ਰਵਿੰਦਰ ਸਿੰਘ ਧਾਲੀਵਾਲ
ਪੰਜਾਬੀ ਜੀਵਨ ਚਾਵਾਂ-ਮਲਾਰਾਂ ਨਾਲ ਭਰਪੂਰ ਹੈ। ਇਹ ਹਰ ਖ਼ੁਸ਼ੀ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸੇ ਲਈ ਪੰਜਾਬੀ ਸੱਭਿਆਚਾਰ ਸੰਸਾਰ ਵਿਚ ਖ਼ਾਸ ਸਥਾਨ ਰੱਖਦਾ ਹੈ। ਸੱਭਿਆਚਾਰ ਕੌਮ ਦਾ ਉਹ ਅਕਸ ਹੁੰਦਾ ਹੈ ਜਿਸਤੋਂ ਉਸਦੀ ਤਸਵੀਰ ਝਲਕਦੀ ਹੈ। ਇਸ ਰਾਹੀਂ ਮਨ ਦੇ ਚਾਅ ਤੇ ਖ਼ੁਸ਼ੀਆਂ ਦਾ ਪ੍ਰਗਟਾਵਾ ਕਰਨ ਲਈ ਵੰਨਗੀਆਂ ਤੇ ਤਰੀਕੇ ਦਰਸਾਏ ਹੁੰਦੇ ਹਨ। ਵਿਆਹ ਇਕ ਵਡੇਰੀ ਰਸਮ ਹੈ ਜਿਸ ਵਿਚ ਅਨੇਕਾਂ ਹੋਰ ਛੋਟੀਆਂ, ਪਰ ਮਹੱਤਵਪੂਰਨ ਰਸਮਾਂ ਸਮਾਈਆਂ ਹਨ। ਉਨ੍ਹਾਂ ਵਿਚੋਂ ਇਕ ਹੈ ‘ਜਾਗੋ’ ਜਿਹੜੀ ਮੁੱਖ ਤੌਰ ’ਤੇ ਨਾਨਕਿਆਂ ਵੱਲੋਂ ਨਿਭਾਈ ਜਾਂਦੀ ਹੈ। ਵਿਆਹ ਵਾਲੇ ਘਰ ਬਰਾਤ ਤੋਂ ਪਹਿਲੀ ਰਾਤ ਨੂੰ ਨਾਨਕਾ ਮੇਲ ਬਲਟੋਹੀ, ਗਾਗਰ ਜਾਂ ਘੜੇ ਦੇ ਦੁਆਲੇ ਗਿੱਲੇ ਆਟੇ ਨਾਲ ਦੀਵੇ ਚਿਣ ਵਿਚਕਾਰ ਚਹੁੰ-ਮੁਖੀ ਦੀਵੇ ਨਾਲ ਸਜਾਉਂਦੇ ਤੇ ਖਾਲੀ ਹੋਣ ਕਾਰਨ ਜਾਗੋ ਵਿਚ ਪਾਣੀ ਭਰ ਪਿੰਡ ਵਿਚ ਫੇਰਿਆ ਜਾਂਦਾ। ਸਦੀਆਂ ਤੋਂ ਪਾਣੀ ਅਤੇ ਚਾਨਣ ਨੂੰ ਜੀਵਨ ਦਾ ਆਧਾਰ ਮੰਨਣ ਦੀ ਰੀਤ ਹੈ। ਜਾਗੋ ਨਾਲ ਮਿੱਥਾਂ ਵੀ ਜੁੜੀਆਂ ਹੋਈਆਂ ਹਨ ਕਿ ਜਿੱਥੋਂ ਲਟ-ਲਟ ਬਲਦੀ ਜਾਗੋ ਲੰਘ ਜਾਵੇ, ਉਸਦੀ ਰੌਸ਼ਨੀ ਕਾਰਨ ਬਦਰੂਹਾਂ ਪਿੰਡ ਦੀ ਜੂਹ ਵਿਚ ਨਹੀਂ ਆਉਂਦੀਆਂ। ਪੁਰਾਣੇ ਸਮੇਂ ਵਿਚ ਲੋਕ ਇਸ ਨੂੰ ਸ਼ਗਨ ਬਿੰਨ੍ਹਣ ਦਾ ਟੂਣਾ ਮੰਨਦੇ ਸਨ, ਵਿਆਹ ਦੇ ਸਾਰੇ ਕਾਰ ਵਿਹਾਰ ਨਿਰਵਿਘਨ ਹੋਣ ਦਾ ਵਿਸ਼ਵਾਸ ਵੀ। ਇਸ ਕਾਰਨ ਜਾਗੋ ਫੇਰਨਾ ਜਾਂ ਕੱਢਣ ਨੂੰ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਸੀ।
ਨਾਨਕਾ ਮੇਲ ਸ਼ਾਮ ਢਲਦਿਆਂ ਹੀ ਜਾਗੋ ਦੀਆਂ ਤਿਆਰੀਆਂ ਲਈ ਤਤਪਰ ਰਹਿੰਦਾ ਸੀ। ਘਿਓ ਜਾਂ ਤੇਲ ਦੇ ਦੀਵੇ ਸਲੀਕੇ ਨਾਲ ਲਗਾਉਣ ਤੇ ਆਪਣੇ ਆਪ ਨੂੰ ਸਜਾਉਣ ਲਈ ਖ਼ਾਸਕਰ ਮਾਮੀਆਂ ਮਸ਼ਰੂਫ ਹੋ ਜਾਂਦੀਆਂ। ਸੂਫ ਜਾਂ ਸਾਟਨ ਦੇ ਘੱਗਰੇ, ਫੁਲਕਾਰੀ, ਗੋਟੇ ਵਾਲੀਆਂ ਚੁੰਨੀਆਂ, ਫੁੰਦਿਆਂ ਨਾਲ ਸਜੀਆਂ ਕੁੜਤੀਆਂ, ਪਿੱਪਲ ਪੱਤੀਆਂ, ਸੱਗੀ ਫੁੱਲ, ਸੁਹਾਗ ਪੱਟੀ ਤੇ ਮਾਂਗ ਟਿੱਕੇ ਨਾਲ ਫਬੀਆਂ ਮੇਲਣਾਂ ਜਾਗੋ ਦੇ ਚਾਨਣ ਨੂੰ ਵੀ ਹੋਰ ਦੂਣਾ ਕਰ ਦਿੰਦੀਆਂ। ਇਸ ਕਾਰਜ ਦੇ ਕਰਤਾ ਧਰਤਾ ਨਾਨਕੇ ਹੁੰਦੇ ਹਨ। ਪਿੰਡ ਵਿਚ ਪਹਿਲਾਂ ਹੀ ਜਾਗੋ ਫੇਰਨ ਦਾ ਸੱਦਾ ਲਾਗੀ ਘਰਾਂ ਵਿਚ ਲਗਾ ਦਿੰਦਾ ਤਾਂ ਜੋ ਲੋਕੀਂ ਆਪਣਾ ਕੰਮ ਧੰਦਾ ਸਮੇਟ ਕੇ ਜਾਗੋ ਵਿਚ ਸ਼ਾਮਲ ਹੋ ਸਕਣ। ਦੀਵਿਆਂ ਨਾਲ ਸਜੀ ਜਾਗੋ ਵਿਚ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਤਾ ਤੇਲ ਪਾ ਕੇ ਜਾਗੋ ਚੁਕਾਉਣ ਦਾ ਸ਼ਗਨ ਕਰਦੀ। ਬਾਅਦ ਵਿਚ ਮਾਸੀਆਂ, ਮਾਮੀਆਂ, ਚਾਚੀਆਂ, ਭਾਬੀਆਂ ਸਿਰ ’ਤੇ ਵਾਰੋ-ਵਾਰੀ ਜਾਗੋ ਚੁੱਕ ਗੇੜਾ ਦਿੰਦੀਆਂ ਹਨ। ਸਿੱਠਣੀਆਂ, ਬੋਲੀਆਂ ਤੇ ਗੀਤਾਂ ਨਾਲ ਇਕ ਦੂਜੇ ’ਤੇ ਨਿਹੋਰੇ ਕੱਸਦੀਆਂ। ਜਾਗੋ ਦੀ ਰਖਵਾਲੀ ਲਈ ਇਕ ਘੁਗਰੂੰਆਂ ਵਾਲੀ ਡਾਂਗ ਜਾਂ ਸੋਟਾ ਨਾਲ ਲੈ ਕੇ ਚੱਲਣ ਦਾ ਰਿਵਾਜ ਵੀ ਪ੍ਰਚੱਲਿਤ ਹੈ। ਜਾਗੋ ਵਿਚ ਵੱਡੀ ਮਾਮੀ ਦੀ ਪੂਰੀ ਟੌਹਰ ਹੁੰਦੀ ਹੈ ਜੋ ਜੋਸ਼ੀਲੇ ਅੰਦਾਜ਼ ਵਿਚ ਬੋਲੀ ਪਾ ਪਿੰਡ ਵਾਲਿਆਂ ਨੂੰ ਆਪਣੀ ਦਸਤਕ ਲਈ ਅਗਾਹ ਕਰਦੀ ਹੈ :
ਸਾਰੇ ਪਿੰਡ ’ਚ ਫੇਰਨੀ ਜਾਗੋ
ਵਿਆਹ ਸਾਡੇ ਅਨੰਤ ਸਿੰਘ ਦਾ
ਜਾਗੋ ਆਪਸੀ ਮੇਲ ਜੋਲ ਤੇ ਖ਼ੁਸ਼ੀਆਂ ਦਾ ਪ੍ਰਤੀਕ ਹੈ। ਪਹਿਲਾਂ ਤਾਏ ਚਾਚੇ ਦੇ ਘਰਾਂ ਵਿਚ ਫੇਰਾ ਪਾਇਆ ਜਾਂਦਾ ਹੈ। ਜਿਸ ਸਦਕਾ ਸ਼ਰੀਕੇ ਦੀ ਸਾਂਝ ਤੇ ਪਿਆਰ ਬਣੇ ਰਹਿਣ। ਉਹ ਵੀ ਅੱਗੇ ਵਧ ਕੇ ਤੇਲ, ਸ਼ਗਨ ਤੇ ਨਾਨਕਿਆਂ ਦੀ ਆਓ-ਭਗਤ ਦਾ ਉਚੇਚਾ ਪ੍ਰਬੰਧ ਕਰਦੇ। ਉੁੱਥੋਂ ਮੇਲਣਾਂ ਗਿੱਧੇ ਦਾ ਅਗਾਜ਼ ਕਰਕੇ ਬੋਲੀਆਂ ਪਾਉਂਦੀਆਂ ਹਨ:
ਜਗਮੋਹਨ ਜੋਰੂ ਜਗਾ ਲੈ ਵੇ, ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ, ਜਾਗੋ ਆਈ ਆ।
ਰੁੱਸੀ ਤਾਂ ਮਨਾ ਲੈ ਵੇ, ਸੋਨ ਚਿੜੀ ਗਲ ਲਾ ਲੈ ਵੇ
ਹੁਣ ਜਾਗੋ ਆਈ ਆ, ਸ਼ਾਵਾ ਬਈ…
ਪੁਰਾਣੇ ਸਮੇਂ ਵਿਚ ਲੋਕ ਜਾਗੋ ਨੂੰ ਸਾਂਝੀ ਰਸਮ ਮੰਨਦੇ ਸਨ। ਮੇਲ ਪਿੰਡ ਦੇ ਕਿਸੇ ਵੀ ਘਰ ਵਿਚ ਚਲਾ ਜਾਂਦਾ। ਲੋਕ ਖਿੜੇ ਮੱਥੇ ਸਵਾਗਤ ਕਰਦੇ, ਪਰ ਮੌਜੂਦਾ ਦੌਰ ਵਿਚ ਇਹ ਸਾਂਝ ਦਾ ਘੇਰਾ ਸੁੰਗੜਦਾ ਜਾ ਰਿਹਾ ਹੈ। ਫਿਰ ਵੀ ਨਾਨਕੇ ਮੱਲੋ ਜ਼ੋਰੀ ਸ਼ਗਨ ਜਾਂ ਤੇਲ ਪਵਾਉਣੋਂ ਨਹੀਂ ਟਲਦੇ, ਬੋਲੀਆਂ ਪਾ ਕੇ ਰਸਮਾਂ ਪੂਰੀਆਂ ਕਰਵਾਉਂਦੇ ਹਨ:
ਤੇਲ ਪਾਉਣਗੇ ਨਸੀਬਾਂ ਵਾਲੇ
ਬਈ ਜਾਗੋ ਵਿਚੋਂ ਤੇਲ ਮੁੱਕਿਆ
ਨਾਨਕਾ ਮੇਲ ਪਿੰਡ ਦੇ ਮੋਹਤਬਰ ਨੂੰ ਵੀ ਜਾਗੋ ਵਿਚ ਸ਼ਾਮਲ ਕਰਦਾ ਹੈ। ਤਾਂ ਜੋ ਕਿਸੇ ਦੀ ਨਾਰਾਜ਼ਗੀ ਦਾ ਉਲਾਂਭਾ ਨਾ ਰਹੇ। ਜਦੋਂ ਮੇਲਣਾਂ ਦਾ ਜੋਸ਼ ਚਰਮ ਸੀਮਾ ’ਤੇ ਪਹੁੰਚਦਾ, ਔਰਤਾਂ ਵਿਚੋਂ ਇਕ ਸਿਰ ’ਤੇ ਪਰਨਾ ਲਪੇਟ ਠਾਣੇਦਾਰੀ ਰੋਅਬ ਨਾਲ ਘਰ ਜਾ ਕੇ ਜਾਂ ਅੱਗੇ ਤੋਂ ਲੰਘਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ, ਬੇਬਾਕ ਬੋਲੀਆਂ ਪਾ ਤਾੜਨਾ ਕਰਨੋਂ ਨਹੀਂ ਝਿਜਕਦੀਆਂ:
ਇਸ ਪਿੰਡ ਦੇ ਪੰਚੋ ਵੇ ਸਰਪੰਚੋ ਵੇ ਲੰਬੜਦਾਰੋ
ਵੇ ਮੇਲ ਆਇਆ ਹਰਮੇਲ ਸਿਹੁੰ ਕੇ
ਜਰਾ ਬਚ ਕੇ ਪਾਸੇ ਦੀ ਲੰਘ ਜਾਇਓ
ਜਾਗੋ ਵਾਲੇ ਮੇਲ ਨੂੰ ਪਿੰਡ ਵਿਚ ਕਿਸੇ ਵੀ ਵਿਅਕਤੀ ਵੱਲੋਂ ਕੋਈ ਰੋਕ ਟੋਕ ਜਾਂ ਗੁੱਸਾ ਨਹੀਂ ਕੀਤਾ ਜਾਂਦਾ ਸੀ। ਰਾਤ ਨੂੰ ਰਸਤੇ ਵਿਚ ਸੁੱਤੇ ਪਏ ਲੋਕਾਂ ਦੇ ਮੰਜੇ ਮੂਧੇ ਮਾਰਨੇ ਜਾਂ ਪਰਨਾਲੇ ਭੰਨਣਾ ਵੀ ਇਸੇ ਖਰਮਸਤੀ ਦਾ ਹਿੱਸਾ ਮੰਨਦੇ। ਇੱਥੋਂ ਤਕ ਨੇੜਲੇ ਸ਼ਰੀਕਾਂ ਦੇ ਤਾਂ ਚੁੱਲ੍ਹੇ ਅਤੇ ਹਾਰੇ ਵੀ ਭੰਨ ਦਿੰਦੇ। ਆਧੁਨਿਕ ਜ਼ਮਾਨੇ ਵਿਚ ਤਾਂ ਇਹ ਨਜ਼ਾਰੇ ਬੀਤੇ ਸਮੇਂ ਦੀਆਂ ਗੱਲਾਂ ਹੀ ਰਹਿ ਗਈਆਂ। ਪੁਰਾਣੇ ਸਮਿਆਂ ਵਿਚ ਜ਼ਮੀਨ-ਜਾਇਦਾਦ ਦੀ ਵੰਡ ਨੂੰ ਘਟਾਉਣ ਲਈ ਪਰਿਵਾਰਾਂ ਵਿਚ ਛੜੇ ਵਿਅਕਤੀ ਜ਼ਰੂਰ ਹੁੰਦੇ ਸਨ। ਮੇਲਣਾ ਬੜੇ ਚਾਅ ਨਾਲ ਹਾਸਾ-ਠੱਠਾ ਕਰ ਖ਼ੂਬ ਰੌਣਕਾਂ ਲਗਾਉਂਦੀਆਂ।
ਜਾਗੋ ਦਾ ਗੇੜ ਘੁੰਮਦਿਆਂ-ਘੁੰਮਦਿਆਂ ਜਦੋਂ ਹੱਟੀ ਵਾਲੇ ਦੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਦੁਕਾਨ ਖੁੱਲ੍ਹਾ ਖਾਣ ਦਾ ਸਾਮਾਨ ਖ਼ਰੀਦਣ ਦੀਆਂ ਸਮਕਰੀਆ ਤੇ ਨਾਲੋਂ ਨਾਲ ਰਿਓੜੀਆਂ ਪਕੌੜੀਆਂ ਵੰਡਣ ਲਈ ਤਾਕੀਦ ਵੀ ਕਰਦੇ। ਜਦੋਂ ਪੈਰੀਂ ਛਣਕਦੀਆਂ ਝਾਂਜਰਾਂ ਤੇ ਤਾੜੀਆਂ ਦੀ ਗੂੰਜ ਨਾਲ ਮਿੱਠੀ ਧਮਕੀ ਨੁਮਾ ਬੋਲੀ ਪੈਂਦੀ ਤਾਂ ਇਸ ਮਾਹੌਲ ਨੂੰ ਹੋਰ ਵੀ ਸਲੂਣਾ ਬਣਾ ਦਿੰਦੀਆਂ।
ਜਾਗੋ ਵਾਲੀਆਂ ਪਿੰਡ ਦੇ ਗੇੜੇ ਤੋਂ ਬਾਅਦ ਵਾਪਸ ਘਰ ਪਹੁੰਚਦੀਆਂ ਹਨ। ਗਿੱਧੇ ਦੀਆਂ ਧਮਕਾਂ ਤੇ ਬੋਲੀਆਂ ਨਾਲ ਆਪਸੀ ਨੋਕ-ਝੋਕ ਹਾਸਾ ਮਜ਼ਾਕ ਕਰਦਿਆਂ ਛੱਜ ਕੁੱਟਿਆ ਜਾਂਦਾ ਹੈ। ਸਭ ਸਕੇ ਸਬੰਧੀਆਂ ਨੂੰ ਮਘਦੇ ਪਿੜ ਵਿਚ ਮੌਕਾ ਮਿਲਦਾ ਹੈ। ਉਹ ਬੋਲੀਆਂ ਰਾਹੀਂ ਆਪਣੇ ਮਨ ਦੀ ਭਾਵਨਾ ਉਜਾਗਰ ਕਰਦੇ। ਖ਼ੁਸ਼ੀ ਦੇ ਮੌਕੇ ਕੋਈ ਗਿਲਾ-ਸ਼ਿਕਵਾ ਵੀ ਨਹੀਂ ਕਰਦਾ। ਜੋ ਇਕ ਸੱਭਿਆਚਾਰਕ ਸਨਮਾਨ ਦੇ ਪ੍ਰਤੀਕ ਹਨ। ਡੰਡੇ ਨਾਲ ਛੱਜ ਤੀਲ੍ਹਾ ਤੀਲ੍ਹਾ ਕਰਦੇ ਨਾਨਕਿਆਂ ਵੱਲੋਂ ਬੋਲੀਆਂ ਦੀ ਸ਼ੁਰੂਆਤ ਹੁੰਦੀ ਹੈ :
ਜਾਗੋ ਨਾਨਕਿਆਂ ਦੀ ਆਈ,
ਨੀਂ ਬੀਬੀ ਦੀਵਾ ਜਗਾ
ਜਾਵੇ ਗਲੀ-ਗਲੀ ਰੁਸ਼ਨਾਈ,
ਨੀਂ ਬੀਬੀ ਦੀਵਾ ਜਗਾ
ਦੀਵਾ ਜਦੋਂ ਜਗਾ ਕੇ ਧਰਿਆ,
ਵਿਹੜਾ ਰੌਸ਼ਨੀ ਦੇ ਨਾਲ ਭਰਿਆ
ਦੂਜਾ ਚੰਨ ਕਿੱਥੋਂ ਆ ਚੜਿ੍ਹਆ,
ਨੀਂ ਬੀਬੀ ਦੀਵਾ ਜਗਾ
ਤੈਨੂੰ ਕਹੇ ਤੇਰੀ ਭਰਜਾਈ,
ਨੀਂ ਬੀਬੀ ਦੀਵਾ ਜਗਾ
ਜਾਗੋ ਸਮੇਂ ਭਾਬੀ ਛੋਟੇ ਦਿਓਰ ਦੀ ਅਪਣੱਤ ਕਰਦੀ ਹੈ। ਛੋਟੇ ਦਿਓਰ ਵੱਡੀ ਭਾਬੀ ਨੂੰ ਮਾਂ ਦੇ ਬਰਾਬਰ ਸਤਿਕਾਰ ਦਿੰਦੇ ਹਨ। ਵਿਆਹ ਦਾ ਚਾਅ ਬੋਲੀ ਰਾਹੀਂ ਦੱਸਦੀ ਹੈ। ਉਸ ਲਈ ਪਿਆਰ ਤੇ ਦੁਲਾਰ ਆਪਣੀ ਔਲਾਦ ਵਾਂਗ ਹੀ ਆਪ ਮੁਹਰੇ ਉਲਰਦਾ ਹੈ:
ਨਿੱਕਾ ਦਿਓਰ ਹੈ ਪੁੱਤਾਂ ਵਰਗਾ
ਹੱਥੀਂ ਆਪ ਵਿਆਹਵਾਂ
ਚੰਨ ਜਿਹੇ ਦਿਓਰ ਲਈ
ਲੈ ਕੇ ਚਾਨਣੀ ਆਵਾਂ
ਜਿੱਥੇ ਇਹ ਸਮਾਂ ਅਪਣੱਤ ਦਿਖਾਉਣ ਦਾ ਮੌਕਾ ਦਿੰਦਾ, ਉੱਥੇ ਹੀ ਸਾਂਝੇ ਪਰਿਵਾਰਾਂ ਵਿਚ ਜੇਠ ਜਠਾਣੀ ਦੀ ਪ੍ਰਧਾਨਗੀ ਵਾਲੀ ਰੜਕਦੀ ਭੜਾਸ ਕੱਢਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਜਦੋਂ ਕੋਈ ਭਰੀ ਪੀਤੀ ਦਰਾਣੀ ਹਾਸੇ ਮਜ਼ਾਕ ਵਿਚ ਹੇਕਾਂ ਲਾ ਕੇ ਢੁਕਵੀਂ ਬੋਲੀ ਪਾਉਂਦੀ ਹੈ ਤਾਂ ਚਾਰੇ ਪਾਸੇ ਹਾਸੇ ਦੀਆਂ ਫੁਹਾਰਾਂ ਫੁੱਟਦੀਆਂ ਹਨ:
ਜੇਠ ਜਠਾਣੀ ਪਾਇਆ ਚੁਬਾਰਾ, ਮੈਂ ਢੋਂਹਦੀ ਸੀ ਪਾਣੀ
ਮੇਰੀ ਹਾਅ ਲੱਗਜੂ, ਉੱਪਰੋਂ ਡਿੱਗੂ ਜਠਾਣੀ
ਜਾਗੋ ਵਿਚ ਨਾਨਕਿਆਂ- ਦਾਦਕਿਆਂ ਦਾ ਆਪਸੀ ਮੁਕਾਬਲਾ ਚੱਲਦਾ ਹੈ। ਮਾਮੀਆਂ ਥੱਕੇ ਦਾਦਕਿਆਂ ਨੂੰ ਬੋਲੀਆਂ ਰਾਹੀਂ ਖਿਚਾਈ ਕਰਕੇ ਗਿੱਧਾ ਮਘਾਉਂਦੀਆਂ ਹਨ। ਉਂਜ ਇਸ ਮੁਕਾਬਲੇ ਦਾ ਮਕਸਦ ਕਿਸੇ ਨੂੰ ਨੀਂਵਾ ਦਿਖਾਉਣਾ ਜਾਂ ਹਰਾਉਣਾ ਨਹੀਂ, ਸਗੋਂ ਪਿੜ ਦੀ ਲੈਅ ਨੂੰ ਬਰਕਰਾਰ ਰੱਖਣਾ ਹੁੰਦਾ ਹੈ:
ਸੁਣੋ ਵੇ ਦਾਦਕਿਓ ਨੱਚਣ ਵਾਲਿਓ
ਕੀ ਮੂੰਹ ਵਿਚ ਪਈ ਮਲੱਠੀ
ਗਿੱਧੇ ਵਿਚ ਪਾ ਲਓ ਬੋਲੀਆਂ
ਕੇਹੀ ਏ ਚੁੱਪ ਵੱਟੀ
ਅੱਧੀ ਰਾਤ ਤਕ ਚੱਲਦੇ ਇਨ੍ਹਾਂ ਜਸ਼ਨਾਂ ਨੂੰ ਥੰਮ੍ਹਣ ਲਈ ਮੁੰਡੇ ਜਾਂ ਕੁੜੀ ਦੀ ਮਾਤਾ ਨਾਨਕਿਆਂ ਨੂੰ ਸੁਵਖਤੇ ਬਰਾਤ ਦੀ ਤਿਆਰੀ ਲਈ ਅਰਜ਼ੋਈ ਕਰਕੇ ਸਮਾਪਤੀ ਕਰਵਾਉਂਦੀ। ਮਾਮੀ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਪੱਲੇ ਵਿਚ ਲੱਡੂ ਤੇ ਸ਼ਗਨ ਪਾ ਕੇ ਜਾਗੋ ਸਿਰ ਤੋਂ ਉਤਾਰਦੇ ਹਨ। ਉੱਧਰੋਂ ਮਾਮੀ ਅਗਲੇ ਵਿਆਹ ’ਤੇ ਆਉਣ ਦੀ ਕਾਮਨਾ ਨਾਲ ਬੋਲੀ ਪਾ ਕੇ ਜਾਗੋ ਵਾਲੀ ਰਸਮ ਦੀ ਸਮਾਪਤੀ ਕਰਦੀ ਹੈ :
ਫੇਰ ਆਵਾਂਗੇ ਅਸੀਂ ਫੇਰ ਆਵਾਂਗੇ,
ਰੱਖੀਂ ਕੁਬੇਰ ਦਾ ਵਿਆਹ
ਅਸੀਂ ਫੇਰ ਆਵਾਂਗੇ, ਸਾਨੂੰ ਗੋਡੇ ਗੋਡੇ ਚਾਅ,
ਅਸੀਂ ਫੇਰ ਆਵਾਂਗੇ
ਸਾਨੂੰ ਭੁੰਜੇ ਸਵਾਇਆ, ਮੰਜੇ ਨਾਲ ਲਿਆਵਾਂਗੇ,
ਅਸੀਂ ਫੇਰ ਆਵਾਂਗੇ।
ਪਰ ਅਜੋਕੇ ਸਮੇਂ ਦੀ ਪੀੜ੍ਹੀ ਇਸ ਆਨੰਦਮਈ ਸੰਗੀਤਕ ਤੇ ਰਿਸ਼ਤੇਦਾਰੀਆਂ ਦੇ ਮੋਹ ਤੋਂ ਅਭਿੱਜ ਹੈ। ਹੁਣ ਤਾਂ ਜਾਗੋ ਕੱਢਣ ਦੇ ਸਮੇਂ ਨਾਲੋਂ ਵੀ ਘੱਟ ਸਮੇਂ ਵਿਚ ਵਿਆਹ ਹੋ ਜਾਂਦਾ ਹੈ। ਰੇਡੀਮੇਡ ਜਾਗੋ ਵਿਚ ਵੱਜਦੇ ਮੁੰਨੀ ਬਦਨਾਮ ਹੁਈ… ਤੇ ਪੰਜਾਬੀ ਰਫਲਾਂ, ਨਸ਼ੇ, ਲੜਾਈਆਂ ਵਾਲੇ ਹੁੜਦੰਗ ਮਚਾਉਂਦੇ ਗੀਤਾਂ ਨੇ ਸੱਭਿਆਚਾਰ ਦਾ ਘਾਣ ਕਰ ਦਿੱਤਾ ਹੈ। ਜਾਗੋ ਦੀ ਰੀਤ ਨੂੰ ਪੈਲੇਸ ਦੀ ਸਟੇਜ ’ਤੇ ਘੁਮਾ ਕੇ ਮੂਵੀ ਦੇ ਸੀਨ ਪੂਰਾ ਕਰਨ ਦੀ ਖਾਨਾਪੂਰਤੀ ਬਣਾ ਛੱਡਿਆ ਹੈ। ਬਾਕੀ ਕਸਰ ਡੀ.ਜੇ. ਵਾਲੇ ਕੰਨ ਪਾੜੂ ਸੰਗੀਤ ਨਾਲ ਪੂਰੀ ਕਰ ਦਿੰਦੇ ਹਨ। ਕੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਜਿਹਾ ਸੱਭਿਆਚਾਰ ਦੇ ਕੇ ਜਾਵਾਂਗੇ ? ਪੈਲੇਸ ਕਲਚਰ ਨਾਲ ਆ ਰਹੀ ਸਮਾਜਿਕ ਕਦਰਾਂ ਕੀਮਤਾਂ ਦੀ ਗਿਰਾਵਟ ਕਿਸੇ ਤੋਂ ਛੁਪੀ ਨਹੀਂ। ਕਿਸ ਤਰ੍ਹਾਂ ਜਨਤਾ ਫੋਕੀ ਸ਼ੋਹਰਤ ਦੇ ਬਦਲੇ ਜ਼ਮੀਨਾਂ ਵੇਚ ਜਾਂ ਕਰਜ਼ੇ ਚੁੱਕ ਕੇ ਇਹ ਲੰਬੀਆਂ ਉਮਰਾਂ ਦੇ ਕਾਰਜ ਨੇਪਰੇ ਚਾੜ੍ਹਦੀ ਹੈ। ਇਸਦੇ ਭਿਆਨਕ ਨਤੀਜਿਆਂ ਦੇ ਚੱਲਦਿਆਂ ਪੰਜਾਬੀਆਂ ਦੀ ਅਰਥਵਿਵਸਥਾ ਲੀਹੋਂ ਲੱਥੀ ਹੈ। ਉਹ ਨੱਕੋ ਨੱਕ ਡੁੱਬੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਸੱਭਿਆਚਾਰ ਤੋਂ ਸਿੱਖਿਆ ਲੈ ਕੇ ਸਾਦੇ ਕਾਰਜ ਕਰਨ ਅਤੇ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਉਮਰਾਂ ਦੇ ਹਮਸਫ਼ਰ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਚਹਿਕਦਾ ਰੱਖਣ।
ਸੰਪਰਕ : 78374-90309