਤਾਰਾ ਵਧ ਰਿਹਾ ਹੈ।

ਸਾਡੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਤਾਂ ਇੰਨੇ ਫਿੱਕੇ ਪੈ ਚੁੱਕੇ ਹਨ ਕਿ ਅਸੀਂ ਆਪਣੀਆਂ ਪਰਿਵਾਰਕ ਕਮੀਆਂ, ਲੜਾਈਆਂ, ਝਗੜਿਆਂ ਕਾਰਨ ਛੋਟੇ ਵੱਡਿਆਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਨੂੰ ਬੇਰੁਜ਼ਗਾਰੀ ਅਤੇ ਆਰਥਿਕਤਾ ਨਾਲ ਜੋੜ ਕੇ ਉਸ ਦਾ ਵੀ ਮੁੱਲ ਵੱਟ ਲੈਂਦੇ ਹਾਂ। ਇਹ ਹੈ ਸਾਡੇ ਰਿਸ਼ਤਿਆਂ, ਪਿਆਰ ਅਤੇ ਸਮਾਜ ਦੀ ਤਰਾਸਦੀ। ਬੱਚਿਓ ਅਤੇ ਮਾਪਿਓ ਸਮਝ ਜਾਓ, ਆਪਣੀਆਂ ਜ਼ਿੱਦਾਂ, ਬੰਦਸ਼ਾਂ, ਅਖੌਤੀ ਇੱਜ਼ਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਆਪਣੇ ਰਿਸ਼ਤਿਆਂ ਅਤੇ ਪਿਆਰ ਨੂੰ ਬਚਾ ਕੇ ਸੋਹਣਾ, ਪਿਆਰਾ ਅਤੇ ਆਜ਼ਾਦ ਸਮਾਜ ਸਿਰਜ ਲਓ। ਇਨ੍ਹਾਂ ਜ਼ਿੱਦਾਂ, ਬੰਦਸ਼ਾਂ, ਅਖੌਤੀ ਇੱਜ਼ਤਾਂ, ਜਾਤਾਂ ਅਤੇ ਧਰਮਾਂ ਨੇ ਤੁਹਾਡੇ ਕੋਲ ਸਭ ਕੁਝ ਯਾਨੀ ਪੈਸਾ, ਕਾਰਾਂ, ਕੋਠੀਆਂ ਆਦਿ ਹੁੰਦਿਆਂ ਵੀ ਜ਼ਿੰਦਗੀ ਦਾ ਅਨੰਦ ਨਹੀਂ ਆਉਣ ਦੇਣਾ। ਇਸ ਲਈ ਆਓ ਅਸੀਂ ਸਾਰੇ ਰਲ਼ ਕੇ ਆਪਣੇ ਵਿਕਾਰਾਂ ਨੂੰ ਤਿਆਗ ਕੇ ਇੱਕ-ਦੂਜੇ ਉੱਤੇ ਆਪਣੀ ਸੋਚ ਥੋਪ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਫਿੱਕਾ ਕਰਕੇ ਨਫ਼ਰਤਾਂ ਫੈਲਾਉਣਾ ਬੰਦ ਕਰੀਏ। ਨਸ਼ੇ ਜਾਂ ਖੁਦਕੁਸ਼ੀਆਂ ਕਰਨ ਦੀ ਥਾਂ ਆਪੋ ਆਪਣੀ ਸੋਚ ਅਨੁਸਾਰ ਜ਼ਿੰਦਗੀ ਜਿਉਣ ਲਈ ਇੱਕ-ਦੂਜੇ ਦਾ ਸਾਥ ਦੇ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਹੋਰ ਵੀ ਗੂੜ੍ਹਾ ਕਰੀਏ।

ਮੇਰਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਸਾਨੂੰ ਇੱਕ-ਦੂਜੇ ਦੀ ਗੱਲ ਨਹੀਂ ਮੰਨਣੀ ਚਾਹੀਦੀ ਜਾਂ ਆਪੋ ਧਾਪੀ ਕਰਨੀ ਚਾਹੀਦੀ ਹੈ, ਬਲਕਿ ਮੈਂ ਚਾਹੁੰਦਾ ਹਾਂ ਕਿ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਕਾਇਮ ਰੱਖਣ ਲਈ ਬੱਚਿਆਂ-ਮਾਪਿਆਂ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਦਾ ਧਿਆਨ ਰੱਖਦਿਆਂ ਹਰ ਗੱਲ ’ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ। ਕਿਸੇ ਦੀ ਗੱਲ ਨੂੰ ਵੱਡਿਆਂ ਜਾਂ ਛੋਟਿਆਂ ਦੀ ਇੱਜ਼ਤ ਦਾ ਸਵਾਲ ਬਣਾਉਣ ਜਾਂ ਦੂਜੇ ਦੀ ਜ਼ਿੰਦਗੀ ਵਿੱਚ ਰੁਕਾਵਟ ਪਾਉਣ ਦੀ ਥਾਂ ਸਹਿਯੋਗ ਦੇਣਾ ਚਾਹੀਦਾ ਹੈ। ਬੇਸ਼ੱਕ ਕਾਨੂੰਨ ਨੇ ਸਾਨੂੰ ਸਭ ਨੂੰ ਅਜਿਹੇ ਹੱਕ ਦਿੱਤੇ ਹੋਏ ਹਨ ਕਿ ਕੋਈ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ, ਪਰ ਜੇ ਉਹ ਜਾਇਜ਼ ਹੱਕ ਵੀ ਅਸੀਂ ਆਪਸ ਵਿੱਚ ਲੜ ਕੇ, ਰਿਸ਼ਤੇ ਅਤੇ ਪਿਆਰ ਗਵਾ ਕੇ ਪ੍ਰਾਪਤ ਕੀਤੇ, ਫਿਰ ਕੀ ਫਾਇਦਾ ਹੋਇਆ? ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਇੱਕ-ਦੂਜੇ ਤੋਂ ਹੱਕ ਲੈਣ ਲਈ ਲੜ ਕੇ ਹੱਥ ਉਠਾਉਣ ਦੀ ਥਾਂ, ਇੱਕ-ਦੂਜੇ ਨੂੰ ਉਸ ਦੇ ਹੱਕ ਦੇਣ ਲਈ ਪਿਆਰ ਨਾਲ ਹੱਥ ਅੱਗੇ ਵਧਾਈਏ, ਫਿਰ ਉਨ੍ਹਾਂ ਉੱਠੇ ਹੱਥਾਂ ਵਿੱਚੋਂ ਨਫ਼ਰਤ ਦੀ ਥਾਂ ਸਾਡੇ ਰਿਸ਼ਤਿਆਂ ਦਾ ਪਿਆਰ ਝਲਕੇਗਾ ਅਤੇ ਫਿਰ ਸਾਡਾ ਸਮਾਜ ਵੀ ਪਿਆਰ ਦੇ ਗੂੜ੍ਹੇ ਰੰਗ ਵਿੱਚ ਰੰਗਿਆ ਜਾਵੇਗਾ।

ਸੰਪਰਕ: 94170-23911

Advertisement
×