DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੀਂਦ ਅਤੇ ਮਾਨਸਿਕ ਸਕੂਨ ਲਈ ‘ਅੰਮ੍ਰਿਤ ਵੇਲੇ’ ਦਾ ਯੋਗਾ ਸਭ ਤੋਂ ਲਾਹੇਵੰਦ: NIMHANS ਅਧਿਐਨ

ਸਵੇਰ ਦਾ ਅਭਿਆਸ ਨਾ ਸਿਰਫ਼ ਰਾਤ ਦੀ ਨੀਂਦ ਸੁਧਾਰਦਾ ਹੈ, ਸਗੋਂ Lifestyle 'ਚ ਵੀ ਲਿਆਉਂਦਾ ਹੈ ਸਕਾਰਾਤਮਕ ਬਦਲਾਅ

  • fb
  • twitter
  • whatsapp
  • whatsapp
Advertisement
ਇੱਕ ਹਾਲੀਆ ਖੋਜ ਅਨੁਸਾਰ, ਦਿਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਯੋਗਾ ਕਰਨਾ ਸ਼ਾਮ ਦੇ ਮੁਕਾਬਲੇ ਨੀਂਦ ਦੀ ਗੁਣਵੱਤਾ ਅਤੇ ਮਾਨਸਿਕ ਤੰਦਰੁਸਤੀ ਲਈ ਵਧੇਰੇ ਫ਼ਾਇਦੇਮੰਦ ਹੋ ਸਕਦਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ (NIMHANS), ਕੇਂਦਰੀ ਯੂਨੀਵਰਸਿਟੀ ਰਾਜਸਥਾਨ ਅਤੇ ਸਵਾਮੀ ਵਿਵੇਕਾਨੰਦ ਯੋਗ ਅਨੁਸੰਧਾਨ ਸੰਸਥਾਨ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇਸ ਅਧਿਐਨ ਵਿੱਚ ਕਈ ਅਹਿਮ ਤੱਥ ਸਾਹਮਣੇ ਆਏ ਹਨ।
ਇਸ ਅਧਿਐਨ ਵਿੱਚ ਪਾਇਆ ਗਿਆ ਕਿ ਜੋ ਲੋਕ ਸਵੇਰੇ ਯੋਗਾ ਕਰਦੇ ਹਨ, ਉਨ੍ਹਾਂ ਵਿੱਚ ਨੀਂਦ ਦੀਆਂ ਦਿੱਕਤਾਂ ਘੱਟ ਹੁੰਦੀਆਂ ਹਨ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਵੀ ਸੁਧਾਰ ਦੇਖਿਆ ਗਿਆ। ਖੋਜ ਦੇ ਨਤੀਜੇ ਦੱਸਦੇ ਹਨ ਕਿ ਜਿੱਥੇ ਸਵੇਰ ਦਾ ਯੋਗਾ ਮੂਡ ਅਤੇ ਨੀਂਦ ਨੂੰ ਸੁਧਾਰਦਾ ਹੈ, ਉੱਥੇ ਹੀ ਸ਼ਾਮ ਦਾ ਅਭਿਆਸ ਮਨ ਨੂੰ ਸ਼ਾਂਤ ਕਰਨ ਵਾਲਾ ਹੁੰਦਾ ਹੈ।
ਖੋਜਕਰਤਾਵਾਂ ਨੇ ਨੋਟ ਕੀਤਾ ਕਿ ਵਿਅਕਤੀਗਤ 'ਬਾਡੀ ਕਲਾਕ' ਮਤਲਬ ਕਿ ਸਾਡੇ ਸਰੀਰ ਦੀ ਜੈਵਿਕ ਘੜੀ ਵੀ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੀ ਹੈ। ਜੋ ਲੋਕ ਸਵੇਰੇ ਉੱਠਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਸਵੇਰ ਦੇ ਸੈਸ਼ਨ ਵਧੇਰੇ ਊਰਜਾਵਾਨ ਲੱਗ ਸਕਦੇ ਹਨ, ਜਦੋਂ ਕਿ ਸ਼ਾਮ ਨੂੰ ਸਰਗਰਮ ਰਹਿਣ ਵਾਲੇ ਲੋਕ ਆਰਾਮ-ਕੇਂਦ੍ਰਿਤ ਰੁਟੀਨ ਨੂੰ ਬਿਹਤਰ ਹੁੰਗਾਰਾ ਦੇ ਸਕਦੇ ਹਨ।
ਨਿਮਹਾਂਸ ਦੇ ਡਿਪਾਰਟਮੈਂਟ ਆਫ਼ ਇੰਟੀਗ੍ਰੇਟਿਵ ਮੈਡੀਸਨ ਦੇ ਸਹਿ-ਲੇਖਕ ਹੇਮੰਤ ਭਾਰਗਵ ਨੇ ਕਿਹਾ ਕਿ ਇਹ ਨਤੀਜੇ ਰਵਾਇਤੀ ਯੋਗਿਕ ਸਿਧਾਂਤਾਂ ਨਾਲ ਮੇਲ ਖਾਂਦੇ ਹਨ, ਜੋ ਅੰਮ੍ਰਿਤ ਵੇਲੇ ਅਭਿਆਸ ਦੀ ਹੀ ਵਕਾਲਤ ਕਰਦੇ ਹਨ। ਉਨ੍ਹਾਂ ਅਨੁਸਾਰ, ਸਵੇਰ ਦੇ ਸੈਸ਼ਨ ਰਾਤ ਦੀ ਨੀਂਦ ਦੀ ਗੁਣਵੱਤਾ ਨੂੰ ਵਿਲੱਖਣ ਤਰੀਕੇ ਨਾਲ ਕੰਟਰੋਲ ਕਰਦੇ ਹਨ।
ਥੋੜ੍ਹੇ ਸਮੇਂ ਲਈ ਸਵੇਰੇ ਕੀਤਾ ਯੋਗਾ ਅਭਿਆਸ ਵੀ ਮਾਨਸਿਕ ਸ਼ਾਂਤੀ ਨੂੰ ਵਧਾ ਸਕਦਾ ਹੈ। ਇਹ ਅਧਿਐਨ ਮਈ 2022 ਤੋਂ ਮਾਰਚ 2023 ਦਰਮਿਆਨ 156 ਪੋਸਟ-ਗਰੈਜੂਏਟ ਵਿਦਿਆਰਥੀਆਂ 'ਤੇ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਭਾਵੇਂ ਭਾਗੀਦਾਰਾਂ ਨੂੰ ਖ਼ੁਰਾਕ ਜਾਂ ਨੀਂਦ ਬਾਰੇ ਕੋਈ ਖ਼ਾਸ ਨਿਰਦੇਸ਼ ਨਹੀਂ ਦਿੱਤੇ ਗਏ ਸਨ, ਫਿਰ ਵੀ ਸਵੇਰ ਦੇ ਯੋਗਾ ਗਰੁੱਪ ਵਿੱਚ ਸ਼ਾਮ ਦੇ ਗਰੁੱਪ ਅਤੇ ਕੰਟਰੋਲ ਗਰੁੱਪ ਦੇ ਮੁਕਾਬਲੇ ਬਿਹਤਰ ਮਾਨਸਿਕ ਸਿਹਤ ਅਤੇ ਸਿਹਤਮੰਦ ਜੀਵਨ ਸ਼ੈਲੀ ਦੇਖੀ ਗਈ।
ਹਾਲਾਂਕਿ, ਸ਼ਾਮ ਦੇ ਯੋਗਾ ਨੇ ਉਦਾਸੀ ਦੀ ਭਾਵਨਾ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਅਧਿਐਨ ਨੀਂਦ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਈ ਸਵੇਰ ਦੇ ਯੋਗਾ ਨੂੰ ਇੱਕ ਘੱਟ ਲਾਗਤ ਵਾਲੇ ਅਤੇ ਅਸਰਦਾਰ ਹੱਲ ਵਜੋਂ ਪੇਸ਼ ਕਰਦਾ ਹੈ।
Advertisement
×