DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੁੱਝ ਮੇਰੀ ਬੁਝਾਰਤ...

ਇੱਕ ਸਮਾਂ ਸੀ ਜਦੋਂ ਰਾਤ ਵੇਲੇ ਤਾਰਿਆਂ ਵੱਲ ਦੇਖਦਿਆਂ ‘ਬੁੱਝ ਮੇਰੀ ਬੁਝਾਰਤ’ ਦੀ ਆਵਾਜ਼ ਸੁਣਦਿਆਂ ਹੀ ਹਰ ਬਾਲ, ਜੁਆਨ, ਬੁੱਢਾ, ਇਸਤਰੀ, ਪੁਰਸ਼ ਦਾ ਮਨ ਜਗਿਆਸਾ ਨਾਲ ਭਰ ਜਾਂਦਾ ਸੀ। ਦਾਦੀ-ਦਾਦਾ, ਨਾਨੀ-ਨਾਨਾ, ਬੇਬੇ-ਬਾਪੂ ਜਾਂ ਫਿਰ ਭੈਣ-ਭਰਾ ਵੱਲੋਂ ਪਾਈ ਬੁਝਾਰਤ ਬੁੱਝਣ ਲਈ...

  • fb
  • twitter
  • whatsapp
  • whatsapp
Advertisement

ਇੱਕ ਸਮਾਂ ਸੀ ਜਦੋਂ ਰਾਤ ਵੇਲੇ ਤਾਰਿਆਂ ਵੱਲ ਦੇਖਦਿਆਂ ‘ਬੁੱਝ ਮੇਰੀ ਬੁਝਾਰਤ’ ਦੀ ਆਵਾਜ਼ ਸੁਣਦਿਆਂ ਹੀ ਹਰ ਬਾਲ, ਜੁਆਨ, ਬੁੱਢਾ, ਇਸਤਰੀ, ਪੁਰਸ਼ ਦਾ ਮਨ ਜਗਿਆਸਾ ਨਾਲ ਭਰ ਜਾਂਦਾ ਸੀ। ਦਾਦੀ-ਦਾਦਾ, ਨਾਨੀ-ਨਾਨਾ, ਬੇਬੇ-ਬਾਪੂ ਜਾਂ ਫਿਰ ਭੈਣ-ਭਰਾ ਵੱਲੋਂ ਪਾਈ ਬੁਝਾਰਤ ਬੁੱਝਣ ਲਈ ਹਰ ਇੱਕ ਦਾ ਮਨ ਉਤਸੁਕਤਾ ਨਾਲ ਭਰ ਜਾਂਦਾ ਸੀ। ਹਰ ਕੋਈ ਪਾਈ ਜਾਣ ਵਾਲੀ ਬੁਝਾਰਤ ਦਾ ਉੱਤਰ ਦੇਣ ਲਈ ਤਿਆਰ ਹੋ ਜਾਂਦਾ। ਕਈ ਵਾਰ ਬੁਝਾਰਤਾਂ ਪਾਉਣ ਤੇ ਸੁਣਨ ਲਈ ਸਾਰਾ ਪਰਿਵਾਰ ਹੀ ਜੁੜ ਜਾਂਦਾ ਸੀ। ਸਮੁੱਚਾ ਪਰਿਵਾਰ ਖੂਬ ਹਾਸਾ-ਠੱਠਾ ਕਰਦਿਆਂ ਖੁਸ਼ੀ-ਖੁਸ਼ੀ ਸੌਂ ਜਾਂਦਾ। ਮਨ ਵਿੱਚ ਖੁਸ਼ੀ ਦੀਆਂ ਇਹ ਲਹਿਰਾਂ ਸਰੀਰ ਦੇ ਵਿਕਾਸ ਵਿੱਚ ਖੂਬ ਸਹਾਇਤਾ ਕਰਦੀਆਂ ਸਨ। ਅਜੋਕੇ ਯੁੱਗ ਵਿੱਚ ਟੀਵੀ ਤੇ ਮੋਬਾਈਲ ਨੇ ਸਾਡੀ ਨਵੀਂ ਪੀੜ੍ਹੀ ਤੋਂ ਇਹ ਖੁਸ਼ੀਆਂ ਖੋਹ ਲਈਆਂ ਹਨ।

‘ਬੁਝਾਰਤ’ ਤੋਂ ਭਾਵ ਗੁੰਝਲ ਹੈ ਜਿਸ ਨੂੰ ਸੁਲਝਾਉਣਾ ਹੁੰਦਾ ਹੈ। ਬੁਝਾਰਤ ਪਾਉਣ ਵਾਲਾ ਸੁਣਨ ਵਾਲੇ ਦੇ ਬੌਧਿਕ ਪੱਧਰ ਦੀ ਪ੍ਰੀਖਿਆ ਲੈਂਦਾ ਹੈ। ਬੁਝਾਰਤਾਂ, ਬੁਝਾਰਤ ਦਾ ਉੱਤਰ ਦੇਣ ਵਾਲੇ ਨੂੰ ਇਮਤਿਹਾਨ ਵਿੱਚ ਪਾ ਕੇ ਉਸ ਦੀ ਬੁੱਧੀ ਦਾ ਵਿਕਾਸ ਕਰਨ ਵਿੱਚ ਸਹਾਈ ਹੁੰਦੀਆਂ ਹਨ। ਹਰ ‘ਬੁਝਾਰਤ’ ਪ੍ਰਸ਼ਨ ਰੂਪ ਵਿੱਚ ਬੁੱਝੀ ਜਾਣ ਵਾਲੀ ਵਸਤੂ ਦਾ ਚਿੱਤਰ ਪੇਸ਼ ਕਰਦੀ ਹੈ, ਜਿਸ ਤੋਂ ਬੁੱਝਣ ਵਾਲਾ ਉਸ ਦੇ ਉੱਤਰ ਦਾ ਅਨੁਮਾਨ ਲਾਉਂਦਾ ਹੈ। ਉਹ ਬੁਝਾਰਤ ਵਿੱਚ ਦਿੱਤੇ ਗਏ ਚਿੱਤਰਾਂ ’ਤੇ ਧਿਆਨ ਕੇਂਦਰਿਤ ਕਰਕੇ ਬੁਝਾਰਤ ਦਾ ਸਹੀ ਉੱਤਰ ਦੇਣ ਦਾ ਯਤਨ ਕਰਦਾ ਹੈ।

Advertisement

ਮੁੱਢ ਕਦੀਮ ਤੋਂ ਹੀ ਬੁਝਾਰਤਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਹਨ। ਲੋਕ-ਸਾਹਿਤ ਵਿੱਚ ਮਨੁੱਖੀ ਜੀਵਨ ਨਾਲ ਸਬੰਧਤ ਹਜ਼ਾਰਾਂ ਦੀ ਗਿਣਤੀ ਵਿੱਚ ਬੁਝਾਰਤਾਂ ਹਨ ਜੋ ਹਰ ਮਨੁੱਖ ਨੂੰ ਜੀਵਨ ਦੇ ਮੁੱਢਲੇ ਸਬਕ ਪੜ੍ਹਾਉਂਦੀਆਂ ਹਨ। ਬੁਝਾਰਤਾਂ ਮਨੁੱਖ ਦੀ ਸੋਚ-ਸ਼ਕਤੀ ਵਿੱਚ ਵਾਧਾ ਕਰਕੇ ਉਸ ਨੂੰ ਖੋਜੀ ਬਿਰਤੀ ਦਾ ਬਣਾਉਂਦੀਆਂ ਹਨ। ਬੁੱਧੀ ਦਾ ਵਿਕਾਸ ਕਰਦੀਆਂ ਹਨ। ਬੁਝਾਰਤਾਂ, ਬਿੰਬ ਤੇ ਰੂਪਕਾਂ ਰਾਹੀਂ ਸਾਕਾਰ ਚਿੱਤਰ ਬਣਾਉਂਦੀਆਂ ਹਨ। ਲੋਕ-ਸਾਹਿਤ ਵਿੱਚ ਬੁਝਾਰਤਾਂ ਦਾ ਮਹੱਤਵਪੂਰਨ ਸਥਾਨ ਹੈ। ਮੇਰਾ ਮੰਨਣਾ ਹੈ ਕਿ ਬੁਝਾਰਤ ਨੂੰ ਮੌਖਿਕ ਸਾਹਿਤ ਦਾ ਰੌਚਕ ਤੇ ਕਲਪਨਾਮਈ, ਸਮਾਜ ਲਈ ਲਾਹੇਵੰਦ ਸਾਹਿਤ-ਰੂਪ ਕਹਿਣਾ ਬਿਲਕੁਲ ਠੀਕ ਹੈ।

Advertisement

ਅਜੋਕੇ ਯੁੱਗ ਵਿੱਚ ਬੁਝਾਰਤਾਂ ਭੁੱਲ-ਭੁਲਾ ਗਈਆਂ ਹਨ ਜਦੋਂਕਿ ਇਹ ਸਮਾਜ ਲਈ ਬਹੁਤ ਲਾਭਦਾਇਕ ਹਨ। ਇਨ੍ਹਾਂ ਨੂੰ ਪ੍ਰਚੱਲਿਤ ਕਰ ਕੇ ਅਸੀਂ ਬੱਚਿਆਂ ਵਿੱਚ ਬਿਮਾਰੀ ਬਣਦੀ ਜਾ ਰਹੀ ਮੋਬਾਈਲ ਤੇ ਟੈਲੀਵਿਜ਼ਨ ਦੀ ਰੁਚੀ ਨੂੰ ਠੱਲ੍ਹ ਪਾ ਸਕਦੇ ਹਾਂ। ਬੁਝਾਰਤਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਿਸੇ ਸਮੇਂ ਰਾਜਕੁਮਾਰੀਆਂ ਵਰ ਦੀ ਚੋਣ ਕਰਨ ਲਈ ਬੁਝਾਰਤਾਂ ਦੀ ਵਰਤੋਂ ਕਰਦੀਆਂ ਸਨ। ਜਿਹੜਾ ਵਿਅਕਤੀ ਰਾਜਕੁਮਾਰੀ ਦੀ ਪਾਈ ਬੁਝਾਰਤ ਬੁੱਝ ਲੈਂਦਾ, ਰਾਜਕੁਮਾਰੀ ਉਸ ਨਾਲ ਵਿਆਹ ਕਰਵਾ ਲੈਂਦੀ ਅਤੇ ਜਿਹੜਾ ਵਿਅਕਤੀ ਬੁਝਾਰਤ ਨਾ ਬੁੱਝ ਸਕਦਾ, ਉਸ ਨੂੰ ਸਖ਼ਤ ਸਜ਼ਾ, ਇੱਥੋਂ ਤੱਕ ਕਿ ਕਈ ਵਾਰ ਮੌਤ ਦੀ ਸਜ਼ਾ ਵੀ ਦੇ ਦਿੱਤੀ ਜਾਂਦੀ ਸੀ। ਕਈ ਲੋਕ-ਬਾਤਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਜਕੁਮਾਰੀਆਂ ਨੇ ਆਪਣੇ ਧੌਲਰਾਂ ਵਿੱਚ ਤਿੰਨ ਸੌ ਸੱਠ ਪੌੜੀਆਂ ਵਾਲੇ ਤਲਾਅ ਬਣਾਏ ਹੋਏ ਸਨ ਜੋ ਵੱਖ- ਵੱਖ ਤਰ੍ਹਾਂ ਦੇ ਫੁੱਲਾਂ ਨਾਲ ਭਰੇ ਹੋਏ ਹੁੰਦੇ ਸਨ ਜਿਨ੍ਹਾਂ ਦੀ ਸਿਫਤ ਸਲਾਹ ਨਾਲ ਸਬੰਧਤ ਬੁਝਾਰਤਾਂ ਬੁੱਝਣੀਆਂ ਹੁੰਦੀਆਂ ਸਨ। ਹਰ ਪੌੜੀ ’ਤੇ ਇੱਕ ਸੁੰਦਰੀ ਤਲਵਾਰ ਲੈ ਕੇ ਖੜ੍ਹੀ ਹੁੰਦੀ ਸੀ। ਹਰ ਇੱਕ ਪੌੜੀ ’ਤੇ ਬੁਝਾਰਤ ਬੁੱਝ ਕੇ ਵਿਅਕਤੀ ਰਾਜਕੁਮਾਰੀ ਤੱਕ ਪਹੁੰਚ ਕੇ ਉਸ ਦੀ ਬੁਝਾਰਤ ਬੁੱਝ ਕੇ ਉਸ ਨਾਲ ਵਿਆਹ ਕਰਵਾ ਸਕਦਾ ਸੀ। ਬੁਝਾਰਤਾਂ ਰਾਹੀਂ ਵਰ ਚੁਣਨ ਦਾ ਭਾਵ ਵਿਅਕਤੀ ਦੀ ਬੌਧਿਕ ਪਰਖ ਹੀ ਸੀ।

ਇਸ ਸਬੰਧੀ ਇੱਕ ਕਥਾ ਪ੍ਰਚੱਲਿਤ ਹੈ ਕਿ ਇੱਕ ਰਾਜਕੁਮਾਰੀ ਵੱਲੋਂ ਲਾਈ ਵਿਆਹ ਦੀ ਸ਼ਰਤ ਜਿੱਤਣ ਲਈ ਇੱਕ ਸਾਧਾਰਨ ਵਿਅਕਤੀ ਤੁਰ ਪਿਆ ਤਾਂ ਰਸਤੇ ਵਿੱਚ ਉਸ ਨੂੰ ਕੋਈ ਜਾਣ-ਪਛਾਣ ਵਾਲਾ ਮਿਲ ਗਿਆ। ਉਸ ਨੇ ਪੁੱਛਿਆ ਕਿ ਉਹ ਕਿੱੱਥੇ ਜਾ ਰਿਹਾ ਹੈ? ਘਰ ਉਸ ਦੀ ਮਾਂ ਉਡੀਕ ਰਹੀ ਹੈ। ਤਾਂ ਉਸ ਨੇ ਉਸ ਵਿਅਕਤੀ ਦੀ ਪੁੱਛ ਦਾ ਜਵਾਬ ਬੁਝਾਰਤ ਵਿੱਚ ਦਿੱਤਾ;

ਚੁਪਾਏ ਉੱਤੇ, ਦੁਪਾਇਆ ਬੈਠਾ

ਮੂੰਹ ਵਿੱਚ ਉਸ ਦੇ ਮੀਨ।

ਜਾਂ ਫਿਰ ਬੇਬੇ ਰਹਿਗੀ ’ਕੱਲੀ

ਜਾਂ ਹੋ ਗੇ ਦੋ ਸੇ ਤੀਨ।

ਅਸਲ ਵਿੱਚ ਉਹ ਵਿਅਕਤੀ ਆਪਣੇ ਪਸ਼ੂ ਚਾਰ ਰਿਹਾ ਸੀ। ਲੋਕਾਂ ਤੋਂ ਰਾਜਕੁਮਾਰੀ ਵੱਲੋਂ ਵਿਆਹ ਕਰਵਾਉਣ ਦੀ ਸ਼ਰਤ ਸੁਣ ਕੇ ਉਹ ਵੀ ਵਿਆਹ ਦੀ ਲਾਲਸਾ ਹਿੱਤ ਤੁਰ ਪਿਆ, ਭਾਵੇਂ ਕਿ ਉਸ ਨੂੰ ਪਤਾ ਸੀ ਕਿ ਜੇਕਰ ਉਹ ਰਾਜਕੁਮਾਰੀ ਦੀ ਬੁਝਾਰਤ ਨਾ ਬੁੱਝ ਸਕਿਆ ਤਾਂ ਉਸ ਦਾ ਸਿਰ ਲਹਿ ਜਾਏਗਾ ਤੇ ਉਸ ਦੀ ਮਾਂ ਇਕੱਲੀ ਰਹਿ ਜਾਵੇਗੀ, ਪਰ ਫਿਰ ਵੀ ਉਹ ਰਾਜਕੁਮਾਰੀ ਨਾਲ ਵਿਆਹ ਕਰਵਾਉਣ ਦੀ ਲਾਲਸਾ ਹਿੱਤ ਜਿੱਤ ਦੇ ਵਿਸ਼ਵਾਸ ਨਾਲ ਮੁਕਾਬਲੇ ਲਈ ਚੱਲ ਪਿਆ। ਉਸ ਦੇ ਦ੍ਰਿੜ ਇਰਾਦੇ ਤੋਂ ਜਾਪਦਾ ਹੈ ਕਿ ਉਸ ਨੇ ਆਪਣੀ ਮਾਂ ਤੋਂ ਬੁਝਾਰਤਾਂ ਪਾਉਣ ਤੇ ਬੁੱਝਣ ਦੀ ਮੁਹਾਰਤ ਹਾਸਲ ਕੀਤੀ ਹੋਵੇਗੀ।

ਬੁਝਾਰਤਾਂ ਬਾਰੇ ਅਨੇਕਾਂ ਕਿੱਸੇ-ਕਹਾਣੀਆਂ ਹਨ ਜੋ ਜਨ ਸਧਾਰਨ ਨੂੰ ਜ਼ਿੰਦਗੀ ਜਿਉਣ ਦੇ ਨੁਕਤੇ ਸਮਝਾਉਂਦੀਆਂ ਹਨ। ਬੁਝਾਰਤਾਂ, ਬਾਲਾਂ ਲਈ ਮਨੋਰੰਜਨ ਦਾ ਸਾਧਨ ਹਨ। ਪੁਰਾਣੇ ਸਮਿਆਂ ਵਿੱਚ ਬੁਝਾਰਤਾਂ ਹੀ ਬੱਚਿਆਂ ਦੇ ਮੁੱਢਲੇ ਗਿਆਨ ਦਾ ਸੋਮਾ ਸਨ। ਬਾਲਾਂ ਨੂੰ ਘਰ ਦੀਆਂ ਵਸਤੂਆਂ ਬਾਰੇ ਬੁਝਾਰਤਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਸੀ। ਇਹ ਸਰਲ ਜਿਹੀਆਂ ਬੁਝਾਰਤਾਂ ਬਾਲਾਂ ਨੂੰ ਸਹਿਜ-ਸੁਭਾਅ ਹੀ ਜੀਵਨ ਵਿੱਚ ਵਰਤੋਂ ਦੀਆਂ ਚੀਜ਼ਾਂ ਦੀ ਸੋਝੀ ਕਰਵਾ ਦਿੰਦੀਆਂ ਸਨ;

ਓਲਣੀ ਮੋਲਣੀ, ਦਰ ਵਿੱਚ ਖੋਲ੍ਹਣੀ

ਇਸ ਬੁਝਾਰਤ ਦਾ ਉੱਤਰ ‘ਜੁੱਤੀ’ ਹੈ। ਇਸ ਬੁਝਾਰਤ ਨਾਲ ਛੋਟੇ ਬੱਚਿਆਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਜੁੱਤੀ ਘਰ ਦੇ ਅੰਦਰ ਨਹੀਂ ਲੈ ਕੇ ਜਾਣੀ ਕਿਉਂਕਿ ਉਸ ਨਾਲ ਬਹੁਤ ਮਲ-ਮਿੱਟੀ ਲੱਗੀ ਹੋਈ ਹੁੰਦੀ ਹੈ। ਘਰ ਗੰਦਾ ਹੋ ਜਾਂਦਾ ਹੈ। ਅਜਿਹੀਆਂ ਕੁਝ ਹੋਰ ਵੀ ਬੁਝਾਰਤਾਂ ਹਨ। ਜਿਸ ਤਰ੍ਹਾਂ ਪੁਰਾਣੀ ਹੋ ਗਈ ਜੁੱਤੀ ਨੂੰ ਬਦਲਣ ਬਾਰੇ ਇੱਕ ਹੋਰ ਬਹੁਤ ਹੀ ਰੌਚਕ ਬੁਝਾਰਤ ਹੈ;

ਤੁਰਦੇ ਨੂੰ ਮੈਂ ਰੋਕਾਂ ਪਾਵਾਂ

ਉਹਦੇ ਹੁਣ ਪਸੰਦ ਨਾ ਆਵਾਂ।

ਉਸ ਨੇ ਕੀਤਾ ਹੋਰ ਵਿਆਹ

ਮੈਨੂੰ ਦਿੱਤਾ ਮਗਰੋਂ ਲਾਹ।

ਬੁਝਾਰਤਾਂ ਜੀਵਨ ਦੇ ਹਰ ਪਹਿਲੂ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਹਨ। ਇਹ ਘਰ-ਪਰਿਵਾਰ, ਰਿਸ਼ਤੇ, ਰਹੁ-ਰੀਤਾਂ, ਬਨਸਪਤੀ, ਖੇਤੀ ਦਾ ਸੰਦ-ਸੰਦੇੜਾ, ਫਲ-ਫੁੱਲ, ਸਬਜ਼ੀਆਂ, ਆਵਾਜਾਈ ਦੇ ਸਾਧਨ, ਧਰਤੀ, ਆਕਾਸ਼-ਮੰਡਲ ਆਦਿ ਬਾਰੇ ਜਾਣਕਾਰੀ ਦਿੰਦੀਆਂ ਹਨ। ਇਸ ਸਬੰਧ ਵਿੱਚ ਜੀਵਨ ਨਾਲ ਜੁੜੀਆਂ ਕੁਝ ਬੁਝਾਰਤਾਂ ਨਾਲ ਸਾਂਝ ਪਾਉਂਦੇ ਹਾਂ। ਘਰਾਂ ਦੀ ਫੁੱਟ ਬਾਰੇ ਸਿੱਖਿਆ ਦਿੰਦੀ ਇੱਕ ਬੁਝਾਰਤ ਹੈ;

ਵੱਡੀ ਭੈਣ ਕਰੇ ਲੰਗਾਰ

ਛੋਟੀ ਜੋੜੇ ਬਾਰਮ ਬਾਰ।

ਇਸ ਬੁਝਾਰਤ ਦਾ ਉੱਤਰ ‘ਸੂਈ-ਧਾਗਾ ਤੇ ਕੈਂਚੀ’ ਹੈ। ਇਸ ਬੁਝਾਰਤ ਤੋਂ ਬੱਚਿਆਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਤਿੰਨ ਚੀਜ਼ਾਂ ਦੀ ਜਾਣਕਾਰੀ ਮਿਲ ਜਾਂਦੀ ਹੈ। ਇਸ ਤਰ੍ਹਾਂ ਹੀ ਚੁੱਲ੍ਹਾ, ਤਵਾ ਤੇ ਰੋਟੀ ਬਾਰੇ ਜਾਣਕਾਰੀ ਦਿੰਦੀ ਹੇਠ ਲਿਖੀ ਬੁਝਾਰਤ ਹੈ;

ਹੇਠ ਮਿੱਟੀ ਦਾ ਮਟੁੰਨ

ਤਪੇ ਲੋਹੇ ਦਾ ਘਸੁੰਨ

ਉੱਤੇ ਗੁਦਗੁਦੀਆ।

ਬਹੁਤ ਸਾਰੀਆਂ ਬੁਝਾਰਤਾਂ ਫ਼ਸਲਾਂ, ਖੇਤੀ ਦੇ ਸੰਦਾਂ ਤੇ ਬਨਸਪਤੀ ਬਾਰੇ ਮਿਲਦੀਆਂ ਹਨ ਜਿਨ੍ਹਾਂ ਤੋਂ ਰੌਚਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਜਿਹੀ ਹੀ ਬੁਝਾਰਤ ਹੈ;

ਬੀਜੇ ਰੋੜ, ਜੰਮੇ ਝਾੜ।

ਉੱਗੇ ਨਿੰਬੂ, ਖਿੜੇ ਅਨਾਰ।

ਇਸ ਦਾ ਉੱਤਰ ‘ਕਪਾਹ’ ਹੈ। ਇਸ ਨਾਲ ਮਿਲਦੀ-ਜੁਲਦੀ ਕਪਾਹ ਬਾਰੇ ਇੱਕ ਹੋਰ ਬੁਝਾਰਤ ਹੈ;

ਨਿਆਈਂ ਆਲੇ ਖੂਹ, ਮੇਰੀ ਮਾਸੀ ਵੱਸੇ।

ਜਦ ਮਿਲਦੀ ਤਾਂ ਖਿੜ-ਖਿੜ ਹੱਸੇ।

ਮੁੜਾਂ ਜਦ ਘਰ ਨੂੰ, ਉਹਦਾ ਕਾਲਜਾ ਖੱਸੇ।

ਲੋਕ ਸਾਹਿਤ ਵਿੱਚ ਬੁਝਾਰਤਾਂ ਦਾ ਵਿਸ਼ਾ-ਖੇਤਰ ਬਹੁਤ ਵਿਸ਼ਾਲ ਹੈ। ਮਾਨਵੀ ਰਿਸ਼ਤਿਆਂ ਨੂੰ ਸਮਝਣ ਲਈ ਵੀ ਬਹੁਤ ਸਾਰੀਆਂ ਬੁਝਾਰਤਾਂ ਪ੍ਰਚੱਲਿਤ ਹਨ। ਇਸ ਸਬੰਧ ਵਿੱਚ ਪ੍ਰਸ਼ਨ-ਉੱਤਰ ਵਿੱਚ ਹੇਠ ਲਿਖੀ ਹੋਈ ਬੁਝਾਰਤ ਦੇ ਅਰਥ ਬਹੁਤ ਗਹਿਰੇ ਹਨ;

ਊਠ ’ਤੇ ਚੜ੍ਹੇਂਦੀਏ

ਮੁਹਾਰ ਫੜੇਂਦਾ, ਤੇਰਾ ਕੀ ਲੱਗਦਾ ?

ਉਹਦਾ ਤਾਂ ਮੈਂ ਨਾਂ ਨ੍ਹੀਂ ਜਾਣਦੀ!

ਮੇਰਾ ਨਾਂ ਹੈ ਜੀਆਂ, ਇਹਦੀ ਸੱਸ ਤੇ

ਮੇਰੀ ਸੱਸ, ਦੋਨੋਂ ਮਾਵਾਂ ਧੀਆਂ।

ਇਸ ਸਬੰਧੀ ਇੱਕ ਕਹਾਣੀ ਰਾਹੀਂ ਜਾਣਕਾਰੀ ਦੇ ਕੇ ਰਿਸ਼ਤਿਆਂ ਦੀ ਮਹੱਤਤਾ ਸਮਝਾਈ ਗਈ ਹੈ। ਜਦ ਇਹ ਬੁਝਾਰਤ ਰਚੀ ਗਈ ਹੋਵੇਗੀ, ਉਨ੍ਹਾਂ ਦਿਨਾਂ ਵਿੱਚ ਰਿਸ਼ਤੇ ਵਿੱਚ ਛੋਟੇ, ਸਤਿਕਾਰ ਵਜੋਂ ਆਪ ਤੋਂ ਵੱਡਿਆਂ ਦਾ ਨਾਂ ਨਹੀਂ ਲੈਂਦੇ ਸੀ। ਇਸ ਸੰਦਰਭ ਵਿੱਚ ਇਹ ਬੁਝਾਰਤ ਹੈ। ਵਡੇਰੀ ਉਮਰ ਦਾ ਵਿਅਕਤੀ ਇੱਕ ਔਰਤ ਨੂੰ ਊਠ ’ਤੇ ਬਿਠਾ ਕੇ, ਆਪ ਊਠ ਦੀ ਮੁਹਾਰ ਫੜ ਕੇ ਤੁਰਿਆ ਜਾ ਰਿਹਾ ਸੀ। ਰਸਤੇ ਵਿੱਚ ਕਿਸੇ ਨੇ ਪ੍ਰਸ਼ਨ ਕਰਕੇ ਔਰਤ ਨੂੰ ਪੁੱਛਿਆ ਕਿ ਊਠ ਦੀ ਮੁਹਾਰ ਫੜ ਕੇ ਜਾ ਰਿਹਾ ਵਿਅਕਤੀ ਰਿਸ਼ਤੇ ਤੋਂ ਉਸ ਦਾ ਕੀ ਲੱਗਦਾ ਹੈ? ਊਠ ’ਤੇ ਬੈਠੀ ਔਰਤ ਨੇ ਪੁੱਛਣ ਵਾਲੇ ਨੂੰ ਬੁਝਾਰਤ ਰਾਹੀਂ ਗੁੱਝੇ ਸ਼ਬਦਾਂ ਵਿੱਚ ਉੱਤਰ ਦਿੱਤਾ। ਇਸ ਬੁਝਾਰਤ ਦਾ ਉੱਤਰ ‘ਨੂੰਹ ਤੇ ਸਹੁਰਾ’ ਹੈ।

ਇਨ੍ਹਾਂ ਬੁਝਾਰਤਾਂ ਦੇ ਰਚੇਤਾ ਸਾਡੇ ਪੁਰਖੇ ਹਨ। ਇਨ੍ਹਾਂ ਦਾ ਰਚਨਾਕਾਰ ਕੋਈ ਇੱਕ ਨਹੀਂ ਸਗੋਂ ਇਹ ਸਦੀਆਂ ਤੋਂ ਘੜੀਆਂ ਜਾਂਦੀਆਂ ਰਹੀਆਂ ਹਨ। ਹਰ ਪੀੜ੍ਹੀ ਨੇ ਆਪਣੀ ਸਮਰੱਥਾ ਅਨੁਸਾਰ ਇਨ੍ਹਾਂ ਵਿੱਚ ਵਾਧਾ ਕੀਤਾ ਹੈ। ਯੁੱਗ ਬਦਲੀ ਤੇ ਨਵੀਆਂ ਖੋਜਾਂ ਦਾ ਇਤਿਹਾਸ ਬੁਝਾਰਤਾਂ ਨੇ ਸੰਭਾਲਿਆ ਹੋਇਆ ਹੈ। ਉਦਹਾਰਨ ਵਜੋਂ ਰੇਲ ਗੱਡੀ ਨਾਲ ਸਬੰਧਤ ਇੱਕ ਬੁਝਾਰਤ ਹੈ;

ਨਿੱਕੇ ਨਿੱਕੇ ਟੇਟੂਏ, ਸੰਦੂਕ ਚੁੱਕੀ ਜਾਂਦੇ ਨੇ।

ਰਾਜਾ ਪੁੱਛੇ ਰਾਣੀ ਨੂੰ, ਕੀ ਜਨੌਰ ਜਾਂਦੇ ਨੇ?

ਆਓ, ਆਪਾਂ ਸਾਰੇ ਰਲਕੇ ਆਪਣੀ ਇਸ ਕੀਮਤੀ ਵਿਰਾਸਤ ਨੂੰ ਸੰਭਾਲੀਏ। ਹਰ ਰਾਤ ਆਪਣੇ ਬਾਲਾਂ ਨੂੰ ਬੁਝਾਰਤਾਂ ਪਾ ਕੇ ਜੀਵਨ ਦੇ ਅਰਥ ਸਮਝਣ ਤੇ ਸਮਝਾਉਣ ਦਾ ਵਸੀਲਾ ਬਣਾਈਏ ਤਾਂ ਜੋ ਬੁਝਾਰਤਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸਫ਼ਰ ਕਰਦੀਆਂ ਰਹਿਣ। ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਇਨ੍ਹਾਂ ਦਾ ਆਨੰਦ ਮਾਣਦੀਆਂ ਰਹਿਣ;

ਬੁੱਝ ਮੇਰੀ ਬਾਤ, ਤੈਨੂੰ ਮਿਲੇਗੀ ਸੁਗਾਤ।

ਮੇਰੀ ਬਾਤ ਹੈ ਸਬੂਤ, ਸੱਚੋ-ਸੱਚ ਨਾਹੀਂ ਝੂਠ।

ਸੰਪਰਕ: 98151-21286

Advertisement
×