DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਨਲਾਈਨ ਰਿਸ਼ਤੇ ਬਨਾਮ ਅਸਲ ਰਿਸ਼ਤੇ

ਅਜੋਕੇ ਸਮਾਜਿਕ ਜੀਵਨ ਵਿੱਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਜਿੱਥੇ ਲੋਕਾਂ ਵਿੱਚ ਸਮੇਂ ਦੀ ਅਤੇ ਭੂਗੋਲਿਕ ਦੂਰੀ ਘਟਾਈ ਹੈ, ਉੱਥੇ ਹੀ ਅਸਲ ਰਿਸ਼ਤਿਆਂ ਵਿਚਲੇ ਨਿੱਘ ਨੂੰ ਖੋਰਾ ਵੀ ਲਾਇਆ ਹੈ। ਅਜਿਹੇ ਤਕਨੀਕੀ ਸਾਧਨਾਂ ਨੇ ਪਰਿਵਾਰਕ ਮੈਂਬਰਾਂ ਵਿੱਚ ਅਨੇਕਾਂ ਤਰੀਕਿਆਂ ਨਾਲ...

  • fb
  • twitter
  • whatsapp
  • whatsapp
Advertisement

ਅਜੋਕੇ ਸਮਾਜਿਕ ਜੀਵਨ ਵਿੱਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਜਿੱਥੇ ਲੋਕਾਂ ਵਿੱਚ ਸਮੇਂ ਦੀ ਅਤੇ ਭੂਗੋਲਿਕ ਦੂਰੀ ਘਟਾਈ ਹੈ, ਉੱਥੇ ਹੀ ਅਸਲ ਰਿਸ਼ਤਿਆਂ ਵਿਚਲੇ ਨਿੱਘ ਨੂੰ ਖੋਰਾ ਵੀ ਲਾਇਆ ਹੈ। ਅਜਿਹੇ ਤਕਨੀਕੀ ਸਾਧਨਾਂ ਨੇ ਪਰਿਵਾਰਕ ਮੈਂਬਰਾਂ ਵਿੱਚ ਅਨੇਕਾਂ ਤਰੀਕਿਆਂ ਨਾਲ ਬੇਭਰੋਸਗੀ ਵਾਲੇ ਹਾਲਾਤ ਵੀ ਪੈਦਾ ਕੀਤੇ ਹਨ। ਪੁਰਾਣੇ ਸਮਿਆਂ ਵਿੱਚ ਲੋਕਾਂ ਵਿੱਚ ਆਪਸੀ ਮੋਹ-ਪਿਆਰ ਅਤੇ ਮੁਹੱਬਤ ਹੁੰਦੀ ਸੀ। ਲੋਕ ਇੱਕ-ਦੂਜੇ ਨੂੰ ਮਿਲਣ ਦੀ ਤਾਂਘ ਰੱਖਦੇ ਸਨ। ਉਨ੍ਹਾਂ ਸਮਿਆਂ ਵਿੱਚ ਲੋਕਾਂ ਵਿੱਚ ਦਿਖਾਵਟੀ ਰਿਸ਼ਤੇ ਨਹੀਂ ਸਨ ਸਗੋਂ ਭਾਵਨਾ-ਭਰਪੂਰ ਅਤੇ ਰੂਹਾਂ ਦੇ ਅਸਲ ਰਿਸ਼ਤੇ ਹੁੰਦੇ ਸਨ। ਲੋਕ ਇੱਕ-ਦੂਜੇ ਨੂੰ ਮਿਲ ਕੇ ਦੁੱਖ-ਸੁੱਖ ਫਰੋਲਿਆ ਕਰਦੇ ਸਨ। ਉਨ੍ਹਾਂ ਦਾ ਆਪਸ ਵਿੱਚ ਮਿਲ ਕੇ ਘੰਟਿਆਂ ਬੱਧੀ ਗੱਲਾਂ ਕਰਦੇ ਰਹਿਣਾ, ਆਮ ਗੱਲ ਹੁੰਦੀ ਸੀ।

ਦਰਅਸਲ, ਲੋਕ ਇੱਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ, ਪਰ ਕਦੇ ਵੀ ਦਿਲਾਂ ਨਾਲ ਖੇਡਿਆ ਨਹੀਂ ਸੀ ਕਰਦੇ। ਉਨ੍ਹਾਂ ਸਮਿਆਂ ਵਿੱਚ ਇੱਕ-ਦੂਜੇ ਨੂੰ ਸਨੇਹੇ ਭੇਜਣ ਜ਼ਰੀਏ ਤਾਂ ਭਾਵੇਂ ਅੱਜ ਦੀ ਤਰ੍ਹਾਂ ਜ਼ਿਆਦਾ ਤੇਜ਼ ਨਹੀਂ ਸੀ ਹੁੰਦੇ, ਪਰ ਇੱਕ ਦੂਜੇ ਤੋਂ ਕੋਹਾਂ ਦੂਰ ਬੈਠੇ ਹੋਣ ਦੇ ਬਾਵਜੂਦ ਉਨ੍ਹਾਂ ਅੰਦਰ ਦਿਲਾਂ ਦੀ ਸਾਂਝ ਜ਼ਰੂਰ ਹੁੰਦੀ ਸੀ। ਕਦੇ ਕਦਾਈਂ ਹੀ ਇੱਕ ਦੂਜੇ ਨਾਲ ਚਿੱਠੀ ਜਾਂ ਖ਼ਤ ਰਾਹੀਂ ਖਤੋ-ਖਿਤਾਬਤ ਕੀਤੀ ਜਾਂਦੀ ਸੀ, ਪਰ ਇਨ੍ਹਾਂ ਚਿੱਠੀਆਂ-ਖ਼ਤਾਂ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਦਿਲੋਂ ਅਤੇ ਭਾਵਨਾ ਨਾਲ ਭਰਪੂਰ ਹੁੰਦਾ ਸੀ।

Advertisement

ਅਜੋਕੇ ਸਮੇਂ ਵਿੱਚ ਇਲੈੱਕਟ੍ਰਾਨਿਕ ਸਾਧਨਾਂ ਨਾਲ ਦੂਰ-ਦੁਰਾਡੇ ਬੈਠੇ ਰਿਸ਼ਤੇਦਾਰਾਂ ਨਾਲ ਵੀ ਗੱਲਾਂ-ਬਾਤਾਂ ਕਰਨਾ ਤਾਂ ਭਾਵੇਂ ਆਸਾਨ ਹੋ ਗਿਆ ਹੈ, ਪਰ ਗੱਲਾਂ ਵਿੱਚ ਪਹਿਲੇ ਸਮਿਆਂ ਵਾਲੀ ਦਿਲਾਂ ਦੀ ਤੇਹ ਅਤੇ ਸਨੇਹ ਨਹੀਂ ਰਿਹਾ। ਅੱਜ ਆਦਮੀ ਕੋਲ ਅਨੇਕਾਂ ਐਸੇ ਸਾਧਨ ਉਪਲੱਬਧ ਹਨ ਜੋ ਕਿ ਝੱਟ-ਪੱਟ ਹੀ ਦੂਜੇ ਬੰਦੇ ਤੱਕ ਪਹੁੰਚ ਕਰਾ ਦਿੰਦੇ ਹਨ। ਜਿਵੇਂ ਕਿ ਆਡੀਓ ਅਤੇ ਵੀਡੀਓ ਕਾਲਾਂ ਰਾਹੀਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਸੱਜਣਾਂ-ਮਿੱਤਰਾਂ ਨਾਲ ਮਿੰਟਾਂ-ਸਕਿੰਟਾਂ ਵਿੱਚ ਗੱਲ ਕਰਨੀ ਸੌਖੀ ਹੋ ਗਈ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਡਿਜੀਟਲ ਯੁੱਗ ਵਿੱਚ ਇੱਕ ਦੂਜੇ ਨਾਲ ਸੰਪਰਕ ਬਣਾਏ ਜਾਣ ਲਈ ਅਪਣਾਏ ਜਾਂਦੇ ਇਨ੍ਹਾਂ ਤਕਨੀਕੀ ਢੰਗ ਤਰੀਕਿਆਂ ਦੇ ਦੌਰ ਵਿੱਚ ਨਿੱਜੀ, ਘਰੇਲੂ ਅਤੇ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਕਿਤੇ ਜ਼ਿਆਦਾ ਘੱਟ ਗਈ ਹੈ। ਹੁਣ ਤਾਂ ਅਸਲ ਰਿਸ਼ਤਿਆਂ ਦੀ ਜਗ੍ਹਾ ਇੰਟਰਨੈੱਟ ਦੇ ਰਿਸ਼ਤਿਆਂ ਨੇ ਲੈ ਲਈ ਹੈ। ਇੰਟਰਨੈੱਟ ਦੇ ਰਿਸ਼ਤੇ ਉਹ ਰਿਸ਼ਤੇ ਹੁੰਦੇ ਹਨ ਜਿਹੜੇ ਕਿ ਆਨ-ਲਾਈਨ ਚੈਨਲਾਂ ਜਿਵੇਂ ਕਿ ਵਟ੍ਹਐਪ, ਫੇਸਬੁੱਕ, ਈ-ਮੇਲ ਜਾਂ ਵੀਡੀਓ ਕਾਨਫਰੰਸਿੰਗ ਆਦਿ ਰਾਹੀਂ ਬਣਾਏ ਜਾਂਦੇ ਹਨ। ਕਿਉਂਕਿ ਇਹ ਰਿਸ਼ਤੇ ਤਕਨੀਕੀ ਮਾਧਿਅਮਾਂ ਰਾਹੀਂ ਬਣਾਏ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਤਕਨੀਕੀ ਰਿਸ਼ਤੇ ਵੀ ਕਹਿ ਦਿੱਤਾ ਜਾਂਦਾ ਹੈ।

Advertisement

ਇਸ ਗੱਲ ’ਚ ਕੋਈ ਦੋ ਰਾਇ ਨਹੀਂ ਕਿ ਇੰਟਰਨੈੱਟ ਦੇ ਰਿਸ਼ਤਿਆਂ ਦੇ ਆਪਣੇ ਕਈ ਫਾਇਦੇ ਹਨ। ਜੇਕਰ ਨਿੱਜੀ ਰਿਸ਼ਤਿਆਂ ਅਤੇ ਘਰੇਲੂ ਰਿਸ਼ਤਿਆਂ ਨੂੰ ਛੱਡ ਕੇ ਵਪਾਰਕ ਰਿਸ਼ਤਿਆਂ ਅਤੇ ਵਪਾਰਕ ਕੰਮਾਂ-ਕਾਰਾਂ ਦੀ ਗੱਲ ਕਰੀਏ ਤਾਂ ਇਸ ਖੇਤਰ ਨੂੰ ਪ੍ਰਫੁੱਲਿਤ ਕਰਨ ਵਿੱਚ ਇੰਟਰਨੈੱਟ ਦੇ ਰਿਸ਼ਤਿਆਂ ਨੇ ਬੇਹੱਦ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਇਨ੍ਹਾਂ ਵਿੱਚੋਂ ਕੁਝ ਹਨ ਜਿਵੇਂ ਈ-ਕਾਮਰਸ, ਮੋਬਾਈਲ ਬੈਂਕਿੰਗ, ਆਨ-ਲਾਈਨ-ਕਲਾਸਾਂ, ਆਨ-ਲਾਈਨ ਗੇਮਿੰਗ ਰਿਸ਼ਤੇ, ਆਨ-ਲਾਈਨ ਵਪਾਰਕ ਰਿਸ਼ਤੇ, ਆਨ-ਲਾਈਨ ਗਾਹਕ ਜੋੜੂ ਰਿਸ਼ਤੇ, ਸਿਹਤ ਸੇਵਾਵਾਂ ਦੇਣ ਵਾਲਿਆਂ ਦੇ ਆਪਣੇ ਮਰੀਜ਼ਾਂ ਨਾਲ ਡਿਜੀਟਲ ਰਿਸ਼ਤੇ, ਆਨ-ਲਾਈਨ ਡੇਟਿੰਗ ਰਿਸ਼ਤੇ ਅਤੇ ਆਪਣੇ ਭਾਈਵਾਲਾਂ ਜਾਂ ਸਹਿਕਰਮੀਆਂ ਨਾਲ ਬਣਾਏ ਜਾਣ ਵਾਲੇ ਪੇਸ਼ੇਵਾਰਾਨਾ ਰਿਸ਼ਤੇ ਆਦਿ। ਈ-ਕਾਮਰਸ ਇੱਕ ਅਜਿਹਾ ਡਿਜੀਟਲ ਮਾਧਿਅਮ ਹੈ ਜਿਸ ਰਾਹੀਂ ਐਮਾਜ਼ਾਨ ਅਤੇ ਫਲਿਪਕਾਰਟ ਵਰਗੀਆਂ ਅਨੇਕਾਂ ਕੰਪਨੀਆਂ ਲੋਕਾਂ ਨੂੰ ਆਪਣੀਆਂ ਵਸਤਾਂ ਵੇਚਦੀਆਂ ਹਨ। ਮੋਬਾਈਲ ਬੈਂਕਿੰਗ ਦੁਆਰਾ ਆਦਮੀ ਆਪਣੇ ਘਰ ’ਚ ਹੀ ਬੈਠਾ ਦੂਜੇ ਆਦਮੀ ਨੂੰ ਰੁਪਈਆਂ ਦਾ ਭੁਗਤਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਲੋਕ ਅੱਜ-ਕੱਲ੍ਹ ਬਾਜ਼ਾਰ ਵਿੱਚ ਆਫ-ਲਾਈਨ ਖਰੀਦਦਾਰੀ ਦਾ ਭੁਗਤਾਨ ਵੀ ਇੰਟਰਨੈੱਟ ਦੁਆਰਾ ਕਰਦੇ ਹਨ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਦਸ ਕੁ ਸਾਲਾਂ ਵਿੱਚ ਆਨ-ਲਾਈਨ ਤਰੀਕੇ ਨਾਲ ਕੀਤੀ ਜਾਂਦੀ ਭੁਗਤਾਨਾਂ ਦੀ ਰਕਮ 100 ਗੁਣਾ ਤੱਕ ਵੱਧ ਚੁੱਕੀ ਹੈ। ਵਿਦਿਅਕ ਅਦਾਰਿਆਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਆਨ-ਲਾਈਨ ਕਲਾਸਾਂ ਦੁਆਰਾ ਹੀ ਪੜ੍ਹਾਈ ਦੇ ਲੈਕਚਰ ਦੇ ਦਿੱਤੇ ਜਾਂਦੇ ਹਨ। 2020 ਦੀ ਕੋਰੋਨਾ ਮਹਾਮਾਰੀ ਤੋਂ ਬਾਅਦ ਆਨ-ਲਾਈਨ ਕਲਾਸਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਸੇ ਤਰ੍ਹਾਂ ਜੀਵਨ ਬੀਮਾ ਕੰਪਨੀਆਂ, ਸਿਹਤ ਬੀਮਾ ਕੰਪਨੀਆਂ, ਮੋਬਾਈਲ ਸੇਵਾ ਕੰਪਨੀਆਂ ਅਤੇ ਗੈਸ ਸਪਲਾਈ ਕੰਪਨੀਆਂ ਲੋਕਾਂ ਨਾਲ ਇੰਟਰਨੈੱਟ ਮਾਧਿਅਮ ਰਾਹੀਂ ਆਪਣੇ ਸੰਪਰਕ ਬਣਾਉਂਦੀਆਂ ਹਨ ਅਤੇ ਇਸੇ ਮਾਧਿਅਮ ਰਾਹੀਂ ਧਨ ਦੇ ਭੁਗਤਾਨ ਨੂੰ ਪਹਿਲ ਦਿੰਦੀਆਂ ਹਨ।

ਅਜੋਕੇ ਸਮੇਂ ਵਿੱਚ ਨਿੱਜੀ ਅਤੇ ਸਮਾਜਿਕ ਰਿਸ਼ਤਿਆਂ ਨਾਲੋਂ ਡਿਜੀਟਲ-ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਜ਼ਿਆਦਾ ਵਧ ਗਈ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਜੋਕੇ ਮਸ਼ੀਨੀ ਯੁੱਗ ਵਿੱਚ ਹਰੇਕ ਆਦਮੀ ਤਕਨੀਕ-ਯੁਕਤ ਪ੍ਰੰਤੂ ਦਿਲੀ ਭਾਵਨਾਵਾਂ ਤੋਂ ਸੱਖਣਾ ਹੋ ਚੁੱਕਿਆ ਹੈ। ਰੂਹ ਨਾਲ ਨਿਭਾਏ ਜਾਣ ਵਾਲੇ ਰਿਸ਼ਤੇ ਅਤੀਤ ਕਾਲ ਦੀ ਘਟਨਾ ਬਣ ਚੁੱਕੀ ਹੈ। ਨਾਲ ਦੀ ਨਾਲ ਇੰਟਰਨੈੱਟ ਦੇ ਰਿਸ਼ਤਿਆਂ ਵਿੱਚ ਭੂਗੋਲਿਕ ਦੂਰੀ ਕਾਫ਼ੀ ਹੱਦ ਤੱਕ ਘੱਟ ਜਾਂਦੀ ਹੈ ਅਤੇ ਰੁਪਏ-ਪੈਸੇ ਅਤੇ ਸਮੇਂ ਦੀ ਕਾਫ਼ੀ ਹੱਦ ਤੱਕ ਬੱਚਤ ਹੋ ਜਾਂਦੀ ਹੈ। ਭਾਵੇਂ ਤੁਸੀਂ ਸਰੀਰਕ ਤੌਰ ’ਤੇ ਇੱਕ ਦੂਜੇ ਕੋਲੋਂ ਜਿੰਨੀ ਮਰਜ਼ੀ ਦੂਰ ਬੈਠੇ ਹੋਵੋ ਤਾਂ ਵੀ ਇੱਕ ਦੂਜੇ ਦੇ ਸੰਪਰਕ ਵਿੱਚ ਰਹਿ ਸਕਦੇ ਹੋ। ਆਦਮੀ ਆਪਣੇ ਹਮ-ਵਿਚਾਰਾਂ ਵਾਲੇ ਅਤੇ ਆਪਣੇ ਸੁਭਾਅ ਨਾਲ ਰਲਦੇ-ਮਿਲਦੇ ਲੋਕਾਂ ਨਾਲ ਆਸਾਨੀ ਨਾਲ ਸਬੰਧ ਬਣਾ ਸਕਦਾ ਹੈ। ਇਸ ਤੋਂ ਇਲਾਵਾ ਡਿਜੀਟਲ ਪਲੈਟਫਾਰਮ ਗਿਆਨ ਪ੍ਰਾਪਤੀ ਅਤੇ ਵਿਦਿਆ ਹਾਸਲ ਕਰਨ ਦਾ ਵੀ ਇੱਕ ਸ਼ਾਨਦਾਰ ਮਾਧਿਅਮ ਬਣਿਆ ਹੋਇਆ ਹੈ। ਇੰਟਰਨੈੱਟ ਦੇ ਰਿਸ਼ਤੇ ਐਮਰਜੈਂਸੀ ਹਾਲਤਾਂ ਵਿੱਚ ਆਦਮੀ ਲਈ ਬਹੁਤ ਹੀ ਫ਼ਾਇਦੇਮੰਦ ਹੋ ਸਕਦੇ ਹਨ। ਜਿਵੇਂ ਅਚਨਚੇਤੀ ਹਾਲਤਾਂ ਵਿੱਚ ਕਿਸੇ ਨੂੰ ਖ਼ੂਨ ਦੀ ਲੋੜ ਪੈ ਜਾਵੇ ਤਾਂ ਅਜਿਹੀ ਅਵਸਥਾ ਵਿੱਚ ਫੌਰੀ ਸਹਾਇਤਾ ਪ੍ਰਾਪਤ ਕਰਨ ਦਾ ਡਿਜੀਟਲ ਪਲੈਟਫਾਰਮ ਤੋਂ ਵਧੀਆ ਅਤੇ ਤੇਜ਼ ਢੰਗ ਹੋਰ ਕੋਈ ਨਹੀਂ ਹੋ ਸਕਦਾ।

ਇੰਟਰਨੈੱਟ ਦੇ ਰਿਸ਼ਤਿਆਂ ਦੀਆਂ ਅਨੇਕਾਂ ਚਣੌਤੀਆਂ ਵੀ ਹਨ। ਉਦਾਹਰਨ ਵਜੋਂ ਇੰਟਰਨੈੱਟ ਦੇ ਰਿਸ਼ਤੇ ਬਣਾ ਕੇ ਆਦਮੀ ਦੇ ਅਨੇਕਾਂ ਸੱਜਣ-ਮਿੱਤਰ ਅਤੇ ਸਹਿਯੋਗੀ ਤਾਂ ਜ਼ਰੂਰ ਬਣ ਜਾਂਦੇ ਹਨ, ਪਰ ਉਹ ਦੂਰ-ਦੁਰਾਡੇ ਹੋਣ ਕਰਕੇ ਅਤੇ ਨਿੱਜੀ ਸੰਪਰਕ ਵਿੱਚ ਨਾ ਹੋਣ ਕਰਕੇ ਉਹ ਲੋੜ ਪੈਣ ’ਤੇ ਆਦਮੀ ਦੇ ਕੰਮ ਨਹੀਂ ਆ ਸਕਦੇ। ਇਸ ਤਰ੍ਹਾਂ ਇੰਨੇ ਸੱਜਣ-ਮਿੱਤਰ ਹੋਣ ਦੇ ਬਾਵਜੂਦ ਆਦਮੀ ਇਕਲਾਪੇ ਅਤੇ ਅੱਡਰੇਪਣ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਡਿਜੀਟਲ ਰਿਸ਼ਤਿਆਂ ਦੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਸ ਨਾਲ ਆਦਮੀ ਦੀ ਨਿੱਜਤਾ ਦਾ ਲੁਕਾਅ-ਛਿਪਾਅ ਨਹੀਂ ਰਹਿ ਜਾਂਦਾ। ਆਪਣੀਆਂ ਨਿੱਜੀ ਜਾਣਕਾਰੀਆਂ ਨੂੰ ਜਨਤਕ ਕਰਨ ਨਾਲ ਤੁਹਾਡੇ ਨਾਲ ਵਿੱਤੀ ਧੋਖੇਬਾਜ਼ੀਆਂ ਹੋ ਸਕਦੀਆਂ ਹਨ। ਨਿੱਜੀ ਰਿਸ਼ਤਿਆਂ ਦੀ ਬਜਾਏ ਇੰਟਰਨੈੱਟ ਰਿਸ਼ਤਿਆਂ ਉੱਤੇ ਨਿਰਭਰ ਕਰਨ ਨਾਲ ਅਸਲ ਜ਼ਿੰਦਗੀ ਦੀ ਭਾਵਨਾਤਮਕ ਸਾਂਝ ਗੁਆਚ ਜਾਂਦੀ ਹੈ। ਇਨ੍ਹਾਂ ਰਿਸ਼ਤਿਆਂ ਨਾਲ ਇੱਕ ਦੂਜੇ ਦੇ ਅੰਦਰੂਨੀ ਦੁੱਖਾਂ ਨੂੰ ਜਾਂ ਭਾਵਨਾਵਾਂ ਨੂੰ ਉਸ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਜਿਵੇਂ ਕਿ ਇੱਕ ਦੂਜੇ ਦੇ ਆਮ੍ਹਣੋ-ਸਾਮ੍ਹਣੇ ਬੈਠ ਕੇ ਅਤੇ ਇੱਕ ਦੂਜੇ ਦੇ ਚਿਹਰੇ ਨੂੰ ਵੇਖ ਕੇ ਸਮਝਿਆ ਜਾ ਸਕਦਾ। ਇੰਟਰਨੈੱਟ ਦੇ ਰਿਸ਼ਤੇ ਕਾਇਮ ਕਰਨ ਲਈ ਆਦਮੀ ਨੂੰ ਲੰਮਾ ਸਮਾਂ ਮੋਬਾਈਲ ਦੀਆਂ ਐਪਾਂ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਇਸ ਤਰ੍ਹਾਂ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨ ਨਾਲ ਆਦਮੀ ਡਿਜੀਟਲ ਨਸ਼ੇ ਦਾ ਆਦੀ ਹੋ ਜਾਂਦਾ ਹੈ।

ਜਦੋਂ ਅਸੀਂ ਕਿਸੇ ਨੂੰ ਨਿੱਜੀ ਤੌਰ ’ਤੇ ਆਪਣੇ ਸਾਹਮਣੇ ਮਿਲਦੇ ਹਾਂ ਤਾਂ ਉਸ ਦੇ ਚਿਹਰੇ ਦੀਆਂ ਭਾਵਨਾਵਾਂ ਅਤੇ ਸਰੀਰਕ ਹਾਵ-ਭਾਵ ਵੇਖ ਕੇ ਉਸ ਦਾ ਇਰਾਦਾ ਜਾਂ ਮਨਸ਼ਾ ਸਮਝ ਜਾਂਦੇ ਹਾਂ। ਡਿਜੀਟਲ ਰਿਸ਼ਤਿਆਂ ਵਿੱਚ ਇਹ ਸਾਰਾ ਕੁਝ ਸੰਭਵ ਨਹੀਂ ਹੁੰਦਾ। ਇੱਕ ਗੱਲ ਹੋਰ ਕਿ ਨਿੱਜੀ ਤੌਰ ’ਤੇ ਮਿਲ ਕੇ ਬਣੇ ਰਿਸ਼ਤਿਆਂ ਵਿੱਚ ਹੱਥ ਮਿਲਾਉਣ ਨਾਲ ਅਤੇ ਗਲਵੱਕੜੀ ਪਾਉਣ ਨਾਲ ਰਿਸ਼ਤਿਆਂ ਵਿੱਚ ਨਿੱਘ ਪੈਦਾ ਹੁੰਦਾ ਹੈ ਜੋ ਕਿ ਡਿਜੀਟਲ ਰਿਸ਼ਤਿਆਂ ਵਿੱਚ ਸੰਭਵ ਨਹੀਂ ਹੁੰਦਾ ਹੈ। ਨਿੱਜੀ ਤੌਰ ’ਤੇ ਮਿਲ ਕੇ ਅਸੀਂ ਆਪਣੀ ਭਾਵਨਾਤਮਕ ਬੁੱਧੀ ਦੀ ਵਰਤੋਂ ਕਰਕੇ ਸਾਹਮਣੇ ਵਾਲੇ ਆਦਮੀ ਨੂੰ ਸਮਝਣ ਅਤੇ ਉਸ ਨੂੰ ਆਪਣੇ ਅਨੁਸਾਰ ਢਾਲਣ ਵਿੱਚ ਸਫਲ ਹੋ ਜਾਂਦੇ ਹਾਂ ਜੋ ਕਿ ਇੰਟਰਨੈੱਟ ਦੇ ਰਿਸ਼ਤਿਆਂ ਵਿੱਚ ਸੰਭਵ ਨਹੀਂ ਹੁੰਦਾ। ਵੈਸੇ ਵੀ ਆਨ-ਲਾਈਨ ਰਿਸ਼ਤਿਆਂ ਵਿੱਚ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਵਿੱਚ ਰੱਖਣਾ ਅਤੇ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਪਾਉਣਾ ਮੁਸ਼ਕਿਲ ਹੁੰਦਾ ਹੈ।

ਸੰਪਰਕ: 62842-20595

Advertisement
×