DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਰੀ ਸਾਈਕਲ ਸਦਾ ਬਹਾਰ

ਬਾਲ ਕਹਾਣੀ ਨਕੁਲ ਦਾ ਸਕੂਲ ਉਸ ਦੇ ਘਰ ਤੋਂ ਕਾਫ਼ੀ ਦੂਰ ਸੀ। ਇਸ ਲਈ ਉਸ ਦੇ ਪਾਪਾ ਨੇ ਉਸ ਨੂੰ ਕਿਧਰੇ ਤੋਂ ਇੱਕ ਪੁਰਾਣੀ ਸਾਈਕਲ ਲੈ ਕੇ ਦੇ ਦਿੱਤੀ ਤਾਂ ਕਿ ਉਸ ਨੂੰ ਸਕੂਲ ਜਾਣਾ ਸੁਖਾਲਾ ਲੱਗੇ। ਨਕੁਲ ਦੇ ਪਾਪਾ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਨਕੁਲ ਦਾ ਸਕੂਲ ਉਸ ਦੇ ਘਰ ਤੋਂ ਕਾਫ਼ੀ ਦੂਰ ਸੀ। ਇਸ ਲਈ ਉਸ ਦੇ ਪਾਪਾ ਨੇ ਉਸ ਨੂੰ ਕਿਧਰੇ ਤੋਂ ਇੱਕ ਪੁਰਾਣੀ ਸਾਈਕਲ ਲੈ ਕੇ ਦੇ ਦਿੱਤੀ ਤਾਂ ਕਿ ਉਸ ਨੂੰ ਸਕੂਲ ਜਾਣਾ ਸੁਖਾਲਾ ਲੱਗੇ। ਨਕੁਲ ਦੇ ਪਾਪਾ ਕੋਲ ਪੁਰਾਣੀ ਬਾਈਕ ਸੀ, ਜਿਸ ’ਤੇ ਉਹ ਰੋਜ਼ਾਨਾ ਕੱਪੜਾ ਲੱਦ ਕੇ ਪਿੰਡਾਂ ਵਿੱਚ ਕੱਪੜਾ ਵੇਚਣ ਜਾਂਦੇ ਸਨ।

Advertisement

ਜੇਕਰ ਕਦੇ ਨਕੁਲ ਦੇ ਪਾਪਾ ਘਰ ਹੁੰਦੇ ਤਾਂ ਨਕੁਲ ਉਨ੍ਹਾਂ ਨੂੰ ਬਾਈਕ ’ਤੇ ਸਕੂਲ ਛੱਡਣ ਲਈ ਜ਼ਿੱਦ ਕਰਦਾ। ਮਹੀਨੇ ਵਿੱਚ ਇੱਕ-ਦੋ ਵਾਰ ਬਾਈਕ ’ਤੇ ਸਕੂਲ ਜਾਣਾ ਉਸ ਨੂੰ ਬਹੁਤ ਹੀ ਚੰਗਾ ਲੱਗਦਾ। ਉਸ ਦਿਨ ਉਸ ਨੂੰ ਆਪਣੀ ਸਾਈਕਲ ਵੱਲ ਵੇਖਣਾ ਵੀ ਚੰਗਾ ਨਾ ਲੱਗਦਾ। ਇਹੋ ਨਹੀਂ ਉਹ ਕਦੇ ਵੀ ਆਪਣੀ ਸਾਈਕਲ ਨੂੰ ਸਾਫ਼ ਨਹੀਂ ਸੀ ਕਰਦਾ। ਉਸ ਨੂੰ ਲੱਗਦਾ ਕਿ ਪੁਰਾਣੀ ਸਾਈਕਲ ਨੂੰ ਕੀ ਸਾਫ਼ ਕਰਨਾ ? ਉਸ ਨੂੰ ਕਿੰਨਾ ਵੀ ਸਾਫ਼ ਕਰੋ, ਰਹੇਗੀ ਤਾਂ ਪੁਰਾਣੀ ਹੀ।

Advertisement

ਨਕੁਲ ਦੇ ਸਾਲਾਨਾ ਪੇਪਰ ਚੱਲ ਰਹੇ ਸਨ। ਇੱਕ ਦਿਨ ਉਸ ਦੇ ਪਾਪਾ ਘਰ ਹੀ ਸਨ। ਉਸ ਨੇ ਆਪਣੇ ਪਾਪਾ ਨੂੰ ਬਾਈਕ ’ਤੇ ਸਕੂਲ ਛੱਡਣ ਲਈ ਤਰਲਾ ਕੀਤਾ। ਰਸਤੇ ਵਿੱਚ ਨਕੁਲ ਦਾ ਸਹਿਪਾਠੀ ਰਮਨ ਆਪਣੀ ਸਾਈਕਲ ’ਤੇ ਸਕੂਲ ਜਾ ਰਿਹਾ ਸੀ ਤਾਂ ਨਕੁਲ ਨੇ ਉਸ ਨੂੰ ਆਵਾਜ਼ ਲਗਾ ਕੇ ਥੋੜ੍ਹਾ ਘਮੰਡ ਵਿੱਚ ਆਖਿਆ, ‘‘ਜਲਦੀ ਨਾਲ ਸਕੂਲ ਪਹੁੰਚ ਰਮਨ...ਕਿਤੇ ਲੇਟ ਨਾ ਹੋ ਜਾਈਂ।’’

ਰਮਨ ਨਕੁਲ ਦੀ ਗੱਲ ਵਿਚਲੇ ਹੰਕਾਰ ਨੂੰ ਭਾਂਪ ਗਿਆ ਸੀ। ਉਸ ਨੇ ਆਪਣੇ ਨਿਮਰ ਸੁਭਾਅ ਅਨੁਸਾਰ ਮੁਸਕੁਰਾ ਕੇ ਨਕੁਲ ਵੱਲ ਦੇਖਿਆ।

ਅਗਲੇ ਦਿਨ ਜਦੋਂ ਨਕੁਲ ਸਵੇਰੇ ਉੱਠਿਆ ਤਾਂ ਉਸ ਨੂੰ ਆਪਣੇ ਮੰਮੀ ਕੋਲੋਂ ਪਤਾ ਲੱਗਿਆ ਕਿ ਉਸ ਦੇ ਪਾਪਾ ਸਵੇਰੇ ਜਲਦੀ ਹੀ ਕੱਪੜਾ ਖ਼ਰੀਦਣ ਲਈ ਬੱਸ ਵਿੱਚ ਸ਼ਹਿਰ ਗਏ ਹਨ। ਉਸ ਦੀ ਨਜ਼ਰ ਪਾਪਾ ਦੀ ਬਾਈਕ ਵੱਲ ਗਈ। ਉਸ ਨੂੰ ਪਤਾ ਸੀ ਕਿ ਉਸ ਦੇ ਮੰਮੀ ਉਸ ਨੂੰ ਸਕੂਲ ਜਾਣ ਲਈ ਬਾਈਕ ਨਹੀਂ ਦੇਣਗੇ। ਉਸ ਨੇ ਜਾਣ-ਬੁੱਝ ਕੇ ਸਾਈਕਲ ਦੀ ਹਵਾ ਕੱਢ ਦਿੱਤੀ ਤੇ ਆਪਣੇ ਮੰਮੀ ਨੂੰ ਕਿਹਾ, ‘‘ਮੰਮੀ, ਮੇਰਾ ਸਾਈਕਲ ਤਾਂ ਪੰਚਰ ਏ। ਮੇਰਾ ਅੱਜ ਆਖਰੀ ਪੇਪਰ ਐ। ਜੇਕਰ ਸਮੇਂ ਸਿਰ ਸਕੂਲ ਨਾ ਪੁੱਜਿਆ ਤਾਂ ਪੇਪਰ ਵਿੱਚ ਫੇਲ੍ਹ ਹੋ ਜਾਵਾਂਗਾ। ਮੈਂ ਹੁਣ ਪਾਪਾ ਦੀ ਬਾਈਕ ਲੈ ਜਾਂਦਾ ਹਾਂ।’’ ਫਿਰ ਉਸ ਨੇ ਮੰਮੀ ਕੋਲੋਂ ਬਾਈਕ ਦੀ ਚਾਬੀ ਲੈ ਲਈ ਤੇ ਆਪਣੇ ਝੂਠ ’ਤੇ ਮਨ ਹੀ ਮਨ ਖੁਸ਼ ਹੁੰਦਾ ਸਕੂਲ ਲਈ ਚੱਲ ਪਿਆ।

ਰਸਤੇ ਵਿੱਚ ਅਚਾਨਕ ਉਸ ਦੀ ਬਾਈਕ ਰੁਕ ਗਈ। ਉਸ ਨੇ ਕਈ ਵਾਰ ਬਾਈਕ ਦੀ ਸੈਲਫ ’ਤੇ ਕਿੱਕ ਮਾਰੀ, ਪਰ ਬਾਈਕ ਸਟਾਰਟ ਨਾ ਹੋਈ। ਉਸ ਦੇ ਪਸੀਨੇ ਛੁੱਟ ਰਹੇ ਸਨ। ਮਨ ਵਿੱਚ ਇੱਕੋ ਡਰ ਸੀ ਕਿ ਜੇਕਰ ਉਹ ਸਮੇਂ ਸਿਰ ਸਕੂਲ ਨਾ ਪੁੱਜਿਆ ਤਾਂ ਪੇਪਰ ਵਿੱਚੋਂ ਫੇਲ੍ਹ ਹੋ ਜਾਵੇਗਾ। ਫਿਰ ਉਸ ਦੇ ਆਲਸ ਤੇ ਲਾਪਰਵਾਹੀ ਕਾਰਨ ਉਸ ਨੂੰ ਪਾਪਾ ਕੋਲੋਂ ਵੀ ਝਿੜਕਾਂ ਪੈਣਗੀਆਂ ਸੋ ਅਲੱਗ। ਉਹ ਵਾਰ-ਵਾਰ ਪਿੱਛੇ ਤੱਕਦਾ ਤਾਂ ਕਿ ਕੋਈ ਆ ਰਿਹਾ ਹੋਵੇ ਤੇ ਉਹ ਬਾਈਕ ਇੱਕ ਪਾਸੇ ਖੜ੍ਹੀ ਕਰ ਉਸ ਨਾਲ ਸਕੂਲ ਪਹੁੰਚ ਜਾਵੇ, ਪਰ ਕੋਈ ਵੀ ਵਾਹਨ ਸਵਾਰ ਉਸ ਨੂੰ ਆਉਂਦਾ ਵਿਖਾਈ ਨਹੀਂ ਸੀ ਦੇ ਰਿਹਾ। ਫਿਰ ਅਚਾਨਕ ਉਸ ਨੇ ਦੇਖਿਆ ਕਿ ਉਸ ਦਾ ਸਹਿਪਾਠੀ ਰਮਨ ਤੇਜ਼ੀ ਨਾਲ ਆਪਣੀ ਸਾਈਕਲ ’ਤੇ ਉਸੇ ਵੱਲ ਆ ਰਿਹਾ ਸੀ।

ਨਕੁਲ ਨੂੰ ਵੇਖ ਕੇ ਰਮਨ ਰੁਕ ਗਿਆ ਤੇ ਫਿਰ ਸਾਰੀ ਗੱਲ ਸੁਣ ਕੇ ਉਸ ਨੇ ਨਕੁਲ ਦੀ ਬਾਈਕ ਨੂੰ ਚੰਗੀ ਤਰ੍ਹਾਂ ਦੇਖਿਆ ਤੇ ਦੱਸਿਆ ਕਿ ਉਸ ਦੀ ਬਾਈਕ ਵਿੱਚ ਤਾਂ ਪੈਟਰੋਲ ਮੁੱਕ ਚੁੱਕਾ ਹੈ। ਫਿਰ ਉਸ ਨੇ ਬਾਈਕ ਇੱਕ ਪਾਸੇ ਖੜ੍ਹੀ ਕਰ ਉਸ ਨੂੰ ਲਾਕ ਕੀਤਾ ਤੇ ਨਕੁਲ ਨੂੰ ਆਪਣੀ ਸਾਈਕਲ ’ਤੇ ਬਿਠਾ ਕੇ ਸਕੂਲ ਪੁੱਜ ਗਿਆ। ਨਕੁਲ ਦੇ ਸਾਹ ਵਿੱਚ ਸਾਹ ਆਇਆ ਕਿ ਉਹ ਕਿਸੇ ਤਰ੍ਹਾਂ ਪੇਪਰ ਦੇਣ ਲਈ ਸਮੇਂ ਸਿਰ ਸਕੂਲ ਪੁੱਜ ਗਿਆ ਹੈ। ਉਸ ਨੇ ਰਮਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਪਿਛਲੇ ਦਿਨੀਂ ਉਸ ਨੂੰ ਮਜ਼ਾਕ ਵਿੱਚ ਆਖੇ ਆਪਣੇ ਸ਼ਬਦਾਂ ਲਈ ਮੁਆਫ਼ੀ ਵੀ ਮੰਗੀ।

ਵਾਪਸੀ ਸਮੇਂ ਨਕੁਲ ਨੇ ਰਮਨ ਦੀ ਮਦਦ ਨਾਲ ਇੱਕ ਪੈਟਰੋਲ ਪੰਪ ਤੋਂ ਬੋਤਲ ਵਿੱਚ ਕੁਝ ਪੈਟਰੋਲ ਪੁਆਇਆ ਤੇ ਰਾਹ ਵਿੱਚ ਖੜ੍ਹੀ ਕੀਤੀ ਆਪਣੀ ਬਾਈਕ ਵਿੱਚ ਪੈਟਰੋਲ ਪਾ ਕੇ ਘਰ ਪੁੱਜਿਆ। ਉਸ ਨੇ ਦੇਖਿਆ ਕਿ ਉਸ ਦੇ ਪਾਪਾ ਘਰ ਆ ਚੁੱਕੇ ਸਨ। ਉਸ ਨੇ ਆਪਣੇ ਪਾਪਾ ਨੂੰ ਸੱਚਾਈ ਦੱਸੀ ਤਾਂ ਉਹ ਪਿਆਰ ਨਾਲ ਨਕੁਲ ਨੂੰ ਸਮਝਾਉਂਦੇ ਹੋਏ ਬੋਲੇ, ‘‘ਬੇਟਾ, ਮੈਂ ਤਾਂ ਭਲਾਂ ਰੁਜ਼ਗਾਰ ਖਾਤਰ ਮਜਬੂਰੀ ਵਿੱਚ ਬਾਈਕ ’ਤੇ ਦੂਰ ਦੁਰਾਡੇ ਦੋ ਪੈਸੇ ਕਮਾਉਣ ਜਾਂਦਾ ਹਾਂ, ਪਰ ਤੇਰਾ ਸਕੂਲ ਤਾਂ ਏਨਾ ਵੀ ਦੂਰ ਨਹੀਂ ਕਿ ਤੂੰ ਸਾਈਕਲ ’ਤੇ ਵੀ ਸਕੂਲ ਨਾ ਜਾ ਸਕੇਂ। ਜੇਕਰ ਮੇਰੇ ਦਿਲ ਨੂੰ ਪੁੱਛੇਂ ਤਾਂ ਸਾਈਕਲ ਜਿਹਾ ਕੋਈ ਸੱਚਾ ਸਾਥੀ ਨਹੀਂ। ਨਾ ਕੋਈ ਪੈਟਰੋਲ ਦਾ ਝੰਜਟ, ਨਾ ਕੋਈ ਕਾਗਜ਼ੀ ਖ਼ਰਚਾ। ਫਿਰ ਇਸ ਦੀ ਰੋਜ਼ਾਨਾ ਵਰਤੋਂ ਕਰਨ ਵਾਲਾ ਇਨਸਾਨ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦਾ ਹੈ। ਹਾਂ, ਇਸ ਦੀ ਸਾਫ਼ ਸਫ਼ਾਈ ਜ਼ਰੂਰੀ ਹੈ। ਤੂੰ ਆਪਣੀ ਸਾਈਕਲ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ। ਵੇਖ ਤਾਂ ਕਿਵੇਂ ਕਬਾੜ ਬਣਾ ਰੱਖੀ ਏ ਤੂੰ ਆਪਣੀ ਸਾਈਕਲ। ਅੱਜ ਜੇਕਰ ਤੂੰ ਪੇਪਰ ਦੇਣ ਲਈ ਸਮੇਂ ਸਿਰ ਪੁੱਜਿਆ ਤਾਂ ਆਪਣੇ ਦੋਸਤ ਦੀ ਸਾਈਕਲ ’ਤੇ ਹੀ ਤਾਂ ਪੁੱਜਿਆ ਏਂ।’’

ਆਪਣੇ ਪਾਪਾ ਦੀਆਂ ਗੱਲਾਂ ਦਾ ਅੱਜ ਨਕੁਲ ਦੇ ਮਨ ’ਤੇ ਡੂੰਘਾ ਅਸਰ ਸੀ। ਉਸ ਨੇ ਇੱਕ ਨਜ਼ਰ ਆਪਣੀ ਪੁਰਾਣੀ ਸਾਈਕਲ ਵੱਖ ਦੇਖਿਆ। ਫਿਰ ਉਸ ਨੂੰ ਲੈ ਕੇ ਨੇੜੇ ਦੀ ਦੁਕਾਨ ਤੋਂ ਹਵਾ ਭਰਾਉਣ ਚਲਾ ਗਿਆ। ਅਗਲੇ ਦਿਨ ਨਕੁਲ ਦੇ ਪਾਪਾ ਜਦੋਂ ਵਿਹੜੇ ਵਿੱਚ ਖੜ੍ਹੀ ਆਪਣੀ ਬਾਈਕ ’ਤੇ ਕੱਪੜਾ ਲੱਦਣ ਲਈ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਕ ਪਾਸੇ ਖੜ੍ਹੀ ਨਕੁਲ ਦੀ ਸਾਈਕਲ ਕਿਸੇ ਨਵੀਂ ਸਾਈਕਲ ਵਾਂਗ ਚਮਕ ਰਹੀ ਸੀ। ਨਕੁਲ ਨੇ ਸਵੇਰੇ ਜਲਦੀ ਉੱਠ ਕੇ ਪਹਿਲੀ ਵਾਰ ਆਪਣੀ ਸਾਈਕਲ ਨੂੰ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਸੀ ਕੀਤਾ ਸਗੋਂ ਉਸ ਦੀ ਚੇਨ, ਬਰੇਕਾਂ ਤੇ ਟੱਲੀ ਵਿੱਚ ਤੇਲ ਵੀ ਦਿੱਤਾ ਸੀ।

ਫਿਰ ਸਕੂਲ ਜਾਣ ਲਈ ਜਿਵੇਂ ਹੀ ਨਕੁਲ ਨੇ ਆਪਣੀ ਸਾਈਕਲ ਬਾਹਰ ਕੱਢੀ ਤਾਂ ਆਪਣੇ ਪਾਪਾ ਵੱਲ ਵੇਖ ਕੇ ਉਹ ਮੁਸਕੁਰਾ ਕੇ ਆਖਣ ਲੱਗਾ, ‘‘ਪਾਪਾ, ਵੇਖੋ ਮੇਰੀ ਸਾਈਕਲ ਸਦਾ ਬਹਾਰ।’’

ਸੰਪਰਕ: 98723-25960

Advertisement
×