ਸੁੱਚੇ ਸੂਰਮੇ ਦੀ ਗਾਥਾ ਤੇ ਮੁਹੰਮਦ ਸਦੀਕ
ਸੁੱਚੇ ਸੂਰਮੇ ਦੀ ਗਾਥਾ ਕਿੰਨੇ ਹੀ ਗੀਤਕਾਰਾਂ ਤੇ ਕਲਾਕਾਰਾਂ ਦੇ ਨਸੀਬਾਂ ਦਾ ਹਿੱਸਾ ਬਣਦੀ ਹੋਈ ਲੋਕਾਂ ਦੀ ਕਚਿਹਰੀ ਵਿੱਚ ਲੋਕ-ਗਾਥਾ ਬਣ ਕੇ ਸਾਡੇ ਸਨਮੁੱਖ ਹੁੰਦੀ ਹੈ। ਉਂਜ ਤਾਂ ਹਰ ਕਲਾਕਾਰ ਅਤੇ ਗੀਤਕਾਰ ਨੂੰ ਆਪਣੀ ਹਰ ਰਚਨਾ ਹੀ ਪਿਆਰੀ ਹੁੰਦੀ ਹੈ।...
ਸੁੱਚੇ ਸੂਰਮੇ ਦੀ ਗਾਥਾ ਕਿੰਨੇ ਹੀ ਗੀਤਕਾਰਾਂ ਤੇ ਕਲਾਕਾਰਾਂ ਦੇ ਨਸੀਬਾਂ ਦਾ ਹਿੱਸਾ ਬਣਦੀ ਹੋਈ ਲੋਕਾਂ ਦੀ ਕਚਿਹਰੀ ਵਿੱਚ ਲੋਕ-ਗਾਥਾ ਬਣ ਕੇ ਸਾਡੇ ਸਨਮੁੱਖ ਹੁੰਦੀ ਹੈ। ਉਂਜ ਤਾਂ ਹਰ ਕਲਾਕਾਰ ਅਤੇ ਗੀਤਕਾਰ ਨੂੰ ਆਪਣੀ ਹਰ ਰਚਨਾ ਹੀ ਪਿਆਰੀ ਹੁੰਦੀ ਹੈ। ਜਦੋਂ ਉਹ ਰਚਨਾ ਸਰੋਤਿਆਂ ਵਿੱਚ ਵਿਚਰਦੀ ਹੈ ਤਾਂ ਉਸ ਰਚਨਾ ਦਾ ਦਰਜਾ ਲੋਕਾਂ ਨੇ ਤੈਅ ਕਰਨਾ ਹੁੰਦਾ ਹੈ ਕਿ ਇਹ ਰਚਨਾ ਕਿਸ ਪੱਧਰ ਦੀ ਹੈੈ। ਕਲਾਕਾਰ ਗੀਤ ਨੂੰ ਗਾ ਕੇ ਅਤੇ ਗੀਤਕਾਰ ਗੀਤ ਨੂੰ ਲਿਖ ਕੇ ਸੁਰਖਰੂ ਹੋ ਜਾਂਦੇ ਹਨ, ਪ੍ਰੰਤੂ ਸਰੋਤਿਆਂ ਨੇ ਉਸ ਰਚਨਾ ਦੀ ਪੜਚੋਲ ਕਰਕੇ ਉਸ ਦੀ ਸਥਾਪਤੀ ਅਤੇ ਜਨਤਕ ਮਾਪਦੰਡਾਂ ਨਾਲ ਉਸ ਦੇ ਸ਼ਾਹਕਾਰ ਬਣਨ ਜਾਂ ਨਾ ਬਣਨ ਦੇ ਨਕਸ਼ ਉਲੀਕਣੇ ਹੁੁੰਦੇ ਹਨ।
ਸੁੱਚੇ ਸੂਰਮੇ ਦੀ ਗਾਥਾ ਲੰਬੇ ਸਮੇੇਂ ਤੋਂ ਲੋਕਾਂ ਵਿੱਚ ਵਿਚਰਦੀ ਰਹੀ ਹੈ। ਲੋਕ ਇਸ ਗਾਥਾ ਨੂੰ ਕਲੀਆਂ ਦੇ ਰੂਪ ਵਿੱਚ, ਕਿੱਸਿਆਂ ਦੇ ਰੂਪ ਵਿੱਚ ਅਤੇ ਕਵੀਸ਼ਰਾਂ ਰਾਹੀਂ ਪ੍ਰਸੰਗਾਂ ਦੇ ਰੂਪ ਵਿੱਚ ਸੁਣਦੇ ਰਹੇ। ਲੋਕ ਸੁਣਦੇ ਰਹੇ ਤੇ ਵਿਸਾਰਦੇ ਰਹੇ, ਪ੍ਰੰਤੂ ਮੁਹੰਮਦ ਸਦੀਕ ਦੁਆਰਾ ਗਾਏ ਸੁੱਚੇ ਸੂਰਮੇ ਦੀ ਇਸ ਲੋਕ-ਗਾਥਾ ਨੇ ਅਜਿਹੇ ਪੈਰ ਗੱਡੇ ਕਿ ਸੁੱਚਾ ਸਿੰਘ ਸੂਰਮਾ ਸੱਚਮੁੱਚ ਹੀ ਸੂਰਮਾ ਬਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਜਾ ਸਮਾਇਆ। ਸੁੱਚਾ ਸੂਰਮਾ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ। ਜੋ ਛਾਪ ਮੁਹੰਮਦ ਸਦੀਕ ਦੁਆਰਾ ਗਾਏ ਸੁੱਚੇ ਸੂਰਮੇ ਦੀ ਕਲੀ ਨੇ ਛੱਡੀ ਉਹ ਛਾਪ ਫਿਲਮਾਂ, ਪ੍ਰ੍ਰਸੰਗ ਤੇ ਕਵੀਸ਼ਰੀਆਂ ਵੀ ਨਹੀਂ ਛੱਡ ਸਕੀਆਂ। ਅਸਲ ਵਿੱਚ ਮੁਹੰੰਮਦ ਸਦੀਕ ਨੇ ਇਹ ਕਲੀ ਸਿਰਫ਼ ਗਾਈ ਹੀ ਨਹੀਂ, ਇਸ ਦੀ ਪੇਸ਼ਕਾਰੀ ਵੀ ਕੀਤੀ ਹੈ। ਸਦੀਕ ਦੀਆਂ ਅੱਖਾਂ ਘੁੱਕਰ ਨੂੰ ਤਲਾਸ਼ਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਦਿਖਾਈ ਦਿੰਦੀਆਂ ਰਹੀਆਂ ਅਤੇ ਉਸ ਦੀ ਤੂੰਬੀ ਸੁੱਚੇ ਦੀ ਬੰਦੂਕ ਦਾ ਬਦਲ ਬਣਦੀ ਰਹੀ।
ਇਸ ਲੋਕ-ਗਾਥਾ ਦੇ ਸ਼ੁਰੂਆਤੀ ਬੋਲ ‘ਲਾ-ਲਾ, ਲਾ-ਲਾ ਹੋਗੀ....’ ਵਿੱਚੋਂ ਤਿੰਨ ਪਾਤਰ ਖ਼ੁਦ ਸੁੱਚਾ ਸੂਰਮਾ, ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਨਿੱਖਰ ਕੇ ਸਾਹਮਣੇ ਆਉਂਦੇ ਹਨ। ‘ਲਾ-ਲਾ, ਲਾ-ਲਾ’ ਸਿਰਫ਼ ਅਖਾੜੇ ਵਿੱਚ ਹੀ ਨਹੀਂ ਹੁੰਦੀ। ਇਸ ਗੀਤ ਦੀ ਰਿਕਾਰਡਿੰਗ ਤੋਂ ਬਾਅਦ ਜਨਤਕ ਤੌਰ ’ਤੇ ਸੁੱਚੇ ਸੂਰਮੇ, ਮੁਹੰਮਦ ਸਦੀਕ ਅਤੇ ਬਾਬੂ ਸਿੰਘ ਮਾਨ ਦੇ ਨਾਵਾਂ ਦੀ ਵੀ ‘ਲਾ-ਲਾ, ਲਾ-ਲਾ’ ਹੁੰਦੀ ਹੈ। ਜੇਕਰ ਬਾਬੂ ਸਿੰਘ ਮਾਨ ਦੀ ਲੇਖਣੀ ਦੀ ਗੱਲ ਕਰੀਏ ਤਾਂ ਉਹ ਦ੍ਰਿਸ਼-ਚਿਤਰਣ ਅਤੇ ਪਾਤਰ-ਉਸਾਰੀ ਦਾ ਅਜਿਹਾ ਕਾਰੀਗਰ ਹੈ ਕਿ ਉਹ ਕੰਧਾਂ ’ਤੇ ਉਕਰੇ ਨਕਸ਼ਾਂ ਨੂੰ ਵੀ ਬੋਲਣ ਲਾ ਦਿੰਦਾ ਹੈ। ਭਾਵਨਾਵਾਂ ਵਿੱਚ ਉਸ ਨੂੰ ਡੁੱਬਣਾ ਆਉਂਦਾ ਹੈ। ਜਜ਼ਬਾਤਾਂ ਨੂੰ ਨਾਸਾਂ ਰਾਹੀਂ ਫਰਕਣ ਲਾ ਦਿੰਦਾ ਹੈ। ਸਮੇਂ ਤੇ ਸਥਿਤੀ ਦੀ ਮੰਗ ਅਨੁਸਾਰ ਉਹ ਲੋੜੀਂਦੀ ਸਮੱਗਰੀ ਦੀ ਵਰਤੋਂ ਵੀ ਆਪਣੇ ਗੀਤਾਂ ਵਿੱਚ ਕਰਦਾ ਹੈ। ਸੁੱਚੇ ਸੂਰਮੇ ਦੀ ਕਲੀ ਵਿੱਚ ਗੀਤਕਾਰ ਵੱਲੋਂ ਵਰਤੇ ਗਏ ਹਥਿਆਰ ਤੇ ਸ਼ਰਾਬ ਦੀ ਵਰਤੋਂ ਬਾਰੇ ਕਈ ਆਲੋਚਕ ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਦੋਸ਼ ਲਾਉਂਦੇ ਹਨ। ਕਲੀ ਵਿਚਲੇ ਦ੍ਰਿਸ਼ ਦੀ ਸਥਿਤੀ ਅਨੁਸਾਰ ਮੁੱਖ ਪਾਤਰ ਦੇ ਜਜ਼ਬਾਤਾਂ ਵਿੱਚ ਡੁੱਬੇ ਵਗੈਰ ਕਲੀ ਨਾਲ ਇਨਸਾਫ਼ ਨਹੀਂ ਕੀਤਾ ਜਾ ਸਕਦਾ ਸੀ।
ਮੁੱਖ ਪਾਤਰ ਦੇ ਗੁੱਸੇ ਨੂੰ ਦਿਖਾਉਣਾ, ਗੁੱਸੇ ’ਚ ਵਗਾਹ ਕੇ ਖੇਸ ਮਾਰਨਾ ਅਤੇ ਫਿਰ ਲਲਕਾਰਾ ਮਾਰ ਕੇ ਵੈਰੀ ਨੂੰ ਵੰਗਾਰਨਾ ਆਦਿ ਪ੍ਰਸਥਿਤੀਆਂ ਗੁੱਸੇ ਵਿੱਚ ਸ਼ਰਾਬ ਪੀਣ ਵੱਲ ਸੰਕੇਤ ਕਰਦੀਆਂ ਹਨ। ਜਦੋਂ ਦੁਸ਼ਮਣ ਜ਼ਿਆਦਾ ਹੋਣ ਅਤੇ ਇਕੱਠ ਵੀ ਜ਼ਿਆਦਾ ਹੋਵੇ ਤਾਂ ਅਜਿਹੀਆਂ ਸਥਿਤੀਆਂ ਨਾਲ ਜੂਝਣ ਸਮੇਂ ਮਨੁੱਖ ਸ਼ਰਾਬ ਦੀ ਵਰਤੋਂ ਦਾ ਸਹਾਰਾ ਜ਼ਰੂਰ ਲੈਂਦਾ ਹੈ। ਇਹ ਸਾਡੇ ਸਮਾਜ ਦਾ ਹਕੀਕੀ ਰੰਗ ਹੈ। ਇੱਥੇ ਸ਼ਰਾਬ ਜਾਂ ਹਥਿਆਰ ਪ੍ਰਮੋਟ ਨਹੀਂ, ਸਗੋਂ ਸਥਿਤੀ ਦੀ ਮੰਗ ਹੈ। ਮੰਨ ਲਉ ਜੇ ਕਰ ਇਸ ਸਮੁੱਚੇ ਘਟਨਾਕ੍ਰਮ ਵਿੱਚੋਂ ਬੰਦੂਕ ਨੂੰ ਕੱਢ ਦੇਈਏ ਤਾਂ ਇਸ ਕਹਾਣੀ ਨੇ ਰੂਪਮਾਨ ਹੀ ਨਹੀਂ ਸੀ ਹੋਣਾ। ਬੰਦੂਕ ਇਸ ਗਾਥਾ ਦਾ ਲੋੜੀਂਦਾ ਔਜ਼ਾਰ ਹੈ। ਸੋੋ ਗੀਤਕਾਰ ਵੱਲੋਂ ਵਰਤੇ ਗਏ ਹਥਿਆਰ ਤੇ ਸ਼ਰਾਬ ਇਸ ਕਲੀ ਵਿਚਲੀ ਕਹਾਣੀ ਦੀ ਲੋੜ ਹੈ ਅਤੇ ਹਕੀਕਤ ਵਿੱਚ ਇਨ੍ਹਾਂ ਦੀ ਵਰਤੋਂ ਵੀ ਹੋਈ ਹੈ। ਬਾਬੂ ਸਿੰਘ ਮਾਨ ਨੇ ਸੁੱਚੇ ਸੂਰਮੇ ਦੀ ਸਮੁੱਚੀ ਗਾਥਾ ਨੂੰ ਇੱਕੋ ਛੰਦ ਵਿੱਚ ਸਮੇਟ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਬਾਬੂ ਸਿੰਘ ਮਾਨ ਨੇ ਇਹ ਕਲੀ ਲਿਖ ਕੇ ਮੁਹੰਮਦ ਸਦੀਕ ਨੂੰ ਦੇ ਦਿੱਤੀ। ਮੁਹੰਮਦ ਸਦੀਕ ਚਾਹੁੰਦਾ ਸੀ ਕਿ ਇਹ ਕਲੀ ਕੁਲਦੀਪ ਮਾਣਕ ਗਾਵੇ ਕਿਉਂਕਿ ਕਲੀ ਗਾਉਣ ਲਈ ਕੁਲਦੀਪ ਮਾਣਕ ਦੀ ਆਵਾਜ਼ ਕਲੀਆਂ ਦੇ ਅਨਕੂਲ ਹੈ। ਕੁਲਦੀਪ ਮਾਣਕ ਉਹ ਕਲੀ ਲੈ ਕੇ ਕਾਫ਼ੀ ਸਮਾਂ ਫਿਰਦਾ ਰਿਹਾ, ਪਰ ਉਸ ਨੇ ਉਹ ਕਲੀ ਨਾ ਗਾਈ। ਹੁਣ ਇਹ ਕਲੀ ਸਦੀਕ ਕੋਲ ਵੀ ਸੀ, ਪਰ ਅਜੇ ਤੀਕ ਗਾਈ ਸਦੀਕ ਨੇ ਵੀ ਨਹੀਂ ਸੀ ਕਿਉਂਕਿ ਸਦੀਕ ਆਪਣੇ ਆਪ ਨੂੰ ਸਿਰਫ਼ ਦੋਗਾਣਾ-ਸ਼ੈਲੀ ਦਾ ਕਲਾਕਾਰ ਹੀ ਸਮਝਦਾ ਸੀ।
ਇੱਕ ਦਿਨ ਮੁਹੰਮਦ ਸਦੀਕ ਦਾ ਜ਼ਿਲ੍ਹਾ ਮਾਨਸਾ ਵਿੱਚ ਬੁੱਢਲਾਡੇ ਵਿਖੇ ਪ੍ਰੋਗਰਾਮ ਸੀ। ਇਹ ਪ੍ਰੋਗਰਾਮ ਮਹਾਜਨਾਂ ਦੇ ਘਰ ਸੀ। ਇਕੱਠ ਜ਼ਿਆਦਾ ਸੀ। ਲੋਕ ਟਿਕ ਨਹੀਂ ਸੀ ਰਹੇ। ਪੁਲੀਸ ਪਾਰਟੀ ਲੋਕਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਫਿਰ ਵੀ ਵੱਸ ਨਹੀਂ ਸੀ ਆ ਰਹੇ। ਅੰਤ ਇੱਕ ਥਾਣੇਦਾਰ ਸਦੀਕ ਸਾਹਿਬ ਕੋਲ ਆਇਆ ਤੇ ਕਹਿਣ ਲੱਗਿਆ, ‘‘ਭਾਈ ਸਾਹਿਬ ਇਨ੍ਹਾਂ ਨੂੰ ਕੋਈ ਚੰਗੀ ਕਲੀ ਕੁਲੀ ਸੁਣਾ ਦਿਓ, ਨਹੀਂ ਐਵੇਂ ਮੈਥੋਂ ਡਾਂਗਾਂ ਖਾਣਗੇ।’’ ਕਲੀ ਦਾ ਨਾਂ ਸੁਣਦਿਆਂ ਹੀ ਸਦੀਕ ਨੂੰ ਸੁੱਚੇ ਸੂਰਮੇ ਦੀ ਕਲੀ ਯਾਦ ਆ ਗਈ। ਮੁਹੰਮਦ ਸਦੀਕ ਨੇ ਪਹਿਲੀ ਵਾਰੀ ਸੁੱਚੇ ਸੂਰਮੇ ਦੀ ਕਲੀ ਬੁੱਢਲਾਡੇ ਗਾਈ। ਜਦੋਂ ਕਲੀ ਸ਼ੁਰੂ ਕੀਤੀ ਤਾਂ ਲੋਕ ਧੜਾ-ਧੜ ਬੈਠਣੇ ਸ਼ੁਰੂ ਹੋ ਗਏ। ਉਦੋਂ ਇਹ ਕਲੀ ਬਹੁਤੀ ਲੰਬੀ ਨਹੀਂ ਸੀ। ਇਹ ਕਲੀ ‘ਭਾਗ ਲੈ ਕੇ ਕੰਧ ਦੇ ਖੜ੍ਹਾ ਸੀ ਉਹਲੇ ਨੂੰ, ਮਾਨ ਜੱਟ ਪਿੱਛੇ ਤੋਰਤਾ ਵਿਚੋਲੇ ਨੂੰ’ ਤੱਕ ਸੀ। ਸਦੀਕ ਨੇ ਇਸ ਕਲੀ ਵਿੱਚ ਰੂਹ ਫੂਕ ਦਿੱਤੀ। ਲੋਕਾਂ ਨੇ ਇਹ ਕਲੀ ਜੰਮ ਕੇ ਸੁਣੀ। ਇਸ ਦਾ ਵੀ ਇੱਕ ਕਾਰਨ ਇਹ ਸੀ ਕਿ ਇੱਕ ਤਾਂ ਇਹ ਲੋਕ-ਗਾਥਾ ਉਸ ਇਲਾਕੇ ਦੀ ਸੀ। ਲੋਕ ਉਸ ਪਾਤਰ (ਸੁੱਚੇ ਸੂਰਮੇ) ਨੂੰ ਪਿੰਡਾਂ ਦਾ ਹੋਣ ਕਰਕੇ ਜ਼ਿਆਦਾ ਜਾਣਦੇ ਸਨ। ਦੂਜਾ ਮੁਹੰਮਦ ਸਦੀਕ ਨੇ ਸੁੱਚੇ ਸੂਰਮੇ ਦੀ ਨਕਲ ਕਰਦਿਆਂ ਉਸ ਕਹਾਣੀ ਨੂੰ ਹੂ-ਬ-ਹੂ ਪੇਸ਼ ਕਰਕੇ ਕਲੀ ਵਿੱਚ ਜਾਨ ਪਾ ਦਿੱਤੀ। ਜੇਕਰ ਇਹ ਕਲੀ ਕੁਲਦੀਪ ਮਾਣਕ ਨੇ ਗਾਈ ਹੁੰਦੀ ਤਾਂ ਲੋਕਾਂ ਨੇ ਇਸ ਕਲੀ ਦਾ ਸ਼ਬਦੀ-ਰਸ ਤਾਂ ਜ਼ਰੂਰ ਮਾਨਣਾ ਸੀ, ਪਰ ਸੁੱਚੇ ਦਾ ਚਿਹਰਾ ਮੋਹਰਾ ਤੇ ਦ੍ਰਿਸ਼ ਨਹੀਂ ਸੀ ਦੇਖ ਸਕਣਾ।
ਮੁਹੰਮਦ ਸਦੀਕ ਨੇ ਇਸ ਕਲੀ ਰਾਹੀਂ ਸੁੱਚੇ ਸੂਰਮੇ ਦੀ ਕਹਾਣੀ ਹੀ ਨਹੀਂ ਸੁਣਾਈ, ਸਗੋਂ ਦ੍ਰਿਸ਼-ਚਿਤਰਣ ਤੇ ਇਸ ਦਾ ਨਾਟਕੀ-ਅੰਸ਼ ਵੀ ਦਰਸਾ ਦਿੱਤਾ। ਕਿਵੇਂ ਗੁੱਸੇ ਵਿੱਚ ਖੇਸ ਵਗਾਹ ਕੇ ਮਾਰਿਆ, ਕਿਵੇਂ ਦਾਰੂ ਦਾ ਅਧੀਆ ਇੱਕੋ ਸਾਹੇ ਪੀਤਾ ਅਤੇ ਤੂੰਬੀ ਦੀ ਬੰਦੂਕ ਬਣਾ ਕੇ ਕਿਵੇਂ ਬੀਰੋ ਦੀ ਹਿੱਕ ’ਤੇ ਗੋਡਾ ਰੱਖ ਕੇ ਫਾਇਰ ਕਰਦਾ ਹੈ। ਸਦੀਕ ਡਰਾਮਾ ਕਲਾਕਾਰ ਰਿਹਾ ਹੋਣ ਕਰਕੇ ਸੁੱਚੇ ਦੇ ਰੋਲ ਨੂੰ ਉਸ ਨੇ ਬਾਖੂਬੀ ਨਿਭਾਇਆ। ਸੁੱਚੇ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਹੋਇਆ ਸਦੀਕ ਕਦੇ ਪੱਟ ’ਤੇ ਥਾਪੀ ਮਾਰਦਾ ਹੈ ਤੇ ਕਦੇ ਮੁੱਛ ਨੂੰ ਵੱਟ ਦਿੰਦਾ ਹੈ। ਡਾਕੂਆਂ ਦਾ ਪਹਿਰਾਵਾ ਵੀ ਲੋਕਾਂ ਨੇ ਇੱਕ ਵੱਖਰੀ ਕਿਸਮ ਦਾ ਕਿਆਸਿਆ ਹੈ। ਤੁਰਲੇ ਵਾਲੀ ਪੱਗ ਤੇ ਚਾਦਰਾ ਆਮ ਡਾਕੂਆਂ ਦਾ ਪਹਿਰਾਵਾ ਸੀ। ਸਬੱਬ ਨਾਲ ਮੁਹੰਮਦ ਸਦੀਕ ਦਾ ਪਹਿਰਾਵਾ ਤੇ ਚਿਹਰਾ ਵੀ ਸੁੱਚੇ ਦੇ ਹੁਲੀਏ ਨਾਲ ਮੇਲ ਖਾਂਦਾ ਸੀ। ਸਦੀਕ ਦੀ ਪੇਸ਼ਕਾਰੀ ਨੇ ਇਸ ਕਹਾਣੀ ਨੂੰ ਸੱਚ ਦੇੇ ਹੋਰ ਨੇੜੇ ਲੈ ਆਂਦਾ ਹੈ। ਇਸ ਕਲੀ ਦੇ ਅੱਗੇ ਜੋ ਕੁਮੈਂਟਰੀ ਹੈ ਉਹ ਸਦੀਕ ਨੇ ਖ਼ੁਦ ਤਿਆਰ ਕੀਤੀ ਹੈ।
ਜਦੋਂ ਬਾਬੂ ਸਿੰਘ ਮਾਨ ਨੇੇ ਇਹ ਕਲੀ ਰਿਕਾਰਡ ਕਰਾਉਣ ਲਈ ਸਦੀਕ ਨੂੰ ਕਿਹਾ ਤਾਂ ਸਦੀਕ ਸਾਹਿਬ ਕਹਿਣ ਲੱਗੇ ਕਿ ਇਹ ਕਲੀ ਰਿਕਾਰਡ ਨਹੀਂ ਹੋ ਸਕਦੀ ਕਿਉਂਕਿ ਇਹ ਕਲੀ ਛੋਟੀ ਹੈ। ਮਾਨ ਸਾਹਿਬ ਕਹਿਣ ਲੱਗੇ ਕਿ ਮੈਂ ਇਸ ਕਲੀ ਨੂੰ ਅੱਗੇ ਹੋਰ ਵਧਾ ਦਿੰਦਾ ਹਾਂ। ਸਦੀਕ ਕਹਿਣ ਲੱਗਿਆ ਕਿ ਇਹ ਕਲੀ ਹੁਣ ਅੱਗੇ ਨਹੀਂ ਤੁਰ ਸਕਦੀ ਕਿਉਂਕਿ ਇਸ ਕਹਾਣੀ ਵਿਚਲੇ ਖ਼ਲਨਾਇਕ ਘੁੱਕਰ ਤੇ ਭਾਗ ਸਿੰਘ ਤਾਂ ਮਾਰੇ ਗਏ ਹਨ। ਹੁਣ ਕਹਾਣੀ ਅੱਗੇ ਕਿਵੇਂ ਤੁਰ ਸਕਦੀ ਹੈ। ਮਾਨ ਦੀ ਕਲਾ ਦੇਖੋ ਕਿ ਖ਼ਲਨਾਇਕ ਦੇ ਮਰ ਜਾਣ ਦੇ ਬਾਵਜੂਦ ਉਸ ਨੇ ਕਹਾਣੀ ਵਿੱਚ ਅਜਿਹਾ ਜੋੜ ਲਾਇਆ ਕਿ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਣ ਦਿੱਤਾ। ਬਾਬੂ ਸਿੰਘ ਮਾਨ ਨੇ ਕਲੀ ਦਾ ਅਗਲਾ ਹਿੱਸਾ ਲਿਖਦਿਆਂ ਅੱਗੇ ਲਿਖਿਆ, ‘ਪੰਜ-ਸੱਤ ਫੇਰ ਫੋਕੇ ਕੀਤੇ ਫੈਰ ਸੀ, ਸਾਰੇ ਪਿੰਡ ਵਿੱਚ ਵਰਤਾਤਾ ਕਹਿਰ ਸੀ।’ ਗੀਤਕਾਰ ਕਈ ਵਾਰ ਪਾਤਰ ਦੀਆਂ ਭਾਵਨਾਵਾਂ ਜਾਂ ਜਜ਼ਬਾਤਾਂ ਵਿੱਚ ਇੰਨਾ ਡੂੰਘਾ ਲਹਿ ਜਾਂਦਾ ਹੈ ਕਿ ਉਹ ਆਪਣਾ ਹੀ ਸੰਤੁਲਨ ਗੂਆ ਕੇ ਲੀਹ ਤੋਂ ਲਹਿ ਜਾਂਦਾ ਹੈ ਅਤੇ ਸਥਿਤੀ ਦੀ ਪੇਸ਼ਕਾਰੀ ਵੀ ਗੜਬੜਾ ਜਾਂਦੀ ਹੈ।
ਜਿਵੇਂ ਇਸ ਕਲੀ ਵਿੱਚ ਕਹਿਰਵਾਨ ਹੋਇਆ ਸੁੱਚਾ ਸਿੰਘ ਜਦੋਂ ਘਰੇ ਆਉਂਦਾ ਹੈ ਤਾਂ ਉਹ ਬੀਰੋ ਦੇ ਫਾਇਰ ਮਾਰਨ ਦੇ ਦ੍ਰਿਸ਼ ਦੀ ਪੇਸ਼ਕਾਰੀ ਕਰਦਾ ਹੋਇਆ ਲਿਖਦਾ ਹੈੈ ‘ਹਿੱਕ ਉੱਤੇ ਗੋਡਾ ਰਗਾਂ ’ਤੇ ਬੰਦੂਕ ਸੀ, ਦਾਗ ਦਿੱਤਾ ਘੋੜਾ ਤੇ ਸੁਣੀ ਨਾ ਕੂਕ ਸੀ।’ ਇੱਥੇ ਗੀਤਕਾਰ ਵੀ ਜ਼ਿਆਦਾ ਜਜ਼ਬਾਤੀ ਹੋ ਜਾਂਦਾ ਹੈ ਤੇ ਉਹ ਸਥਿਤੀ ਦੀ ਰੂਹ ਤੋਂ ਦੂਰ ਹੋ ਜਾਂਦਾ ਹੈ। ਬਾਬੂ ਸਿੰਘ ਮਾਨ ਨੇ ਇਸ ਕਲੀ ਵਿੱਚ ਬੀਰ-ਰਸ ਕੁੱਟ-ਕੁੱਟ ਕੇ ਭਰਿਆ ਹੈ। ਇਸ ਤੋਂ ਇਲਾਵਾ ਮਾਨ ਦੀ ਇਸ ਰਚਨਾ ਵਿੱਚ ਵਿੱਚ ਰੌਦਰ ਰਸ, ਭਿਆਨਕ ਰਸ ਤੇ ਅਦਭੁੱਤ ਰਸ ਦੇ ਦਰਸ਼ਨ ਵੀ ਹੁੰਦੇ ਹਨ। ਬੀਰ-ਰਸੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਮਾਨ ਬੀਰ-ਰਸ ਵਿੱਚ ਇੰਨਾ ਡੂੰਘਾ ਲਹਿ ਜਾਂਦਾ ਹੈ ਕਿ ਉਹ ਦ੍ਰਿਸ਼ ਚਿਤਰਣ ਸਮੇਂ ਗ਼ਲਤ ਅੰਦਾਜ਼ੇ ਦੀ ਪੇਸ਼ਕਾਰੀ ਕਰ ਜਾਂਦਾ ਹੈ। ਜਿਸ ਸਮੇਂ ਦੀ ਇਹ ਕਹਾਣੀ ਹੈ ਉਸ ਸਮੇਂ ਬੰਦੂਕ ਦੀਆਂ ਨਾਲਾਂ ਦੀ ਲੰਬਾਈ ਹੁਣ ਨਾਲੋਂ ਜ਼ਿਆਦਾ ਹੁੰਦੀ ਸੀ। ਹੁਣ ਨਵੀਂ ਤਕਨੀਕ ਨਾਲ ਬੰਦੂਕਾਂ ਦੇ ਸਾਈਜ਼ ਵੀ ਘੱਟ ਹਨ। ਉਸ ਸਮੇਂ ਬੰਦੂਕ ਦੀਆਂ ਨਾਲਾਂ ਦਾ ਸਾਈਜ਼ ਲਗਭਗ 40 ਇੰਚ ਹੋਵੇਗਾ। ਬੰਦੂਕ ਨੂੰ ਚਲਾਉਣ ਸਮੇਂ ਬੰਦੂਕ ਪਿੱਛੇ ਵੱਲ ਧੱਕਾ ਵੀ ਜ਼ਿਆਦਾ ਮਾਰਦੀ ਸੀ। ਇਸ ਲਈ ਬੰਦੂਕ ਦਾ ਫਾਇਰ ਕਰਨ ਸਮੇਂ ਉਸ ਉੱਪਰ ਪਿੱਛੋਂ ਕੰਟਰੋਲ ਵੀ ਰੱਖਣਾ ਹੁੰਦਾ ਸੀ। ਜੇਕਰ ਫਾਇਰ ਕਰਨ ਸਮੇਂ ਗੋਡਾ ਹਿੱਕ ਉੱਪਰ ਰੱਖ ਲਈਏ ਅਤੇ ਬੰਦੂਕ ਦੀਆਂ ਨਾਲਾਂ ਨਿਸ਼ਾਨਾ ਲਾਉਣ ਲਈ ਵਿਰੋਧੀ ਪਾਤਰ ਦੀਆਂ ਰਗਾਂ ਉੱਪਰ ਰੱਖ ਲਈ ਜਾਵੇ ਤਾਂ ਬੰਦੂਕ ਦਾ ਘੋੜਾ ਬੰਦੂਕ ਚਲਾਉਣ ਵਾਲੇ ਦੇ ਸਿਰ ਦੇ ਬਰਾਬਰ ਆ ਜਾਵੇਗਾ। ਜਿੱਥੋਂ ਉਂਗਲ ਨਾਲ ਘੋੜਾ ਨਹੀਂ ਦਬਾਇਆ ਜਾ ਸਕਦਾ ਤੇ ਨਾ ਹੀ ਬੰਦੂਕ ਉੱਪਰ ਪਿੱਛੋਂ ਕੰਟਰੋਲ ਰੱਖਿਆ ਜਾ ਸਕਦਾ ਸੀ। ਦੂਜਾ ਪੱਖ ਇਹ ਵੀ ਹੈ ਕਿ ਹੇਠਾਂ ਮਰਨ ਵਾਲਾ ਪਾਤਰ ਵੀ ਮੌਤ ਤੋਂ ਡਰਦਾ ਹੋਇਆ ਹੱਥ ਪੈਰ ਜ਼ਰੂਰ ਮਾਰੇਗਾ। ਸੋ ਇਸ ਤਰ੍ਹਾਂ ਦੀ ਜੱਦੋਜਹਿਦ ਵਿੱਚ ਹਿੱਕ ’ਤੇ ਗੋਡਾ ਰੱਖ ਕੇ ਫਾਇਰ ਨਹੀਂ ਕੀਤਾ ਜਾ ਸਕਦਾ। ਹਾਂ, ਹਿੱਕ ’ਤੇ ਪੈਰ ਰੱਖ ਕੇ ਤਾਂ ਇਹ ਸੰਭਵ ਹੋ ਸਕਦਾ ਹੈ।
ਸੋ ਇਹ ਲੋਕ-ਗਾਥਾ ਬਾਬੂ ਸਿੰਘ ਮਾਨ ਦੀ ਕਲਮ ਵਿੱਚੋਂ ਅੰਗੜਾਈ ਲੈ ਕੇ ਉਪਜਦੀ ਹੋਈ ਮੁਹੰਮਦ ਸਦੀਕ ਦੀ ਆਵਾਜ਼ ਤੇ ਲੋਹੜੇ ਦੀ ਪੇਸ਼ਕਾਰੀ ਨਾਲ ਸਾਡੇ ਸੱਭਿਆਚਾਰ ਅਤੇ ਸਮਾਜਿਕ ਧਰਾਤਲ ’ਤੇ ਇੱਕ ਵੱਖਰੇ ਰੂਪ ਵਿੱਚ ਪ੍ਰਵੇਸ਼ ਹੋ ਕੇ ਲੋਕਾਂ ਦੀ ‘ਵਾਹ-ਵਾਹ’ ਦੀ ਪਾਤਰ ਜਾ ਬਣਦੀ ਹੈ। ਬਾਬੂ ਸਿੰਘ ਮਾਨ ਦੇ ਜਜ਼ਬਾਤਾਂ ਦੇ ਹੜ੍ਹ ਨੂੰ ਮੁਹੰਮਦ ਸਦੀਕ ਆਪਣੀ ਅਦਾਕਾਰੀ ਦੇ ਜਾਦੂ ਨਾਲ ਇਸ ਲੋਕ-ਗਾਥਾ ਨੂੰ ਖੰਭ ਲਾ ਕੇ ਉੱਡਣ ਲਾ ਦਿੰਦਾ ਹੈ। ਇਸ ਕਲੀ ਦੀ ਵਿਸ਼ੇਸ਼ਤਾ ਹੈ ਕਿ ਇਹ ਕਲੀ ਸਮੁੱਚੀ ਕਹਾਣੀ ਦੀ ਬਾਤ ਪਾ ਜਾਂਦੀ ਹੈ। ਬੇਸ਼ੱਕ ਸੁੱਚਾ ਸੂਰਮਾ, ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ ਤਿੰਨੋਂ ਹੀ ਵੱਖੋ-ਵੱਖਰੇ ਖੇਤਰਾਂ ਵਿੱਚ ਨਾਮਵਰ ਤੇ ਸਥਾਪਿਤ ਸਿਰਨਾਮੇ ਹਨ। ਹੁਣ ਜਦੋਂ ਵੀ ਇਤਿਹਾਸ ਵਿੱਚ ਸੁੱਚੇ ਸੂਰਮੇ ਦੀ ਗੱਲ ਹੋਇਆ ਕਰੇਗੀ ਤਾਂ ਬਾਬੂ ਸਿੰਘ ਮਾਨ ਦੀ ਕਚੀਚੀਆਂ ਵੱਟਦੀ ਸ਼ਬਦਾਵਲੀ ਅਤੇ ਮੁਹੰਮਦ ਸਦੀਕ ਦਾ ਸਟੇਜੀ ਕ੍ਰੋਧਿਤ ਚਿਹਰਾ ਸੁੱਚੇ ਦੇ ਅੰਗ-ਸੰਗ ਦਿਖਾਈ ਦਿਆ ਕਰੇਗਾ। ਇੱਕ ਸਮਾਜਿਕ ਤੌਰ ’ਤੇ ਧਾਰਨਾ ਗਾਈ ਜਾਂਦੀ ਹੈ ਕਿ ‘ਦਾਤਾ ਤੇ ਭਗਤ ਸੂਰਮਾ, ਤਿੰਨੇ ਜਗ ਜਿਉਂਦੇ ਨੇ।’ ਇਸ ਕਲੀ ਨੂੰ ਸੁਣਨ ਤੋਂ ਬਾਅਦ ਜੇਕਰ ਇਹ ਕਹਿ ਦੇਈਏ ਕਿ ‘ਗੀਤਕਾਰ ਤੇ ਗਾਇਕ ਸੂਰਮਾ, ਤਿੰਨੇ ਜੱਗ ਜਿਉਂਦੇ ਨੇ’ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਤਰ੍ਹਾਂ ਮੁਹੰਮਦ ਸਦੀਕ ਦੁਆਰੇ ਗਾਏ ਸੁੱਚੇ ਸੂਰਮੇ ਦੀ ਗਾਥਾ ਤੋਂ ਬੱਚਾ-ਬੱਚਾ ਜਾਣੂ ਹੋ ਗਿਆ ਹੈ। ਹੋਰ ਕਿਸੇ ਡਾਕੂ ਜਾਂ ਸੂਰਮੇ ਦੀ ਗਾਥਾ ਸ਼ਾਇਦ ਲੋਕਾਂ ਦੇ ਇੰਨੀ ਯਾਦ ਨਾ ਹੋਵੇ ਜਿੰਨੀ ਸੁੱਚੇ ਸੂਰਮੇ ਦੀ ਗਾਥਾ ਲੋਕਾਂ ਦੇ ਯਾਦ ਹੈ। ਇਸ ਤਰ੍ਹਾਂ ਮੁਹੰਮਦ ਸਦੀਕ ਦੀ ਸਟੇਜ ਪੇਸ਼ਕਾਰੀ ਉੱਭਰ ਕੇ ਸਾਡੇ ਸਨਮੁੱੱਖ ਹੁੰਦੀ ਹੈ। ਇਹ ਗਾਥਾ ਲੋਕਾਂ ਦੇ ਚੇਤਿਆਂ ਵਿੱਚ ਪ੍ਰਵੇਸ਼ ਹੀ ਨਹੀਂ ਹੁਦੀ, ਸਗੋਂ ਮੁਹੰਮਦ ਸਦੀਕ ਦੀ ਸ਼ਾਹਕਾਰ ਰਚਨਾ ਬਣ ਕੇ ਇੱਕ ਸਥਾਪਤੀ ਮੀਲ-ਪੱਥਰ ਵੀ ਗੱਡ ਜਾਂਦੀ ਹੈ।
ਸੰਪਰਕ: 95010-12199

