ਰੱਬ ਦਾ ਦੂਜਾ ਨਾਂ ਮਾਂ
ਮਾਂ ਮਮਤਾ ਦੀ ਮੂਰਤ ਹੁੰਦੀ ਹੈ, ਉਹ ਕੁਰਬਾਨੀ ਦਾ ਪੁਤਲਾ ਹੁੰਦੀ ਹੈ। ਮਾਂ ਨਾਲ ਬੱਚੇ ਦੀ ਆਂਦਰਾਂ ਦੀ ਸਾਂਝ ਹੁੰਦੀ ਹੈ। ਜਿਹੜਾ ਦਰਦ ਐਕਸਰੇ ਦੀਆਂ ਮਸ਼ੀਨਾਂ ਵਿੱਚ ਨਹੀਂ ਆਉਂਦਾ, ਮਾਂ ਆਪਣੇ ਬੱਚੇ ਦੇ ਉਸ ਦਰਦ ਨੂੰ ਪਛਾਣ ਲੈਂਦੀ ਹੈ। ਆਪਣੀ...
ਮਾਂ ਮਮਤਾ ਦੀ ਮੂਰਤ ਹੁੰਦੀ ਹੈ, ਉਹ ਕੁਰਬਾਨੀ ਦਾ ਪੁਤਲਾ ਹੁੰਦੀ ਹੈ। ਮਾਂ ਨਾਲ ਬੱਚੇ ਦੀ ਆਂਦਰਾਂ ਦੀ ਸਾਂਝ ਹੁੰਦੀ ਹੈ। ਜਿਹੜਾ ਦਰਦ ਐਕਸਰੇ ਦੀਆਂ ਮਸ਼ੀਨਾਂ ਵਿੱਚ ਨਹੀਂ ਆਉਂਦਾ, ਮਾਂ ਆਪਣੇ ਬੱਚੇ ਦੇ ਉਸ ਦਰਦ ਨੂੰ ਪਛਾਣ ਲੈਂਦੀ ਹੈ। ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਬੱਚਿਆਂ ਲਈ ਕੁਰਬਾਨ ਕਰ ਦਿੰਦੀ ਹੈ। ਜਦੋਂ ਤੋਂ ਔਰਤ ਮਾਂ ਬਣ ਜਾਂਦੀ ਹੈ, ਉਹ ਆਪਣੀ ਖ਼ਾਤਰ ਜਿਊਣਾ ਭੁੱਲ ਜਾਂਦੀ ਹੈ। ਉਸ ਦੀਆਂ ਅਸੀਸਾਂ ਸਦਕਾ ਬੱਚੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ। ਉਸ ਦੀਆਂ ਦੁਆਵਾਂ ਦੁਨੀਆ ਦੀਆਂ ਮਹਿੰਗੀਆਂ ਦਵਾਈਆਂ ਤੋਂ ਵੀ ਵੱਧ ਅਸਰਦਾਰ ਹੁੰਦੀਆਂ ਹਨ। ਪਿਆਰ, ਮਿਠਾਸ, ਸਹਿਣਸ਼ੀਲਤਾ ਅਤੇ ਤਿਆਗ ਵਰਗੇ ਗੁਣਾਂ ਦੀ ਪੋਟਲੀ ਸਿਰਫ਼ ਮਾਂ ਹੀ ਹੋ ਸਕਦੀ ਹੈ।
ਪ੍ਰੋ. ਮੋਹਨ ਸਿੰਘ ਦੀ ਇਸ ਛੋਟੀ ਜਿਹੀ ਕਵਿਤਾ ਵਿੱਚ ਮਾਂ ਦੇ ਪਿਆਰ ਦਾ ਸਾਗਰ ਸਮਾਇਆ ਹੋਇਆ ਹੈ;
ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸਵਰਗ ਬਣਾਏ
ਬਾਕੀ ਕੁੱਲ ਦੁਨੀਆ ਦੇ ਬੂਟੇ
ਜੜ ਸੁੱਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ
ਮਾਂ ਦਿਵਸ ਦੇ ਇਤਿਹਾਸਕ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ 10 ਮਈ 1908 ਨੂੰ ਗਰਾਟਨ ’ਚ ‘ਐਂਡ੍ਰਿਊਸ ਮੈਥੋਡਿਸਟ’ ਨਾਮੀ ਚਰਚ ਨੇ ਸਭ ਤੋਂ ਪਹਿਲਾਂ ਮਦਰਜ਼ ਡੇਅ ਮਨਾਇਆ ਸੀ। ਇਹ ਉਹ ਥਾਂ ਸੀ ਜਿੱਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤੱਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ ’ਚ ਜਿੱਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 ’ਚ ‘ਦਿ ਮਦਰਜ਼ ਡੇਅ ਇੰਟਰਨੈਸ਼ਨਲ ਐਸੋਸੀਏਸ਼ਨ’ ਬਣਾਈ ਗਈ। 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ’ਚ ਮਦਰਜ਼ ਡੇਅ ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ ’ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। 1911 ਤੱਕ ਇਹ ਦਿਨ ਅਮਰੀਕਾ ਦੇ ਨਾਲ ਨਾਲ ਮੈਕਸੀਕੋ, ਕੈਨੇਡਾ, ਚੀਨ, ਜਪਾਨ ਤੇ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਵੀ ਮਨਾਇਆ ਜਾਣ ਲੱਗਾ। 1934 ’ਚ ਪੋਸਟ ਮਾਸਟਰ ਜਨਰਲ ਜੇਮਸ ਏ. ਫਾਰਲੇ ਨੇ ਇਸ ਦਿਨ ’ਤੇ ਇੱਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ ਵਿੱਚ ਵੀ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ ਭਾਰਤ ਵਿੱਚ ਇਹ ਤਕਰੀਬਨ ਇੱਕ ਡੇਢ ਕੁ ਦਹਾਕੇ ਤੋਂ ਹੀ ਜਾਣਿਆ ਅਤੇ ਮਨਾਇਆ ਜਾਣ ਲੱਗਿਆ। ਅਮਰੀਕਾ ਦੀ ਐਨਾ ਵੱਲੋਂ ਆਪਣੀ ਮਾਂ ਦੁਆਰਾ ਚਲਾਈ ਮੁਹਿੰਮ ਨੂੰ 1907 ਵਿੱਚ ਅੱਗੇ ਤੋਰਦੇ ਹੋਏ ਸਾਰੀਆਂ ਮਾਵਾਂ ਨੂੰ ਸਮਰਪਿਤ ਇਸ ਦਿਵਸ ਨੂੰ ਮਨਾਉਣ ਲਈ ਨੇਪਰੇ ਚਾੜ੍ਹਿਆ ਗਿਆ। ਇਹ ਦਿਨ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਚਾਹੇ ਮਾਂ ਨੂੰ ਸਮਰਪਿਤ ਇੱਕ ਦਿਨ ਕਾਫ਼ੀ ਨਹੀਂ ਹੁੰਦਾ, ਪਰ ਫਿਰ ਵੀ ਉਚੇਚੇ ਤੌਰ ’ਤੇ ਸਤਿਕਾਰ ਦੇਣ ਲਈ ਇਹ ਇੱਕ ਦਿਨ ਕਾਫ਼ੀ ਅਹਿਮੀਅਤ ਰੱਖਦਾ ਹੈ। ਮਾਂ ਸ਼ਬਦ ਜਿੰਨਾ ਬੋਲਣ ਨੂੰ ਛੋਟਾ ਹੈ, ਓਨਾ ਹੀ ਮਹਾਨ ਹੈ। ਇਸ ਦੀ ਵਿਸ਼ਾਲਤਾ ਦਾ ਕੋਈ ਮਾਪਦੰਡ ਨਹੀਂ ਹੈ। ਬੱਚਾ ਜਦ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੁੱਖ ’ਚੋਂ ਪਹਿਲਾ ਸ਼ਬਦ ਮਾਂ ਹੀ ਨਿਕਲਦਾ ਹੈ। ਘਰ ਵਿੱਚ ਮਾਂ ਦਾ ਹੋਣਾ ਪਰਮਾਤਮਾ ਦੀ ਹੋਂਦ ਮਹਿਸੂਸ ਕਰਵਾਉਂਦਾ ਹੈ ਕਿਉਂਕਿ ਉਹ ਆਪਣੀ ਔਲਾਦ ਨੂੰ ਕਦਮ ਕਦਮ ’ਤੇ ਮਾਰਗ ਦਰਸ਼ਨ ਕਰਾਉਂਦੀ ਹੈ। ਮਾਂ ਹੀ ਔਲਾਦ ਨੂੰ ਚੰਗੇ ਅਤੇ ਬੁਰੇ ਦਾ ਅਰਥ ਸਮਝਾਉਂਦੀ ਹੈ। ਉਹ ਹਮੇਸ਼ਾਂ ਆਪਣੀ ਔਲਾਦ ਨੂੰ ਚੰਗੇ ਬਣਨ ਲਈ ਸਹੀ ਰਾਹ ’ਤੇ ਤੋਰਨ ਦੇ ਯਤਨ ਕਰਦੀ ਰਹਿੰਦੀ ਹੈ। ਭਾਵੇਂ ਬੱਚੇ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਣ, ਪਰ ਫਿਰ ਵੀ ਮਾਂ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦੁਆਵਾਂ ਕਰਦੀ ਹੈ। ਉਹ ਦੂਰ ਰਹਿ ਕੇ ਵੀ ਪਰਦੇਸੀਂ ਬੈਠੇ ਬੱਚਿਆਂ ਵਿੱਚ ਵਸ ਰਹੀ ਹੁੰਦੀ ਹੈ। ਔਲਾਦ ਜਿੰਨਾ ਹਲਕਾ ਆਪਣੀ ਮਾਂ ਨਾਲ ਗੱਲ ਕਰਕੇ ਮਹਿਸੂਸ ਕਰਦੀ ਹੈ, ਓਨਾ ਸ਼ਾਇਦ ਉਹ ਦੁਨੀਆ ਦੇ ਵੱਡੇ ਤੋਂ ਵੱਡੇ ਮਨੋਵਿਗਿਆਨਕ ਕੋਲ ਵੀ ਨਹੀਂ ਕਰ ਸਕਦੀ।
ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਇਕੱਲੇ ਇਨਸਾਨ ਦੀ ਹੀ ਤਿਆਗ ਦੀ ਮੂਰਤ ਨਹੀਂ ਹੁੰਦੀ। ਪੰਛੀਆਂ ਦਾ ਚਾਹੇ ਰੈਣ ਬਸੇਰਾ ਦਰੱਖਤਾਂ ’ਤੇ ਹੁੰਦਾ ਹੈ, ਪਰ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਅਤੇ ਸਾਂਭ ਸੰਭਾਲ ਲਈ ਮਾਦਾ ਪੰਛੀ ਤੀਲ੍ਹਾ ਤੀਲ੍ਹਾ ਇਕੱਠਾ ਕਰਕੇ ਆਲ੍ਹਣੇ ਬਣਾਉਂਦੀਆਂ ਨਜ਼ਰ ਆਉਣਗੀਆਂ। ਬਿੱਲੀ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਦੁਨੀਆ ਤੋਂ ਚੋਰੀ ਸੱਤ ਕੋਠੇ ਟਪਾਉਂਦੀ ਹੈ, ਇਸੇ ਤਰ੍ਹਾਂ ਹਰ ਮਾਦਾ ਪੰਛੀ ਅਤੇ ਜਾਨਵਰ ਆਪਣੇ ਬੱਚਿਆਂ ਦੀ ਢਿੱਡ ਵਿੱਚ ਪਾਲਣਾ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਲਈ ਯਤਨਸ਼ੀਲ ਦਿਸਣਗੇ। ਇਹ ਕੁਰਬਾਨੀ ਸਿਰਫ਼ ਇੱਕ ਮਾਂ ਹੀ ਕਰ ਸਕਦੀ ਹੈ। ਧਰਤੀ ਉੱਤੇ ਮਾਂ ਨੂੰ ਰੱਬ ਦਾ ਦਰਜਾ ਐਵੇਂ ਤਾਂ ਨਹੀਂ ਦਿੱਤਾ ਗਿਆ।
ਰੱਬ ਨੇ ਆਪਣਾ ਇੱਕ ਰੂਪ
ਧਰਤੀ ’ਤੇ ਸੀ ਭਿਜਵਾਇਆ!
ਆਪਣੇ ਹੀ ਉਸ ਰੂਪ ਦਾ ਸੀ
ਸੋਹਣਾ ਨਾਂ ‘ਮਾਂ’ ਰਖਵਾਇਆ
ਮਾਂ ਦੀ ਪੂਜਾ ਕਰਨ ਨੂੰ ਹੀ
ਰੱਬ ਦੀ ਪੂਜਾ ਤਦੇ ਕਹਾਇਆ!
ਮਾਂ ਦੀ ਗੋਦੀ ਦਾ ਨਿੱਘ, ਮਾਂ ਦੀਆਂ ਲੋਰੀਆਂ ਦੀ ਮਿਠਾਸ, ਮਾਂ ਦੇ ਚਰਨਾਂ ਦੀ ਜੰਨਤ ਸਿਰਫ਼ ਕਰਮਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ। ਮਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਰਨ ਵਾਲੇ ਸਾਡੇ ਸਮਾਜ ਵਿੱਚ ਅੱਜ ਵਿਰਲੇ ਹੀ ਦਿਸਣਗੇ। ਇੱਕ ਦਿਨ ਤੋਹਫੇ ਦੇ ਕੇ, ਸੋਸ਼ਲ ਮੀਡੀਆ ’ਤੇ ਮਾਵਾਂ ਦੀਆਂ ਫੋਟੋਆਂ ਪਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਿਓ ਕਿ ਪੂਰਾ ਸਾਲ ਭਰ ਤੁਸੀਂ ਆਪਣੀ ਆਪਣੀ ਮਾਂ ਲਈ ਕਿਹੜੀ ਸੋਚ ਅਤੇ ਕਿਹੜੇ ਸ਼ਬਦ ਵਰਤੇ ਹਨ। ਮਾਂ ਤਾਂ ਇੱਕ ਧਾਰਮਿਕ ਸਥਾਨ ਵਾਂਗ ਹੁੰਦੀ ਹੈ ਜੋ ਸਿਰਫ਼ ਪਿਆਰ ਅਤੇ ਅਸੀਸਾਂ ਵੰਡਣ ਦਾ ਜਜ਼ਬਾ ਰੱਖਦੀ ਹੈ। ਇਹ ਤੁਸੀਂ ਨਿਸ਼ਚਿਤ ਕਰਨਾ ਹੈ ਕਿ ਤੁਸੀਂ ਸਾਲ ਵਿੱਚ ਇੱਕ ਅੱਧਾ ਦਿਨ ਮਤਲਬ ਵੇਲੇ ਮੱਥਾ ਟੇਕਣ ਵਾਲੇ ਭਗਤ ਹੋ ਜਾਂ ਪੱਕੇ ਸ਼ਰਧਾਲੂ, ਹਰ ਸਮੇਂ ਨਿਸਵਾਰਥ ਭਾਵਨਾ ਨਾਲ ਨਮਨ ਕਰਨ ਵਾਲੇ ਪੁਜਾਰੀ ਹੋ। ਮਾਂ ਦੇ ਪੈਰਾਂ ਤੋਂ ਵੱਡੀ ਜੰਨਤ ਕੋਈ ਹੋਰ ਨਹੀਂ ਹੋ ਸਕਦੀ, ਜਿਸ ਨੇ ਮਾਂ ਨੂੰ ਸਤਿਕਾਰ ਲਿਆ ਤੇ ਮਾਂ ਤੋਂ ਬੇਸ਼ੁਮਾਰ ਕੀਮਤੀ ਅਸੀਸਾਂ ਦਾ ਖ਼ਜ਼ਾਨਾ ਭਰ ਲਿਆ, ਉਸ ਤੋਂ ਅਮੀਰ ਵਿਅਕਤੀ ਇਸ ਦੁਨੀਆ ’ਤੇ ਕੋਈ ਹੋਰ ਨਹੀਂ ਹੋ ਸਕਦਾ। ਇਸ ਲਈ ਮਾਂ ਨੂੰ ਸਤਿਕਾਰ ਦੇ ਕੇ ਉਸ ਦੇ ਪਿਆਰ ਦਾ ਨਿੱਘ ਮਾਣਨਾ ਕਰਮਾਂ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ।
ਸੰਪਰਕ: 99889-01324

