DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਉਂ ਦਮੋਦਰ ਜਾਤ ਗਲਹਾਟੀ, ਆਇਆ ਸੁੱਕ ਸਿਆਲੀਂ

ਪੰਜਾਬੀ ਸਾਹਿਤ ਦਾ ਪਹਿਲਾ ਕਿੱਸਾਕਾਰ ਜਿਸ ਨੇ ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦੀ ਨੀਂਹ ਰੱਖੀ, ਉਹ ਹੈ ਦਮੋਦਰ ਗਲਾਟੀ। ਆਪਣੀ ਕਲਮ ਨਾਲ ਉਸ ਨੇ ਹੀਰ-ਰਾਂਝੇ ਦੇ ਜੀਵਨ ਵਿੱਚ ਵਾਪਰੀ ਪ੍ਰੇਮ ਗਾਥਾ ਨੂੰ ਹਕੀਕੀ ਰੂਪ ਦੇ ਕੇ ਅਮਰ ਕਰ ਦਿੱਤਾ। ਹੀਰ-ਰਾਂਝੇ...

  • fb
  • twitter
  • whatsapp
  • whatsapp
Advertisement

ਪੰਜਾਬੀ ਸਾਹਿਤ ਦਾ ਪਹਿਲਾ ਕਿੱਸਾਕਾਰ ਜਿਸ ਨੇ ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦੀ ਨੀਂਹ ਰੱਖੀ, ਉਹ ਹੈ ਦਮੋਦਰ ਗਲਾਟੀ। ਆਪਣੀ ਕਲਮ ਨਾਲ ਉਸ ਨੇ ਹੀਰ-ਰਾਂਝੇ ਦੇ ਜੀਵਨ ਵਿੱਚ ਵਾਪਰੀ ਪ੍ਰੇਮ ਗਾਥਾ ਨੂੰ ਹਕੀਕੀ ਰੂਪ ਦੇ ਕੇ ਅਮਰ ਕਰ ਦਿੱਤਾ। ਹੀਰ-ਰਾਂਝੇ ਦੇ ਕਿੱਸੇ ਨੇ ਅਜਿਹੀ ਲੋਅ ਜਗਾਈ ਕਿ ਇਸ ਤੋਂ ਉਪਰੰਤ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਿੱਸਿਆਂ ਦੀ ਇੱਕ ਲੜੀ ਹੀ ਜੁੜ ਗਈ। ਦਮੋਦਰ ਨੇ ਸਿੱਧ ਕਰ ਦਿੱਤਾ ਕਿ ਸਿਰਜਣਾਤਮਕਤਾ ਹੀ ਕਿਸੇ ਸਾਹਿਤਕ ਪਰੰਪਰਾ ਦੀ ਨੀਂਹ ਬਣਦੀ ਹੈ।

ਦਮੋਦਰ ਦੇ ਕਿੱਸੇ ਵਿਚਲੀ ਕਹਾਣੀ ਦੀ ਪੂਰਨਤਾ 1472 ਈਸਵੀ ਵਿੱਚ ਹੁੰਦੀ ਹੈ, ਜਦੋਂ ਕਿ ਵਾਰਿਸ ਸ਼ਾਹ ਦਾ ਜੀਵਨ 1722-1798 ਵਿਚਕਾਰ ਵਾਪਰਦਾ ਹੈ। ਵਾਰਿਸ ਸ਼ਾਹ ਨੇ ਦਮੋਦਰ ਦੀ ਕਹਾਣੀ ‘ਚੋਰੀ ਕਰਕੇ’ ਆਪਣੇ ਨਾਂ ਹੇਠ ਹੀਰ-ਰਾਂਝੇ ਦਾ ਨਵਾਂ ਕਿੱਸਾ ਲਿਖ ਦਿੱਤਾ ਅਤੇ ਸਮਾਪਤੀ ’ਤੇ ਜਾ ਕੇ ਕਹਾਣੀ ਵੀ ਬਦਲ ਦਿੱਤੀ। ‘ਚੋਰੀ ਕਰਕੇ’ ਸ਼ਬਦ ਇਸ ਲਈ ਲਿਖਿਆ ਗਿਆ ਹੈ ਕਿਉਂਕਿ ਇਸ ਨੇ ਦਮੋਦਰ ਦਾ ਨਾਂ ਨਹੀਂ ਲਿਆ। ਦਮੋਦਰ ਦੇ ਧਾਰਮਿਕ ਪਿਛੋਕੜ ਦਾ ਵਖਰੇਵਾਂ ਹੋਣ ਕਾਰਨ ਅਤੇ ਦਮੋਦਰ ਦੇ ਕਿੱਸੇ ਵਿੱਚ ਭਾਰਤੀ ਸੰਸਕ੍ਰਿਤੀ ਦਾ ਆਧਾਰ ਹੋਣਾ ਰਾਸ ਨਾ ਆਇਆ, ਦੋਵੇਂ ਪਾਸੇ ਪੰਜਾਬ ਦੇ ਲਿਖਾਰੀਆਂ ਨੇ ਦਮੋਦਰ ਨੂੰ ਭੁਲਾ ਕੇ ਵਾਰਿਸ ਸ਼ਾਹ ਦੇ ਕਿੱਸੇ ਨੂੰ ਵੱਡੀ ਮਾਨਤਾ ਦੇ ਦਿੱਤੀ। 18ਵੀਂ ਸਦੀ ਵਿੱਚ ਹੀ ਮੁਕਬਲ ਹੋਇਆ ਹੈ, ਉਸ ਨੇ ਵਾਰਿਸ ਸ਼ਾਹ ਤੋਂ ਥੋੜ੍ਹਾ ਪਹਿਲਾਂ ਹੀਰ-ਰਾਂਝੇ ਦੇ ਕਿੱਸੇ ਦੀ ਰਚਨਾ ਕੀਤੀ, ਉਸ ਨੇ ਵੀ ਕਿਤੇ ਦਮੋਦਰ ਦਾ ਨਾਂ ਨਹੀਂ ਲਿਆ, ਇਸ ਤੋਂ ਬਾਅਦ ਅਹਿਮਦ ਯਾਰ ਮਰਾਲਵੀ (18ਵੀਂ ਸਦੀ ਵਿੱਚ) ਅਤੇ ਹਾਸਿਮ ਸ਼ਾਹ (18ਵੀਂ ਸਦੀ) ਵਿੱਚ ਹੀਰ-ਰਾਂਝੇ ਦੇ ਕਿੱਸੇ ਰਚਦੇ ਹਨ, ਇਨ੍ਹਾਂ ਨੇ ਵੀ ਕਿਤੇ ਦਮੋਦਰ ਦਾ ਨਾਂ ਨਹੀਂ ਲਿਆ, ਇਹ ਵੀ ਚੋਰੀ ਦੇ ਇਲਜ਼ਾਮ ਤੋਂ ਮੁਕਤ ਨਹੀਂ ਹੋ ਸਕਦੇ।

Advertisement

ਹੁਣ ਗੱਲ ਕਰਦੇ ਹਾਂ ਕਵੀ ਗੁਰਦਾਸ ਗੁਣੀ ਦੀ ਜਿਸ ਨੇ ਹੀਰ-ਰਾਂਝੇ ਦੀ ਪ੍ਰੇਮਗਾਥਾ ਨੂੰ ਹਿੰਦੀ ਵਿੱਚ ਲਿਖਿਆ, ਪਰ ਉਸ ਦੀ ਆਤਮਾ ਉਸ ਨੂੰ ਚੋਰੀ ਨਹੀਂ ਕਰਨ ਦਿੰਦੀ, ਉਹ ਆਪਣੇ ਕਿੱਸੇ ਦੇ ਆਰੰਭ ਵਿੱਚ ਹੀ ਸਤਿਕਾਰ ਨਾਲ ਇਸ ਨੂੰ ਦਮੋਦਰ ਗਲਾਟੀ ਦੀ ਸਿਰਜਣਾ ਦੱਸਦਾ ਹੈ। ਗੁਰਦਾਸ ਗੁਣੀ ਹੀਰ-ਰਾਂਝੇ ਦੇ ਕਿੱਸੇ ਦੀ ਰਚਨਾ ਵਾਰਿਸ ਸ਼ਾਹ ਤੋਂ ਵੀ ਪਹਿਲਾਂ 1706 ਵਿੱਚ ਕਰਦਾ ਹੈ। ਦਮੋਦਰ ਦੀ ਇਸ ਮਹਾਨ ਰਚਨਾ ਨੂੰ ਭੌਤਿਕ ਰੂਪ ਵਿੱਚ ਲੋਕਾਈ ਵਿੱਚ ਦਾਖਲ ਕਰਵਾਉਣ ਦਾ ਸਿਹਰਾ ਬਾਵਾ ਗੰਗਾ ਸਿੰਘ ਬੇਦੀ ਨੂੰ ਜਾਂਦਾ ਹੈ, ਜਿਸ ਨੇ 1927 ਵਿੱਚ ਇਸ ਕਿੱਸੇ ਦੀ ਸੰਪਾਦਨਾ ਵਜੀਰ ਹਿੰਦ ਪ੍ਰੈੱਸ ਅੰਮ੍ਰਿਤਸਰ ਰਾਹੀਂ ਗੁਰਮੁਖੀ ਲਿੱਪੀ ਵਿੱਚ ਕਰਵਾ ਕੇ, ਇਸ ਨੂੰ ਅਮਰ ਕਰ ਦਿੱਤਾ। ਇਸ ਦੇ 960 ਬੰਦ ਹਨ। ਕਿੱਸੇ ਦੀ ਯੁਗਤ ਦਵਯਾ ਛੰਦ ਵਿੱਚ ਕੀਤੀ ਗਈ ਹੈ। ਭਾਸ਼ਾ ਦੀ ਸੁਰ ਕੇਂਦਰੀ ਪੰਜਾਬੀ ਅਤੇ ਨਾਟਕੀ ਅੰਦਾਜ਼ ਵਿੱਚੋਂ ਪਾਤਰਾਂ ਦੇ ਸਵਾਲ-ਜਵਾਬ ਝਾਂਗੀ-ਸਿਆਲੀ ਬੋਲੀ ਵਿੱਚ ਹਨ। ਦਮੋਦਰ ਦੀ ਮੁੱਢਲੀ ਲਿਖਤ ਟਾਕਰੀ ਵਿੱਚ ਹੈ। ਦਮੋਦਰ ਦੇ ਕਿੱਸੇ ਵਿੱਚ ਪ੍ਰਕਿਰਤੀ ਦਾ ਚਿਤਰਨ, ਹੀਰ-ਰਾਂਝੇ ਦੀ ਸੁੰਦਰਤਾ ਅਤੇ ਹੀਰ ਦੀਆਂ ਸਹੇਲੀਆਂ ਦੀ ਚੰਚਲਤਾ ਨਾਲ ਸ਼ਿੰਗਾਰ ਰਸ ਦੀ ਪ੍ਰਧਾਨਤਾ ਮੁੱਢ ਤੋਂ ਲੈ ਕੇ ਅਖੀਰ ਤੱਕ ਰਹਿੰਦੀ ਹੈ। ਦਮੋਦਰ ਕੋਈ ਸਥਾਪਿਤ ਸਾਹਿਤਕਾਰ ਨਹੀਂ ਸੀ, ਉਹ ਕਿੱਸੇ ਵਿੱਚ ਵੀ ਆਪਣੇ ਆਪ ਨੂੰ ਇੱਕ ਹੱਟੀਦਾਰ ਦੱਸਦਾ ਹੈ। ਕਿੱਸਾ ਕਿਤੋਂ ਵੀ ਕੋਈ ਗਲਪ ਰਚਨਾ ਨਜ਼ਰ ਨਹੀਂ ਆਉਂਦੀ, ਇਹ ਪੂਰੇ ਦਾ ਪੂਰਾ ਯਥਾਰਥ ਨਜ਼ਰ ਆਉਂਦਾ ਹੈ। ਇਸ ਕਰਕੇ ਕਿੱਸੇ ਵਿੱਚ ਦਮੋਦਰ ਨੇ ਅੱਖੀਂ ਡਿੱਠਾ ਸ਼ਬਦ ਵਾਰੀ-ਵਾਰੀ ਪ੍ਰਯੋਗ ਕੀਤਾ ਹੈ। ਦਮੋਦਰ ਲਿਖਦਾ ਹੈ: ‘ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕਾਈ।’

Advertisement

ਆਪਣੀ ਸਾਰੀ ਲਿਖਤ ਵਿੱਚ ਦਮੋਦਰ ਆਪਣੀ ਧਰਤੀ ਦੀ ਸੰਸਕ੍ਰਿਤੀ ਦਾ ਪੱਲਾ ਰੱਤੀ ਭਰ ਵੀ ਛੱਡਦਾ ਨਜ਼ਰ ਨਹੀਂ ਆਉਂਦਾ। ਅਰਬੀ-ਫਾਰਸੀ ਲਿੱਪੀ ਤਾਂ ਕੀ ਉਹ ਆਪਣੇ ਸਾਰੇ ਕਿੱਸੇ ਵਿੱਚ ਉਸ ਦਾ ਇੱਕ ਸ਼ਬਦ ਤੱਕ ਨਹੀਂ ਵਰਤਦਾ। ਦਮੋਦਰ ਕਿੱਸੇ ਦਾ ਆਰੰਭ ਆਪਣੇ ਨਾਮ ਤੋਂ ਹੀ ਕਰਦਾ ਹੈ:

ਨਾਉਂ ਦਮੋਦਰ ਜਾਤ ਗਲਹਾਟੀ, ਆਇਆ ਸੁੱਕ ਸਿਆਲੀਂ

ਆਪਣੇ ਮਨ ਵਿੱਚ ਮਸਲਤ ਕੀਤੀ, ਬੈਠ ਉਥਾਈ ਜਾਲੀ

ਦਮੋਦਰ ਝੰਗ ਸਿਆਲਾਂ ਵਿੱਚ ਆਪਣੀ ਹੱਟੀ ਬਾਰੇ ਕਹਿੰਦਾ ਹੈ;

ਚੂਚਕ ਬਹੂੰ ਦਿਲਾਸਾ ਕੀਤਾ ਤਾਂ ਦਿਲਗੀਰੀ ਲਾਹੀ

ਆਖ ਦਮੋਦਰ ਹੋਇਆ ਦਿਲਾਸਾ, ਹੱਟੀ ਇੱਥੇ ਪਾਈ

ਦਮੋਦਰ, ਚੂਚਕ ਦੇ ਘਰ ਹੀਰ ਦੇ ਜੰਮਣ ’ਤੇ ਕਬੀਲੇ ਦੀ ਖੁਸ਼ੀ ਦਾ ਪ੍ਰਗਟਾਵਾ ਇੰਜ ਕਰਦਾ ਹੈ;

ਹੀਰ ਛੋਹਰ ਜੰਮੀ ਹੈ ਲੋਕਾ, ਸੂਰਤ ਨੰਦ ਨਾ ਕਾਈ

ਪੱਟ ਵਲ੍ਹੇਟੀ, ਮੱਖਣ ਪਾਲੀ ਕੁੱਛੜ ਕੀਤੀ ਦਾਈ

ਹੀਰ ਦੇ ਬਾਪ ਦਾ ਨਾਮ ਚੂਚਕ ਹੈ, ਉਹ ਆਪਣੇ ਕਬੀਲੇ ਦਾ ਚੌਧਰੀ ਹੈ, ਵੱਡਾ ਜਿਮੀਂਦਾਰ ਹੈ, ਮਾਂ ਦਾ ਨਾਮ ਮਲਕੀ ਹੈ। ਉਹ ਝਨਾਅ ਦੇ ਕਿਨਾਰੇ ਪਿੰਡ ਝੰਗ ਵਿਖੇ ਰਹਿੰਦੇ ਹਨ, ਗੋਤ ਵੱਜੋਂ ਸਿਆਲ ਅਖਵਾਉਂਦੇ ਹਨ। ਕਿੱਸੇ ਵਿੱਚ ਹੀਰ ਨੂੰ ਹੀਰ, ਰੰਝੇਟੀ, ਸਲੇਟੀ, ਜਟੇਟੀ ਅਤੇ ਚਕੇਟੀ ਕਿਹਾ ਗਿਆ ਹੈ। ਹੀਰ ਦੀਆਂ 360 ਸਹੇਲੀਆਂ ਹਨ ਅਤੇ ਹੱਸੀ ਉਸ ਦੀ ਸਭ ਤੋਂ ਵੱਧ ਵਫ਼ਾਦਾਰ ਸਹੇਲੀ ਹੈ।

ਰਾਂਝੇ ਦਾ ਪਿੰਡ ਤਖ਼ਤ ਹਜ਼ਾਰਾ ਹੈ, ਉਸ ਦੇ ਬਾਪ ਦਾ ਨਾਂ ਮੌਜੂ ਚੌਧਰੀ ਹੈ, ਤਾਹਿਰ, ਜਾਹਿਰ ਅਤੇ ਜੀਵਨ ਰਾਂਝੇ ਦੇ ਭਰਾ ਹਨ। ਰਾਂਝਾ ਘਰ ਵਿੱਚ ਸਭ ਤੋਂ ਛੋਟਾ ਅਤੇ ਲਾਡਲਾ ਸੀ, ਇਸ ਲਈ ਉਸ ਨੂੰ ਖੇਤੀ ਦੇ ਸਖ਼ਤ ਕੰਮ ਤੋਂ ਦੂਰ ਰੱਖਿਆ ਜਾਂਦਾ ਸੀ, ਪਰ ਆਪਣੇ ਪਸ਼ੂਆਂ ਦੇ ਵੱਗ ਕੋਲ ਜਾਂਦਾ ਸੀ, ਜਿੱਥੇ ਉਹ ਬੰਸਰੀ (ਵੰਝਲੀ) ਵਜਾਉਣਾ ਸਿੱਖ ਗਿਆ। ਕਿੱਸੇ ਵਿੱਚ ਰਾਂਝੇ ਨੂੰ ਧੀਦੋ, ਰੰਝੇਟਾ, ਚਾਕ ਅਤੇ ਰਾਂਝਾ ਆਦਿ ਨਾਮਾਂ ਨਾਲ ਸੰਬੋਧਨ ਕੀਤਾ ਗਿਆ ਹੈ। ਮਾਂ-ਬਾਪ ਦੇ ਮਰਨ ਉਪਰੰਤ ਰਾਂਝੇ ਨਾਲ ਭਰਾਵਾਂ ਵੱਲੋਂ ਭਾਰੀ ਧੱਕਾ ਕੀਤਾ ਜਾਂਦਾ ਹੈ, ਉਸ ਨਾਲ ਜ਼ਮੀਨ ਦੀ ਵੰਡ ਵਿੱਚ ਬੇਇਨਸਾਫੀ ਹੁੰਦੀ ਹੈ ਤਾਂ ਉਹ ਤਖ਼ਤ ਹਜ਼ਾਰਾ ਛੱਡ ਦਿੰਦਾ ਹੈ, ਦਮੋਦਰ ਰਾਂਝੇ ਦੇ ਲਿਬਾਸ ਬਾਰੇ ਵੀ ਦੱਸਦਾ ਹੈ;

ਤਾਂ ਕਰ ਵਿਦਾ ਭਰਾਵਾਂ ਨਾਲੋਂ, ਰਾਂਝਾ ਘਰੋਂ ਸਿਧਾਇਆ

ਖੂੰਡੀ ਤੇ ਹੱਥ ਵੰਝਲੀ ਕੀਤੀ ਚਲਣ ਤੇ ਚਿੱਤ ਚਾਇਆ

ਚੀਰਾ ਲਾਲ ਅਤੇ ਅੰਬਰੀ ਹਿੰਝ ਨੀਲਾ ਖੇਸ ਬੰਨ੍ਹਾਇਆ

ਨੱਕ ਬਲਾਕ ਤੇ ਕੁਨੀਨ ਲੁੜ੍ਹਕੇ ਚੁਣੀਆਂ ਰੰਜ ਨ ਲਾਇਆ

ਦਮੋਦਰ ਦੇ ਅਨੁਸਾਰ ਰਾਂਝੇ ਨੇ ਅੱਠ ਤੱਕ ਵਿੱਦਿਆ ਲੈ ਲਈ ਸੀ;

ਅੱਠ ਵਿੱਦਿਆ ਲੈ ਚੱਲਿਆ ਧੀਦੋ

ਚੱਲਣ ਤੇ ਚਿੱਤ ਚਾਇਆ

ਆਖ ਦਮੋਦਰ ਬਣੀ ਹਕੀਕਤ ਸੁੱਕ ਸਿਆਲੀਂ ਆਇਆ

ਦਮੋਦਰ ਨੂੰ ਭਾਰਤੀ ਸੰਸਕ੍ਰਿਤੀ ਅਤੇ ਵੈਦਿਕ ਰਾਗਾਂ ਦਾ ਪੂਰਨ ਗਿਆਨ ਸੀ, ਉਹ ਲਿਖਦਾ ਹੈ:

ਲਲਿਤ ਰਾਗ ਵਿੱਚ ਵਾਹੀ ਵੰਝਲੀ, ਪੈਰਾਂ ਚੰਗੀ ਭਾਈ

ਦਮੋਦਰ ਦੇ ਕਿੱਸੇ ਵਿੱਚ ਕਿਸ਼ਤੀ ਦੇ ਮਲਾਹ ਲੁੱਡਣ ਜਾਤੀ ਦੇ ਝਿਉਰ ਦੀ ਭੂਮਿਕਾ ਬਹੁਤ ਸੁਖਾਵੀਂ ਹੁੰਦੀ ਹੈ। ਰਾਂਝਾ ਉਸ ਦੀ ਕਿਸ਼ਤੀ ਰਾਹੀਂ ਹੀ ਚੂਚਕ ਦੇ ਖੇਤਾਂ ਵਿਚਲੇ ਖੂਹ ਕੋਲ ਪਹੁੰਚਦਾ ਹੈ, ਜਿੱਥੇ ਉਸ ਦੀ ਮਿਲਣੀ ਹੀਰ ਨਾਲ ਹੁੰਦੀ ਹੈ। ਹੀਰ ਦੇ ਕਹਿਣ ’ਤੇ ਚੂਚਕ ਰਾਂਝੇ ਨੂੰ ਮੱਝਾਂ ਦਾ ਪਾਲੀ ਰੱਖ ਲੈਂਦਾ ਹੈ। ਦਮੋਦਰ ਦੇ ਕਿੱਸੇ ਮੁਤਾਬਿਕ ਜਦੋਂ ਹੀਰ 12 ਵਰ੍ਹਿਆਂ ਦੀ ਹੁੰਦੀ ਹੈ ਤਾਂ ਰਾਂਝੇ ਨਾਲ ਪਿਆਰ ਕਰ ਬੈਠਦੀ ਹੈ;

ਬਾਰ੍ਹਾਂ ਵਰ੍ਹਿਆਂ ਦੀ ਛੋਹਰ ਹੋਈ ਤਾਂ

ਰਾਂਝੇ ਅੱਖੀਆਂ ਲਾਈਆਂ

ਹੀਰ ਆਪਣੇ ਨਗਰ ਵਿੱਚ ਰਾਜ ਕੁਮਾਰੀ ਵਾਂਗ ਵਿਚਰਦੀ ਹੈ। ਨੂਰਾ ਚੰਦੜ ਕਈ ਕਿਸ਼ਤੀਆਂ ਦਾ ਮਾਲਕ ਹੈ, ਉਹ ਲੁੱਡਣ ਨੂੰ ਤੰਗ ਪਰੇਸ਼ਾਨ ਕਰਦਾ ਹੈ ਅਤੇ ਲੁੱਡਣ ਨੂੰ ਮਾਰਨ ਨੂੰ ਫਿਰਦਾ ਹੈ, ਹੀਰ ਦੇ ਮਾਪਿਆਂ ਨੇ ਲੁੱਡਣ ਨੂੰ ਆਪਣੇ ਕੋਲ ਸ਼ਰਨ ਦਿੱਤੀ, ਹੀਰ ਨੇ ਆਪਣੀਆਂ ਸਹੇਲੀਆਂ ਦੀ ਫੌਜ ਲੈ ਕੇ ਨੂਰੇ ਦੀ ਧੌਣ ਵੱਢ ਦਿੱਤੀ। ਦਮੋਦਰ ਲਿਖਦਾ ਹੈ;

ਹੀਰ ਧਰੋਹ ਕਰ ਮਾਰੀ ਮਿਸਰੀ, ਸਿਰ ਨੂਰੇ ਦੇ ਸਿਟੀ

ਅੱਧਾ ਧੜ ਹੁਣੇ ਵਿੱਚ ਫਾਥਾ, ਅੱਧਾ ਢੱਠਾ ਧਰਤੀ

ਦਮੋਦਰ ਰਾਂਝੇ ਦੇ ਕਿਰਦਾਰ ਵਿੱਚੋਂ ਕ੍ਰਿਸ਼ਨ ਨੂੰ ਦੇਖਦਾ ਹੈ, ਰਾਂਝਾ ਵੰਝਲੀ ਦੀ ਸੁਰ ਛੇੜ ਕੇ ਮੱਝਾਂ ਨੂੰ ਬਲਾਉਂਦਾ ਸੀ;

ਆਖ ਦਮੋਦਰ ਕੀਕਣ ਧੀਰਨ ਗੋਪੀਆਂ ਕ੍ਰਿਸ਼ਨ ਬੁਲਾਈਆਂ

ਕੈਦੋਂ (ਹੀਰ ਦਾ ਚਾਚਾ) ਹੀਰ ਅਤੇ ਰਾਂਝੇ ਦੇ ਪ੍ਰੇਮ ਦੀ ਗੱਲ ਹੀਰ ਦੇ ਬਾਪ ਕੋਲ ਕਰ ਦਿੰਦਾ ਹੈ। ਗੁੱਸੇ ਵਿੱਚ ਹੀਰ ਕੈਦੋਂ ਦੀ ਝੁੱਗੀ ਸਾੜ ਦਿੰਦੀ ਹੈ;

ਜਲ ਬਲ ਕੋਲਾ ਕੀਤੀ ਝੁੱਗੀ, ਕੈਦੋਂ ਨੂੰ ਕਹੀਂ ਸੁਣਾਇਆ

ਹੀਰ ਆਪਣੀ ਮਾਂ ਨੂੰ ਕਹਿੰਦੀ ਹੈ;

ਮਾਏ! ਸੌ ਰਾਂਝਾ ਦਰ ਦੇਵੀਂ ਮੈਨੂੰ, ਨਿੱਤ ਸੁਹਾਗ ਢਹਿਵੇ

ਰਾਂਝਾ ਹੀਰ ਨੂੰ ਆਪਣੇ ਪਿਛੋਕੜ ਬਾਰੇ ਦੱਸਦਾ ਹੈ;

ਨਾ ਹੱਸ ਚਾਕ ਚਰੋਕਾ ਹੀਰੇ! ਮੈਂ ਭੀ ਰਾਠਾਂ ਜਾਇਆ

ਸੈਦਾ ਖੇੜਾ ਹੀਰ ਨੂੰ ਵਿਆਹੁਣ ਆਉਂਦਾ ਹੈ;

ਬਹੁਤੀ ਜੰਜ ਖੇੜਿਆਂ ਦੀ ਆਈ, ਬਹੁਤਾ ਰੰਗ ਹਨ ਭੀ ਰੀ

ਦਮੋਦਰ ਹੀਰ ਦੀ ਸਹੇਲੀ ਹੱਸੀ ਦੇ ਭਾਵ ਇੰਜ ਪ੍ਰਗਟ ਕਰ ਰਿਹਾ ਹੈ;

ਰੋਵੇ ਹੱਸੀ, ਕੋਲ ਖਲੋਤੀ, ਜਾਂ ਵੇਖੇ ਹੀਰੇ ਤਾਈਂ

ਤੇਡੇਂ ਵਿਛੋੜੇ ਹੀਰੇ ਕੁੜੀਏ, ਜੀਵਨ ਮੇਂਡਾ ਨਾਹੀਂ

ਦਮੋਦਰ ਹੀਰ ਤੋਂ ਸੁੰਨੇ ਵਿਹੜੇ ਬਾਰੇ ਲਿਖਦਾ ਹੈ;

ਰੋਂਦੇ ਆ ਤਨ ਤੇ ਰੋਂਦੇ ਵਿਹੜੇ ਜਿਉਂ ਜਿਉਂ ਵਿਦਾ ਕਰੇਂਦੀ

ਰੋਵਣ ਵਿਰਖ, ਬਬੂਲ ਪਨਘੀਰੋ, ਸਹੀਂਆਂ ਵਾਰੇ ਦਿੰਦੀ

ਹੀਰ ਦੇ ਤੁਰ ਜਾਣ ਪਿੱਛੋਂ ਹੀਰ ਦੀਆਂ ਸਹੇਲੀਆਂ ਰਾਂਝੇ ਨੂੰ ਕਹਿੰਦੀਆਂ ਹਨ;

ਤੂੰ ਉਹੋ ਰਾਂਝਾ ਤੇ ਅਸੀਂ ਉਹੋ ਕੁੜੀਆਂ

ਨੂਤਨ ਇਸ਼ਕ ਲਈ ਹਾਂ

ਆਖ ਦਮੋਦਰ ਜੇ ਹੋਵੇਂ ਰਾਜੀ

ਤਾਂ ਉੱਦਮ ਇਹ ਕਿਰਿਆਆਂ

ਦਮੋਦਰ ਖੇੜਿਆਂ ਦੇ ਘਰ ਵਿੱਚ ਹੀਰ ਦਾ ਹਾਲ ਸੁਣਾਉਂਦਾ ਹੈ;

ਬੈਠੀ ਹੀਰ, ਉਡਾਵੇ ਕਾਂਵਾਂ, ਇਹੋ ਜਿਕਰ ਕਰੇਂਦੀ

ਆਖ ਦਮੋਦਰ ਵਿੱਥਾਂ ਪਈਆਂ, ਮੈਂ ਮਰਸਾਂ ਖੋਜ ਢੁਢੇਂਦੀ

ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ, ਦਮੋਦਰ ਭਾਰਤੀ ਸੰਸਕ੍ਰਿਤੀ ਦਾ ਪੱਲਾ ਫੜ ਕੇ ਚੱਲਦਾ ਹੈ, ਹੀਰ ਆਪਣਾ ਹਾਲ ਪੱਥਰ ਦੀ ਅਹੁਲਿਆ ਵਾਂਗ ਦੱਸਦੀ ਹੈ;

ਮਰਨ ਅਹੁਲਿਆ, ਸੱਚ ਸਿਆਲੀਂ

ਮੈਂ ਭਲੀ ਦਾ ਸ਼ਰਮ ਤਸਾ ਨਹੀਂ

ਆਖ ਦਮੋਦਰ ਧੀਦੋ ਬਾਝੋਂ ਜੀਵਨ ਮੇਂਡਾ ਨਾਹੀਂ

ਦਮੋਦਰ ਇਸ ਬੰਦ ਨਾਲ ਹੀਰ-ਰਾਂਝੇ ਦੇ ਪਿਆਰ ਨੂੰ ਹਕੀਕੀ ਰੂਪ ਵਿੱਚ ਪ੍ਰਗਟ ਕਰਦਾ ਹੈ;

ਉਲਟੀ ਹੀਰ, ਹੀਰੇ ਵਿੱਚ ਰਾਂਝਾ, ਹਾਲ ਨਾ ਜਾਨੇਂ ਕੋਈ

ਰਾਂਝਾ-ਰਾਂਝਾ ਕਿਹਨੂੰ ਆਖਾਂ ਮੈਂ ਆਪੇ ਰਾਂਝਣ ਹੋਈ

ਰਾਂਝਾ ਹੀਰ ਤੇ ਹੀਰ ਰਾਂਝੇ ਦੀ ਰਤੀ ਫਰਕ ਨਾ ਕੋਈ

ਰਾਤੀ ਦੇਹਾਂ ਬਾਝ ਰੰਝੇਟੇ, ਉਸ ਨੂੰ ਜਿਕਰ ਨਾ ਕੋਈ

ਹੀਰ ਦੀ ਉਸ ਦੀ ਨਣਦ ਸਹਿਤੀ ਨਾਲ ਪ੍ਰਸ਼ਨੋ-ਉੱਤਰੀ ਚੱਲਦੀ ਹੈ, ਦਮੋਦਰ ਹੀਰ ਦੇ ਬਿਆਨਾਂ ਨੂੰ ਇੰਜ ਚਿਤਰਦਾ ਹੈ;

ਜਿਹੀ ਪ੍ਰੀਤ ਦਸਰਥ ਸੱਤ ਨੰਦਨ, ਦੂਜੀ ਸੀਤਾ ਆ ਹੀ

ਜਿਹੀ ਪ੍ਰੀਤ ਨੰਦ ਕੇ ਨੰਦਨ, ਔਰ ਵਿਰਖ ਭਾਣ ਕੀ ਜਾਈ

ਹੁਣ ਤੈਂਡੀ, ਮੈਂਡੀ ਪ੍ਰੀਤ ਅਜਿਹੀ ਜਾ ਨੈਣ ਸਭ ਲੋਕਾਈ

ਆ ਦਮੋਦਰ ਸਨ ਮੀਆਂ ਰਾਂਝਾ, ਤੂੰ ਮੈਂਡਾ ਸਿਰ ਸਾਈਂ

ਰਾਂਝਾ ਜੋਗੀਆਂ ਟਿੱਲੇ ਨਾਥ ਜੋਗੀ ਤੋਂ ਜੋਗ ਲੈਣ ਜਾਂਦਾ ਹੈ। ਸਾਰੇ ਕਿੱਸੇ ਵਿੱਚ ਕਿਤੇ ਗੋਰਖ ਦਾ ਨਾਮ ਨਹੀਂ ਆਉਂਦਾ, ਦਮੋਦਰ ਸਿੱਧ ਬਗਾਈ ਦਾ ਨਾਮ ਲੈਂਦਾ ਹੈ, ਜਿਸ ਤੋਂ ਰਾਝਾ ਜੋਗ ਲੈਂਦਾ ਹੈ। ਇਸ ਤੋਂ ਭਾਵ ਗੋਰਖਨਾਥ ਇਨ੍ਹਾਂ ਤੋਂ ਪਹਿਲਾਂ ਹੋਏ ਸਨ। ਦਮੋਦਰ ਹਰ ਪਲ ਭਾਰਤੀ ਸੰਸਕ੍ਰਿਤੀ ਵਿੱਚ ਰੰਗਿਆ ਹੋਇਆ ਲਿਖਦਾ ਹੈ;

ਸਰਨੀ ਤੇਰੀ ਆਇਆ ਆ ਹੂੰ, ਰਾਂਝੇ ਸੁਖਨ ਕੇਤੂ ਈ

ਜਿਹਨਾ ਤੇ ਕਿਰਿਆ ਤੁਮਰੀ ਹੋਈ, ਜੱਗ ਤੇ ਤੁਰਿਆ ਸੌ ਈ

ਜੋਗ ਲਿਆ ਗੋਪੀ ਚੰਦ, ਭਰਥਰੀ, ਮੈਂ ਗਰੀਬ ਕੀ ਹੋਈ

ਆਖ ਦਮੋਦਰ ਰਾਂਝਾ ਟਿੱਲੇ, ਚਰਨੀ ਆ ਪਿਓ ਈ

ਜੋਗ ਲੈਣ ਤੋਂ ਬਾਅਦ ਰਾਂਝਾ ਖੇੜਿਆਂ ਦੇ ਪਿੰਡ ਡੇਰਾ ਲਾਉਂਦਾ ਹੈ, ਸਹਿਤੀ ਹੀਰ ਨੂੰ ਜੋਗੀ ਨਾਲ ਮਿਲਾਉਂਦੀ ਹੈ। ਹੀਰ ਕਹਿੰਦੀ ਹੈ;

ਸਨ ਵੇ ਨਿੱਘਰਿਆ ਜੋਗੀਆ! ਰੋਗ ਨਾ ਮੈਂਡਾ ਛੀੜਾ

ਅੰਦਰ ਸਲਗੇ ਜਾਮਕੀ, ਲਾਟ ਬੱਲੇ ਬਣ ਤੇਲ

ਢੋਲ ਨਾ ਕਾਈ ਬਾਤੜੀ ਮਾਰ ਨਾ ਮੈਂਨੂੰ ਸੈਲ

ਜੇ ਤੁਧ ਰੋਗ ਵਣਜਾਰਨਾ, ਤਾਂ ਚਾਕ ਅਸਾਂ ਨੂੰ ਮੇਲ

ਰਾਂਝਾ ਹੀਰ ਸਾਹਮਣੇ ਆਪਣਾ ਭੇਤ ਖੋਲ੍ਹਦਾ ਹੈ;

ਤਖ਼ਤ ਹਜ਼ਾਰਾ ਜਮ ਹੈ, ਚੰਦਲ ਵਹਿੰਦੀ ਨੀਰ

ਸਿੱਧ ਬਗਾਈ ਦੀ ਥਾਪਣਾ ਜਿਹੜਾ ਟਿੱਲੇ ਦਾ ਪੀਰ

ਆ ਯਮ ਕਪਰ ਝਾਗ ਕੇ, ਨੀਂ ਬੂਟੇ ਝੱਲ ਚੀਰ

ਅਖੀਂ ਵੇਖ ਸਨਜਾਨ ਤੋਂ, ਮੈਂ ਰਾਂਝਾ ਤੇ ਤੋਂ ਹੀਰ

ਸਹਿਤੀ ਇੱਕ ਔਰਤ ਦੀਆਂ ਭਾਵਨਾਵਾਂ ਅਤੇ ਸੱਚੇ ਪ੍ਰੇਮ ਦੇ ਦਰਦ ਨੂੰ ਸਮਝਦੀ ਹੈ ਕਿਉਂਕਿ ਉਸ ਦਾ ਆਪਣਾ ਪ੍ਰੇਮ ਮੁਰਾਦ ਬਲੋਚ ਨਾਲ ਹੁੰਦਾ ਹੈ। ਉਹ ਹੀਰ ਅਤੇ ਰਾਂਝੇ ਨੂੰ ਮੁੜ ਤੋਂ ਮਿਲਾਉਣ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਸ ਦੇ ਕਹਿਣ ’ਤੇ ਹੀ ਰਾਂਝਾ ਹੀਰ ਨੂੰ ਉਧਾਲ ਕੇ ਲੈ ਜਾਂਦਾ ਹੈ। ਖੇੜਿਆਂ ਦੇ ਘੋੜਸਵਾਰ ਅੱਗੇ ਜਾ ਕੇ ਦੋਹਾਂ ਨੂੰ ਫੜ ਲੈਂਦੇ ਹਨ ਅਤੇ ਰਾਂਝੇ ’ਤੇ ਹਮਲਾ ਕਰ ਦਿੰਦੇ ਹਨ। ਜਦੋਂ ਚੂਚਕ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਇਸ ਮਸਲੇ ਨੂੰ ਕੋਟ ਕਬੂਲੇ, ਅਬੁਲ ਫਤੈਹ ਦੀ ਕਚਹਿਰੀ ਵਿੱਚ ਪੇਸ਼ ਕਰ ਦਿੰਦਾ ਹੈ। ਕਾਜੀ ਮੂਹਰੇ ਹੀਰ ਆਪਣਾ ਜਵਾਬ ਦਾਅਵਾ ਆਪ ਦਿੰਦੀ ਹੈ;

ਸੰਨ ਕਾਜੀ ਦਿਲ ਨਹੀਂ ਰਾਜੀ, ਤੁਧ ਕੀ ਪਾਈ ਬਾਜੀ?

ਮੈਂ ਤਾਂ ਰਾਂਝੇ ਨਿਉਂ ਚਰੋਕਾ, ਜਾਂ ਸਾਹਿਬ ਖਲਕਤ ਸਾਜੀ

ਰੱਬ ਨਿਕਾਹ ਦਿਲਾਂ ਦੇ ਬੱਧੇ, ਤੂੰ ਕੀ ਬਨਹਸੀ ਕਾਜੀ

ਸਹੀ ਸ਼ਰ੍ਹਾ ਨਿਆਉਂ ਚਕਾਈ, ਜੇ ਇਸ਼ਕ ਨਾ ਚੱਖੀਆ ਭਾਜੀ

ਹੀਰ ਫਿਰ ਕਹਿੰਦੀ ਹੈ;

ਤੂੰ ਕਿਉਂ ਜੋਰੀ ਕਰਨਾ ਐਂ ਕਾਜੀ, ਡਰੀਂ ਖੁਦਾ ਤੋਂ ਨਾਹੀਂ

ਮੇਰਾ ਹੱਕ ਰੰਝੇਟਾ ਇਹੋ, ਜਾਣੇ ਸਭ ਲੋਕਾਈ

ਲੈ ਕਰ ਵੱਢੀ ਹੱਕ ਗਵਾਈਂ, ਕੱਢ ਕਿਤਾਬ ਵਿਖਾਈ

ਆਖ ਦਮੋਦਰ ਹੀਰ ਆਖੇ ਕਾਜਾ! ਭਲਾ ਨਿਆਉਂ ਚੁਕਾਈ

ਕਾਜੀ ਖੇੜਿਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੈ;

ਖੇੜਾ ਤੇਰਾ ਹੱਕ ਜੋ ਹੀਰੇ, ਤੈਨੂੰ ਨਾਂਹ ਛੜੀਸੀ

ਕੀਕਣ ਹੋਵੇ ਇਹ ਸੁਣ ਹੀਰੇ ਖਸਮ ਸੁੱਟ ਕੇ ਯਾਰ ਮਨੀਸੀ

ਜਦੋਂ ਕਾਜੀ ਨੇ ਹੀਰ ਖੇੜਿਆਂ ਨੂੰ ਦੇ ਦਿੱਤੀ ਤਾਂ ਨਗਰ ਵਿੱਚ ਭਾਰੀ ਅੱਗ ਲੱਗ ਗਈ;

ਤਾਂ ਕਲਰ ਕੋਟ ਕਬੂਲੇ ਸੁਣਦੇ, ਅੱਗ ਲੱਗੀ ਦਰਵਾਜੇ

ਇਸ ਫੈਸਲੇ ਦੇ ਖਿਲਾਫ਼ ਨਗਰ ਦੇ ਲੋਕ ਉੱਠ ਖੜ੍ਹੇ ਹੋਏ, ਕੈਦੋਂ ਫੈਸਲੇ ਦੇ ਹੱਕ ਵਿੱਚ ਸੀ, ਪਰ ਚੂਚਕ ਫੈਸਲੇ ਦੇ ਵਿਰੁੱਧ ਸੀ। ਅੰਤ ਨੂੰ ਕਾਜੀ ਨੂੰ ਆਪਣਾ ਫੈਸਲਾ ਬਦਲਣਾ ਪਿਆ;

ਸਭਾ ਪਈ ਜੋਗੀ ਦੇ ਪੈਰੀਂ, ਅਜਮਤ ਚਾਕ ਵਿਖਾਈ

ਕਾਜੀ, ਮੁਫਤੀ ਤੇ ਕੁੱਲ ਆਲਮ ਸਭਾ ਮਿੰਨਤ ਆਈ

ਗੱਲ ਵਿੱਚ ਪਲ, ਦਸਤ ਪੈਰਾਂ ਤੇ ਅਜਮਤ ਭਲੀ ਵਿਖਾਈ

ਆਖ ਦਮੋਦਰ ਹੀਰ ਹੱਕ ਤੈਂਡਾ, ਮਿਲ ਜੋਗੀ ਥੇ ਆਈ

ਲੋਕਾਂ ਨੇ ਖੇੜਿਆਂ ਨੂੰ ਭਜਾ ਦਿੱਤਾ;

ਸਭਾ ਆ ਪੈਰਾਂ ਨੂੰ ਲੱਗੀ, ਅਜਮਤ ਚਾਕ ਵਿਖਾਈ

ਹਾਕਮ, ਕਾਜੀ ਤੇ ਕੁੱਲ ਆਲਮ, ਸਭਾ ਜਿਆਰਤ ਆਈ

ਪਹਿਲੋਂ ਮਾਰ ਕੱਢੇ ਖੀੜਿਆਦ ਨੂੰ, ਵਿੱਤ ਨਾ ਦੇਣ ਵਿਖਾਈ

ਆਖ ਦਮੋਦਰ ਕੱਢੇ ਖੇੜੇ ਤਾਂ ਸੱਤ ਚਿੱਟੇ ਸਿਰ ਛਾਈਂ

ਹੁਣ ਦਮੋਦਰ ਕਿੱਸੇ ਦੀ ਸਮਾਪਤੀ ਵੱਲ ਵਧਦਾ ਹੈ;

ਪੰਦਰਾ ਸੌ ਅੰਤਰੀ, ਸੰਮਤ ਬਿਕਰਮ ਰਾਏ

ਹੀਰ ਤੇ ਰਾਂਝਾ ਹੋਏ ਇਕੱਠੇ ਝੇੜੇ ਰੱਬ ਚੁਕਾਏ

ਪਾਤਸ਼ਾਹੀ ਜੋ ਅਕਬਰ ਸੁਣਦੀ, ਦਿਨ ਦਿਨ ਚੜ੍ਹੇ ਸਿਵਾਏ

ਆਖ ਦਮੋਦਰ ਰਈਏ ਅਸੀਸਾਂ ਸਹਿਰੋਂ ਬਾਹਰ ਆਏ

ਦਮੋਦਰ ਦੇ ਕਿੱਸੇ ਮੁਤਾਬਿਕ ਹੀਰ ਤੇ ਰਾਂਝਾ ਮੱਕੇ ਵੱਲ ਜਿਆਰਤ ਕਰਨ ਤੁਰ ਜਾਂਦੇ ਹਨ। ਦਮੋਦਰ ਕਿੱਸੇ ਦਾ ਆਖਰੀ ਬੰਦ ਆਪਣੀ ਆਤਮਾ ਨੂੰ ਪਾਠਕਾਂ ਅੱਗੇ ਰੱਖ ਕੇ ਲਿਖਦਾ ਹੈ;

ਪੂਰੀ ਭਈ ਕਥਾ ਹੀਰੇ ਦੀ, ਇਸ ਸਮ ਇਸ਼ਕ ਨਾ ਕੋਈ

ਜਿਉਂ ਚਾਈਂ ਤੋੜ ਨਿਭਾਈ ਜਾਨਤ ਹੈ ਤੁਰੇ ਲੋਈ

ਨਾਉ ਦਮੋਦਰ ਜਾਤ ਗਲਹਾਟੀ, ਡਿੱਠਾ ਸੋ ਲਿਖਿਓ ਈ

ਵਿੱਚ ਸਿਆਲੀ ਪਾਸ ਚੂਚਕ ਦੇ ਅਸਾਂ ਤਾਂ ਰਹਿਣ ਕੇਤੂ ਈ

ਦਮੋਦਰ ਦੇ ਕਿੱਸੇ ਦੀ ਸਮਾਪਤੀ ਪੂਰੀ ਤਰ੍ਹਾਂ ਸੁਖਾਂਤਕ ਹੈ, ਕਿੱਸੇ ਦੀ ਕਹਾਣੀ ਦੀ ਬਣਤਰ ਵਿੱਚ ਕਿਤੇ ਵੀ ਗਲਪ ਦੀ ਨਿਸ਼ਾਨੀ ਨਜ਼ਰ ਨਹੀਂ ਆਉਂਦੀ। ਕਹਾਣੀ ਦੀ ਬਣਤਰ ਦਮੋਦਰ ਦੁਆਰਾ ਅੱਖੀਂ ਡਿੱਠੇ ਯਥਾਰਥ ਦਾ ਚਿਤਰਣ ਹੈ। ਜੇਕਰ ਕਿੱਸੇ ਵਿੱਚ ਦਮੋਦਰ ਦੇ ਲਿਖੇ ਹੋਏ ਸ਼ਬਦਾਂ ਅਤੇ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਘਟਨਾਵਾਂ ਸਮੇਂ ਅਨੁਸਾਰ ਸਹੀ ਬੈਠਦੀਆਂ ਹਨ। ਕੋਟ ਕਬੂਲੇ, ਅਬੁਲ ਫਤੈਹ ਵੇਲੇ ਪੰਜਾਬ ਅਤੇ ਦਿੱਲੀ ਵਿੱਚ ਲੋਧੀ ਵੰਸ਼ ਦਾ ਰਾਜ ਸੀ। ਦਮੋਦਰ ਹੀਰ ਤੇ ਰਾਂਝੇ ਦੇ ਦੁਬਾਰਾ ਮੇਲ ਦਾ ਸਮਾਂ ਪੰਦਰਾਂ ਸੌ ਅੰਤਰੀ ਸੰਮਤ ਬਿਕਰਮੀ ਲਿਖਦਾ ਹੈ, ਇਹ 1472 ਈਸਵੀ ਬਣਦਾ ਹੈ। ਦਮੋਦਰ ਨੇ ਹੀਰ ਦੇ ਪਿੰਡ ਜਿਹੜੀ ਹੱਟੀ ਪਾਈ ਸੀ, ਲੱਗਦੈ ਉਹ 1460-65 ਦੇ ਵਿਚਕਾਰ ਪਾਈ ਹੋਵੇਗੀ। ਪਾਣੀਪਤ ਦੇ ਦੂਜੇ ਯੁੱਧ ਵਿੱਚ ਅਕਬਰ ਜੇਤੂ ਹੋਇਆ ਸੀ ਅਤੇ ਹਿੰਦੋਸਤਾਨ ਦੀ ਗੱਦੀ ’ਤੇ ਬੈਠਿਆ ਸੀ, ਇਹ ਸਮਾਂ ਸੀ 1556 ਈਸਵੀ, ਹੋ ਸਕਦੈ ਦਮੋਦਰ ਨੇ ਇਹ ਕਿੱਸਾ 1556-65 ਦੇ ਵਿਚਕਾਰ ਲਿਖਿਆ ਹੋਵੇ ਜਦੋਂ ਹਿੰਦੋਸਤਾਨ ਉੱਪਰ ਅਕਬਰ ਦਾ ਰਾਜ ਸੀ ਅਤੇ ਇਸ ਹਿਸਾਬ ਨਾਲ ਦਮੋਦਰ ਦੀ ਉਮਰ 110 ਵਰ੍ਹਿਆਂ ਦੀ ਹੋਵੇ, ਭਾਵ ਉਸ ਦਾ ਜਨਮ 1450 ਈਸਵੀ ਦੇ ਆਸ ਪਾਸ ਹੋਵੇ, ਇੰਜ ਉਹ ਹੀਰ ਦਾ ਹਾਣੀ ਹੋਇਆ। ਦਮੋਦਰ ਨੇ ਖੁਦ ਕਿੱਸੇ ਵਿੱਚ ਇਸ ਵੱਲ ਇਸ਼ਾਰਾ ਵੀ ਕੀਤਾ ਹੈ: ਜਦੋਂ ਰਾਂਝਾ ਸਹਿਤੀ ਨਾਲ ਗੱਲਾਂ ਕਰਦਾ ਹੈ;

ਸਨ ਵੇ ਚਾਕਾ! ਛਾਹ ਪਿਆਕਾ, ਤੈਨੂੰ ਮਤ ਨਾ ਆਈ

ਹੀਰ ਨਾ ਤੁਧ ਪਰਬਤ ਤੇ ਚਾੜ੍ਹੀ, ਨਾ ਤੁਧ ਸਿੰਧ ਲੰਘਾਈ

ਫਿਰ ਫਿਰ ਝੰਗ ਸਿਆਲਾਂ ਦੇ ਵਿੱਚ, ਸੰਜੇ ਬਾਜੀ ਪਾਈ

ਆਖ ਦਮੋਦਰ ਭੌਂਦੀ ਹੈ ਤੱਤੀ ਦੇ ਸਿਰ ਆਈ

ਇੱਥੇ ਦਮੋਦਰ ਮਹਾਭਾਰਤ ਵਾਲੇ ਸੰਜੇ ਦੀ ਗੱਲ ਕਰਦਾ ਹੈ ਜੋ ਦੂਰ ਬੈਠਾ ਯੁੱਧ ਦਾ ਸਾਰਾ ਹਾਲ ਧ੍ਰਿਤਰਾਸ਼ਟਰ ਨੂੰ ਸੁਣਾਉਂਦਾ ਹੈ। ਦਮੋਦਰ ਦੀ ਆਤਮਾ ਸੰਜੇ ਵਾਂਗ ਉਸ ਦੇ ਬਚਪਨ ਅਤੇ ਨੌਜਵਾਨੀ ਵਿੱਚ ਅੱਖੀਂ ਦੇਖੀਆਂ ਸਾਰੀਆਂ ਘਟਨਾਵਾਂ ਨੂੰ ਅਕਬਰ ਦੇ ਰਾਜਵੇਲੇ ਆਪਣੀ ਮਾਂ ਬੋਲੀ ਝਾਂਗੀ ਅਤੇ ਲਿੱਪੀ ਟਾਕਰੀ ਵਿੱਚ ਕਲਮਬੱਧ ਕਰਦਾ ਹੈ। ਉਸ ਦਾ ਦਿਲ ਅਤੇ ਮਨ ਗੰਗਾ ਜਲ ਵਾਂਗ ਪਵਿੱਤਰ ਹੈ, ਸਾਰੇ ਕਿੱਸੇ ਵਿੱਚ ਕਿਤੇ ਕੋਈ ਫਰੇਬ ਜਾਂ ਮਨਘੜਤ ਗੱਲ ਨਜ਼ਰ ਨਹੀਂ ਆਉਂਦੀ। ਨੂਰੇ ਚੰਦੜ ਦੀ ਘਟਨਾ ਕਹਾਣੀ ਦਾ ਭਾਗ ਨਾ ਹੁੰਦੇ ਹੋਏ ਵੀ ਕਿੱਸੇ ਵਿੱਚ ਅਹਿਮ ਸਥਾਨ ਰੱਖਦੀ ਹੈ, ਜੇਕਰ ਇਹ ਰਚਨਾ ਗਲਪ ਹੁੰਦੀ ਤਾਂ ਇਸ ਘਟਨਾ ਦਾ ਜ਼ਿਕਰ ਨਾ ਆਉਂਦਾ। ਯਥਾਰਥ ਕਾਰਨ ਹੀ ਇਹ ਘਟਨਾ ਕਿੱਸੇ ਵਿੱਚ ਸ਼ਾਮਿਲ ਹੋ ਗਈ। ਭਾਈ ਗੁਰਦਾਸ (1551-1636) ਜੀ ਆਪਣੀ ਬਾਣੀ ਵਿੱਚ ਇੱਕ ਵਿਦਵਾਨ ਦੇ ਤੌਰ ’ਤੇ ਦਮੋਦਰ ਦਾ ਜ਼ਿਕਰ ਕਰਦੇ ਹਨ ਅਤੇ ਆਪਣੀ 27ਵੀਂ ਵਾਰ ਵਿੱਚ ਲਿਖਦੇ ਹਨ;

ਰਾਂਝਾ-ਹੀਰ ਵਿਖਾਣੀਐ ਉਹ ਪਿਰਮ ਪਰਾਤੀ

ਸੰਪਰਕ: 98143-41746

Advertisement
×