ਵਿਸ਼ਾਲ ਭਾਰਦਵਾਜ ਦੀ ਨਵੀਂ ਫਿਲਮ 'ਓ ਰੋਮੀਓ' ਨੇ ਸਿਰਫ ਦੋ ਦਿਨਾਂ ਵਿੱਚ ਹੀ ਕਮਾਈ ਦੇ ਝੰਡੇ ਗੱਡ ਦਿੱਤੇ ਹਨ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 20 ਕਰੋੜ ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏ ਤੇ ਫਿਲਮ ਨੇ ਪਹਿਲੇ ਦਿਨ 9.01 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ ਸੀ, ਪਰ ਸ਼ਨੀਵਾਰ ਨੂੰ ਫਿਲਮ ਦੀ ਕਮਾਈ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਸ਼ਨੀਵਾਰ ਨੂੰ ਫਿਲਮ ਨੇ 14.50 ਕਰੋੜ ਰੁਪਏ ਕਮਾਏ, ਜਿਸ ਨਾਲ ਦੋ ਦਿਨਾਂ ਦੀ ਕੁੱਲ ਕਮਾਈ 23.51 ਕਰੋੜ ਰੁਪਏ ਹੋ ਗਈ ਹੈ।
ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਦੇ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਅਵਿਨਾਸ਼ ਤਿਵਾਰੀ, ਤਮੰਨਾ ਭਾਟੀਆ, ਦਿਸ਼ਾ ਪਟਾਨੀ ਅਤੇ ਵਿਕਰਾਂਤ ਮੈਸੀ ਵੀ ਅਹਿਮ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ।
ਫਿਲਮ ਦੀ ਕਹਾਣੀ ਮੁੰਬਈ ਦੇ ਅੰਡਰਵਰਲਡ ਗੈਂਗਸਟਰ ਹੁਸੈਨ ਉਸਤਰਾ (ਸ਼ਾਹਿਦ ਕਪੂਰ) ਅਤੇ ਉਸ ਦੇ 'ਅਫਸ਼ਾ' (ਤ੍ਰਿਪਤੀ ਡਿਮਰੀ) ਨਾਲ ਪ੍ਰੇਮ ਸਬੰਧਾਂ ਦੁਆਲੇ ਘੁੰਮਦੀ ਹੈ। ਦੱਸ ਦਈਏ ਕਿ 'ਕਮੀਨੇ', 'ਹੈਦਰ' ਅਤੇ 'ਰੰਗੂਨ' ਤੋਂ ਬਾਅਦ ਸ਼ਾਹਿਦ ਅਤੇ ਵਿਸ਼ਾਲ ਭਾਰਦਵਾਜ ਇਕੱਠਿਆਂ ਦੀ ਇਹ ਚੌਥੀ ਫਿਲਮ ਹੈ।
ਨਿਰਮਾਤਾਵਾਂ ਮੁਤਾਬਕ 'ਰੋਮੀਓ' ਦਾ ਰਾਜ ਹੁਣ ਸ਼ੁਰੂ ਹੋਇਆ ਹੈ। ਸਿਨੇਮਾ ਘਰਾਂ ’ਚ ਇਹ ਫਿਲਮ ਹਾਲੇ ਵੀ ਤਾਰੀਫਾਂ ਬਟੋਰ ਰਹੀ ਹੈ।

