ਰਾਸ ਰੰਗ

ਮਾਵਾਂ, ਮੋਰਚਾ, ਕਾਲਾ ਵੇਸ

ਮਾਵਾਂ, ਮੋਰਚਾ, ਕਾਲਾ ਵੇਸ

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

ਫਲਸਤੀਨ ਧੁਖ ਰਿਹਾ ਹੈ...ਇਜ਼ਰਾਈਲ ਧੌਂਸ ਦਿਖਾ ਰਿਹਾ ਹੈ। ਜੰਗ ਦਾ ਖ਼ਤਰਾ ਨਿੱਤ ਵਧਦਾ ਜਾ ਰਿਹਾ ਹੈ, ਮਾਵਾਂ ਨਪੁੱਤੀਆਂ ਹੋ ਰਹੀਆਂ ਹਨ, ਨਿੱਕੇ ਨਿੱਕੇ ਬਾਲ ਮਾਵਾਂ ਦੀ ਛੋਹ ਲਈ ਤਰਸ ਰਹੇ ਹਨ। ਮਾਵਾਂ ਦੀਆਂ ਅੱਖਾਂ ’ਚੋਂ ਸਿੰਮਦੇ ਅੱਥਰੂ ਕੁਲ ਸੰਸਾਰ ਵੇਖ ਰਿਹਾ ਹੈ। ਫਲਸਤੀਨ ਮੁਕਤੀ ਚਾਹੁੰਦਾ ਹੈ। ਮਾਵਾਂ ਅਸੀਸ ਦੇ ਰਹੀਆਂ ਹਨ, ਭਾਵੇਂ ਕੰਬਦੇ ਹੱਥਾਂ ਨਾਲ ਹੀ ਸਹੀ।

ਦਿੱਲੀ ਦੀਆਂ ਬਰੂਹਾਂ ’ਤੇ ਇਤਿਹਾਸ ਰਚਿਆ ਜਾ ਰਿਹਾ ਹੈ। ਵਿਗੜੈਲ ਧੱਕੜ ਸੱਤਾ ਨੂੰ ਖੇਤਾਂ ਦੇ ਪੁੱਤ ਚੁਣੌਤੀ ਦੇ ਰਹੇ ਹਨ। ਛੇ ਮਹੀਨੇ ਹੋ ਗਏ ਹਨ। ਧੁੱਪਾਂ ਵੀ ਸਹਿ ਲਈਆਂ ਤੇ ਕੜਾਕੇ ਦੀ ਠੰਢ ਵੀ, ਤੂਫ਼ਾਨ ਵੀ ਬਰਦਾਸ਼ਤ ਕਰ ਲਏ ਤੇ ਨਾਰਾਜ਼ਗੀਆਂ ਵੀ। ਮੋਰਚੇ ਦੀ ਪਵਿੱਤਰਤਾ ਕਾਇਮ ਹੈ ਕਿਉਂਕਿ ਮਾਵਾਂ ਇਸ ਦੇ ਅੰਗ ਸੰਗ ਹਨ। ਮਾਂ ਜ਼ਿੰਦਗੀ ਦਿੰਦੀ ਹੈ, ਮਾਂ ਜ਼ਿੰਦਗੀ ਨੂੰ ਪਾਲਦੀ ਹੈ। ਜਦੋਂ ਮਾਵਾਂ ਨੂੰ ਅਹਿਸਾਸ ਹੋਇਆ ਕਿ ਕੋਈ ਵਪਾਰੀ ਉਸ ਵੱਲੋਂ ਪਾਲੀ ਸ਼ਿੰਗਾਰੀ ਜ਼ਿੰਦਗੀ ਦੇ ਸਿਰ ’ਤੇ ਮੌਤ ਬੰਨ੍ਹਣ ਜਾ ਰਿਹਾ ਹੈ ਤਾਂ ਮਾਵਾਂ ਚੰਡੀ ਬਣ ਗਈਆਂ। ਸਿਰਾਂ ’ਤੇ ਮੜਾਸੇ ਮਾਰ ਲਏ, ਲੱਕ ’ਤੇ ਪਰਨਾ, ਹੱਥ ’ਚ ਝੰਡਾ। ਮਾਵਾਂ ਨੇ ਸੰਦੂਕਾਂ ’ਚ ਸੁੱਤੇ ਪਏ ਲਹਿੰਗੇ ਸ਼ਰਾਰੇ ਕੰਨੀਓਂ ਫੜ ਜਗਾ ਲਏ ਤੇ ਪੰਜਾਬ ਦੀਆਂ ਗਲੀਆਂ ’ਚ ਜਾਗੋ ਦੇ ਬੋਲ ਉੱਚੇ ਹੋਣ ਲੱਗੇ। ਮਾਂ ਧੀ ਪੁੱਤ ਜਣਦੀ ਹੈ। ਉਹਦੇ ਪੈਰ ’ਚ ਕੰਡਾ ਚੁਭੇ ਤਾਂ ਮਾਂ ਦੀ ਭੁੱਬ ਨਿਕਲਦੀ ਹੈ। ਅੱਜ ਉਨ੍ਹਾਂ ਦੇ ਧੀਆਂ ਪੁੱਤਾਂ ਦੇ ਪੈਰਾਂ ’ਚ ਭੱਖੜਾ ਖਿਲਰਿਆ, ਮਾਵਾਂ ਕਿਵੇਂ ਸਹਿ ਲੈਂਦੀਆਂ। ਮਾਵਾਂ ਨੇ ਸਿਰਾਂ ’ਤੇ ਕੇਸਰੀ ਬਸੰਤੀ ਦੁਪੱਟੇ ਸਜਾਏ ਤੇ ਲੋਕਾਂ ਦੇ ਹੜ੍ਹ ’ਚ ਉਤਰ ਗਈਆਂ। ਹੁਣ ਛੇ ਮਹੀਨੇ ਹੋ ਗਏ ਨੇ, ਮਨਾਂ ’ਚ ਰੋਹ ਹੈ, ਗੁੱਸਾ ਹੈ। ਰੰਗਮੰਚ ਰੋਹ ਪ੍ਰਗਟ ਕਰਨ ਲਈ ਕਾਲੇ ਵੇਸ ਦਾ ਸਹਾਰਾ ਲੈਂਦਾ ਹੈ। ਹਾਲੇ ਪਰਸੋਂ ਚੌਥ ਹੀ ਦਿੱਲੀ ਦੀਆਂ ਬਰੂਹਾਂ ’ਤੇ ‘ਕਾਲਾ ਮੈਂਡਾ ਵੇਸ’ ਧੜਕ ਰਿਹਾ ਸੀ। ਮਾਵਾਂ ਦੇ ਸਿਰਾਂ ’ਤੇ ਕਾਲੀਆਂ ਚੁੰਨੀਆਂ, ਮੱਥਿਆਂ ’ਤੇ ਕਾਲੀਆਂ ਪੱਟੀਆਂ, ਹੱਥਾਂ ’ਚ ਕਾਲੇ ਝੰਡੇ, ਜਨਣੀ ਹੁਣ ਖੁਦ ‘ਭਗਤ ਜਨ’ ਹੋ ਗਈ ਹੈ, ਖ਼ੁਦ ਦਾਤਾ ਤੇ ਸੂਰਮਾ ਬਣ ਲਲਕਾਰ ਰਹੀ ਹੈ।

7 ਅਕਤੂਬਰ, 1991 ਅੰਮ੍ਰਿਤਸਰ ਦਾ ਗਾਂਧੀ ਗਰਾਉਂਡ। ਪੰਜਾਬੀ ਰੰਗਮੰਚ ਦਾ ਸੁਪਨਸਾਜ਼ ਨਿਰਦੇਸ਼ਕ ਕੇਵਲ ਧਾਲੀਵਾਲ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਸਿੱਖਿਅਤ ਹੋ ਕੇ ਆਪਣੇ ਗਰਾਂ ਪਹੁੰਚਿਆ ਸੀ। ਲੋਕਾਂ ਦੇ ਮਨਾਂ ’ਚ ਉਤਸ਼ਾਹ ਸੀ। ਉਨ੍ਹਾਂ ਦਾ ਆਪਣਾ ਲਾਡਲਾ ਸਪੂਤ ‘ਦੂਜੇ ਦੇਸ਼’ ਤੋਂ ਕਲਾ ਦਾ ਵਣਜ ਕਮਾ ਕੇ ਆਇਆ ਸੀ। ਉਸ ਦਿਨ ਪੰਜਾਬੀ ਰੰਗਮੰਚ ਦੇ ਇਕ ਸੁਨਹਿਰੇ ਦੌਰ ਦਾ ਆਰੰਭ ਹੋਣਾ ਸੀ। ਪੇਸ਼ਕਾਰੀ ਦਾ ਸਿਰਲੇਖ ਸੀ ‘ਮਾਵਾਂ’। ਕੇਵਲ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮਾਵਾਂ ਦੇ ਪੈਰੀਂ ਹੱਥ ਲਾ ਅਸੀਸ ਲੈਣਾ ਚਾਹੁੰਦਾ ਸੀ। ਉਸ ਦਿਨ ਇਕ ਨਹੀਂ ਤਿੰਨ ਕਹਾਣੀਆਂ ਪਰਦੇ ਤੋਂ ਪਾਰ ਅੰਗੜਾਈਆਂ ਲੈ ਰਹੀਆਂ ਸਨ। ਜੌਨ ਇਰਵਿਨ ਦਾ ਨਾਟਕ ‘ਦਿ ਪ੍ਰੋਗ੍ਰੈੱਸ’, ਰਫ਼ੀਕ ਉਲ ਹਕੀਮ ਦਾ ਨਾਟਕ ‘ਮੌਤ ਦਾ ਗੀਤ’ ਤੇ ਮੈਕਸਿਮ ਗੋਰਕੀ ਦੀ ਕਹਾਣੀ ‘ਗੱਦਾਰ ਦੀ ਮਾਂ’’। ਤਿੰਨ ਮਾਵਾਂ ਦੀ ਕਹਾਣੀ ਦੇ ਵੱਖਰੇ ਰੰਗ ਦੇ ਧਾਗੇ ਨਿਰਦੇਸ਼ਕ ਨੇ ਇਕੋ ਖੱਡੀ ’ਤੇ ਚਾੜ੍ਹ ਲਏ ਸਨ, ਬੁਣਤੀ ਬੁਣਦਿਆਂ ਕੁਝ ਰੰਗ ਡਾ. ਸ਼ਹਰਯਾਰ ਦੇ ਗੀਤਾਂ ’ਚੋਂ ਨਿਚੋੜ ਲਏ ਤੇ ਸੋਹਣੀ ਦਰੀ ਮੰਚ ’ਤੇ ਵਿਛਾਈ। ‘ਮਾਵਾਂ’ ਨਾਟਕ ਦੀ ਸ਼ੁਰੂਆਤ ਕਹਿ ਰਹੀ ਸੀ, ਕੁਝ ਨਿਵੇਕਲਾ ਵਾਪਰ ਰਿਹਾ ਹੈ। ਭਰਪੂਰ ਕੋਰਸ ਦਰਸ਼ਕਾਂ ਦੇ ਰੂਬਰੂ ਸੀ। ਪਰਮਜੀਤ ਸਿੰਘ ਦਾ ਸੰਗੀਤ ਤੇ ਪੁਰਸੋਜ਼ ਆਵਾਜ਼ ਮਾਹੌਲ ਨੂੰ ਰੋਹ ਪ੍ਰਦਾਨ ਕਰ ਰਹੀ ਸੀ ਤੇ ਦ੍ਰਿਸ਼ ਅੰਦਰ ਜੋ ਸਭ ਤੋਂ ਗੌਲਣਯੋਗ ਤੇ ਇਤਿਹਾਸਕ ਕਾਰਜ ਹੋ ਰਿਹਾ ਸੀ, ਉਹ ਸੀ ਕਾਲੀਆ ਚਾਦਰਾਂ। ਰੋਹ ਦਾ ਪ੍ਰਤੀਕ ਬਣੀਆਂ ਕਾਲੀਆਂ ਚਾਦਰਾਂ ਕਲਾਕਾਰਾਂ ਦੇ ਸਰੀਰਾਂ ’ਤੇ ਸਜੀਆਂ ਹੋਈਆਂ ਸਨ। ਕਾਲੀਆਂ ਚਾਦਰਾਂ ਦੇ ਚਾਰੇ ਪਾਸੇ ਲਾਲ ਰੰਗ ਦੀ ਬਾਰੀਕ ਪੱਟੀ ਫੈਲੀ ਹੋਈ ਸੀ। ਰੋਹ ਤੇ ਲਹੂ ਰਚ ਮਿਚ ਗਏ ਸਨ। ਉਹ ਕਾਲਾ ਰੰਗ ਸੱਤ ਅਕਤੂਬਰ ਦੀ ਸ਼ਾਮ ਨੂੰ ਪੰਜਾਬੀ ਰੰਗਮੰਚ ਦੀਆਂ ਭਵਿੱਖੀ ਪੇਸ਼ਕਾਰੀਆਂ ਦਾ ਅਨਿੱਖੜਵਾਂ ਅੰਗ ਬਣ ਗਿਆ ਸੀ। ਲਗਪਗ ਹਰ ਰੰਗ ਟੋਲੀ ਨੇ ਇਨ੍ਹਾਂ ਕਾਲੀਆਂ ਚਾਦਰਾਂ ਨੂੰ ਅਪਣਾ ਲਿਆ ਸੀ ਤੇ 26 ਮਈ ਨੂੰ ਕਾਲਾ ਵੇਸ ਹਕੂਮਤ ਨੂੰ ਵੰਗਾਰ ਰਿਹਾ ਸੀ।

ਇਸ ਤੋਂ ਪਹਿਲਾਂ ਕਿ ਉਸ ਸ਼ਾਮ ਦੀ ਪੇਸ਼ਕਾਰੀ ਬਿਆਨ ਕਰਾਂ, ਇਕ ਕਿੱਸਾ ਸੁਣਾ ਦਿਆਂ। ਇਹ ਕਿੱਸਾ ਕੇਵਲ ਧਾਲੀਵਾਲ ਦਾ ਨਹੀਂ, ਸ਼ਿਵ ਸਿੰਘ ਦਾ ਹੈ, ਕੇਵਲ ਧਾਲੀਵਾਲ ਦਾ ਬਾਪ! ਉਸ ਨੇ ਤਾ-ਉਮਰ ਚਿੱਟਾ ਲਿਬਾਸ ਪਹਿਨਿਆ ਸੀ, ਚਿੱਟਾ ਕੁੜਤਾ, ਚਿੱਟਾ ਚਾਦਰਾ ਤੇ ਸਿਰ ’ਤੇ ਚਿੱਟੀ ਪੱਗ। ਪਰ ਉਸ ਦੀ ਸੰਘਰਸ਼ਮਈ ਜ਼ਿੰਦਗੀ ’ਚ ਉਹ ਪਲ ਵੀ ਆਏ ਜਦੋਂ ਉਸ ਨੇ ਰੰਗ ਬਦਲ ਦਿੱਤਾ ਸੀ। ਉਦੋਂ ਕੇਵਲ ਤੇ ਉਹਦੇ ਭਰਾ ਦਾ ਜਨਮ ਨਹੀਂ ਸੀ ਹੋਇਆ। ਸ਼ਿਵ ਸਿੰਘ ਧੀਆਂ ਦਾ ਬਾਪ ਸੀ। ਸ਼ਰੀਕਾਂ ਸੋਚਿਆ, ਜਿਹੜੀ ਜ਼ਮੀਨ ’ਚ ਸ਼ਿਵ ਸਿੰਘ ਹਲ ਵਾਹੁੰਦਾ ਹੈ, ਆਖ਼ਰ ਤਾਂ ਇਨ੍ਹਾਂ ਸਿਆੜਾਂ ’ਚ ਸਾਡੇ ਹੀ ਬਲਦ ਤੁਰਨਗੇ। ਸ਼ਿਵ ਸਿੰਘ ਨੂੰ ਭਿਣਕ ਪੈ ਗਈ। ਸਰਹੱਦ ਦੇ ਲਾਗੇ ਪੈਂਦੇ ਪਿੰਡ ਧਾਲੀਵਾਲ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ ਤੇ ਐਲਾਨ ਕਰਤਾ, ‘ਸਾਂਭੋ ਜ਼ਮੀਨਾਂ! ਅੱਜ ਤੋਂ ਇਸ ਪਿੰਡ ਦੀ ਜੂਹ ਨਹੀਂ ਟੱਪਣ ਲੱਗਾ!’ ਉਸ ਦਿਨ ਸ਼ਿਵ ਸਿੰਘ ਨੇ ਰੋਹ ਦਾ ਵਿਖਾਵਾ ਕਰਨ ਖਾਤਰ ਚਿੱਟੀ ਦੀ ਥਾਂ ਕਾਲੀ ਪੱਗ ਬੰਨ੍ਹੀ ਸੀ। ਮੁੜ ਕਦੇ ਨਹੀਂ ਬੰਨ੍ਹੀ। ਰੰਗਾਂ ਦੇ ਅਰਥ ਹੁੰਦੇ ਹਨ, ਅਰਥ ਉਜਾਗਰ ਕਰਨ ਲਈ ਸਮਝ ਤੇ ਜੇਰਾ ਚਾਹੀਦਾ। ਸ਼ਾਇਦ ਕੇਵਲ ਧਾਲੀਵਾਲ ਵੱਲੋਂ ਵਰਤੀਆਂ ਉਹ ਕਾਲੀਆਂ ਚਾਦਰਾਂ ਦਾ ਕੱਪੜਾ ਸ਼ਿਵ ਸਿੰਘ ਦੀ ਪੱਗ ਦੇ ਹੀ ਲੜ ਸਨ। ਰੋਹ ਤਾਂ ਰੋਹ ਹੈ, ਨਿੱਜੀ ਜਾਂ ਸਮੂਹਿਕ।

ਉਸ ਸ਼ਾਮ ‘ਕਾਲਾ ਵੇਸ’ ਬੋਲ ਰਿਹਾ ਸੀ:

ਚੰਦ ਸੂਰਜ ਵੀ ਇਉਂ ਲੱਗਦੇ/ ਜਿਉਂ ਆਦਮ ਦਾ ਔਜ਼ਾਰ ਜਿਹਾ/ ਤੁਰ ਗਏ ਰਾਜੇ ਰਾਜਗਰਦੀਆਂ/ ਦਾ ਕੁਝ ਧੁੰਦੂਕਾਰਾ ਜਿਹਾ!

ਮੰਚ ਉਤੇ ਸਾਇੰਸਦਾਨ ਹੈਨਰੀ ਦੀ ਪ੍ਰਯੋਗਸ਼ਾਲਾ ਦਿਖਾਈ ਦੇ ਰਹੀ ਸੀ। ਮਰਹੂਮ ਅਦਾਕਾਰ ਨਰਿੰਦਰ ਜੱਟੂ ਪ੍ਰੋ. ਹੈਨਰੀ ਬਣਿਆ ਆਪਣੀ ਨਵੀਂ ਇਜਾਦ ਨੂੰ ਅੰਤਮ ਰੂਪ ਦੇ ਕੇ ਉਤਸ਼ਾਹ ਨਾਲ ਭਰਿਆ ਨਜ਼ਰ ਆ ਰਿਹਾ ਹੈ। ਉਸ ਦੀ ਭੈਣ ਮਿਸਿਜ਼ ਮੈਲਟਨ (ਰੇਨੂੰ ਸਿੰਘ) ਲਈ ਅੱਜ ਦਾ ਦਿਨ ਅਫ਼ਸੋਸ ਦਾ ਦਿਨ ਹੈ ਕਿਉਂਕਿ ਉਸ ਦਾ ਇਕਲੌਤਾ ਪੁੱਤਰ ਜੰਗ ਵਿਚ ਅੱਜ ਦੇ ਦਿਨ ਬੰਬ ਫਟਣ ਨਾਲ ਪਲੀਤਾ ਪਲੀਤਾ ਹੋ ਗਿਆ ਸੀ। ਹੈਨਰੀ ਨੇ ਅਜਿਹੇ ਬੰਬ ਦਾ ਫਾਰਮੂਲਾ ਤਿਆਰ ਕੀਤਾ ਹੈ ਜੋ ਇਕੋ ਸਮੇਂ ਸ਼ਹਿਰ ਦਾ ਸ਼ਹਿਰ ਤਬਾਹ ਕਰ ਸਕਦਾ ਹੈ। ਉਹ ਜੰਗ ਦਾ ਸਮਾਂ ਘਟਾਉਣਾ ਚਾਹੁੰਦਾ ਹੈ। ਮੈਲਡਨ ਚਾਹੁੰਦੀ ਹੈ, ਇਹ ਫਾਰਮੂਲਾ ਤਬਾਹ ਕਰ ਦਿੱਤਾ ਜਾਵੇ, ਪਰ ਹੈਨਰੀ ਇਸ ਦਾ ਮੁੱਲ ਵੱਟਣਾ ਚਾਹੁੰਦਾ ਹੈ। ਹੈਨਰੀ ਮਿਲਡਨ ਨੂੰ ਭਾਵੁਕਤਾ ਤਿਆਗ ਕੇ ‘ਵੱਡੇ ਦ੍ਰਿਸ਼ਟੀਕੋਣ’ ਦੇ ਲੜ ਲੱਗਣ ਲਈ ਮਨਾ ਰਿਹਾ ਹੈ, ਪਰ ਮੈਲਡਨ ਇਕ ਬੱਚੇ ਦੀ ਮਾਂ ਹੈ। ਉਹ ਕੁੱਲ ਦੁਨੀਆਂ ਦੇ ਬੱਚੇ ਬਚਾਉਣਾ ਚਾਹੁੰਦੀ ਹੈ। ਮੇਜ਼ ’ਤੇ ਪਿਆ ਸਾਮਾਨ ਤਹਿਸ ਨਹਿਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੈਨਰੀ ਨੂੰ ਫ਼ਰਕ ਨਹੀਂ ਪੈਂਦਾ ਕਿਉਂਕਿ ਫਾਰਮੂਲਾ ਉਸ ਦੇ ਦਿਮਾਗ਼ ’ਚ ਹੈ। ਮੈਲਟਨ ਫ਼ੈਸਲਾ ਲੈਂਦੀ ਹੈ ਤੇ ਸ਼ੈਤਾਨੀ ਦਿਮਾਗ਼ ’ਤੇ ਚਾਕੂ ਨਾਲ ਵਾਰ ਕਰਦੀ ਹੈ। ਹੈਨਰੀ ਲੁੜਕਦਾ ਹੈ। ਮੈਲਡਨ ਪੁੱਤ ਦੀ ਕਬਰ ’ਤੇ ਚੜ੍ਹਾਉਣ ਲਈ ਲਿਆਂਦੇ ਫੁੱਲ ਛਾਤੀ ਨਾਲ ਲਗਾਉਂਦੀ ਹੈ। ਕੋਰਸ ਗੁਹਾਰ ਕਰਦਾ ਹੈ:

ਓ ਐਟਮਾਂ ਦੇ ਤਾਜਰੋ, ਬਾਰੂਦ ਦੇ ਵਣਜਾਰਿਓ/ ਹੁਣ ਹੋਰ ਨਾ ਮਨੁੱਖ ਸਿਰ, ਲਹੂਆਂ ਦਾ ਕਰਜ਼ਾ ਚਾੜ੍ਹਿਓ!

ਇਹ ਕਹਾਣੀ ਮੁੱਕਦੀ ਹੈ, ਦੂਜੀ ਸ਼ੁਰੂ ਹੋ ਜਾਂਦੀ ਹੈ ‘ਮੌਤ ਦਾ ਗੀਤ’। ਮਾਂ ਆਪਣੇ ਪੁੱਤ ਦੁੱਲੇ ਨੂੰ ਉਡੀਕ ਰਹੀ ਹੈ ਕਿ ਆਏਗਾ ਤੇ ਆਪਣੇ ਪਿਉ ਦਾ ਬਦਲਾ ਲਵੇਗਾ। ਫ਼ਰੀਦਾ ਉਸ ਨੂੰ ਸਟੇਸ਼ਨ ਤੋਂ ਲੈ ਕੇ ਆਉਂਦਾ ਹੈ। ਦੁੱਲਾ ਬਦਲਿਆਂ ਦੀ ਖੇਡ ਖੇਡਣ ਤੋਂ ਇਨਕਾਰ ਕਰਦਾ ਹੈ, ਮੁੜ ਜਾਂਦਾ ਹੈ। ਫ਼ਰੀਦਾ ਮਾਂ ਦੀ ਇੱਛਾ ਪੂਰੀ ਕਰਨ ਲਈ ਅੱਗੇ ਆਉਂਦਾ ਹੈ। ਮਾਂ ਲਈ ਬੇਗ਼ੈਰਤ ਦੁੱਲੇ ਦਾ ਜਿਉਂਦੇ ਰਹਿਣਾ ਮਿਹਣੇ ਸਾਮਾਨ ਹੈ। ਫ਼ਰੀਦਾ ਦੁੱਲੇ ਨੂੰ ਮਾਰਦਾ ਹੈ ਤੇ ਦੂਰੋਂ ਮੌਤ ਦਾ ਗੀਤ ਗਾ ਕੇ ਮਾਂ ਨੂੰ ਸੁਨੇਹਾ ਦਿੰਦਾ ਹੈ। ਤਣਾਅ ਦਾ ਸਿਖਰ ਹੁੰਦਾ ਹੈ ਜਦੋਂ ਮਾਂ (ਸੁਰਜੀਤ ਕੌਰ) ਅਤੇ ਮਾਸੀ (ਰਵਿੰਦਰ ਅਟਵਾਲ, ਹੁਣ ਰਮਾ ਸੇਖੋਂ) ਇੰਤਜ਼ਾਰ ਕਰ ਰਹੀਆਂ ਹਨ ਕਿ ਹੁਣ ਗੀਤ ਗੂੰਜੇਗਾ।

ਤੀਜੀ ਕਹਾਣੀ ਸਿਖਰ ਸਿਰਜਦੀ ਹੈ। ਗੱਦਾਰ (ਜਗਜੀਤ ਢਿੱਲੋਂ) ਆਪਣੇ ਹੀ ਦੇਸ਼ ਨੂੰ ਤਬਾਹ ਕਰਨ ’ਤੇ ਤੁਲਿਆ ਹੋਇਆ ਹੈ। ਮਾਂ (ਰਮਾ ਸੇਖੋਂ) ਸਿਪਾਹੀਆਂ ਦੀ ਮਿੰਨਤ ਕਰ ਕੇ ਪੁੱਤ ਨੂੰ ਮਿਲਣ ਜਾਂਦੀ ਹੈ। ਪੁੱਤ ਜ਼ਿੱਦ ’ਤੇ ਅੜਿਆ ਹੈ। ਮਾਂ ਪੁੱਤ ਦਾ ਸਿਰ ਆਪਣੀ ਛਾਤੀ ’ਤੇ ਟਿਕਾ ਲੈਂਦੀ ਹੈ। ਛੁਰਾ ਕੱਢਦੀ ਹੈ ਤੇ ਇਕੋ ਵਾਰ ਨਾਲ ਗੱਦਾਰ ਪੁੱਤ ਦਾ ਅੰਤ ਕਰ ਦਿੰਦੀ ਹੈ। ਸੰਵਾਦ ਗੂੰਜਦਾ ਹੈ, ‘ਮਾਂ ਦਾ ਛੁਰਾ ਐਨ ਟਿਕਾਣੇ ਵੱਜਿਆ, ਮਾਂ ਜਾਣਦੀ ਸੀ ਕਿ ਦਿਲ ਕਿੱਥੇ ਧੜਕ ਰਿਹੈ!’ ਦੂਜਾ ਵਾਰ ਆਪਣੀ ਹਿੱਕ ’ਚ ਕਰਦੀ ਹੈ। ਫਿਰ ਸੰਵਾਦ ਲਰਜ਼ਦਾ ਹੈ, ‘ਮਾਂ ਦਾ ਨਿਸ਼ਾਨਾ ਇਸ ਵਾਰ ਵੀ ਨਾ ਉਕਿਆ ਕਿਉਂਕਿ ਦੁਖਦੇ ਦਿਲ ਦੀ ਥਾਂ ਲੱਭਣਾ ਮੁਸ਼ਕਿਲ ਨਹੀਂ ਹੁੰਦਾ!’ ਕੋਰਸ ਦੇ ਮੂੰਹੋਂ ਸ਼ਹਰਯਾਰ ਦੀ ਸਤਰ ਦਰਸ਼ਕ ਦੇ ਸੀਨੇ ਵੱਜਦੀ ਹੈ, ‘ਇਹ ਮਾਂ ਦਾ ਰੂਪ ਸਰੂਪ ਹੈ... ਖ਼ੁਦਾ ਜਿਹਾ!’

ਜੰਗ, ਹਥਿਆਰ, ਹੈਵਾਨੀਅਤ ਦੇ ਖ਼ਿਲਾਫ਼ ਵੱਖਰੇ ਰੰਗਾਂ ’ਚ ਰੰਗੀਆਂ ਤਿੰਨ ਮਾਵਾਂ ਦੀ ਕਹਾਣੀ ਪੇਸ਼ ਕਰਕੇ ਕੇਵਲ ਧਾਲੀਵਾਲ ਨੇ ਆਪਣੇ ਰੰਗਮੰਚ ਦੀ ਵਿਚਾਰਧਾਰਕ ਤੇ ਡਿਜ਼ਾਈਨੀ ਸੁਰ ਦਾ ਸੰਦੇਸ਼ ਦੇ ਦਿੱਤਾ ਸੀ। ਅੱਜ ਦਿੱਲੀ ਬੈਠੀਆਂ ਮਾਵਾਂ ਤਖ਼ਤ ਨੂੰ ਵੰਗਾਰ ਰਹੀਆਂ ਹਨ। ਉਨ੍ਹਾਂ ਦੇ ਸਿਰਾਂ ’ਤੇ ਸਜਿਆ ਕਾਲਾ ਕੱਪੜਾ ਹਾਕਮ ਦੀ ਜ਼ਿੱਦ ਦਾ ਕਫ਼ਨ ਬਣੇਗਾ ਤੇ ਰਹਿੰਦੀ ਦੁਨੀਆ ਤਕ ਰੋਹ ਦਾ ਇਹ ਰੰਗ ਚੇਤਿਆਂ ’ਚ ਵਸਿਆ ਰਹੇਗਾ।

ਸੰਪਰਕ: 98880-11096

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All