ਆਲ੍ਹਣਾ
ਬਾਲ ਕਹਾਣੀ ਕੇਸ਼ਵ ਬਹੁਤ ਚੰਚਲ, ਕੁਦਰਤ ਨੂੰ ਪਿਆਰ ਕਰਨ ਵਾਲਾ ਬੱਚਾ ਹੈ। ਉਸ ਨੂੰ ਦਰੱਖਤਾਂ, ਫੁੱਲਾਂ ਅਤੇ ਪੰਛੀਆਂ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਹੈ। ਹਰ ਰੋਜ਼ ਸਕੂਲ ਤੋਂ ਆ ਕੇ ਉਹ ਆਪਣੇ ਘਰ ਦੇ ਵਿਹੜੇ ਵਿੱਚ ਖੇਡਦਾ ਤੇ ਆਲੇ-ਦੁਆਲੇ ਦੀਆਂ...
ਬਾਲ ਕਹਾਣੀ
ਕੇਸ਼ਵ ਬਹੁਤ ਚੰਚਲ, ਕੁਦਰਤ ਨੂੰ ਪਿਆਰ ਕਰਨ ਵਾਲਾ ਬੱਚਾ ਹੈ। ਉਸ ਨੂੰ ਦਰੱਖਤਾਂ, ਫੁੱਲਾਂ ਅਤੇ ਪੰਛੀਆਂ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਹੈ। ਹਰ ਰੋਜ਼ ਸਕੂਲ ਤੋਂ ਆ ਕੇ ਉਹ ਆਪਣੇ ਘਰ ਦੇ ਵਿਹੜੇ ਵਿੱਚ ਖੇਡਦਾ ਤੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਦਾ ਹੈ।
ਇੱਕ ਦਿਨ ਕੇਸ਼ਵ ਨੇ ਆਪਣੇ ਘਰ ਦੇ ਵਿਹੜੇ ਵਿੱਚ ਦਰੱਖਤ ’ਤੇ ਇੱਕ ਛੋਟੀ ਜਿਹੀ ਚਿੜੀ ਨੂੰ ਦੇਖਿਆ। ਉਹ ਚਿੜੀ ਆਪਣੀ ਚੁੰਝ ਵਿੱਚ ਸੁੱਕਾ ਘਾਹ ਅਤੇ ਛੋਟੀਆਂ ਟਾਹਣੀਆਂ ਲੈ ਕੇ ਆ ਰਹੀ ਸੀ। ਕੇਸ਼ਵ ਚੁੱਪਚਾਪ ਖੜ੍ਹਾ ਉਸ ਨੂੰ ਦੇਖਦਾ ਰਿਹਾ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਚਿੜੀ ਇਹ ਸਭ ਕਿਉਂ ਕਰ ਰਹੀ ਹੈ।
ਥੋੜ੍ਹੇ ਕੁ ਸਮੇਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਚਿੜੀ ਆਪਣਾ ਆਲ੍ਹਣਾ ਬਣਾ ਰਹੀ ਹੈ। ਕੇਸ਼ਵ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਇੱਕ ਛੋਟੀ ਜਿਹੀ ਚਿੜੀ ਕਿੰਨੀ ਮਿਹਨਤ ਕਰ ਰਹੀ ਹੈ।
ਉਸ ਦਿਨ ਤੋਂ ਕੇਸ਼ਵ ਹਰ ਰੋਜ਼ ਚਿੜੀ ਨੂੰ ਦੇਖਣ ਲੱਗ ਪਿਆ। ਉਹ ਦੇਖਦਾ ਕਿ ਚਿੜੀ ਦੂਰ-ਦੂਰ ਤੱਕ ਉੱਡ ਕੇ ਘਾਹ, ਪੱਤੇ ਅਤੇ ਟਾਹਣੀਆਂ ਲਿਆਉਂਦੀ ਤੇ ਦਰੱਖਤ ਦੀ ਟਾਹਣੀ ’ਤੇ ਰੱਖਦੀ ਹੈ। ਹੌਲੀ-ਹੌਲੀ ਉਹਦਾ ਆਲ੍ਹਣਾ ਬਣਦਾ ਗਿਆ। ਕਈ ਵਾਰ ਤੇਜ਼ ਹਵਾ ਵਗਦੀ ਅਤੇ ਕੁਝ ਟਾਹਣੀਆਂ ਹੇਠਾਂ ਡਿੱਗ ਜਾਂਦੀਆਂ, ਪਰ ਚਿੜੀ ਹਾਰ ਨਾ ਮੰਨਦੀ। ਉਹ ਫਿਰ ਉੱਡ ਕੇ ਹੋਰ ਸਾਮਾਨ ਲਿਆਉਂਦੀ ਅਤੇ ਆਪਣਾ ਕੰਮ ਜਾਰੀ ਰੱਖਦੀ। ਕੇਸ਼ਵ ਨੂੰ ਚਿੜੀ ਦੀ ਮਿਹਨਤ ਦੇਖ ਕੇ ਬਹੁਤ ਪ੍ਰੇਰਣਾ ਮਿਲਦੀ।
ਇੱਕ ਦਿਨ ਕੇਸ਼ਵ ਨੇ ਆਪਣੇ ਪਾਪਾ ਨੂੰ ਬੜੀ ਉਤਸੁਕਤਾ ਨਾਲ ਪੁੱਛਿਆ;
“ਪਾਪਾ ਜੀ, ਇਹ ਛੋਟੀ ਜਿਹੀ ਚਿੜੀ ਇੰਨੀ ਮਿਹਨਤ ਕਿਉਂ ਕਰਦੀ ਏ?”
ਪਾਪਾ ਨੇ ਮੁਸਕਰਾ ਕੇ ਕਿਹਾ; ‘‘ਬੇਟਾ, ਇਹ ਆਪਣੇ ਬੱਚਿਆਂ ਲਈ ਮਜ਼ਬੂਤ ਘਰ ਬਣਾ ਰਹੀ ਏ। ਹਰ ਮਾਂ ਆਪਣੇ ਬੱਚਿਆਂ ਲਈ ਸੁਰੱਖਿਅਤ ਥਾਂ ਚਾਹੁੰਦੀ ਹੈ।”
ਇਹ ਗੱਲ ਸੁਣ ਕੇ ਕੇਸ਼ਵ ਦੇ ਮਨ ਵਿੱਚ ਚਿੜੀ ਲਈ ਹੋਰ ਵੀ ਪਿਆਰ ਪੈਦਾ ਹੋ ਗਿਆ। ਹੁਣ ਉਹ ਚਿੜੀ ਨੂੰ ਤੰਗ ਨਾ ਕਰਦਾ ਅਤੇ ਦੂਰੋਂ ਹੀ ਉਸ ਨੂੰ ਦੇਖਦਾ ਰਹਿੰਦਾ।
ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਚਿੜੀ ਦਾ ਆਲ੍ਹਣਾ ਤਿਆਰ ਹੋ ਗਿਆ। ਉਹ ਛੋਟਾ, ਪਰ ਬਹੁਤ ਸੋਹਣਾ ਸੀ। ਕੇਸ਼ਵ ਨੂੰ ਲੱਗਦਾ, ਜਿਵੇਂ ਦਰੱਖਤ ’ਤੇ ਇੱਕ ਛੋਟਾ ਜਿਹਾ ਘਰ ਬਣ ਗਿਆ ਹੋਵੇ। ਕੁਝ ਸਮੇਂ ਬਾਅਦ ਚਿੜੀ ਨੇ ਆਪਣੇ ਆਲ੍ਹਣੇ ਵਿੱਚ ਆਂਡੇ ਦਿੱਤੇ। ਉਹ ਬੜੇ ਪਿਆਰ ਨਾਲ ਉਨ੍ਹਾਂ ਦੀ ਦੇਖਭਾਲ ਕਰਦੀ। ਕਿੰਨਾ ਕਿੰਨਾ ਸਮਾਂ ਆਪਣੇ ਆਲ੍ਹਣੇ ਵਿੱਚ ਹੀ ਬੈਠੀ ਰਹਿੰਦੀ।
ਇੱਕ ਰਾਤ ਬਹੁਤ ਤੇਜ਼ ਤੂਫ਼ਾਨ ਆਇਆ। ਹਵਾ ਬਹੁਤ ਜ਼ੋਰ ਨਾਲ ਵਗਣ ਲੱਗੀ ਤੇ ਦਰੱਖਤ ਹਿੱਲਣ ਲੱਗ ਪਏ। ਕੇਸ਼ਵ ਖਿੜਕੀ ਵਿੱਚੋਂ ਬਾਹਰ ਦੇਖਦਾ ਰਿਹਾ। ਉਸ ਨੂੰ ਚਿੰਤਾ ਹੋ ਰਹੀ ਸੀ ਕਿ ਕਿਤੇ ਚਿੜੀ ਦਾ ਆਲ੍ਹਣਾ ਡਿੱਗ ਨਾ ਜਾਵੇ। ਕੇਸ਼ਵ ਨੇ ਦਿਲੋਂ ਅਰਦਾਸ ਕੀਤੀ ਕਿ ਚਿੜੀ ਅਤੇ ਉਸ ਦੇ ਆਂਡੇ ਸੁਰੱਖਿਅਤ ਰਹਿਣ।
ਸਵੇਰੇ ਜਦੋਂ ਤੂਫ਼ਾਨ ਰੁਕਿਆ, ਕੇਸ਼ਵ ਤੁਰੰਤ ਬਾਹਰ ਦੌੜ ਕੇ ਗਿਆ। ਉਸ ਨੇ ਉੱਪਰ ਦੇਖਿਆ ਤਾਂ ਚਿੜੀ ਦਾ ਆਲ੍ਹਣਾ ਅਜੇ ਵੀ ਦਰੱਖਤ ’ਤੇ ਮਜ਼ਬੂਤੀ ਨਾਲ ਟਿਕਿਆ ਹੋਇਆ ਸੀ। ਚਿੜੀ ਵੀ ਠੀਕ ਸੀ।
ਕੁਝ ਦਿਨਾਂ ਬਾਅਦ ਆਂਡਿਆਂ ਵਿੱਚੋਂ ਛੋਟੇ-ਛੋਟੇ ਬੋਟ ਨਿਕਲੇ। ਉਹ ਚੀਂ-ਚੀਂ ਕਰਦੇ ਅਤੇ ਆਪਣੀ ਮਾਂ ਦੀ ਉਡੀਕ ਕਰਦੇ। ਚਿੜੀ ਉਨ੍ਹਾਂ ਲਈ ਚੋਗਾ ਲਿਆਉਂਦੀ ਅਤੇ ਉਨ੍ਹਾਂ ਦੀ ਸੰਭਾਲ ਕਰਦੀ। ਕੇਸ਼ਵ ਹਰ ਰੋਜ਼ ਉਨ੍ਹਾਂ ਨੂੰ ਦੇਖ ਕੇ ਖ਼ੁਸ਼ ਹੁੰਦਾ। ਹੌਲੀ-ਹੌਲੀ ਨੰਨ੍ਹੇ ਬੋਟ ਵੱਡੇ ਹੋਣ ਲੱਗ ਪਏ। ਇੱਕ ਦਿਨ ਉਹ ਸਮਾਂ ਵੀ ਆ ਗਿਆ ਜਦੋਂ ਚਿੜੀ ਦੇ ਬੱਚਿਆਂ ਨੇ ਪਹਿਲੀ ਵਾਰ ਆਪਣੇ ਖੰਭ ਫੜਫੜਾਏ। ਉਹ ਹੌਲੀ-ਹੌਲੀ ਉੱਡਣ ਦੀ ਕੋਸ਼ਿਸ਼ ਕਰਨ ਲੱਗੇ। ਕੇਸ਼ਵ ਬਹੁਤ ਧਿਆਨ ਨਾਲ ਇਹ ਸਭ ਦੇਖ ਰਿਹਾ ਸੀ।
ਕੁਝ ਹੀ ਦਿਨਾਂ ਵਿੱਚ ਉਹ ਅਸਮਾਨ ਵਿੱਚ ਉੱਡਣ ਲੱਗ ਪਏ। ਚਿੜੀ ਉਨ੍ਹਾਂ ਦੇ ਨਾਲ ਉੱਡਦੀ ਜਿਵੇਂ ਉਨ੍ਹਾਂ ਨੂੰ ਰਸਤਾ ਦਿਖਾ ਰਹੀ ਹੋਵੇ।
ਕੇਸ਼ਵ ਇਹ ਸਭ ਦੇਖ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਸੋਚਿਆ ਕਿ ਇੱਕ ਛੋਟੀ ਜਿਹੀ ਚਿੜੀ ਨੇ ਕਿੰਨੀ ਮਿਹਨਤ ਨਾਲ ਆਪਣਾ ਆਲ੍ਹਣਾ ਬਣਾਇਆ ਅਤੇ ਆਪਣੇ ਬੱਚਿਆਂ ਨੂੰ ਪਾਲਿਆ। ਉਸ ਦਿਨ ਕੇਸ਼ਵ ਨੇ ਆਪਣੇ ਮਨ ਵਿੱਚ ਇੱਕ ਗੱਲ ਸਮਝ ਲਈ ਕਿ ਮਿਹਨਤ ਕਰਨ ਵਾਲਾ ਕਦੇ ਹਾਰਦਾ ਨਹੀਂ ਅਤੇ ਪਿਆਰ ਨਾਲ ਬਣਾਇਆ ਘਰ ਹਮੇਸ਼ਾਂ ਖ਼ੁਸ਼ੀ ਦਿੰਦਾ ਹੈ।
ਉਹ ਦਰੱਖਤ ਵੱਲ ਵੇਖ ਕੇ ਮੁਸਕਰਾਇਆ ਅਤੇ ਹੌਲੀ ਜਿਹੀ ਆਪਣੇ ਪਾਪਾ ਨੂੰ ਕਹਿਣ ਲੱਗਿਆ, ‘‘ਪਾਪਾ! ਮੈਨੂੰ ਹੁਣ ਸਮਝ ਆਈ ਏ ਕਿ ਚਿੜੀ ਨੇ ਆਪਣਾ ਘਰ ਇੰਨਾ ਮਜ਼ਬੂਤ ਇਸੇ ਕਰਕੇ ਬਣਾਇਆ ਸੀ ਤਾਂ ਕਿ ਉਸ ਦੇ ਬੱਚਿਆਂ ਨੂੰ ਕੋਈ ਨੁਕਸਾਨ ਨਾ ਹੋਵੇ।’’
ਪਾਪਾ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, ‘‘ਹਾਂ ਪੁੱਤਰ, ਇਹ ਆਲ੍ਹਣਾ ਸਿਰਫ਼ ਚਿੜੀ ਦਾ ਘਰ ਨਹੀਂ, ਇਹ ਮਿਹਨਤ ਅਤੇ ਪਿਆਰ ਦੀ ਕਹਾਣੀ ਵੀ ਹੈ।”
ਸੰਪਰਕ: 94171-63426

