DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੂਹ ਗਿੜਦਿਆਂ ਦੇ, ਸਾਕ ਮਿਲਦਿਆਂ ਦੇ

ਜੀਵ-ਵਿਗਿਆਨਕ, ਪਦਾਰਥਵਾਦੀ ਅਤੇ ਵਿਹਾਰਕ ਤੌਰ ’ਤੇ ਬਣੀ ਕਿਸੇ ਵੀ ਚੀਜ਼ ਦਾ ਖ਼ਾਸ ਮੰਤਵ ਅਤੇ ਮਹੱਤਵ ਹੁੰਦਾ ਹੈ। ਇਸੇ ਲੜੀ ਤਹਿਤ ਇੱਕ ਕਹਾਵਤ ਹੈ, ‘ਖੂਹ ਗਿੜਦਿਆਂ ਦੇ, ਸਾਕ ਮਿਲਦਿਆਂ ਦੇ’ ਨੂੰ ਅੱਜ ਦੇ ਸੰਦਰਭ ਵਿੱਚ ਦੇਖੀਏ ਤਾਂ ਮਹਿਸੂਸ ਹੁੰਦਾ ਹੈ ਕਿ...

  • fb
  • twitter
  • whatsapp
  • whatsapp
Advertisement

ਜੀਵ-ਵਿਗਿਆਨਕ, ਪਦਾਰਥਵਾਦੀ ਅਤੇ ਵਿਹਾਰਕ ਤੌਰ ’ਤੇ ਬਣੀ ਕਿਸੇ ਵੀ ਚੀਜ਼ ਦਾ ਖ਼ਾਸ ਮੰਤਵ ਅਤੇ ਮਹੱਤਵ ਹੁੰਦਾ ਹੈ। ਇਸੇ ਲੜੀ ਤਹਿਤ ਇੱਕ ਕਹਾਵਤ ਹੈ, ‘ਖੂਹ ਗਿੜਦਿਆਂ ਦੇ, ਸਾਕ ਮਿਲਦਿਆਂ ਦੇ’ ਨੂੰ ਅੱਜ ਦੇ ਸੰਦਰਭ ਵਿੱਚ ਦੇਖੀਏ ਤਾਂ ਮਹਿਸੂਸ ਹੁੰਦਾ ਹੈ ਕਿ ਇਹ ਕਹਾਵਤ ਸਮੇਂ ’ਤੇ ਢੁੱਕਵੀਂ ਹੈ। ਇੱਕ ਸਮਾਂ ਸੀ ਕਿ ਖੂਹ ਅਤੇ ਰਿਸ਼ਤੇ-ਨਾਤੇ ਆਪਣੇ ਉਦੇਸ਼ ਦੀ ਪੂਰਤੀ ਕਰਦੇ ਸਨ। ਅੱਜ ਇਨ੍ਹਾਂ ਦੀ ਤਸਵੀਰ ਕੁਝ ਹੋਰ ਹੀ ਹੋ ਗਈ ਹੈ।

ਲਹੂ ਦੇ ਰਿਸ਼ਤੇ ਮਨੁੱਖਤਾ ਲਈ ਨਹੂੰ-ਮਾਸ ਦੇ ਰਿਸ਼ਤੇ ਬਰਾਬਰ ਹਨ। ਹਰ ਰਿਸ਼ਤੇ ਦਾ ਅੱਡਰਾ ਦਰਜਾ ਹੁੰਦਾ ਹੈ। ਇਨ੍ਹਾਂ ਵਿੱਚ ਸਤਿਕਾਰ ਹੁੰਦਾ ਹੈ। ਵੱਖ-ਵੱਖ ਰਿਸ਼ਤੇ ਜੀਵਨ ਦੇ ਵੱਖ-ਵੱਖ ਪੱਖਾਂ ਦੀ ਪੂਰਤੀ ਕਰਦੇ ਹਨ।

Advertisement

ਅੱਜਕੱਲ੍ਹ ਇੱਕ ਭੇਡਚਾਲ ਚੱਲੀ ਹੋਈ ਹੈ ਕਿ ਬੱਚਾ ਇੱਕ ਹੀ ਕਾਫ਼ੀ ਹੈ। ਉਸ ਬੱਚੇ ਨੂੰ ਅਪਣੱਤ ਦਾ ਸਬਕ ਕਿਵੇਂ ਮਿਲੂ? ਉਸ ਦੀ ਨਾ ਭੈਣ, ਨਾ ਭਾਈ। ਮਿਲਦੇ ਅਤੇ ਵਰਤ ਦੇ ਸਾਕ ਦੀ ਬੁਨਿਆਦ ਨਾਨਕੇ ਅਤੇ ਦਾਦਕੇ ਹੁੰਦੇ ਹਨ। ਸਾਕ ਸਬੰਧੀਆਂ ਦਾ ਮੂਲ ਭਾਵ ਇੱਕ-ਦੂਜੇ ਨਾਲ ਨਿਸ਼ਕਾਮ ਤੌਰ ’ਤੇ ਮਿਲਣਾ ਹੁੰਦਾ ਹੈ। ਭੈਣ-ਭਰਾ ਦੇ ਪਿਆਰ ਦਾ ਵਰਤਾਓ ਰੱਖੜੀ ’ਤੇ ਉਤਪੰਨ ਹੁੰਦਾ ਹੈ। ਅੱਜ ਪੱਛਮੀ ਦੇਸ਼ਾਂ, ਸੋਸ਼ਲ ਮੀਡੀਆ ਅਤੇ ਪਦਾਰਥਵਾਦ ਨੇ ਰਿਸ਼ਤਾ-ਨਾਤਾ ਪ੍ਰਣਾਲੀ ਨੂੰ ਮਿਲਣ ਤੋਂ ਦੂਰ ਕੀਤਾ ਹੈ। ਦਾਦਰ ਪੰਡੋਰਵੀ ਕਹਿੰਦੇ ਹਨ;

Advertisement

‘ਰਿਸ਼ਤੇ ਵਸਤਾਂ ਤੋਂ ਪਹਿਲਾਂ ਵਿਕਣ ਲਈ ਕਾਹਲੇ ਹਨ, ਬਿਲਕੁਲ ਬੈੱਡਰੂਮ ਦੇ ਨੇੜੇ ਪਹੁੰਚ ਗਿਆ ਹੈ ਬਾਜ਼ਾਰ।’

ਜਦੋਂ ਦਾ ਰਿਸ਼ਤਿਆਂ ਨੂੰ ਮਿਲਣ ਦਾ ਗ੍ਰਹਿਣ ਲੱਗਿਆ ਹੈ ਉਦੋਂ ਤੋਂ ਪ੍ਰਾਹੁਣਚਾਰੀ ਵੀ ਕੰਢੇ ’ਤੇ ਪੁੱਜ ਗਈ ਹੈ। ਇਸ ਦਾ ਸਵਾਦ ਹੀ ਖ਼ਤਮ ਹੋ ਗਿਆ ਹੈ।

ਖੂਹ ਗਿੜਦੇ ਰਹਿਣ ਪਾਣੀ ਦਿੰਦੇ ਰਹਿਣ, ਇਸੇ ਵਿੱਚ ਇਨ੍ਹਾਂ ਦੀ ਖ਼ੂਬਸੂਰਤੀ ਹੁੰਦੀ ਹੈ। ਇਸੇ ਤਰ੍ਹਾਂ ਸਾਡੇ ਸਾਕ-ਸਬੰਧੀ ਵੀ ਮਿਲਦੇ ਗਿਲਦੇ ਹਨ ਤਾਂ ਉਹ ਸਾਕ-ਸਬੰਧੀ ਹੁੰਦੇ ਹਨ, ਨਹੀਂ ਤਾਂ ਆਮ ਲੋਕ ਬਣ ਜਾਂਦੇ ਹਨ। ਖੂਹ ਦਾ ਉਦੇਸ਼ ਪਾਣੀ ਦੇਣਾ, ਰਿਸ਼ਤੇ ਦਾ ਉਦੇਸ਼ ਦੁਖ-ਸੁਖ ਵਿੱਚ ਸ਼ਰੀਕ ਹੋਣਾ ਹੈ।

ਹੁਣ ਗੱਲ ਕਰੀਏ ਖੂਹਾਂ ਦੀ। ਅੱਜ ਖੂਹ ਰਾਹਾਂ ਤੱਕਦੇ ਹਨ। ਆਪਣੇ ਉਦੇਸ਼ ਦੀ ਪੂਰਤੀ ਕਰਵਾਉਣ ਲਈ ਕਾਹਲੇ ਹਨ, ਪਰ ਪੂਰਤੀ ਹੋ ਨਹੀਂ ਰਹੀ। ਰਿਸ਼ਤੇ ਦੇ ਉਦੇਸ਼ ਦੀ ਪੂਰਤੀ ਨੂੰ ਸਮੇਂ ਦੀ ਘਾਟ ਨੇ ਸਮੇਟ ਦਿੱਤਾ ਹੈ। ਖੂਹ ਜ਼ਮੀਨ ਦੀ ਖੁਦਾਈ ਅਤੇ ਪੁਟਾਈ ਕਰਕੇ ਪਾਣੀ ਕੱਢਣ ਤੱਕ ਦਾ ਢਾਂਚਾ ਹੁੰਦਾ ਹੈ। ਇਹ ਪਾਣੀ ਪੀਣ ਲਈ ਅਤੇ ਸਿੰਜਾਈ ਲਈ ਵਰਤਿਆ ਜਾਂਦਾ ਸੀ। ਉਸ ਸਮੇਂ ਵਾਕਿਆ ਹੀ ਖੂਹਾਂ ਉੱਤੇ ਰੱਬ ਵਸਦਾ ਸੀ। ਆਜ਼ਾਦੀ ਤੋਂ ਪਹਿਲਾਂ ਅਤੇ ਹਰੀ ਕ੍ਰਾਂਤੀ ਸਮੇਂ ਖੂਹਾਂ ਦੀ ਸਰਦਾਰੀ ਰਹੀ। ਖੂਹ ਪੁੱਟਣ ਤੋਂ ਪਹਿਲਾਂ ਕੁਝ ਧਾਰਮਿਕ ਰਸਮਾਂ ਵੀ ਹੁੰਦੀਆਂ ਹਨ। ਇਹ ਵੀ ਦੰਦ ਕਥਾ ਆਉਂਦੀ ਹੈ ਕਿ ਖੂਹ ਲਾਉਣ ਵਾਲੀ ਜਗ੍ਹਾ ਬਾਰੇ ਪੰਡਤ ਜੀ ਨੂੰ ਪੁੱਛਿਆ ਜਾਂਦਾ ਸੀ ਕਿ ਧਰਤੀ ਸੁੱਤੀ ਹੈ ਕਿ ਜਾਗਦੀ। ਖੂਹ ’ਤੇ ਦੋ-ਸਾਂਗੜੀ ਲੱਕੜ ਗੱਡ ਕੇ ਉਸ ਵਿੱਚ ਭੌਣੀ ਫਿੱਟ ਕਰਕੇ ਲੱਜ ਨੂੰ ਬਾਲਟੀ ਪਾ ਕੇ ਭੌਣੀ ਰਾਹੀਂ ਬਾਲਟੀ ਖੂਹ ਵਿੱਚ ਭੇਜੀ ਜਾਂਦੀ ਸੀ। ਫਿਰ ਡੁਬਕੀ ਲਗਾ ਕੇ ਪਾਣੀ ਦੀ ਬਾਲਟੀ ਉੱਤੇ ਖਿੱਚ ਕੇ ਪਾਣੀ ਕੱਢਿਆ ਜਾਂਦਾ ਸੀ। ਇਸ ਪ੍ਰਕਿਰਿਆ ਦੀ ਇੱਕ ਖ਼ੂਬੀ ਇਹ ਵੀ ਰਹੀ ਹੈ ਕਿ ਜੋ ਪਾਣੀ ਖੂਹ ’ਚੋਂ ਕੱਢਦਾ ਸੀ, ਉਸ ਦੀ ਵਰਜਿਸ਼ ਵੀ ਹੁੰਦੀ ਰਹਿੰਦੀ ਸੀ। ਵੱਖ-ਵੱਖ ਖਿੱਤਿਆਂ ਵਿੱਚ ਖੂਹ ਦਾ ਪਾਣੀ ਵੱਖ ਵੱਖ ਪੱਧਰਾਂ ’ਤੇ ਹੁੰਦਾ ਸੀ। ਸੰਸਕ੍ਰਿਤੀ ਵਿੱਚ ਲੋਕ ਦਰਿਆਵਾਂ ਕੰਢੇ ਪਾਣੀ ਕਰਕੇ ਹੀ ਵਸਦੇ ਹਨ। ਫਿਰ ਸੋਚ ਆਜ਼ਾਦ ਹੋਣ ਨਾਲ ਖੂਹ ਬਣਾਏ ਜਾਣ ਲੱਗ ਪਏ।

ਖੂਹ ਉੱਤੇ ਹਲਟ ਲਗਾ ਕੇ ਪਾਣੀ ਬਲਦਾਂ ਨਾਲ ਕੱਢਿਆ ਜਾਂਦਾ ਸੀ। ਹਲਟ ਗਿੜਦੇ ਜਾਂਦੇ ਸਨ, ਪਾਣੀ ਨਿਕਲ ਕੇ ਖੇਤਾਂ ਦੀ ਸਿੰਚਾਈ ਕਰਦਾ ਰਹਿੰਦਾ ਸੀ। ਇਸ ਲਈ ਖੂਹ ਸਿੰਜਾਈ, ਪੀਣ ਵਾਲੇ ਪਾਣੀ ਅਤੇ ਅੰਨ ਦਾ ਪੁਰਾਤਨ ਸਮੇਂ ਤੋਂ ਸਾਧਨ ਰਹੇ। ਫਿਰ ਖੂਹ ਵਿੱਚ ਪਾਈਪ ਪਾ ਕੇ ਨਲਕੇ ਅਤੇ ਟਿਊਬਵੈੱਲ ਰਾਹੀਂ ਪਾਣੀ ਦੇ ਸਾਧਨ ਲੱਭੇ ਗਏ। ਇਹ ਸਾਧਨ ਵੀ ਸਮੇਂ ਦੇ ਹਾਣੀ ਰਹੇ। ਪਹਿਲਾਂ ਸਾਂਝੇ ਖੂਹ ਲਗਵਾਏ ਜਾਂਦੇ ਸਨ। ਫਿਰ ਖੂਹ ਕੁਝ ਰੱਜੇ ਪੁੱਜੇ ਘਰਾਂ ਨੇ ਆਪਣਾ ਲਗਵਾਇਆ। ਇਨ੍ਹਾਂ ਘਰਾਂ ਨੂੰ ‘ਖੂਹ ਵਾਲੇ’ ਦਾ ਤਖੱਲਸ ਦਿੱਤਾ ਜਾਂਦਾ ਸੀ। ਫਿਰ ਸਮਾਂ ਆਇਆ ਕਿ ਹਰ ਘਰ ਵਿੱਚ ਆਪਣਾ ਖੂਹ ਹੁੰਦਾ ਸੀ। ਖੂਹ ਕਿਸੇ ਸਮੇਂ ਖੇਤੀ ਅਤੇ ਮਨੁੱਖਤਾ ਲਈ ਪ੍ਰਧਾਨ ਰਹੇ ਹਨ, ਪਰ ਅੱਜ ਲੋਪ ਹੋਣ ਵੱਲ ਹਨ। ਟਾਵਾਂ ਟਿੱਲਾ ਖੂਹ ਹੀ ਰਹਿ ਗਿਆ ਹੈ।

ਖੂਹ ’ਤੇ ਬਹੁਤ ਕਿਸਮ ਦਾ ਸੱਭਿਆਚਾਰ ਵੀ ਸਿਰਜਿਆ ਗਿਆ ਹੈ। ਖੂਹਾਂ ਉੱਤੇ ਪਾਣੀ ਭਰਨ ਵੇਲੇ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਲੱਗਦਾ ਸੀ। ਕਿੱਸਾ ਕਾਵਿ ਵਿੱਚ ਕੀਮਾ ਮਲਕੀ ਨੂੰ ਖੂਹ ਉੱਤੇ ਮਿਲਣ ਜਾਂਦਾ ਸੀ। ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਇਸ ਪ੍ਰਤੀ ਕਾਫ਼ੀ ਪ੍ਰਚੱਲਿਤ ਗਾਣਾ ਗਾਇਆ; ਮਲਕੀ ਭਰਦੀ ਸੀ ਉਹ ਖੂਹ ਦੇ ਉੱਤੇ ਪਾਣੀ

ਕੀਮਾ ਕੋਲ ਜਾ ਕੇ ਬੇਨਤੀ ਗੁਜਾਰੇ

ਲੰਮਾ ਪੈਂਡ ਰਾਹੀ, ਮਰ ਗਏ ਨੀਂ ਪਿਆਸੇ

ਛੰਨਾ ਪਾਣੀ ਦਾ ਤੂੰ ਪਿਲਾ ਦੇ ਇੱਕ ਮੁਟਿਆਰੇ

ਧੀਆਂ ਦੀ ਬਾਬਲ ਅੱਗੇ ਅਰਜ਼ੋਈ ਵੀ ਰਹੀ ਕਿ ਖੂਹ ਵਾਲੇ ਘਰ ਦਈਂ;

ਦੇਈਂ ਵੇ ਬਾਬਲਾ ਉਸ ਘਰੇ

ਜਿੱਥੇ ਵਗਣ ਦਵਾਟੇ ਖੂਹ

ਠੰਢਾ ਮਿੱਠਾ ਜਲ ਭਰਾਂ

ਮੇਰੀ ਭਿੱਜੀ ਰਹੇ ਸਦਾ ਰੂਹ

ਬੇ ਬਾਬਲ ਤੇਰਾ ਪੁੰਨ ਹੋਵੇ

ਖੂਹਾਂ ਉੱਤੇ ਪਾਣੀ ਭਰਦੀਆਂ ਮੁਟਿਆਰਾਂ ਦੀ ਸੱਭਿਆਚਾਰਕ ਵੰਨਗੀ ਇਹ ਵੀ ਹੈ;

ਖੂਹ ’ਤੇ ਪਾਣੀ ਭਰਦੀਏ ਮੁਟਿਆਰੇ ਨੀਂ

ਪਾਣੀ ਦੀ ਘੁੱਟ ਪਿਲਾ ਦੇ ਬਾਂਕੀਏ ਨਾਰੇ ਨੀਂ

ਪੰਜਾਬ ਦੇ ਮਸ਼ਹੂਰ ਲੇਖਕ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਵੀ ਮਸ਼ਹੂਰ ਹੈ। 13 ਅਪਰੈਲ 1919 ਨੂੰ ਖੂਹ ਖੂਨੀ ਵੀ ਬਣਿਆ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਿਗੋਬਿੰਦ ਜੀ ਦੇ ਜਨਮ ਦੀ ਖ਼ੁਸ਼ੀ ਵਿੱਚ 1654 ਵਿੱਚ 6 ਹਲਟਾਂ ਵਾਲਾ ਖੂਹ ਲਗਾਇਆ ਸੀ। ਇਸ ਜਗ੍ਹਾ ਨੂੰ ਅੱਜਕੱਲ੍ਹ ਛੇਹਰਟਾ ਕਿਹਾ ਜਾਂਦਾ ਹੈ। ਸਾਡੇ ਸ਼ਾਨਾਮਤੀ ਵਿਰਸੇ ਦੀਆਂ ਬਹੁਤੀਆਂ ਸੌਗਾਤਾਂ ਹੁਣ ਬੀਤੇ ਦੀ ਕਹਾਣੀ ਬਣ ਗਈਆਂ ਹਨ। ਇਨ੍ਹਾਂ ਵਿੱਚੋਂ ਅੱਜ ਖੂਹ ਰਾਹਾਂ ਤੱਕ ਰਹੇ ਹਨ। ਬਚੇ-ਖੁਚੇ ਖੂਹਾਂ ਨੂੰ ਸਰਕਾਰ ਵੱਲੋਂ ਵਿਰਾਸਤੀ ਖੇਮੇ ਵਿੱਚ ਲਿਆ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇੱਕ ਵਾਰ ਫਿਰ ਤੋਂ ‘ਸਾਡੇ ਖੂਹ ’ਤੇ ਵਸਦਾ ਰੱਬ ਨੀਂ’ ਦਾ ਸੰਕਲਪ ਲੈਣਾ ਚਾਹੀਦਾ ਹੈ। ਅੱਜ ਖੂਹ ਲੱਜ, ਬਾਲਟੀ ਅਤੇ ਹਲਟ ਨੂੰ ਉਡੀਕਦੇ ਹਨ ਅਤੇ ਆਪਣੇ ਅਤੀਤ ਨੂੰ ਝੂਰਦੇ ਹਨ।

ਮੁੱਕਦੀ ਗੱਲ ਇਹ ਹੈ ਕਿ ਜੋ ਵੀ ਇਜ਼ਾਦ ਹੋਇਆ ਹੈ, ਉਸ ਦਾ ਮੂਲ ਭਾਵ ਉਸ ਦੇ ਉਦੇਸ਼ ਦੀ ਪੂਰਤੀ ਹੋਣੀ ਚਾਹੀਦੀ ਹੈ, ਇਸ ਲਈ ਸਿਰਲੇਖ ਅਧੀਨ ਕਹਾਵਤ ਬਣੀ ਹੋਈ ਹੈ।

ਸੰਪਰਕ: 98781-11445

Advertisement
×