ਪੰਜਾਬੀ ਸੱਭਿਆਚਾਰ ਵਿੱਚ ‘ਮੂਸਲ’
ਪੰਜਾਬੀ ਸੱਭਿਆਚਾਰ ਆਪਣੇ ਅੰਦਰ ਅਨੇਕਾਂ ਅਜਿਹੇ ਸ਼ਬਦਾਂ, ਵਸਤੂਆਂ ਅਤੇ ਰਵਾਇਤਾਂ ਨੂੰ ਸਮੇਟੀ ਬੈਠਾ ਹੈ ਜੋ ਸਮੇਂ ਦੀ ਤੇਜ਼ ਰਫ਼ਤਾਰ ਵਿੱਚ ਅੱਜ ਹੌਲੀ-ਹੌਲੀ ਵਿਸਰਦੇ ਜਾ ਰਹੇ ਹਨ। ਅਜੋਕੀ ਪੀੜ੍ਹੀ ਜੋ ਆਧੁਨਿਕ ਸਹੂਲਤਾਂ ਨਾਲ ਉਤਪੋਤ ਹੈ, ਕਈ ਵਾਰ ਆਪਣੀ ਮਿੱਟੀ ਨਾਲ ਜੁੜੇ...
ਪੰਜਾਬੀ ਸੱਭਿਆਚਾਰ ਆਪਣੇ ਅੰਦਰ ਅਨੇਕਾਂ ਅਜਿਹੇ ਸ਼ਬਦਾਂ, ਵਸਤੂਆਂ ਅਤੇ ਰਵਾਇਤਾਂ ਨੂੰ ਸਮੇਟੀ ਬੈਠਾ ਹੈ ਜੋ ਸਮੇਂ ਦੀ ਤੇਜ਼ ਰਫ਼ਤਾਰ ਵਿੱਚ ਅੱਜ ਹੌਲੀ-ਹੌਲੀ ਵਿਸਰਦੇ ਜਾ ਰਹੇ ਹਨ। ਅਜੋਕੀ ਪੀੜ੍ਹੀ ਜੋ ਆਧੁਨਿਕ ਸਹੂਲਤਾਂ ਨਾਲ ਉਤਪੋਤ ਹੈ, ਕਈ ਵਾਰ ਆਪਣੀ ਮਿੱਟੀ ਨਾਲ ਜੁੜੇ ਇਸ ਕੀਮਤੀ ਖ਼ਜ਼ਾਨੇ ਤੋਂ ਅਣਜਾਣ ਰਹਿ ਜਾਂਦੀ ਹੈ। ਅਜਿਹੇ ਹੀ ਵਿਸਰਦੇ ਸ਼ਬਦਾਂ ਵਿੱਚੋਂ ਇੱਕ ਮਹੱਤਵਪੂਰਨ ਸ਼ਬਦ ਹੈ ‘ਮੂਸਲ’। ਮੂਸਲ ਪੰਜਾਬੀ ਕਿਸਾਨੀ ਜੀਵਨ ਦਾ ਅਟੁੱਟ ਅੰਗ ਰਿਹਾ ਹੈ। ਇਹ ਸਿਰਫ਼ ਕੱਖਾਂ ਦਾ ਢਾਂਚਾ ਨਹੀਂ ਸੀ, ਸਗੋਂ ਪਿੰਡ ਦੀ ਆਰਥਿਕਤਾ, ਪਸ਼ੂ-ਪਾਲਣ ਅਤੇ ਸਾਂਝੀਵਾਲਤਾ ਦੀ ਜ਼ਿੰਦਗੀ ਦਾ ਪ੍ਰਤੀਕ ਸੀ।
ਮੂਸਲ ਨੂੰ ਵੱਖ-ਵੱਖ ਇਲਾਕਿਆਂ ਵਿੱਚ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਮਾਝੇ ਵਿੱਚ ਇਸ ਨੂੰ ‘ਮੂਸਲ’ ਕਿਹਾ ਜਾਂਦਾ ਹੈ, ਜਦੋਂਕਿ ਦੁਆਬੇ ਅਤੇ ਮਾਲਵੇ ਵਿੱਚ ਇਹ ‘ਕੁੱਪ’ ਦੇ ਨਾਮ ਨਾਲ ਪ੍ਰਚੱਲਤ ਹੈ। ਮੂਸਲ ਦਾ ਮੁੱਖ ਉਦੇਸ਼ ਪਸ਼ੂਆਂ ਦੇ ਸੁੱਕੇ ਚਾਰੇ ਨੂੰ ਲੰਬੇ ਸਮੇਂ ਲਈ ਸੰਭਾਲ ਕੇ ਰੱਖਣਾ ਹੈ। ਇਹ ਚਾਰਾ ਕਣਕ ਦੇ ਨਾੜ ਤੋਂ ਬਣਦਾ ਹੈ, ਜਿਸ ਨੂੰ ਤੂੜੀ ਕਿਹਾ ਜਾਂਦਾ ਹੈ। ਤੂੜੀ ਬਹੁਤ ਹੀ ਬਾਰੀਕ ਹੁੰਦੀ ਹੈ ਅਤੇ ਤੇਜ਼ ਹਵਾਵਾਂ ਵਿੱਚ ਆਸਾਨੀ ਨਾਲ ਉੱਡ ਜਾਂਦੀ ਹੈ। ਇਸ ਲਈ ਤੂੜੀ ਨੂੰ ਇਕੱਠਾ ਕਰਕੇ ਨਿਸ਼ਚਿਤ ਥਾਂ ’ਤੇ ਸੁਚੱਜੇ ਢੰਗ ਨਾਲ ਮੂਸਲ ਬਣਾਇਆ ਜਾਂਦਾ ਸੀ। ਇਹ ਵਿਸਾਖ ਮਹੀਨੇ ਵਿੱਚ ਕਣਕ ਦੀ ਵਢਾਈ ਤੋਂ ਬਾਅਦ ਤੂੜੀ ਦਾ ਕੰਮ ਖ਼ਤਮ ਕਰਕੇ ਬਣਾਇਆ ਜਾਂਦਾ ਸੀ।
ਮੂਸਲ ਦੀ ਬਣਤਰ ਆਪਣੇ ਆਪ ਵਿੱਚ ਕਲਾ ਦਾ ਨਮੂਨਾ ਹੁੰਦੀ ਹੈ। ਹੇਠੋਂ ਗੋਲਾਈਦਾਰ ਅਤੇ ਉੱਪਰ ਵੱਲ ਤ੍ਰਿਕੋਣੇ ਆਕਾਰ ਵਿੱਚ ਉੱਭਰਦਾ ਮੂਸਲ ਤੂੜੀ ਦੀ ਮਾਤਰਾ ਅਨੁਸਾਰ ਆਪਣੀ ਉਚਾਈ ਧਾਰਨ ਕਰਦਾ ਹੈ। ਇਸ ਨੂੰ ਤਿਆਰ ਕਰਨ ਲਈ ਸੁੱਕਾ ਨਾੜ, ਕਾਈ ਅਤੇ ਪਰਾਲੀ ਵਰਤੀ ਜਾਂਦੀ ਹੈ। ਮੂਸਲ ਨੂੰ ਮਜ਼ਬੂਤੀ ਨਾਲ ਬੰਨ੍ਹਣ ਲਈ ਜਿਸ ਰੱਸੀ ਦੀ ਵਰਤੋਂ ਹੁੰਦੀ ਹੈ, ਉਸ ਨੂੰ ‘ਬੇੜ’ ਕਿਹਾ ਜਾਂਦਾ ਹੈ, ਪ੍ਰੰਤੂ ਮਾਝੇ ਦੇ ਹੀ ਕਈ ਇਲਾਕਿਆਂ ਵਿੱਚ ਬੇੜ ਨੂੰ ‘ਖੱਬੜ’ ਕਿਹਾ ਜਾਂਦਾ ਹੈ। ਬੇੜ ਬਣਾਉਣ ਲਈ ਪਰਾਲੀ ਨੂੰ ਪਹਿਲਾਂ ਪਾਣੀ ਵਿੱਚ ਭਿਉਂ ਕੇ ਨਰਮ ਕੀਤਾ ਜਾਂਦਾ ਹੈ, ਫਿਰ ਵੱਟਣਿਆਂ ਰਾਹੀਂ ਵੱਟ ਚਾੜ੍ਹ ਕੇ ਰੱਸੀ ਤਿਆਰ ਕੀਤੀ ਜਾਂਦੀ ਹੈ। ਬੇੜ ਬਣਾਉਣਾ ਜਿੱਥੇ ਆਮ ਲੋਕਾਂ ਲਈ ਸਿੱਖਣਯੋਗ ਹੈ, ਉੱਥੇ ਮੂਸਲ ਬਣਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਤਜਰਬੇ, ਸਬਰ ਅਤੇ ਕਾਰੀਗਰੀ ਦੀ ਮੰਗ ਕਰਦਾ ਹੈ। ਜੋ ਵਿਅਕਤੀ ਇਸ ਕਲਾ ਨੂੰ ਸਿੱਖਣ ਦਾ ਸ਼ੌਕ ਰੱਖਦਾ ਹੈ, ਉਹ ਹੌਲੀ-ਹੌਲੀ ਇਸ ਵਿੱਚ ਨਿਪੁੰਨਤਾ ਹਾਸਲ ਕਰ ਲੈਂਦਾ ਹੈ।
ਪੁਰਾਣੇ ਸਮਿਆਂ ਵਿੱਚ ਕਿਸਾਨ ਦੀ ਅਮੀਰੀ ਦਾ ਅੰਦਾਜ਼ਾ ਉਸ ਦੇ ਮੂਸਲਾਂ ਦੀ ਗਿਣਤੀ ਤੋਂ ਲਾਇਆ ਜਾਂਦਾ ਸੀ। ਕਈ ਕਿਸਾਨ ਆਪਣੀ ਲੋੜ ਤੋਂ ਵੱਧ ਮੂਸਲ ਇਸ ਲਈ ਬਣਾਉਂਦੇ ਸਨ ਤਾਂ ਜੋ ਵੇਚ-ਵੱਟ ਕਰਕੇ ਆਰਥਿਕ ਲਾਭ ਹਾਸਲ ਕਰ ਸਕਣ। ਜਿਨ੍ਹਾਂ ਘਰਾਂ ਵਿੱਚ ਤੂੜੀ ਦੀ ਘਾਟ ਪੈ ਜਾਂਦੀ ਸੀ, ਉਹ ਆਸਾਨੀ ਨਾਲ ਮੂਸਲ ਖ਼ਰੀਦ ਕੇ ਆਪਣੇ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਦਾ ਹੱਲ ਕਰ ਲੈਂਦੇ ਸਨ। ਆਮ ਤੌਰ ’ਤੇ ਹਰੇ ਚਾਰੇ ਵਿੱਚ ਵੜੇਵੇਂ ਅਤੇ ਖਲ ਤੇ ਤੂੜੀ ਰਲਾ ਕੇ ਪਸ਼ੂਆਂ ਨੂੰ ਪਾਈ ਜਾਂਦੀ ਹੈ, ਹਾਲਾਂਕਿ ਕਈ ਵਾਰ ਇਸ ਨੂੰ ਇਕੱਲੀ ਵੀ ਖੁਰਲੀ ਵਿੱਚ ਪਾ ਦਿੱਤਾ ਜਾਂਦਾ ਹੈ, ਪਰ ਮੂਸਲ ਦੀ ਮਹੱਤਤਾ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ ਹੈ। ਇਹ ਜਾਨਵਰਾਂ, ਪੰਛੀਆਂ ਅਤੇ ਮਨੁੱਖੀ ਜੀਵਨ ਨਾਲ ਵੀ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਘਰੇਲੂ ਔਰਤਾਂ ਮੂਸਲ ਦੇ ਨੇੜੇ ਕੱਦੂ, ਕਾਲੀ ਤੋਰੀ ਅਤੇ ਪੜੋਲਾਂ ਦੇ ਬੀਜ, ਬੀਜ ਦਿੰਦੀਆਂ ਸਨ, ਤਾਂ ਜੋ ਵੇਲਾਂ ਮੂਸਲ ਉੱਪਰ ਚੜ੍ਹ ਕੇ ਸਬਜ਼ੀਆਂ ਦੇਣ। ਇਸ ਤਰ੍ਹਾਂ ਮੂਸਲ ਮਨੁੱਖ ਦੀ ਖੁਰਾਕ ਦਾ ਵੀ ਇੱਕ ਅਹਿਮ ਸਾਧਨ ਬਣ ਜਾਂਦਾ ਹੈ।
ਚਿੜੀਆਂ ਅਤੇ ਗਟਾਰ ਮੂਸਲ ਦੀ ਟੀਸੀ ’ਤੇ ਬੋਦੀ ਦੇ ਹੇਠਾਂ ਆਲ੍ਹਣੇ ਬਣਾ ਕੇ ਆਂਡੇ ਦਿੰਦੀਆਂ ਹਨ, ਜਿੱਥੇ ਉਨ੍ਹਾਂ ਦੇ ਬੱਚੇ ਸੁਰੱਖਿਅਤ ਰਹਿੰਦੇ ਹਨ। ਪਿੰਡਾਂ ਵਿੱਚ ਮੂਸਲ ਬੱਚਿਆਂ ਲਈ ਮਨੋਰੰਜਨ ਦਾ ਸਾਧਨ ਵੀ ਹੈ। ਛੋਟੇ ਬੱਚੇ ਮੂਸਲ ਉੱਪਰ ਚੜ੍ਹ ਕੇ ਖੇਡਦੇ, ਹੱਸਦੇ ਤੇ ਮਸਤੀ ਕਰਦੇ ਹਨ। ਸਰਦੀਆਂ ਦੇ ਮੌਸਮ ਵਿੱਚ ਕੁੱਤੇ ਅਤੇ ਬਿੱਲੀਆਂ ਠੰਢ ਤੋਂ ਬਚਣ ਲਈ ਮੂਸਲ ਵਿੱਚ ਲੁੱਕ ਕੇ ਤੂੜੀ ਵਿੱਚੋਂ ਨਿੱਘ ਮਹਿਸੂਸ ਕਰਦੇ ਹਨ। ਪਿੰਡਾਂ ਦੇ ਬਜ਼ੁਰਗ ਵੀ ਸਿਆਲ ਦੀ ਠੰਢੀ ਰੁੱਤ ਵਿੱਚ ਖੇਸ ਦੀ ਬੁੱਕਲ ਮਾਰ ਕੇ ਮੂਸਲ ਨਾਲ ਢੋਅ ਲਾ ਕੇ ਧੁੱਪ ਸੇਕਦੇ ਹੁੰਦੇ ਸਨ। ਕਈ ਵਾਰ ਔਰਤਾਂ ਪਾਥੀਆਂ ਵੀ ਮੂਸਲ ਦੇ ਉੱਤੇ ਲਗਾ ਦਿੰਦੀਆਂ ਹਨ। ਇਸ ਤੋਂ ਇਲਾਵਾ ਨੌਜਵਾਨ ਮੁੰਡੇ ਤੇ ਕੁੜੀਆਂ ਲਈ ਦਿਲਾਂ ਦੇ ਭੇਤ ਅਤੇ ਪਿਆਰ ਦਾ ਇਜ਼ਹਾਰ ਮੂਸਲ ਦੇ ਉਹਲੇ ਕੀਤਾ ਜਾਂਦਾ ਸੀ।
ਗਰਮੀਆਂ ਦੇ ਮੌਸਮ ਵਿੱਚ ਪਰਿਵਾਰਕ ਮੈਂਬਰ ਮੰਜੀ ਡਾਹ ਕੇ ਛਾਵੇਂ ਬੈਠ ਕੇ ਘਰਾਂ ਦੇ ਛੋਟੇ ਕੰਮਕਾਜ ਕਰਦੇ ਸਨ। ਇਸ ਤਰ੍ਹਾਂ ਮੂਸਲ ਸਿਰਫ਼ ਤੂੜੀ ਦਾ ਢੇਰ ਨਹੀਂ ਸੀ, ਸਗੋਂ ਪਿੰਡ ਦੀ ਸਾਂਝੀ ਜ਼ਿੰਦਗੀ, ਕੁਦਰਤ ਨਾਲ ਤਾਲਮੇਲ ਅਤੇ ਪੰਜਾਬੀ ਸੱਭਿਆਚਾਰ ਦੀ ਜਿਉਂਦੀ-ਜਾਗਦੀ ਤਸਵੀਰ ਹੈ। ਅਜੋਕੇ ਸਮੇਂ ਵਿੱਚ ਵੀ ਟਾਵੇਂ ਟਾਵੇਂ ਮੂਸਲਾਂ ਦੀ ਝਲਕ ਦਿਖਾਈ ਦਿੰਦੀ ਹੈ। ਵਰਤਮਾਨ ਸਮੇਂ ਵਿੱਚ ਮੂਸਲ ਦਾ ਕਿਰਦਾਰ ਲੋਕ ਕਲਾ ਪ੍ਰਦਰਸ਼ਨੀ ਦਾ ਸ਼ਿੰਗਾਰ ਬਣਦਾ ਜਾ ਰਿਹਾ ਹੈ। ਅੱਜ ਜਦੋਂ ਮਸ਼ੀਨੀਕਰਨ ਨੇ ਇਸ ਦੀ ਥਾਂ ਲੈ ਲਈ ਹੈ, ਤਦ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨ੍ਹਾਂ ਵਿਸਰਦੇ ਜਾ ਰਹੇ ਸ਼ਬਦਾਂ ਅਤੇ ਵਿਰਾਸਤ ਨੂੰ ਲਿਖਤਾਂ ਅਤੇ ਯਾਦਾਂ ਰਾਹੀਂ ਸੰਭਾਲ ਕੇ ਰੱਖੀਏ।
ਸੰਪਰਕ: 73550-83007

